ਕਟਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟਕ (ਨਾਂ,ਇ) ਫੌਜ; ਲਸ਼ਕਰ; ਸੈਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਟਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟਕ 1 [ਨਾਂਪੁ] ਫ਼ੌਜ, ਸੈਨਾ, ਲਸ਼ਕਰ; ਧਾੜ , ਜੁੰਡਲੀ; ਛਾਉਣੀ 2 [ਨਿਪੁ] ਇੱਕ ਦਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਟਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਟਕ. ਸੰ. ਸੰਗ੍ਯਾ—ਫ਼ੌਜ. ਸੈਨਾ. “ਕਟਕ ਬਟੋਰ ਆਨ ਰਜਧਾਨੀ.” (ਨਾਪ੍ਰ) ੨ ਸਮੁਦਾਯ. ਗਰੋਹ. “ਪਾਲਿਓ ਕਟਕ ਕੁਟੰਬ.” (ਸ. ਕਬੀਰ) ੩ ਸੇਂਧਾ ਲੂਣ । ੪ ਰਾਜਧਾਨੀ। ੫ ਕੰਗਣ. ਕੜਾ. “ਅਨਿਕ ਕਟਕ ਜੈਸੇ ਭੂਲਿਪਰੇ.” (ਸੋਰ ਰਵਿਦਾਸ) ੬ ਉੜੀਸੇ ਦਾ ਇੱਕ ਪ੍ਰਸਿੱਧ ਸ਼ਹਿਰ. (cuttack) ਜੋ ਕਲਕੱਤੇ ਤੋਂ ੨੫੪ ਮੀਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਟਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਟਕ ਸੰਸਕ੍ਰਿਤ ਕਟਕ:। ਕੜਾ- ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਟਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਟਕ : ਜ਼ਿਲ੍ਹਾ––ਇਹ ਭਾਰਤ ਦੇ ਉੜੀਸਾ ਰਾਜ ਦਾ ਇਕ ਜ਼ਿਲ੍ਹਾ ਹੈ ਜਿਸ ਵਿਚ ਮਹਾਂਨਦੀ ਤੇ ਬ੍ਰਾਹਮਨੀ ਦੇ ਡੈਲਟੇ ਦਾ ਇਲਾਕਾ ਅਤੇ ਪਹਾੜੀ ਪਛਵਾੜਾ ਸ਼ਾਮਲ ਹੈ। ਇਸ ਦਾ ਕੁਲ ਖੇਤਰਫ਼ਲ 11,142 ਵ. ਕਿ. ਮੀ. ਹੈ ਅਤੇ ਆਬਾਦੀ 46,28,800 (1981) ਹੈ। ਤੱਟ ਦੇ ਨਾਲ ਨਾਲ 5 ਤੋਂ 50 ਕਿ. ਮੀ. ਚੌੜੀ ਦਲਦਲੀ ਪੱਟੀ ਹੈ ਜਿਸ ਵਿਚ ਲੂਣ ਦੀ ਕਾਫ਼ੀ ਮਿਕਦਾਰ ਹੈ। ਕੋਈ 60 ਕਿ. ਮੀ. ਚੌੜਾ ਦਰਿਆਈ ਮੈਦਾਨ ਹੈ ਜੋ ਚਾਵਲ ਦੀ ਫ਼ਸਲ ਲਈ ਬੜਾ ਉਪਜਾਊ ਹੈ ਅਤੇ ਸਿੰਜਾਈ ਦਾ ਪ੍ਰਬੰਧ ਵੀ ਬੜਾ ਚੰਗਾ ਹੈ। ਉਪਰ ਵਾਲਾ ਇਲਾਕਾ ਪਹਾੜੀ ਹੈ। ਇਹ ਪਹਾੜੀਆਂ ਪੂਰਬ ਤੋਂ ਪੱਛਮ ਦੀ ਦਿਸ਼ਾ ਵਿਚ ਹਨ ਅਤੇ ਜੰਗਲਾਂ ਨਾਲ ਭਰਪੂਰ ਹਨ। ਪਹਾੜੀਆਂ ਵਿਚਕਾਰ ਹਰੀਆਂ ਵਾਦੀਆਂ ਹਨ। ਮਹਾਂਨਦੀ ਅਤੇ ਬ੍ਰਾਹਮਨੀ ਦਰਿਆ ਇਸ ਜ਼ਿਲ੍ਹੇ ਵਿਚੋਂ ਦੀ ਲੰਘਦੇ ਹਨ ਜਦੋਂ ਕਿ ਬੇਤਰਨੀ ਦਰਿਆ ਇਸ ਜ਼ਿਲ੍ਹੇ ਦੀ ਉੱਤਰੀ ਸੀਮਾਂ ਬਣਾਉਂਦਾ ਹੈ। ਇਸ ਇਲਾਕੇ ਦੀ ਮੁੱਖ ਪੈਦਾਵਾਰ ਚਾਵਲ ਅਤੇ ਦਾਲਾਂ ਹਨ। ਪਟਸਨ ਵੀ ਕਾਫ਼ੀ ਮਾਤਰਾ ਵਿਚ ਉਗਾਈ ਜਾਂਦੀ ਹੈ।

          ਬੇਤਰਨੀ ਦਰਿਆ ਤੇ ਵਸਿਆ ਜਜਪੁਰ ਨਗਰ ਯਾਤਰਾ ਦਾ ਇਕ ਪ੍ਰਮੁੱਖ ਕੇਂਦਰ ਹੈ। ਇਸ ਦਾ ਜ਼ਿਕਰ ਮਹਾਂਭਾਰਤ ਵਿਚ ਵੀ ਆਉਂਦਾ ਹੈ ਅਤੇ ਇਹ ਕਈ ਬਾਦਸ਼ਾਹਾਂ ਦੀ ਰਾਜਧਾਨ ਵੀ ਰਹਿ ਚੁੱਕਾ ਹੈ। ਇਸ ਨਗਰ ਦੀਆਂ ਇਤਿਹਾਸਕ ਇਮਾਰਤਾਂ ਵਿਚ ਬੋਧਿਸਤਵਾ ਅਤੇ ਮਾਤ੍ਰਿਕਾ ਦੀਆਂ ਮੂਰਤੀਆਂ, ਸੋਲਾਂ ਪਾਸਿਆਂ ਵਾਲਾ ਇਕੋ ਪੱਥਰ ਦਾ ਬਣਿਆ 10 ਮੀਟਰ ਉੱਚਾ ਇਕ ਸ਼ਾਨਦਾਰ ਥੰਮ੍ਹ ਅਤੇ ਨਵਾਬ ਅਬੂ ਨਸੀਰ ਖਾਂ (1686) ਦੀ ਮਸਜਿਦ ਸ਼ਾਮਲ ਹੈ। ਇਸ ਦੇ ਦੱਖਣ ਵਿਚ ਅਸੀਆ ਪਰਬਤ ਲੜੀ ਹੈ ਜਿਸ ਵਿਚ ਉਦੈਗਿਰੀ, ਲਲਿਤਗਿਰੀ, ਆਲਮਗਿਰੀ ਅਤੇ ਰਤਨਗਿਰੀ ਦੀਆਂ ਪਹਾੜੀਆਂ ਹਨ ਜੋ ਬੋਧੀ ਕਲਾ ਦੇ ਕੇਂਦਰ ਵਜੋਂ ਮਸ਼ਹੂਰ ਹਨ। ਰਤਨਗਿਰੀ ਦੀ ਖੁਦਾਈ ਤੋਂ ਮੱਧਕਾਲ ਦੇ ਬੋਧੀ ਮੱਠਾਂ ਦਾ ਪਤਾ ਲਗਿਆ ਹੈ।

          ਹ. ਪੁ.––ਇੰਪ. ਮ. ਇੰਡ. 11 : 85 ; ਐਨ. ਬ੍ਰਿ. 6 : 929


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਟਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਟਕ : ਸ਼ਹਿਰ––ਇਹ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਮਹਾਂਨਦੀ ਦੇ ਦੁਫਾੜ ਤੇ ਵਾਕਿਆ ਹੈ। ਕਲਕੱਤੇ ਤੋਂ ਇਹ ਨਗਰ 350 ਕਿ. ਮੀ. ਦੱਖਣ-ਪੱਛਮ ਵੱਲ ਅਤੇ ਸਮੁੰਦਰ ਤੋਂ 70 ਕਿ. ਮੀ. ਦੀ ਦੂਰੀ ਤੇ ਹੈ। ਇਸ ਸ਼ਹਿਰ ਦੀ ਨੀਂਹ ਰਾਜ ਅਨੰਗ ਭੀਮ ਦੇਵ ਤੀਜੇ (1211-38) ਨੇ ਰੱਖੀ ਅਤੇ ਇਸ ਨੇ ਹੀ ਬਾਰਬਤੀ ਦਾ ਕਿਲਾ ਬਣਾਇਆ। ਇਹ ਨਗਰ ਬਰਤਾਨਵੀ ਰਾਜ ਦੇ ਅੰਤ ਤੀਕ ਉੜੀਸਾ ਦੀ ਰਾਜਧਾਨੀ ਰਿਹਾ ਹੈ। ਮੁਕੰਦ ਦੇਵ (1559-68) ਜੋ ਆਜ਼ਾਦ ਉੜੀਸਾ ਦਾ ਆਖ਼ਰੀ ਹਿੰਦੂ ਰਾਜਾ ਸੀ, ਨੇ ਬਾਰਬਤੀ ਕਿਲੇ ਦੀਆਂ ਨੌ ਮੰਜਲਾਂ ਬਣਵਾਈਆ। ਸੰਨ 1568 ਵਿਚ ਇਹ ਸ਼ਹਿਰ ਅਫ਼ਗਾਨਾਂ ਦੇ ਹੱਥ ਆ ਗਿਆ ਪਰ 1590 ਵਿਚ ਮੁਗਲਾਂ ਨੂੰ ਦੇ ਦਿਤਾ ਗਿਆ। ਸੰਨ 1751 ਵਿਚ ਮੁਗ਼ਲਾਂ ਤੋਂ ਮਰਹੱਟਿਆਂ ਨੇ ਖੋਹ ਲਿਆ। 14 ਅਕਤੂਬਰ 1803 ਨੂੰ ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਇਥੋਂ ਕੱਢ ਦਿਤਾ ਅਤੇ ਆਪਣਾ ਅਧਿਕਾਰ ਜਮਾ ਲਿਆ।

          ਕਟਕ ਸ਼ਹਿਰ ਦੀਆਂ ਯਾਦਗਾਰੀ ਇਮਾਰਤਾਂ ਵਿਚ ਲਾਲ ਬਾਗ਼ ਮਹਿਲ (1633), ਜਾਮਾ ਮਸਜਿਦ (1690), ਕਾਦਮ ਰਸੂਲ (1715), ਅਮਰੇਸ਼ਵਰ ਮੰਦਰ ਅਤੇ ਜੈਨੀ ਮੰਦਰ (18ਵੀਂ ਸਦੀ), ਬੈਪਟਿਸਟ ਗਿਰਜਾਘਰ ਤੇ ਕੈਥੋਲਿਕ ਗਿਰਜਾਘਰ (19ਵੀਂ ਸਦੀ), ਬਾਰਾਬਤੀ ਸਟੇਡੀਅਮ (1946) ਅਤੇ ਸ਼ਹੀਦ ਭਵਨ ਸ਼ਾਮਲ ਹਨ। ਇਥੋਂ ਦੀਆਂ ਮੁੱਖ ਵਿਦਿਅਕ ਸੰਸਥਾਵਾਂ ਰਵੇਨਸ਼ਾਹ ਕਾਲਜ (1863), ਕਰਾਈਸਟ ਕਾਲਜ (1944), ਸਟੂਅਰਟ ਸਾਇੰਸ ਕਾਲਜ (1944), ਸ਼ਾਇਲੇਬਾਲਾ ਵਿਮੈੱਨ ਕਾਲਜ, ਸ਼ਿਰੀ ਰਾਮ ਚੰਦਰ ਭਾਂਜ ਮੈਡੀਕਲ ਕਾਲਜ (1949) ਅਤੇ ਰਾਧਾ ਨਾਥ ਟ੍ਰੇਨਿੰਗ ਕਾਲਜ ਹਨ। ਇਹ ਸਾਰੇ ਕਾਲਜ ਉਤਕਲ ਯੂਨੀਵਰਸਿਟੀ ਨਾਲ ਸਬੰਧਤ ਹਨ। ਉੜੀਸਾ ਦੀ ਹਾਈਕੋਰਟ ਅਤੇ ਸੈਂਟਰਲ ਰੀਸਰਚ ਸੰਸਥਾ ਵੀ ਇਥੇ ਹੈ ਜਿਸ ਦਾ ਇਕ ਬਹੁਤ ਵੱਡਾ ਜ਼ਰਾਇਤੀ ਫ਼ਾਰਮ ਵੀ ਹੈ। ਇਹ ਸ਼ਹਿਰ ਤਿੱਲੇ ਦੀ ਸਾਰੀਆਂ ਘਰੇਲੂ ਦਸਤਾਕਾਰੀਆਂ ਹਨ। ਇਸ ਦੇ ਉੱਤਰ ਵੱਲ ਚੌਦੁਆਰ ਵਿਖੇ ਕੱਪੜੇ ਅਤੇ ਕਾਗਜ਼ ਦੀਆਂ ਵਡੀਆਂ ਭਾਰੀਆਂ ਮਿੱਲਾਂ ਹਨ। ਇਸ ਦੇ ਦੱਖਣ ਵੱਲ ਬਰੰਗ ਵਿਖੇ ਸ਼ੀਸ਼ੇ ਦੀ ਫ਼ੈਕਟਰੀ ਹੈ। ਇਹ ਸ਼ਹਿਰ ਸੜਕਾਂ ਅਤ ਰੇਲ ਲਾਈਨਾਂ ਨਾਲ ਸਾਰੇ ਉੜੀਸਾ ਨਾਲ ਮਿਲਿਆ ਹੋਇਆ ਹੈ ਅਤੇ ਇਸ ਨੂੰ ਉੜੀਸਾ ਦੀ ਕੁਦਰਤੀ ਵਪਾਰਕ ਰਾਜਧਾਨੀ ਹੋਣ ਦਾ ਮਾਣ ਵੀ ਹਾਸਲ ਹੈ।

          ਆਬਾਦੀ––ਮੈ. ਖੇ.––327 412 (1981)

          ਸ਼ਹਿਰ––269950 (1981)

          20˚ 38' ਉ. ਵਿਥ.; 85˚ 53' ਪੂ. ਲੰਬ.

          ਹ. ਪੁ.––ਐਨ. ਬ੍ਰਿ. 6 : 929 ; ਇੰਪ. ਗ. ਇੰਡ. 11 : 98


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.