ਉਦਾਸੀ,ਮਤ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਦਾਸੀ , ਮਤ / ਸੰਪ੍ਰਦਾਇ : ਉਦਾਸੀ ( ਉਦਾਸਿਨ੍ਰ ) ਸੰਸਕ੍ਰਿਤ ਦਾ ਸ਼ਬਦਵ ਹੈ ਅਤੇ ਇਸ ਦਾ ਅਰਥ ਹੈ ਵਿਰਕ੍ਰਤ ,   ਜੋ ਵਿਅਕਤੀ ਸੰਸਾਰਿਕ ਬੰਧਨਾ ਤੋਂ ਮੁਕਤ ਹੋਵੇ । ਪ੍ਰਾਚੀਨ ਕਾਲ ਵਿਚ ਆਸ਼੍ਰਮ – ਵਿਵਸਥਾ ਦੇ ਚਾਰ ਵਿਕਾਸ – ਕ੍ਰਮਾਂ ਵਿਚੋਂ ਤੀਜਾ ਬਾਨਪ੍ਰਸਥ ਸੀ । ‘ ਮਨੁ ਸਮ੍ਰਿਤੀ’ ( 6/1-2 ) ਅਨੁਸਾਰ ਵਿਅਕਤੀ ਨੂੰ ਸੰਸਾਰਿਕ ਕਾਰਜਾਂ ਤੋਂ ਉਦਾਸੀਨ ਹੋ ਕੇ ਤਪ , ਵੇਦ ਅਧਿਐਨ , ਯੁੱਗ , ਦਾਨ ਆਦਿ ਕਰਕੇ ਬਨ ਵਿਚ ਜੀਵਨ ਬਿਤਾਉਣਾ ਚਾਹੀਦਾ ਹੈ । ਬਾਨਪ੍ਰਸਥ ਦੀ ਅਵਧੀ ਸਾਮਪਤ ਹੋਣ ਤੋਂ ਬਾਦ ਸੰਨਿਆਸ ਆਸ਼੍ਰਮ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ । ‘ ਮਨੁ ਸਮਿਤੀ’ ( 6/33 ) ਅਨੁਸਾਰ ਇਸ ਵਿਚ ਵਿਅਕਤੀ ਨੂੰ ਸੰਸਾਰਿਕ ਸੰਬੰਧਾ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਅਤੇ ਅ-ਨਾਗਰਿਕ ਹੋ ਕੇ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿਣਾ ਚਾਹੀਦਾ ਹੈ ।

      ਕਲਾਂਤਰ ਵਿਚ ਸੰਨਿਆਸ ਆਸ਼੍ਰਮ ਦੀ ਅਵਸਥਾ ਵਿਚ ਪੁਹੰਚਣ ਤੋਂ ਇਲਾਵਾ ਵੀ ਕਈ ਲੋਕ ਸੰਨਿਆਸੀ ਬਣ ਜਾਂਦੇ ਸਨ । ਇਸ ਤਰ੍ਹਾਂ ਦੇ ਕਈ ਸੰਨਿਆਸੀ ਦਲ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਮੌਜੂਦ ਸਨ । ਉਨ੍ਹਾਂ ਤੋਂ ਹੀ ਬੈਰਾਗੀ , ਕਾਪੜੀ , ਨਾਗੇ , ਉਦਾਸੀ , ਮੋਨੀ ਆਦਿ ਨਾਂ ਵਾਲੇ ਕਈ ਵਰਗ ਪ੍ਰਚਿਤ ਹੋ ਗਏ । ਗੁਰੂ ਨਾਨਕ ਦੀ ਬਾਣੀ ਵਿਚ ਅਜਿਹੇ ਵਰਗਾਂ ਦੇ ਸੰਕੇਤ ਮਿਲਦੇ ਹਨ— ‘ ਸੋ ਗਿਰਹੀ ਸੋ ਦਾਸ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ’ ( ਅ.ਗ੍ਰੰ.1332 ) । ਗੁਰੂ ਅਰਜੁਨ ਦੇਵ ਨੇ ਸਿਰੀ ਰਾਗ ਵਿਚ ਲਿਖਿਆ ਹੈ— ‘ ਮੋਨੀ ਮੋਨਿਧਾਰੀ । /ਸਨਿਆਸੀ ਬ੍ਰਹਮਚਾਰੀ । /ਉਦਾਸੀ ਉਦਾਸਿ ਰਾਤਾ’ ( ਅ.ਗ੍ਰੰ.71 ) । ਪਰ ਇਸ ਉਦਾਸੀ ਵਰਗ ਨਾਲ ਗੁਰੂ ਨਾਨਕ ਦੇ ਨਾਮ-ਲੇਵਾ ਉਦਾਸੀ ਮਤ ( ਉਦਾਸੀ ਸੰਪ੍ਰਦਾਇ ) ਦਾ ਕੋਈ ਸੰਬੰਧ ਨਹੀਂ ਹੈ । ਬੰਬਈ ਪ੍ਰਦੇਸ਼ ਦੇ ਗਜ਼ਟੀਅਰ ( ਸੈਂਚੀ 9 , ਭਾਗ ਪਹਿਲਾ ) ਵਿਚ ਇਕ ਉਦਾਸੀ ਨਾਂ ਨਾਲ ਪ੍ਰਸਿਧ ਦਾ ਉਲੇਖ ਮਿਲਦਾ ਹੈ । ਸੂਰਤ ਦੇ ਬਰਦੋਲੀ ਇਲਾਕੇ ਦੇ ਉਦਕਾਂਬਾਲੀਆਂ ਵਿਚ ਉਸ ਦਾ ਪ੍ਰਚਾਰ ਅਤੇ ਪ੍ਰਚਲਨ ਸੀ । ਉਸ ਦਾ ਆਰੰਭ ਕਿਸੇ ਗੋਪਾਲਦਾਸ ਨਾਂ ਦੇ ਵਿਅਕਤੀ ਨੇ ਸਤਾਰ੍ਹਵੀਂ ਸਦੀ ਈ.ਦੇ ਸ਼ੁਰੂ ਵਿਚ ਕੀਤਾ । ਪਰ ਉਸ ਦਾ ਵੀ ਨਾਨਕ-ਪੰਥੀ ਉਦਾਸੀ ਨਾਲ ਕੋਈ ਸੰਬੰਧ ਨਹੀਂ ਹੈ ।

    ਗੁਰੂ ਨਾਨਕ ਦਾ ਨਾਮ-ਲੇਵਾ ਉਦਾਸੀ-ਮਤ ਉਪਰਕੋਤ ਪਰੰਪਰਾਵਾਂ ਤੋਂ ਭਿੰਨ ਹੈ । ਇਸ ਸੰਪ੍ਰਦਾਇ ਦਾ ਆਰੰਭ ਗੁਰੂ ਨਾਨਕ ਦੇਵ ਦੀਆਂ ਧਰਮ-ਪ੍ਰਚਾਰ ਲਈ ਕੀਤੀਆਂ ਯਾਤ੍ਰਵਾਂ ਵਿਚੋਂ ਲਭਿਆ ਜਾ ਸਕਦਾ ਹੈ । ਉਨ੍ਹਾਂ ਯਾਤ੍ਰਾਵਾਂ ( ਉਦਾਸੀਆਂ ) ਵੇਲੇ ਜੋ ਭੇਖ ਗੁਰੂ ਨਾਨਕ ਦੇਵ ਨੇ ਧਾਰਣ ਕੀਤਾ , ਉਸ ਨੂੰ ਭਾਈ ਗੁਰਦਾਸ ਨੇ ‘ ਉਦਾਸੀ ਭੇਖ ’ ਦਾ ਨਾਂ ਦਿੱਤਾ— ‘ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ’ ( 1/24 ) । ਗੁਰੂ ਨਾਨਕ ਦੇਵ ਨੇ ਸੰਸਾਰਿਕ ਮੋਹ ਮਾਇਆ ਅਤੇ ਪਰਿਵਾਰਿਕ ਸੰਬੰਧਾ ਤੋਂ ਉੱਚੇ ਉਠ ਕੇ ਲੋਕ ਕਲਿਆਣ ਲਈ ਦੇਸ਼-ਵਿਦੇਸ਼ ਦੀ ਯਾਤ੍ਰਾ ਕੀਤੀ । ਇਸ ਗੱਲ ਦੀ ਪੁਸ਼ਟੀ ਜਨਮ ਸਾਖੀ ਸਾਹਿਤ ਤੋਂ ਸਹਿਜ ਹੀ ਹੋ ਜਾਂਦੀ ਹੈ । ਉਦਾਸੀਆਂ ਤੋਂ ਬਾਦ ਗੁਰੂ
  ਜੀ ਨੇ ਉਦਾਸੀਆਂ ਦਾ ਭੇਖ ਉਤਾਰ ਦਿੱਤਾ ਅਤੇ ਫਿਰ ਗ੍ਰਹਿਸਥੀਆਂ ਵਾਲੇ ਬਸਤ੍ਰ ਧਾਰਣ ਕਰ ਲਏ । ਭਾਈ ਗੁਰਦਾਸ ਅਨੁਸਾਰ— ‘ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ । / ਪਹਿਰ ਸੰਸਾਰੀ ਕਪੜੇ ਮੰਜੀ ਬੈਠੀ ਕੀਆ ਅਵਤਾਰਾ’ ( 1/38 ) ।

          ਗੁਰੂ ਨਾਨਕ ਦੁਆਰਾ ਤਿਆਗਿਆ ਉਦਾਸੀ ਭੇਖ ਉਨ੍ਹਾਂ ਦੇ ਵੱਡੇ ਸੁਪੁੱਤਰ ਬਾਬਾ ਸਿਰੀਚੰਦ ਨੇ ਧਾਰਣ ਕਰ ਲਿਆ ਅਤੇ ਗ੍ਰਿਹਸਥੀਆਂ ਵਾਲੇ ਜੀਵਨ ਦਾ ਤਿਆਗ ਕਰਕੇ ਧਰਮ ਪ੍ਰਚਾਰ ਵਿਚ ਜੁਟ ਗਏ । ਇਥੋਂ ਗੁਰੂ ਨਾਨਕ ਪੰਥ ਅਤੇ ਉਦਾਸੀ ਪੰਥ ਵਿਚ ਇਕ ਬੁਨੀਆਦੀ ਅੰਤਰ ਪੈਦਾ ਹੋ ਗਿਆ ਜਿਸ ਦਾ ਅਧਾਰ ਨਿਵ੍ਰਿੱਤੀ ਅਤੇ ਪ੍ਰਵ੍ਰਿੱਤੀਮੂਲਕ ਮਾਨਤਾਵਾਂ ਹਨ । ਇਸ ਤੋਂ ਭਿੰਨ ਬਾਬਾ ਸਿਰੀ ਚੰਦ ਨੇ ਗੁਰੂ ਨਾਨਾਕ ਦੇਵ ਦੇ ਸਿਧਾਂਤਾਂ ਨੂੰ ਅਪਣਾਇਆ ਅਤੇ ਗੁਰੂ ਨਾਨਕ ਬਾਣੀ ਤਥਾ ਕਾਲਾਂਤਰ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿਚ ਗ੍ਰਹਿਣ ਕੀਤਾ । ਗੁਰੂ ਨਾਨਕ ਦੇਵ ਦਾ ਸੁਪੱਤਰ ਹੋਣ ਕਰਣ ਪਰਵਤੀ ਗੁਰੂ ਸਾਹਿਬਾਨ ਵਲੋਂ ਬਾਬਾ ਸਿਰੀ ਚੰਦ ਨੂੰ ਮਾਣ ਸਤਿਕਾਰ ਮਿਲਦਾ ਰਿਹਾ । ਇਥੋਂ ਤਕ ਕਿ ਬਾਬਾ ਜੀ ਦੇ ਅੰਤ-ਕਾਲ ਵੇਲੇ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਧਰਮ-ਪ੍ਰਚਾਰ ਲਹਿਰ ਨੂੰ ਜਾਰੀ ਰੱਖਣ ਲਈ ਛੇਵੇਂ ਗੂਰੂ ਸਾਹਿਬ ਨੇ ਆਪਣੇ ਸੁਪੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਜੀ ਦੇ ਹਵਾਲੇ ਕਰ ਦਿੱਤਾ । ਬਾਬਾ ਗੁਰਦਿੱਤਾ ਨੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਧੂਣੀਆਂ ਦੀ ਸਥਾਪਨਾ ਕਰਕੇ ਉਨ੍ਹਾਂ ਦੇ ਸੰਚਾਲਨ ਲਈ ਆਪਣੇ ਚਾਰ ਸਿਦਕੀ ਸੇਵਕਾਂ— ਅਲਮਸਤ , ਬਾਲੂ ਹਸਨਾ , ਫੂਲ ਅਤੇ ਗੋਇੰਦ – ਨੂੰ ਨਿਯੁਗਤ ਕੀਤਾ ( ਇਨ੍ਹਾਂ ਵਿਚੋਂ ਦੋ ਗੌੜ ਬ੍ਰਾਹਮਣ ਸਨ ) । ਇਨ੍ਹਾਂ ਨੇਵ ਕ੍ਰਮਵਾਰ ਨਾਨਕਮੱਤਾ , ਡੇਰਾਦੂਨ , ਹੈਦਾਰਾਬਾਦ ਅਤੇ ਬਹਾਦਰਗੜ੍ਹ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ । ਪਰਵਰਤੀ  ਗੁਰੂ ਸਾਹੀਬਾਨ ਵਲੋਂ ਛੇ ਬਖ਼ਸ਼ਿਸ਼ਾਂ ਵੀ ਹੋਇਆਂ , ਜਿਵੇਂ ਸੁਥਰੇਸਾਹੀਏ , ਸੰਗਤ ਸਾਹਿਬੀਏ , ਜੀਤੁਮੱਲੀਏ , ਭਗਤ-ਭਵਾਨੀਏ ਅਤੇ ਮੀਹਾ-ਸ਼ਾਹੀਏ । ਇਹ ਸਾਰੀਆ ਬਖ਼ਸ਼ਿਸ਼ਾਂ ਇਨ੍ਹਾਂ ਹੀ ਨਾਵਾਂ ਵਾਲੇ ਸਾਧਾਂ ਨਾਲ ਸੰਬੰਧਿਤ ਸਨ ਅਤੇ ਇਨ੍ਹਾਂ ਦੇ ਵੱਖਰੇ-ਵੱਖਰੇ ਪ੍ਰਚਾਰ-ਖੇਤਰ ਸਨ । ਇਸ ਤਰ੍ਹਾਂ  ਚਾਰ ਧੂਣਿਆਂ ਅਤੇ ਛੇ ਬਖ਼ਸ਼ਿਸ਼ਾਂ ਵਾਲੇ ਇਹ ਦਸ ਸਾਧ ‘ ਦਸਨਾਮੀ ਸਾਧੂ’ ਅਖਵਾਏ ਜਿਨ੍ਹਾਂ ਵਿਚ    ਅਧਿਕਤਰ ਬ੍ਰਾਹਮਣ ਸਨ । ਫਲਸਰੂਪ ਪੁਜਾਰੀ ਅਤੇ ਬ੍ਰਾਹਮਣੀ ਪ੍ਰਵਿੱਤੀਆਂ ਸਹਿਜੇ-ਸਹਿਜੇ ਇਸ ਸੰਪ੍ਰਦਾਇ ਵਿਚ ਪ੍ਰਵੇਸ਼ ਕਰਨ ਲੱਗੀਆਂ ਅਤੇ ਪੰਚ-ਦੇਵ ਉਪਾਸਨਾ ( ਬ੍ਰਹਮਾ , ਵਿਸ਼ਣੂ , ਸ਼ਿਵ , ਦੁਰਗਾ ਅਤੇ ਗਣੇਸ਼ ਦੀ ਪੂਜਾ ) ਨੇ ਆਪਣਾ ਵਿਸ਼ੇਸ਼ ਸ਼ਥਾਨ ਬਣਾ ਲਿਆ । ਮੂਲ ਰੂਪ ਵਿਚ ਨਿਰਗੁਣਵਾਦੀ ਉਦਾਸੀ ਸੰਪ੍ਰਦਾਇ ਵਿਚ ਸਗੁਣ ਉਪਾਸਨਾ ਪ੍ਰਚਲਿਤ ਹੋ ਗਈ ।  

    ਉਨ੍ਹਵੀਂ ਸਦੀ ਬਾਬਾ ਪ੍ਰਤੀਮ ਦਾਸ ਅਤੇ ਬਾਬਾ ਬਨਖੰਡੀ ਨੇ ਖਿੰਡੀ-ਪੁੰਡੀ ਇਸ ਸੰਪ੍ਰਦਾਇ ਨੂੰ ਸੰਗਠਿਤ ਕਰਕੇ ਵੱਡੇ ਅਖਾੜੇ ਦੀ ਸਥਾਪਨਾ ਕੀਤੀ ਅਤੇ ਸਿੰਧ ਪ੍ਰਾਂਤ ਵਿਚ ਸਾਧੂ – ਬੇਲਾ ਕਾਇਮ ਕੀਤਾ । ਚੂੰਕਿ ਇਹ ਦੋਵੇਂ ਮਹੰਤ ਸਗਣਵਾਦੀ ਰੁੱਚੀਆਂ ਵਾਲੇ ਬ੍ਰਾਹਮਣ ਸਨ , ਇਸ ਲਈ ਸਗੁਣ- ਉਪਾਸਨਾ ਅਤੇ ਪੰਚ-ਦੇਵ ਉਪਾਸਨਾ ਨੇ ਉਦਾਸੀ ਸੰਪ੍ਰਦਾਇ ਵਿਚ ਆਪਣਾ ਦ੍ਰਿੜ੍ਹ ਸਥਾਨ ਬਣਾ ਲਿਆ । ਸੰਨ 1900 ਈ.ਤਕ ਪਹੁੰਚ  ਕੇ ਇਸ ਸੰਪ੍ਰਦਾਇ ਦਾ ਸਿੱਧਾਤਿਕ ਸਰੂਪ ਉਹ ਨਾ ਰਿਹਾ ਜੋ ਇਸ ਦੇ ਆਰੰਭ ਵੇਲੇ ਸੀ । ਪਰ ਉਦੋਂ ਤਕ ਇਹ ਸਿੱਖ ਪੰਥ ਦੀ ਸ਼ਾਖਾ ਹੀ ਮੰਨੀ ਜਾਂਦੀ ਰਹੀ ਸੀ ।

            ਗੁਰੂਦੁਆਰਾ ਐਕਟ ਪਾਸ ਹੋਣ ਨਾਲ  ਸੰਨ 1926ਈ. ਤੋਂ ਕਾਨੂੰਨੀ ਤੌਰ ਤੇ ਉਦਾਸੀ ਸੰਪ੍ਰਦਾਇ ਸਿੱਖ ਧਰਮ ਤੋਂ ਵੱਖ ਘੋਸ਼ਿਤ ਕਰ ਦਿੱਤੀ ਗਈ । ਹੌਲੀ ਹੌਲੀ ਉਦਾਸੀ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਬੰਦ ਹੁੰਦਾ ਗਿਆ ਅਤੇ ਅਧਿਕਾਂਸ਼ ਡੇਰੇ ਸਨਾਤਨੀ ਮੰਦਿਰਾਂ ਦਾ ਰੂਪ ਧਾਰਣ ਕਰ ਚੁੱਕੇ ਹਨ ।

    ਆਧੁਨਿਕ ਯੁੱਗ ਦੇ ਉਦਾਸੀ ਸਾਧਾਂ ਅਤੇ ਵਿਦਵਾਨਾਂ ਨੇ ‘ ਉਦਾਸੀ’ ਨਾਂ ਦੀ ਵਿਆਖਿਆ ਅਤੇ ਇਸ ਦਾ ਉਦਭਵ ਆਪਣੇ ਆਪਣੇ ਢੰਗ ਨਾਲ ਕਰਕੇ ਇਸ ਦਾ ਸੰਬੰਧ ਬ੍ਰਹਮਾ ਦੇ ਪੁੱਤਰ ਸਨਤਕੁਮਾਰ ਨਾਲ ਸਥਾਪਿਤ ਕਰਨ ਦਾ ਯਤਨ ਕੀਤਾ ਹੈ ।

      ਧਾਰਿਮਕ ਖੇਤਰ ਵਿਚ ਉਦਾਸੀ ਸਾਧਾਂ ਨੇ ਇਕ ਨਵੇਂ ਪ੍ਰਕਾਰ ਦੀ ਸਾਧੂ ਸੰਪ੍ਰਦਾਇ ਨੂੰ ਜਨਮ ਦਿੱਤਾ ਜੋ ਵਾਸਤਵ ਵਿਚ ਲੁਪਤ ਹੋਏ ਨਾਥ-ਪੰਥ ਦੀ ਸਥਾਨ-ਪੂਰਤੀ ਕਰਦੀ ਹੈ । ਇਨ੍ਹਾਂ ਸਾਧਾਂ ਵਿਚੋਂ ਕਈ ਜੱਟਾ-ਧਾਰੀ , ਕਈ ਮੋਨੇ , ਕਈ ਭਸਮਾਧਾਰੀ ਨਾਗੇ ਹਨ । ਅਧਿਕਤਰ ਗੇਰੂਏ ਬਸਤ੍ਰ ਧਾਰਣ ਕਰਦੇ ਹਨ । ਇਸ ਸੰਪ੍ਰਦਾਇ ਨੂੰ ਚਲਾਉਣ ਦਾ ਮੂਲ ਕਾਰਣ ਗੁਰੂ ਨਾਨਕ ਦੇਵ ਦਾ ਮਤ ਦਾ ਪ੍ਰਚਾਰ ਕਰਨਾ ਸੀ । ਸਿੱਖ ਧਰਮ ਦੇ ਵਿਕਾਸ ਵਿਚ ਇਸ ਸੰਪ੍ਰਦਾਇ ਦਾ ਮੱਹਤਵਪੂਰਨ ਯੋਗਦਾਨ ਹੈ । ਗੁਰੂ ਨਾਨਕ ਦੇਵ ਸੰਬਧੀ ਜਿਤਨੇ ਵੀ ਗੁਰੂ-ਧਾਮ ਬਣੇ , ਦੇਸ਼ ਦੇ ਜਿਸ ਕੋਨੇ ਵਿਚ ਬਣੇ , ਦੇਸ਼ ਤੋਂ ਬਹਾਰ ਵੀ ਬਣੇ , ਇਨ੍ਹਾਂ ਦੀ ਸਥਾਪਨਾ ਵਿਚ ਉਦਾਸੀ ਸਾਧਾਂ ਦੀ ਮੱਹਤਵਪੂਰਣ ਭੂਮਿਕਾ ਹੈ । ਇਸ ਤੋਂ ਇਲਾਵ ਗੁਰਮੁਖੀ ਦਾ ਪ੍ਰਚਾਰ ਵੀ ਕੀਤਾ ਗਿਆ । ਸਾਹਿੱਤਕ ਖੇਤਰ ਵਿਚ ਮੁੱਢਲੇ ਸਾਧਾਂ ਵਿਚ ਹਰੀਆ ਜੀ , ਆਨੰਦਘਨ , ਅਮੀਰਦਾਸ , ਸੁਖਬਾਸੀ ਰਾਮ , ਸੰਤ ਰੇਣ ਰਾਮਦਾਸ ਆਦਿ ਨੇ ਅਨੇਕ ਸਾਹਿੱਤਕ ਰਚਾਨਾਵਾਂ ਕੀਤੀਆਂ । ਪੰਜਾਬ ਤੋਂ ਬਾਹਰਲੇ ਉਦਾਸੀਆਂ ਵੱਲੋਂ ਤਿਆਰ ਕੀਤੀਆਂ ਬਹੁਤ ਸਾਰੀਆਂ ਸਾਹਿੱਤਕ ਰਚਨਾਵਾਂ ਦੀ ਬਿਰਤੀ ਸਨਾਤਨ ਧਰਮ ਵਾਲੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.