ਉਪਾਸਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਾਸਨਾ ਸੰ. ਸੰਗ੍ਯਾ— ਪਾਸ ਬੈਠਣ ਦੀ ਕ੍ਰਿਯਾ. ਨਜ਼ਦੀਕ ਬੈਠਣਾ । ੨ ਸੇਵਾ. ਟਹਿਲ । ੩ ਭਕ੍ਤਿ ( ਭਗਤਿ ) ੪ ਪੂਜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਾਸਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਸਨਾ : ਇਸ ਤੋਂ ਭਾਵ ਹੈ ਸੇਵਾ , ਪੂਜਨ-ਕ੍ਰਿਆ , ਭਗਤੀ । ਗੁਰਬਾਣੀ ਵਿਚ ਇਹ ਸ਼ਬਦ ਭਗਤੀ ਭਾਵ-ਬੋਧਕ ਹੈ । ਇਸ ਦਾ ਸਰੋਤ ਵੈਦਿਕ ਸਾਹਿਤ ਵਿਚ ਵੇਖਿਆ ਜਾ ਸਕਦਾ ਹੈ । ਵੈਦਿਕ ਸਾਹਿਤ ਦੇ ਲਗਭਗ ਸਾਰੇ ਵਿਦਵਾਨਾਂ ਨੇ ਮੰਨਿਆ ਹੈ ਕਿ ਚਹੁੰਆਂ ਵੇਦਾਂ ਵਿਚ ਸਮੁੱਚੇ ਤੌਰ ’ ਤੇ ਪ੍ਰਧਾਨਤਾ ਤਿੰਨ ਵਿਸ਼ਿਆਂ ਦੀ ਹੈ — ਕਰਮ-ਕਾਂਡ , ਗਿਆਨ- ਕਾਂਡ ਅਤੇ ਉਪਾਸਨਾ-ਕਾਂਡ । ਇਨ੍ਹਾਂ ਵਿਚੋਂ ਉਪਾਸਨਾ-ਕਾਂਡ ਦਾ ਸੰਬੰਧ ਈਸ਼ਵਰ ਦੀ ਆਰਾਧਨਾ ਨਾਲ ਹੈ ਜਿਸ ਰਾਹੀਂ ਮਨੁੱਖ ਆਪਣੀਆਂ ਇਛਿਤ ਕਾਮਨਾਵਾਂ ਦੀ ਪੂਰਤੀ ਕਰ ਸਕਦਾ ਹੈ । ਸੰਸਕ੍ਰਿਤ ਦੇ ‘ ਉਪਾਸਨਾ’ ਸ਼ਬਦ ਦਾ ਅਰਥ ਹੈ ਕੋਲ ਬੈਠਣ ਦੀ ਕ੍ਰਿਆ , ਖ਼ਾਸ ਤੌਰ ਤੇ ਦੇਵਤਾ ਜਾਂ ਇਸ਼ਟ-ਦੇਵ ਪਾਸ । ਇਹ ਪਾਸ ਬੈਠਣਾ ਨਿਰਪ੍ਰਯੋਜਨ ਨਹੀਂ ਹੁੰਦਾ , ਸਗੋਂ ਦੇਵਤਾ ਦੀ ਪੂਜਾ ਕਰਕੇ ਉਸ ਨੂੰ ਪ੍ਰਸੰਨ ਕਰਨਾ ਹੁੰਦਾ ਹੈ । ਇਸੇ ਕਰਕੇ ‘ ਉਪਾਸਨਾ’ ਪੂਜਨ ਜਾਂ ਭਗਤੀ ਲਈ ਪ੍ਰਚਲਿਤ ਸ਼ਬਦ ਹੋ ਗਿਆ ਹੈ । ਗੁਰਬਾਣੀ ਵਿਚ ‘ ਉਪਾਸ’ ਨੂੰ ਭਗਤੀ ਲਈ ਹੀ ਵਰਤਿਆ ਗਿਆ ਹੈ । ਗੁਰੂ ਅਰਜਨ ਦੇਵ ਜੀ ਨੇ ਗੂਜਰੀ ਰਾਗ ਵਿਚ ਕਿਹਾ ਹੈ — ਮਨ ਚਰਣਾਰਬਿੰਦ ਉਪਾਸ ਕਲਿ ਕਲੇਸ ਮਿਟੰਤ ਸਿਮਰਤਿ ਕਾਟਿ ਜਮਦੂਤ ਫਾਸ ( ਗੁ.ਗ੍ਰੰ. 502 )


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉਪਾਸਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਪਾਸਨਾ : ਇਹ ਪਰਮਾਤਮਾ ਦੇ ਮਿਲਾਪ ਦਾ ਇਕ ਖ਼ਾਸ ਸਾਧਨ ਹੈ ਆਚਾਰੀਆ ਸ਼ੰਕਰ ਦੀ ਵਿਆਖਿਆ ਅਨੁਸਾਰ ‘ ਉਪਾਸਨਾ’ ਉਪ ( ਨੇੜੇ ) + ਆਸਣ ( ਬੈਠਣਾ ) ਹੈ ਜਿਸ ਦੀ ਉਪਾਸਨਾ ਕਰਨੀ ਹੋਵੇ ਉਸਨੂੰ ਸ਼ਾਸਤਰ ਵਿਚ ਦੱਸੇ ਢੰਗ ਅਨੁਸਾਰ ਬੁੱਧੀ ਰਾਹੀਂ ਪਰਖ ਕੇ ਅਤੇ ਉਸਦੇ ਨੇੜੇ ਅੱਪੜ ਕੇ ਅਡੋਲ ਬਿਰਤੀਆਂ ਨਾਲ ਲੰਮੇ ਸਮੇਂ ਤਕ ਉਸ ਵਿਚ ਸਥਿਰ ਰਹਿਣ ਨੂੰ ਉਪਾਸਨਾ ਕਹਿੰਦੇ ਹਨ ( ਗੀਤਾ 12/3 ਉੱਤੇ ਸ਼ੰਕਰ ਭਾਸ਼ )

                  ਉਪਾਸਨਾ ਲਈ ਸਾਕਾਰ ਅਤੇ ਨਿਰਾਕਾਰ ਦੋਹਾਂ ਤਰ੍ਹਾਂ ਦੇ ਹੀ ਆਧਾਰ ਹੋ ਸਕਦੇ ਹਨ , ਪਰ ਨਿਰਾਕਾਰ ਦੀ ਉਪਾਸਨਾ ਵਧੇਰੇ ਔਖੀ ਹੁੰਦੀ ਹੈ ਅਤੇ ਏਸੇ ਕਰਕੇ ਗੀਤਾ ( 12/5 ) ਵਿਚ ਸਾਕਾਰ ਦੀ ਉਪਸਾਨਾ ਨੂੰ ਸੌਖੀ , ਛੇਤੀ ਫਲ ਦੇਣ ਵਾਲੀ ਅਤੇ ਛੇਤੀ ਸਮਝ ਵਿਚ ਆਉਣ ਵਾਲੀ ਮੰਨਿਆ ਗਿਆ ਹੈ ਅਸਲ ਵਿਚ ਜੀਵ ਰੱਬ ਹੀ ਹੈ , ਪਰ ਅਗਿਆਨਤਾ ਕਾਰਨ ਉਹ ਇਸ ਮਾਇਆ ਦੇ ਗੇੜ ਵਿਚ ਪੈ ਕੇ ਭਟਕਦਾ ਫਿਰਦਾ ਹੈ ਇਸ ਲਈ ਗਿਆਨ ਰਾਹੀਂ ਅਗਿਆਨ ਦੀ ਗੰਢ ਨੂੰ ਖੋਲ ੍ਹ ਕੇ ਆਪਣੀ ਸ਼ਕਤੀ ਪ੍ਰਗਟ ਕਰਨਾ ਹੀ ਉਪਾਸਨਾ ਦਾ ਟੀਚਾ ਹੈ , ਜਿਸ ਨਾਲ ਜੀਵ ਦਾ ਦੁੱਖ ਤੋਂ ਛੇਤੀ ਹੀ ਛੁਟਕਾਰਾ ਹੋ ਜਾਂਦਾ ਹੈ ( अज्ञान ग्रंथिभिदा   स्वशक्त्यभिव्यक्तता मोक्षः परमार्थसार , कारिका 60 )

                  ਤੌਰ ਤੇ ਉਪਾਸਨਾ ਦੇ ਦੋ ਰਸਤੇ ਹਨ – – ਗਿਆਨ ਦਾ ਰਸਤਾ ਅਤੇ ਭਗਤੀ ਦਾ ਰਸਤਾ । ਗਿਆਨ ਰਾਹੀਂ ਅਗਿਆਨ ਦਾ ਨਾਸ ਕਰ ਕੇ ਜਦੋਂ ਪਰਮਤੱਤ ਦੇ ਸਾਖਿਆਤ ਦਰਸ਼ਨ ਹੁੰਦੇ ਹਨ ਤਾਂ ਉਸ ਉਪਾਸਨਾ ਨੂੰ ਗਿਆਨ ਮਾਰਗੀ ਉਪਾਸਨਾ ਕਹਿੰਦੇ ਹਨ ਭਗਤੀ ਦੇ ਰਸਤੇ ਵਿਚ ਭਗਤੀ ਹੀ ਭਗਵਾਨ ਦੇ ਸਾਖਿਅਤ ਦਰਸ਼ਨ ਦਾ ਵੱਡਾ ਵਸੀਲਾ ਮੰਨੀ ਜਾਂਦੀ ਹੈ ਭਗਤੀ ਈਸ਼ਵਰ ਵਿਚ ਸਭ ਤੋਂ ਉੱਚੀ ਲਗਨ ਹੈ ( सा परानुरक्तिरीऽवरे शांङिल्यसूत्र )

                  ਆਮ ਲੋਕਾਂ ਲਈ ਗਿਆਨ ਦਾ ਰਸਤਾ ਔਖਾ ਅਤੇ ਸਹਿਜੇ ਸਮਝ ਨਾ ਆਉਣ ਵਾਲਾ ਹੁੰਦਾ ਹੈ ( क्षुरस्य धारा निशिता दुरत्यया दुर्ग पथस्तत कवयां वदन्ति - कठ॰ 1/3/14 )

                  ਭਾਗਵਤ ( 10/14/4 ) ਨੇ ਗਿਆਨ ਦੇ ਰਸਤੇ ਦੀ ਉਪਾਸਨਾ ਨੂੰ ਮੁੰਜ ਕੁੱਟਣ ਵਾਗੂੰ ਦੱਸਿਆ ਹੈ ਵੈਸੇ ਦੋਵ਼ ਹੀ ਰਸਤੇ ਚੰਗੇ ਅਤੇ ਆਪੋ ਆਪਦੀ ਥਾਂ ਮੰਜ਼ਿਲ ਉੱਤੇ ਪਹੁੰਚਾਉਣ ਵਾਲੇ ਹਨ

                  ਉਪਸਾਨਾ ਵਿਚ ਗੁਰੂ ਦੀ ਬਹੁਤ ਲੋੜ ਹੈ ਗੁਰੂ ਦੇ ਉਪਦੇਸ਼ ਦੀ ਅਣਹੋਂਦ ਵਿਚ ਅਭਸ਼ਾਲੀ ਬਿਨਾਂ ਮਲਾਹ ਬੇੜੀ ਵਾਂਗ ਕਦੀ ਵੀ ਆਪਣੀ ਮੰਜ਼ਿਲ ਤੇ ਨਹੀਂ ਪੁੱਜ ਸਕਦਾ ਗੁਰੂ ਮੰਤਰ ਦੇ ਕੇ ਚੇਲੇ ਵਿਚ ਆਪਣੀ ਸ਼ਕਤੀ ਭਰ ਦਿੰਦਾ ਹੈ ਮੰਤਰ ਦਾ ਅਸਲੀ ਅਰਥ ਹੈ ਉਸ ਗਿਆਨ ਦਾ ਦਾਨ ਜਿਸ ਨਾਲ ਜੀਵ ਦਾ ਪਸ਼ੂ - ਬੰਧਨ ਕੱਟਿਆ ਜਾਂਦਾ ਹੈ ਅਤੇ ਉਹ ਬੇ - ਬੰਧਨਾਂ ਹੋ ਕੇ ਮੁਕਤ ਹੋ ਜਾਂਦਾ ਹੈ ਅਭਿਨਵ - ਗੁਪਤ ਅਨੁਸਾਰ ਮੰਤਰ , ਅਰਥਾਤ ਦੀਖਿਆ ਦਾ ਵਿਉਤਪਤੀ ਦੇ ਪੱਖ ਤੋਂ ਇਹ ਅਰਥ ਹੈ : – –

                                    दीयते ज्ञानसद् भावः क्षीयते पशुबंधना

                                    दान - क्षापण संयुक्ता दीक्षा तेनेह कीर्तिता । ।

                                                                ( तंत्रलोक प्रथम खंड पृ   83 )

                  ਸ੍ਰੀ ਵੈਸ਼ਣਵਾਂ ਦੀ ਉਪਾਸਨਾ ਪੰਜ ਕਿਸਮ ਦੀ ਮੰਨੀ ਜਾਂਦੀ ਹੈ – – ਅਭਿਗਮਨ ( ਪ੍ਰਮਾਤਮਾ ਦੇ ਸਨਮੁਖ ਹੋਣਾ ) , ਉਪਾਦਾਨ ( ਪੂਜਾ ਲਈ ਸਮਗਰੀ ) , ਇਜਿਆ ( ਪੂਜਾ ) , ਸ੍ਵਾਧਿਆਇ ( ਧਰਮ ਗ੍ਰੰਥਾਂ ਤੇ ਵਿਚਾਰ ਅਤੇ ਯੋਗ ( ਅਸ਼ਟਾਂਗ ਯੋਗ ਅਤੇ ਅਮਲ )


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.