ਉਤਪਾਦਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਪਾਦਨ [ ਨਾਂਪੁ ] ਪੈਦਾਵਾਰ , ਉਪਜ; ਉਤਪਤੀ , ਨਿਰਮਾਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਤਪਾਦਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਪਾਦਨ. उत्पादन. ਸੰਗ੍ਯਾ— ਉਤਪੰਨ ਕਰਨਾ. ਪੈਦਾ ਕਰਨ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਤਪਾਦਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਤਪਾਦਨ : ਅਠਾਰਵੀਂ ਸਦੀ ਅੱਧ ਤੋਂ ਪਹਿਲਾਂ ਉਤਪਾਦਨ ( Production ) ਦਾ ਕੋਈ ਮਹੱਤਵਪੂਰਨ ਸਿਧਾਂਤ ਹੋਂਦ ਵਿੱਚ ਨਹੀਂ ਸੀ । ਇਸ ਤੋਂ ਪਹਿਲਾਂ ਉਤਪਾਦਨ ਸ਼ਬਦ ਸੌੜੇ ਅਰਥਾਂ ਵਿੱਚ ਵਰਤਿਆ ਜਾਂਦਾ ਸੀ । ਜਿਸਦਾ ਅਰਥ ਸੀ ਨਵੇਂ ਭੌਤਿਕ ਪਦਾਰਥ ਪੈਦਾ ਕਰਨਾ । ਇਸ ਲਈ ਇਹ ਆਮ ਤੌਰ ’ ਤੇ ਭੂਮੀ ਤੋਂ ਪੈਦਾ ਹੋਈਆਂ ਵਸਤੂਆਂ ਤੱਕ ਹੀ ਸੀਮਤ ਸੀ । ਫ਼੍ਰਾਂਸੀਸੀ ਅਰਥ-ਵਿਗਿਆਨੀਆਂ ਦੀਆਂ ਲਿਖਤਾਂ ਨਾਲ ਉਤਪਾਦਨ ਦੀ ਧਾਰਨਾ ਨੂੰ ਠੀਕ ਤਕਨੀਕੀ ਅਰਥ ਮਿਲੇ । ਇਸ ਤੋਂ ਬਾਅਦ ਉਤਪਾਦਨ ਰਾਜਨੀਤਿਕ ਆਰਥਿਕਤਾ ਦਾ ਮੁੱਖ ਵਿਸ਼ਾ ਬਣਿਆ । ਆਖ਼ਰਕਾਰ , ਮਾਰਕਸਵਾਦੀ ਅਰਥ-ਵਿਗਿਆਨ ਵਿੱਚ ਉਤਪਾਦਨ ਵਿਸ਼ਲੇਸ਼ਣ ਨੇ ਸਮਾਜਿਕ ਤਬਦੀਲੀ ਦੇ ਪੂਰੇ ਸਿਧਾਂਤ ਦੇ ਨੀਂਹ ਪੱਥਰ ਦਾ ਰੁਤਬਾ ਪ੍ਰਾਪਤ ਕੀਤਾ ।

ਆਮ ਤੌਰ ’ ਤੇ ਅਰਥ-ਵਿਗਿਆਨ ਦੇ ਅਧਿਐਨ ਨੂੰ ਉਤਪਾਦਨ , ਉਪਭੋਗ , ਵਟਾਂਦਰਾ , ਵੰਡ ਅਤੇ ਜਨਤਿਕ ਵਿੱਤ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਇਸ ਤਰ੍ਹਾਂ ਉਤਪਾਦਨ ਅਰਥ-ਵਿਗਿਆਨ ਦਾ ਇੱਕ ਮੁੱਖ ਵਿਸ਼ਾ ਬਣ ਜਾਂਦਾ ਹੈ । ਅਰਥ-ਵਿਗਿਆਨ ਵਿੱਚ ਉਤਪਾਦਨ ਤੋਂ ਭਾਵ ਉਹ ਤੁਸ਼ਟੀਗੁਣ ਹੁੰਦਾ ਹੈ , ਜੋ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਪੈਦਾ ਕੀਤਾ ਜਾਂਦਾ ਹੈ । ਉਤਪਾਦਨ ਦਾ ਅਰਥ ਹਰ ਤਰ੍ਹਾਂ ਦਾ ਤੁਸ਼ਟੀਗੁਣ ਪੈਦਾ ਕਰਨਾ ਨਹੀਂ ਹੁੰਦਾ ਸਗੋਂ ਉਹ ਤੁਸ਼ਟੀਗੁਣ ਪੈਦਾ ਕਰਨਾ ਹੁੰਦਾ ਹੈ , ਜਿਸਦਾ ਵਟਾਂਦਰਾ ਮੁੱਲ ਅਤੇ ਵਰਤੋਂ ਮੁੱਲ ਹੋਵੇ । ਪੈਦਾਵਾਰ ਨੂੰ ਉਤਪਾਦਨ ਓਦੋਂ ਹੀ ਕਿਹਾ ਜਾਵੇਗਾ , ਜਦੋਂ ਇਹ ਅੰਤਿਮ ਉਪਭੋਗ ਲਈ ਉਪਭੋਗੀਆਂ ਦੇ ਹੱਥਾਂ ਵਿੱਚ ਪਹੁੰਚ ਜਾਵੇ । ਇਸ ਤਰ੍ਹਾਂ ਉਤਪਾਦਨ ਵਸਤੂ ਨਿਰਮਾਣ ਸਥਾਨ ਅਤੇ ਸਮਾਂ ਤੁਸ਼ਟੀਗੁਣਾਂ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ ।

ਕਿਸੇ ਵਸਤੂ ਦਾ ਉਤਪਾਦਨ ਸਾਧਨਾਂ ਦੀ ਮਾਤਰਾ ਅਤੇ ਉਤਪਾਦਨ ਦੀ ਤਕਨੀਕ ਤੇ ਨਿਰਭਰ ਕਰਦਾ ਹੈ । ਵਸਤੂਆਂ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਸਾਧਨਾਂ ਦੀ ਮਾਤਰਾ ਵਿੱਚ ਵਾਧਾ ਕਰਨਾ ਜਾਂ ਉਤਪਾਦਨ ਦੀ ਤਕਨੀਕ ਵਿੱਚ ਸੁਧਾਰ ਕਰਨਾ ਜਾਂ ਦੋਵੇਂ ਇਕੱਠੇ ਕਰਨਾ ਜ਼ਰੂਰੀ ਹੁੰਦੇ ਹਨ ।

ਕਿਸੇ ਵੀ ਆਰਥਿਕਤਾ ਵਿੱਚ ਉਤਪਾਦਨ ਮੁੱਖ ਤੌਰ ’ ਤੇ ਤਿੰਨ ਖੇਤਰਾਂ ਵਿੱਚ ਹੁੰਦਾ ਹੈ । ਇਹ ਤਿੰਨ ਖੇਤਰ ਹਨ; ਮੁਢਲਾ ਉਤਪਾਦਨ ( Primary ) , ਮੁਢਲਾ ਖੇਤਰ ( Primary Sector ) , ਗੌਣ ਖੇਤਰ ( Secondary School ) , ਉਤਪਾਦਨ ਤੇ ਸੇਵਾਵਾਂ ਦਾ ਖੇਤਰ ( Tertiary School ) ਉੁਤਪਾਦਨ ਹੁੰਦੀਆਂ ਹਨ । ਆਰਥਿਕਤਾ ਦਾ ਉਹ ਹਿੱਸਾ , ਜਿਸਦਾ ਸੰਬੰਧ ਖੇਤੀ-ਬਾੜੀ , ਜੰਗਲ ਅਤੇ ਖਾਣਾਂ ਨਾਲ ਹੋਵੇ , ਮੁਢਲਾ ਉਤਪਾਦਨ ਅਖਵਾਉਂਦੀ ਹੈ । ਉਸਾਰੀ , ਸ਼ਕਤੀ ਅਤੇ ਉਦਯੋਗਿਕ ਕਿਰਿਆਵਾਂ ਸੰਬੰਧੀ ਆਰਥਿਕਤਾ ਦਾ ਹਿੱਸਾ ਗੌਣ ਉਤਪਾਦਨ ਵਿੱਚ ਆਉਂਦਾ ਹੈ । ਆਰਥਿਕਤਾ ਦਾ ਉਹ ਹਿੱਸਾ , ਜਿਸ ਦਾ ਸੰਬੰਧ ਆਵਾਜਾਈ , ਬੈਂਕਿੰਗ , ਸੰਚਾਰ ਆਦਿ ਸੇਵਾਵਾਂ ਨਾਲ ਹੁੰਦਾ ਹੈ , ਸੇਵਾਵਾਂ ਦਾ ਖੇਤਰ ਅਖਵਾਉਂਦਾ ਹੈ ।

ਉਤਪਾਦਨ ਦੋ ਤਰ੍ਹਾਂ ਦਾ ਹੁੰਦਾ ਹੈ-ਸਿੱਧਾ ਉਤਪਾਦਨ ਅਤੇ ਅਸਿੱਧਾ ਉਤਪਾਦਨ । ਜਿਹੜਾ ਉਤਪਾਦਨ ਉਤਪਾਦਕ ਦੀਆਂ ਆਪਣੀਆਂ ਲੋੜਾਂ ਨੂੰ ਸਿੱਧੇ ਤੌਰ ’ ਤੇ ਸੰਤੁਸ਼ਟ ਕਰਨ ਲਈ ਕੀਤਾ ਜਾਂਦਾ ਹੈ , ਉਸਨੂੰ ਸਿੱਧਾ ਉਤਪਾਦਨ ਕਹਿੰਦੇ ਹਨ । ਦੂਸਰੇ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਜਾਣ ਵਾਲੇ ਉਤਪਾਦਨ ਨੂੰ ਅਸਿੱਧਾ ਉਤਪਾਦਨ ਆਖਦੇ ਹਨ ।

ਉਤਪਾਦਨ ਦੇ ਸਾਧਨਾਂ ਨੂੰ ਚਾਰ ਭਾਗਾਂ-ਭੂਮੀ , ਕਿਰਤ , ਪੂੰਜੀ ਅਤੇ ਉੱਦਮੀ ਵਿੱਚ ਵੰਡਿਆ ਜਾ ਸਕਦਾ ਹੈ । ਅਰਥ-ਵਿਗਿਆਨ ਵਿੱਚ ਭੂਮੀ ਦਾ ਅਰਥ ਕੁਦਰਤ ਵੱਲੋਂ ਮਿਲੇ ਸਾਰੇ ਮੁਫ਼ਤ ਉਪਹਾਰ ਹੁੰਦੇ ਹਨ , ਜਿਨ੍ਹਾਂ ਵਿੱਚ ਭੂਮੀ ਦੀ ਸਤ੍ਹਾ ਵਾਲੇ ,   ਸਤ੍ਹਾ ਤੋਂ ਹੇਠਲੇ ਅਤੇ ਸਤ੍ਹਾ ਤੋਂ ਉੱਪਰਲੇ ਸਾਰੇ ਤੱਤ ਸ਼ਾਮਲ ਹੁੰਦੇ ਹਨ । ਭੂਮੀ ਦੀਆਂ ਆਪਣੀਆਂ ਕੁਝ ਖ਼ਾਸ ਵਿਸ਼ੇਸ਼ਤਾਈਆਂ ਹੁੰਦੀਆਂ ਹਨ , ਜਿਵੇਂ ਭੂਮੀ ਉਤਪਾਦਨ ਦਾ ਮੌਲਿਕ ਸਾਧਨ ਹੈ , ਭੂਮੀ ਦੀ ਪੂਰਤੀ ਸੀਮਤ ਹੁੰਦੀ ਹੈ , ਭੂਮੀ ਅਨਾਸ਼ਵਾਨ ਅਤੇ ਗਤੀਹੀਨ ਹੁੰਦੀ ਹੈ । ਭੂਮੀ ਤੋਂ ਬਿਨਾਂ ਕਿਸੇ ਵੀ ਖੇਤਰ-ਮੁਢਲਾ ਖੇਤਰ , ਗੌਣ ਖੇਤਰ ਅਤੇ ਟਰਸ਼ਰੀ ਭਾਵ ਸੇਵਾਵਾਂ ਦੇ ਖੇਤਰ-ਵਿੱਚ ਉਤਪਾਦਨ ਨਹੀਂ ਹੋ ਸਕਦਾ । ਕਿਸੇ ਵਸਤੂ ਜਾਂ ਸੇਵਾ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਕੋਈ ਸਰੀਰਕ ਜਾਂ ਦਿਮਾਗੀ ਕੰਮ ਕਿਰਤ ਅਖਵਾਉਂਦਾ ਹੈ । ਕਿਰਤ ਦੀਆਂ ਆਪਣੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ , ਜਿਵੇਂ ਕਿਰਤੀ ਆਪਣੀ ਕੰਮ ਕਰਨ ਦੀ ਸ਼ਕਤੀ ਨੂੰ ਵੇਚਦਾ ਹੈ , ਕਿਰਤ ਨਾਸ਼ਵਾਨ ਹੈ , ਕਿਰਤੀ ਗਤੀਸ਼ੀਲ ਹੁੰਦੇ ਹਨ ਅਤੇ ਵੱਖ-ਵੱਖ ਕਿਰਤੀਆਂ ਦੀ ਕਾਰਜਕੁਸ਼ਲਤਾ ਵੱਖ-ਵੱਖ ਹੁੰਦੀ ਹੈ । ਪੂੰਜੀ ਧਨ ਦਾ ਉਹ ਭਾਗ ਹੁੰਦੀ ਹੈ ਜੋ ਉਤਪਾਦਨ/ਆਮਦਨ ਪੈਦਾ ਕਰਦੀ ਹੈ । ਇਹ ਵੱਖ-ਵੱਖ ਰੂਪਾਂ ਵਿੱਚ ਪਾਈ ਜਾਂਦੀ ਹੈ ਜਿਵੇਂ ਚੱਲ ਤੇ ਅਚੱਲ , ਭੌਤਿਕ ਤੇ ਅਭੌਤਿਕ , ਨਿੱਜੀ ਤੇ ਸਮਾਜਿਕ , ਘਰੇਲੂ ਤੇ ਵਿਦੇਸ਼ੀ । ਪੂੰਜੀ ਕਿਰਤੀਆਂ ਦੀ ਕਾਰਜਕੁਸ਼ਲਤਾ ਅਤੇ ਭੂਮੀ ਦੀ ਉਤਪਾਦਿਕਤਾ ਨੂੰ ਵਧਾਉਂਦੀ ਹੈ । ਕੋਈ ਵੀ ਉਤਪਾਦਨ ਕਰਨ ਲਈ ਜੋ ਵਿਅਕਤੀ ਜੋਖਮ ਸਹਿਨ ਅਤੇ ਭੂਮੀ , ਕਿਰਤ ਤੇ ਪੂੰਜੀ ਨੂੰ ਇਕੱਠਾ ਅਤੇ ਕੰਟ੍ਰੋਲ ਕਰਨ ਦਾ ਕੰਮ ਕਰਦਾ ਹੈ , ਉਸ ਨੂੰ ਉੱਦਮੀ ਕਹਿੰਦੇ ਹਨ । ਉੱਦਮੀ ਉਤਪਾਦਨ ਦੇ ਦੂਜੇ ਸਾਧਨਾਂ ਨੂੰ ਇਕੱਠਾ ਕਰਕੇ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ ।

ਬਹੁਤ ਸਾਰੇ ਤੱਤ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ । ਇਹਨਾਂ ਵਿੱਚ ਕਿਸੇ ਦੇਸ ਵਿੱਚ ਮਿਲਦੇ ਕੁਦਰਤੀ ਸਾਧਨ ਤੇ ਉਹਨਾਂ ਦੀ ਵਰਤੋਂ , ਮਨੁੱਖੀ ਸਾਧਨਾਂ ਦੀ ਕਾਰਜਕੁਸ਼ਲਤਾ ਤੇ ਯੋਗਤਾ , ਪੂੰਜੀ , ਉੱਦਮੀ ਦੇ ਗੁਣ , ਤਕਨੀਕ ਦਾ ਵਿਕਾਸ , ਸਮਾਜਿਕ ਮਾਹੌਲ , ਰਾਜਨੀਤਿਕ ਸਥਿਰਤਾ ਜਾਂ ਅਸਥਿਰਤਾ , ਵਿਦੇਸ਼ੀ ਵਪਾਰ , ਵਿਦੇਸ਼ਾਂ ਨਾਲ ਸੰਬੰਧ , ਸਰਕਾਰ ਦੀਆਂ ਆਰਥਿਕ ਨੀਤੀਆਂ ਆਦਿ ਸ਼ਾਮਲ ਹਨ ।

ਦੇਸ ਦੀ ਆਰਥਿਕ ਉਨਤੀ ਵਿੱਚ ਉਤਪਾਦਨ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਉਤਪਾਦਨ ਸਾਰੀਆਂ ਆਰਥਿਕ ਕਿਰਿਆਵਾਂ ਦਾ ਆਧਾਰ ਹੁੰਦਾ ਹੈ । ਕਿਸੇ ਦੇਸ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਮਿਆਰ ਦਾ ਉਹਨਾਂ ਦੇ ਉਪਭੋਗ ਦੇ ਪੱਧਰ ਤੋਂ ਪਤਾ ਲਗਦਾ ਹੈ । ਲੋਕਾਂ ਦਾ ਉਪਭੋਗ ਦਾ ਪੱਧਰ ਉਤਪਾਦਨ ਦੇ ਪੱਧਰ ਉੱਪਰ ਨਿਰਭਰ ਕਰਦਾ ਹੈ । ਉਤਪਾਦਨ ਵਿੱਚ ਵਾਧੇ ਨਾਲ ਰਾਸ਼ਟਰੀ ਆਮਦਨ ਕਲਿਆਣ ਵਿੱਚ ਵਾਧਾ ਹੁੰਦਾ ਹੈ । ਆਮ ਤੌਰ ’ ਤੇ ਸਰਬ-ਜਨਿਕ ਆਮਦਨ ਦਾ ਮੁੱਖ ਸੋਮਾ ਕਰ ਹੁੰਦੇ ਹਨ ਅਤੇ ਉਤਪਾਦਨ ਦੇ ਵਧਣ ਨਾਲ ਇਹਨਾਂ ਕਰਾਂ ਤੋਂ ਸਰਬ-ਜਨਿਕ ਆਮਦਨ ਵਿੱਚ ਵਾਧਾ ਹੁੰਦਾ ਹੈ । ਦੇਸ ਦੀ ਆਰਥਿਕ ਉਨਤੀ ਵਿੱਚ ਵਪਾਰ ਦਾ ਇੱਕ ਖ਼ਾਸ ਯੋਗਦਾਨ ਹੁੰਦਾ ਹੈ । ਉਤਪਾਦਨ ਦਾ ਪੱਧਰ ਘਰੇਲੂ ਅਤੇ ਵਿਦੇਸ਼ੀ ਵਪਾਰ ਦੇ ਪੱਧਰ ਨੂੰ ਨਿਰਧਾਰਿਤ ਕਰਦਾ ਹੈ । ਉਤਪਾਦਨ ਦੇ ਵਧਣ ਨਾਲ ਘਰੇਲੂ ਅਤੇ ਵਿਦੇਸ਼ੀ ਵਪਾਰ ਵਿੱਚ ਵਾਧਾ ਹੁੰਦਾ ਹੈ , ਜਿਸ ਨਾਲ ਦੇਸ ਖ਼ੁਸ਼ਹਾਲ ਹੁੰਦਾ ਹੈ ।


ਲੇਖਕ : ਗਿਆਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-21-10-42-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.