ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਪਵਾਕ : ਇਸ ਸੰਕਲਪ ਦੀ ਵਰਤੋਂ ਵਿਆਕਰਨਕ ਇਕਾਈਆਂ ਦੀ ਸਥਾਪਤੀ ਵੇਲੇ ਕੀਤੀ ਜਾਂਦੀ ਹੈ । ਵਿਆਕਰਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੈ ਅਤੇ ਛੋਟੀ ਤੋਂ ਛੋਟੀ ਇਕਾਈ ਭਾਵੰਸ਼ \ ਸ਼ਬਦ ਹੈ । ਉਪਵਾਕ ਦਾ ਸਥਾਨ ਵਾਕ ਤੋਂ ਪਿਛੋਂ ਅਤੇ ਵਾਕੰਸ਼ ਤੋਂ ਪਹਿਲਾਂ ਹੈ । ਵਾਕੰਸ਼ ਇਕ ਅਜਿਹੀ ਇਕਾਈ ਹੈ ਜੋ ਵਾਕ ਵਿਚ ਸ਼ਬਦ ਵਰਗਾ ਕਾਰਜ ਕਰਦੀ ਹੈ ਅਤੇ ਉਪਵਾਕ , ਵਾਕ ਵਰਗਾ ਕਾਰਜ ਕਰਦੀ ਹੈ । ਉਪਵਾਕ ਦੀ ਬਣਤਰ ਵਿਚ ਵਾਕ ਵਾਲੇ ਤੱਤ ਉਦੇਸ਼ ਅਤੇ ਵਿਧੇ ਦੋਵੇਂ ਹੀ ਵਿਚਰਦੇ ਹਨ । ਪਰੰਪਰਾਵਾਦੀ ਵਿਆਕਰਨਕਾਰ ਉਪਵਾਕ ਨੂੰ ਅੱਗੇ ਦੋ ਭਾਗਾਂ ਵਿਚ ਵੰਡਦੇ ਹਨ : ( i ) ਸਵਾਧੀਨ ਉਪਵਾਕ ਅਤੇ ( ii ) ਪਰਾਧੀਨ ਉਪਵਾਕ । ਸਵਾਧੀਨ ਉਪਵਾਕ ਦੇ ਲੱਛਣ ਸਧਾਰਨ ਵਾਕ ਵਾਲੇ ਹੀ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ ਜਿਵੇ : ‘ ਮੁੰਡਾ ਬੋਲਦਾ ਰਿਹਾ ਤੇ ਕੁੜੀ ਸੁਣਦੀ ਰਹੀ’ , ਵਾਕ ਵਿਚ ਦੋ ਉਪਵਾਕ ਹਨ । ਇਸ ਸਾਵੀਂ ਬਣਤਰ ਵਿਚ ਇਨ੍ਹਾਂ ਦੋਹਾਂ ਦਾ ਵਿਚਰਨ ਵਾਕਾਂ ਦੇ ਤੁਲ ਹੈ । ਇਨ੍ਹਾਂ ਬਣਤਰਾਂ ਤੋਂ ਬਾਹਰ ਇਨ੍ਹਾਂ ਉਪਵਾਕਾਂ ਨੂੰ ਸੁਤੰਤਰ ਸਧਾਰਨ ਵਾਕਾਂ ਵਜੋਂ ਵਰਤਿਆ ਜਾ ਸਕਦਾ ਹੈ ਜਿਵੇਂ : ( ੳ ) ਮੁੰਡਾ ਬੋਲਦਾ ਰਿਹਾ ( ਅ ) ਕੁੜੀ ਸੁਣਦੀ ਰਹੀ । ਦੂਜੇ ਪਾਸੇ ਅਸਾਵੀਂਆਂ ਵਾਕਾਤਮਕ ਬਣਤਰਾਂ ਵਿਚ ਦੋਵੇਂ ਪਰਕਾਰ ਦੇ ਉਪਵਾਕਾਂ ਦੀ ਵਰਤੋਂ ਹੁੰਦੀ ਹੈ । ਇਨ੍ਹਾਂ ਬਣਤਰਾਂ ਵਿਚ ਘੱਟੋ-ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕਾਂ ਦੀ ਵਰਤੋਂ ਹੁੰਦੀ ਹੈ ਜਿਵੇਂ : ‘ ਜੋ ਗੱਜਦੇ ਹਨ ਉਹ ਵੱਸਦੇ ਨਹੀਂ’ । ‘ ਜੋ ਗੱਜਦੇ ਹਨ’ ਪਰਾਧੀਨ ਉਪਵਾਕ ਹੈ ਅਤੇ ਇਹ ਉਪਵਾਕ ਸੁਤੰਤਰ ਤੌਰ ’ ਤੇ ਸਧਾਰਨ ਵਾਕ ਵਜੋਂ ਵਿਚਰਨ ਦੇ ਸਮਰੱਥ ਨਹੀਂ , ਦੂਜੇ ਪਾਸੇ ‘ ਉਹ ਵੱਸਦੇ ਨਹੀਂ’ ਸਵਾਧੀਨ ਉਪਵਾਕ ਹੈ , ਜੋ ਸੁਤੰਤਰ ਤੌਰ ’ ਤੇ ਸਧਾਰਨ ਵਾਕ ਵਜੋਂ ਵਿਚਰਨ ਦੇ ਸਮਰੱਥ ਹੈ । ਕੁੱਝ ਵਿਆਕਰਨਕਾਰਾਂ ਨੇ ਉਪਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਦੇ ਰੂਪ ਦੇ ਅਧਾਰ ’ ਤੇ ਉਪਵਾਕਾਂ ਦੀ ਵੰਡ ਕੀਤੀ ਹੈ । ਉਪਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਦੋ ਪਰਕਾਰ ਦੇ ਹੁੰਦੇ ਹਨ ਜਿਵੇਂ : ਕਾਲਕੀ ( Finite ) ਅਤੇ ਅਕਾਲਕੀ ( Non-Finite ) । ਕਾਲਕੀ ਕਿਰਿਆ ਵਾਕੰਸ਼ਾਂ ਦੁਆਰਾ ਹੋਂਦ ਵਿਚ ਆਉਣ ਵਾਲੇ ਉਪਵਾਕਾਂ ਨੂੰ ਕਾਲਕੀ ਉਪਵਾਕ ਕਿਹਾ ਜਾਂਦਾ ਹੈ । ਇਸ ਪਰਕਾਰ ਦੇ ਉਪਵਾਕ ਸੁਤੰਤਰ ਤੌਰ ’ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਜਦੋਂ ਕਿ ਅਕਾਲਕੀ ਕਿਰਿਆ ਵਾਕੰਸ਼ਾਂ ਦੁਆਰਾ ਹੋਂਦ ਵਿਚ ਆਉਣ ਵਾਲੇ ਉਪਵਾਕਾਂ ਨੂੰ ਅਕਾਲਕੀ ਉਪਵਾਕ ਕਿਹਾ ਜਾਂਦਾ ਹੈ । ਅਕਾਲਕੀ ਉਪਵਾਕ ਸੁਤੰਤਰ ਤੌਰ ’ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ ਅਤੇ ਇਨ੍ਹਾਂ ਦਾ ਵਿਚਰਨ ਕਾਲਕੀ ਉਪਵਾਕਾਂ ਤੋਂ ਬਿਨਾ ਸੰਭਵ ਨਹੀਂ ਹੁੰਦਾ ਜਿਵੇਂ : ‘ ਮੌਤ ਦਾ ਦ੍ਰਿਸ਼ ਵੇਖ ਕੇ , ਉਹ ਡਰ ਗਿਆ’ ਵਿਚ ਪਹਿਲਾ ਉਪਵਾਕ ਅਕਾਲਕੀ ਹੈ ਅਤੇ ਦੂਜਾ ਉਪਵਾਕ ਕਾਲਕੀ ਹੈ । ਕਾਰਜ ਦੇ ਅਧਾਰ ਤੇ ਇਕ ਮਿਸ਼ਰਤ ਵਾਕਾਤਮਕ ਬਣਤਰ ਵਿਚ ਇਕ ਉਪਵਾਕ ਇਕ ਵਾਕੰਸ਼ ਵਰਗਾ ਕਾਰਜ ਕਰਦਾ ਹੈ । ਇਸ ਅਧਾਰ ’ ਤੇ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ( i ) ਨਾਂਵ ਉਪਵਾਕ , ( ii ) ਵਿਸ਼ੇਸ਼ਣ ਉਪਵਾਕ ਅਤੇ ( iii ) ਕਿਰਿਆ ਵਿਸ਼ੇਸ਼ਣ ਉਪਵਾਕ । ਇਸੇ ਅਧਾਰ ਤੇ ਉਪਵਾਕ ਨੂੰ ਕਰਤਾ ਉਪਵਾਕ , ਕਰਮ ਉਪਵਾਕ , ਕਿਰਿਆਵੀ ਉਪਵਾਕ ਅਤੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਵਿਚ ਵੰਡਿਆ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.