ਉਦਾਸੀ ਅਖਾੜੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਉਦਾਸੀ ਅਖਾੜੇ: ‘ਅਖਾੜਾ ’ ਸ਼ਬਦ ਸ਼ੁਰੂ ਵਿਚ ਹਿੰਦੂ ਸਾਧਾਂ, ਸੰਤਾਂ , ਸੰਨਿਆਸੀਆਂ ਨੇ ਆਪਣੇ ਵਿਚਰਣ ਸਥਲਾਂ ਜਾਂ ਡੇਰਿਆਂ ਲਈ ਵਰਤਣਾ ਸ਼ੁਰੂ ਕੀਤਾ। ਇਨ੍ਹਾਂ ਦੁਆਰਾ ਸੰਤਾਂ/ਸਾਧਾਂ ਨੂੰ ਰਹਿਣ-ਬਹਿਣ ਦੀਆਂ ਸੁਵਿਧਾਵਾਂ ਪ੍ਰਾਪਤ ਹੁੰਦੀਆਂ ਸਨ ਅਤੇ ਉਹ ਇਕ ਅਨੁਸ਼ਾਸਨ ਵਿਚ ਆਪਣੀ ਸੰਪ੍ਰਦਾਇ ਜਾਂ ਮਤ ਦਾ ਪ੍ਰਚਾਰ ਕਰਦੇ ਸਨ। ਉਨ੍ਹਾਂ ਦੀ ਵੇਖਾ-ਵੇਖੀ ਉਦਾਸੀ ਸਾਧਾਂ ਨੇ ਵੀ ਆਪਣਾ ‘ਅਖਾੜਾ’ ਕਾਇਮ ਕਰਨ ਦਾ ਵਿਚਾਰ ਬਣਾਇਆ। ਉਦਾਸੀ ਸੰਤ ਪ੍ਰੀਤਮ ਦਾਸ ਨਿਰਬਾਣ ਨੇ ਨਜ਼ਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨੂੰ ਪ੍ਰੇਰਿਆ ਜਿਸ ਕਰਕੇ ਉਸ ਨੇ ਅਖਾੜੇ ਦੀ ਕਾਇਮੀ ਲਈ ਸੱਤ ਲਖ ਰੁਪਿਆ ਦਿੱਤਾ। ਸੰਤ ਪ੍ਰੀਤਮ ਦਾਸ ਨੇ ਇਹ ਰੁਪਿਆ ਪ੍ਰਯਾਗ ਵਿਚ ਲਿਆ ਕੇ ਆਪਣੀ ਸੰਪ੍ਰਦਾਇ ਦੇ ਸਾਧਾਂ ਸਾਹਮਣੇ ਰਖਿਆ। ਉਨ੍ਹਾਂ ਦੇ ਪਰਾਮਰਸ਼ ਨਾਲ ਪਹਿਲਾ ਪੰਚਾਇਤੀ ਅਖਾੜਾ ਸੰਨ 1779 ਈ. (ਸੰਮਤ 1836 ਬਿ.) ਵਿਚ ਪ੍ਰਯਾਗ (ਇਲਾਹਾਬਾਦ) ਵਿਚ ਕਾਇਮ ਕੀਤਾ। ਇਸ ਅਖਾੜੇ ਦੀ ਸਥਾਪਨਾ ਨਾਲ ਉਦਾਸੀ ਸੰਤਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦੀ ਵਿਵਸਥਾ ਵਿਚ ਕਾਫ਼ੀ ਸੁਧਾਰ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਧੀਨ ਇਸ ਅਖਾੜੇ ਦੇ ਚਾਰ ਮਹੰਤ ਥਾਪੇ ਗਏ ਜਿਨ੍ਹਾਂ ਦਾ ਕੰਮ ਅਖਾੜੇ ਦੀ ਹਰ ਪ੍ਰਕਾਰ ਦੀ ਵਿਵਸਥਾ ਕਰਨਾ ਸੀ। ਪ੍ਰਯਾਗ ਤੋਂ ਬਾਦ ਕਾਸ਼ੀ ਅਤੇ ਕਨਖਲ (ਹਰਿਦੁਆਰ) ਵਿਚ ਵੀ ਇਸ ਦੀਆਂ ਸ਼ਾਖਾਵਾਂ ਕਾਇਮ ਕੀਤੀਆਂ ਗਈਆਂ ਅਤੇ ਇਮਾਰਤਾਂ ਬਣਾਈਆਂ ਗਈਆਂ। ਹੋਰ ਵੀ ਅਨੇਕ ਨਗਰਾਂ/ਤੀਰਥਾਂ ਵਿਚ ਅਖਾੜੇ ਕਾਇਮ ਕੀਤੇ ਗਏ, ਪਰ ਉਹ ਕੇਵਲ ਨਾਮ ਦੇ ਹੀ ਅਖਾੜੇ ਸਨ, ਉਨ੍ਹਾਂ ਨੂੰ ਡੇਰੇ ਕਹਿਣਾ ਉਚਿਤ ਹੋਵੇਗਾ।
ਕਾਲਾਂਤਰ ਵਿਚ ਉਦਾਸੀ ਸਾਧਾਂ ਦੇ ਆਪਸੀ ਮਤ-ਭੇਦ ਕਾਰਣ ਸੰਗਤ ਸਾਹਿਬ (ਭਾਈ ਫੇਰੂ) ਦੇ ਸਾਧੂ ਸੰਤੋਖ ਦਾਸ , ਹਰਿ ਨਾਰਾਇਣ ਦਾਸ, ਸੂਰਦਾਸ ਆਦਿ ਨੇ ਕਨਖਲ ਵਿਚ ‘ਸ੍ਰੀ ਗੁਰੂ ਨਯਾ ਅਖਾੜਾ ਉਦਾਸੀਨ’ ਨਾਂ ਦਾ ਅਖਾੜਾ ਬਣਾ ਲਿਆ। ਇਸ ਨੂੰ ਪਹਿਲੇ ਅਖਾੜੇ ਵਾਲੇ ਛੋਟਾ ਅਖਾੜਾ ਕਹਿੰਦੇ ਹਨ। 16 ਅਗਸਤ 2003 ਈ. ਤਕ ਇਸ ਅਖਾੜੇ ਦੇ ਮਹਾ-ਮੰਡਲੇਸ਼ਵਰ ਸੁਆਮੀ ਈਸ਼੍ਵਰ ਦਾਸ ਸਨ, ਜਿਨ੍ਹਾਂ ਦਾ ਮੁੱਖ ਨਿਵਾਸ-ਸਥਾਨ ਉਦਾਸੀਨ ਆਸ਼੍ਰਮ , ਗੋਪਾਲ ਨਗਰ, ਜਲੰਧਰ ਸੀ। ਵੇਖੋ ‘ਅਖਾੜਾ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First