ਕਬੂਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੂਤਰ ( ਨਾਂ , ਪੁ ) ਗੂੜ੍ਹੇ ਸਲੇਟੀ ਰੰਗ ਦੀ ਜੰਗਲੀ ਨਸਲ ਅਤੇ ਪਾਲਤੂ ਨਸਲ ਦੇ ਕਈ ਰੰਗਾਂ ਵਿੱਚ ਮਿਲਣ ਵਾਲਾ ਪੰਖੇਰੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਬੂਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੂਤਰ [ ਨਾਂਪੁ ] ਇੱਕ ਪੰਛੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬੂਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੂਤਰ . ਫ਼ਾ ਕਪੋਤ. ਦੇਖੋ , ਕਪੋਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬੂਤਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਬੂਤਰ : ਇਹ ਕੋਲੰਬੀਫ਼ਾਰਮੀਜ਼ ਵਰਗ ਦੀ ਕੋਲੰਬੀਡੀ ਕੁਲ ਦਾ ਇਕ ਪੰਛੀ ਹੈ । ਘਰਾਂ ਵਿਚ ਆਮ ਮਿਲਣ ਵਾਲੇ ਕਬੂਤਰ ਦਾ ਨਾਂ ਕੋਲੰਬਾ ਲਿਵੀਆ ( Columba livia ) ਹੈ । ਇਹ ਸ਼ਾਇਦ ਆਦਮੀ ਰਾਹੀਂ ਪਾਲਤੂ ਬਣਾ ਕੇ ਰਖਣ ਵਾਲਾ ਸਭ ਤੋਂ ਪਹਿਲਾ ਪੰਛੀ ਹੈ । ਤਕਰੀਬਨ 4500 ਈ. ਪੂ. ਤੋਂ ਇਸ ਦੀ ਤਸਵੀਰ ਛੋਟੀਆਂ ਮੂਰਤੀਆਂ , ਚਿਤਰਕਾਰੀ ਅਤੇ ਸਿੱਕਿਆਂ ਉਤੇ ਬਣ ਰਹੀ ਹੈ । ਮਿਸਰ ਦੇ ਸਮੇਂ ਤੋਂ ਇਹ ਪੰਛੀ ਖਾਣ ਲਈ ਪ੍ਰਸਿੱਧ ਹੈ । ਇਸ ਦੇ ਸੁਨੇਹੇ ਲਿਜਾਣ ਲਿਆਉਣ ਦਾ ਕੰਮ ਵੀ ਬਹੁਤ ਪੁਰਾਣਾ ਹੈ । ਅੱਜਕਲ੍ਹ ਇਸਨੂੰ ਪ੍ਰਯੋਗਸ਼ਾਲਾਵਾਂ ਵਿਚ ਤਜ਼ਰਬੇ ਕਰਨ ਲਈ , ਖਾਸ ਤੌਰ ਤੇ ਐਂਡੋਕ੍ਰਾਈਨਾਲੋਜੀ ਅਤੇ ਜਿਨੈਟਿਕਸ ਬਾਰੇ ਖੋਜ ਲਈ ਪ੍ਰਸਿੱਧ ਹੈ ।

                  ਘਰਾਂ ਵਿਚ ਮਿਲਣ ਵਾਲੇ ਕਬੂਤਰ ਦਾ ਰੰਗ ਸਲੇਟੀ ਭੂਰਾ ਹੁੰਦਾ ਹੈ ਅਤੇ ਇਸ ਦੀ ਗਰਦਨ ਅਤੇ ਛਾਤੀ ਦਾ ਉਪਰਲਾ ਹਿੱਸਾ ਚਮਕੀਲੀ ਹਰੀ ਅਤੇ ਵੈਂਗਣੀ ਭਾਹ ਮਾਰਦਾ ਹੈ । ਖੰਭਾਂ ਉਤੇ ਦੋ ਗੂੜ੍ਹੇ ਰੰਗ ਦੀਆਂ ਧਾਰੀਆਂ ਅਤੇ ਪੂਛ ਦੇ ਸਿਰੇ ਤੇ ਇਕ ਚੌੜੀ ਧਾਰੀ ਹੁੰਦੀ ਹੈ । ਇਹ ਇਮਾਰਤਾਂ ਦੇ ਉਤੇ ਜਾਂ ਅੰਦਰ ਆਪਣੇ ਆਲ੍ਹਣੇ ਬਣਾਉਂਦੇ ਹਨ । ਇਹ ਇਸ ਤੋਂ ਇਲਾਵਾ ਖਾਲੀ ਘਰਾਂ , ਫੈਕਟਰੀਆਂ , ਮਸੀਤਾਂ , ਰੇਲਵੇ ਸਟੇਸ਼ਨਾਂ ਆਦਿ ਹਰ ਥਾਂ ਤੇ ਮਿਲ ਜਾਂਦੇ ਹਨ । ਜੰਗਲੀ ਕਿਸਮਾਂ ਪੁਰਾਣੇ ਕਿਲ੍ਹੇ , ਪੁਰਾਣੀਆਂ ਡਿਗ ਰਹੀਆਂ ਇਮਾਰਤਾਂ , ਚਟਾਨਾਂ , ਦੀਆਂ ਦਰਾੜਾਂ ਆਦਿ ਵਿਚ ਮਿਲਦੀਆਂ ਹਨ ਅਤੇ ਇਹ ਅਨਾਜ , ਦਾਲਾਂ , ਮੂੰਗਫਲੀ ਆਦਿ ਦੀਆਂ ਫ਼ਸਲਾਂ ਨੂੰ ਖ਼ਰਾਬ ਕਰਦੀਆਂ ਹਨ । ਨਰ ਕਬੂਤਰ ਗਲੇ ਨੂੰ ਫੁਲਾ ਕੇ ਗੁਟਰ-ਗੂੰ , ਗੁਟਰ-ਗੂੰ ਦੀ ਆਵਾਜ਼ ਕੱਢਦਾ ਹੈ ਅਤੇ ਕਬੂਤਰੀ ਦੇ ਅੱਗੇ ਚੱਕਰ ਕਟਦਾ ਹੈ । ਇਸ ਦਾ ਆਲ੍ਹਣਾ ਟਹਿਣੀਆਂ , ਤੀਲਿਆਂ ਆਦਿ ਦਾ ਬਣਿਆ ਹੁੰਦਾ ਹੈ । ਇਸ ਵਿਚ ਕਬੂਤਰੀ ਬਿਲਕੁਲ ਸਫ਼ੈਦ ਦੋ ਅੰਡੇ  ਦਿੰਦੀ ਹੈ । ਕਬੂਤਰ ਦੀ ਉਮਰ ਤਕਰੀਬਨ 35 ਸਾਲ ਹੁੰਦੀ ਹੈ ।

                  ਕਬੂਤਰ ਦੀਆਂ ਆਮ ਤਿੰਨ ਕਿਸਮਾਂ ਹਨ– – ਉਡਾਰੂ ਕਿਸਮਾਂ , ਫੈਂਸੀ ਕਿਸਮਾਂ , ਜਿਹੜੀਆਂ ਮਨੋਰੰਜਨ ਲਈ ਪੈਦਾ ਕੀਤੀਆਂ ਗਈਆਂ ਹਨ ਅਤੇ ਉਪਯੋਗੀ ਕਿਸਮਾਂ , ਜਿਹੜੀਆਂ ਮਾਸ ਲਈ ਪੈਦਾ ਕੀਤੀਆਂ ਜਾਂਦੀਆਂ ਹਨ । ਉਪਯੋਗੀ ਕਿਸਮਾਂ ਜੇ ਨੁਮਾਇਸ਼ ਆਦਿ ਲਈ ਪਾਲੀਆਂ ਜਾਣ ਤਾਂ ਇਨ੍ਹਾਂ ਨੂੰ ਦੂਹਰੇ ਮੰਤਵ ਵਾਲੀ ਕਿਸਮ ਦਾ ਨਾਂ ਦਿਤਾ ਜਾਂਦਾ ਹੈ ।

                  ਕਬੂਤਰ ਪਾਲਣ ਦਾ ਸ਼ੌਕ ( ਅਤੇ ਧੰਦਾ ) ਸਾਰੀ ਦੁਨੀਆ ਵਿਚ ਪ੍ਰਚਲਿਤ ਹੈ ਅਤੇ ਇਨ੍ਹਾਂ ਨੂੰ ਕੌਮੀ ਪੱਧਰ ਤੇ ਵਿਸ਼ੇਸ਼ਤਾ ਵੀ ਦਿੱਤੀ ਜਾਂਦੀ ਹੈ , ਜਿਵੇਂ ਕਿ ਇੰਗਲੈਂਡ ਵਿਚ ਦੇਖਣ ਵਿਚ ਬਹੁਤ ਹੀ ਸੁੰਦਰ ਲਗਣ ਵਾਲੀਆਂ ਕਿਸਮਾਂ ਨੂੰ ‘ ਫੋਰਮ ਪਿਜਨ’ , ਜਰਮਨੀ ਵਿਚ ਉਨ੍ਹਾਂ ਕਿਸਮਾਂ ਨੂੰ ਜਿਨ੍ਹਾਂ ਉਤੇ ਕੋਈ ਖਾਸ ਜਿਹੇ ਨਿਸ਼ਾਨ ਹੋਣ ‘ ਕਲਰ ਪਿਜਨ’ , ਬੈਲਜੀਅਮ ਵਿਚ ਤੇਜ਼ ਉਡਣ ਵਾਲੀਆਂ ਕਿਸਮਾਂ ਨੂੰ ‘ ਰੇਸਿੰਗ ਪਿਜਨ’ ਆਦਿ ਕਿਹਾ ਜਾਂਦਾ ਹੈ ।

                  ਬਹੁਤੇ ਠੰਢੇ ਇਲਾਕਿਆਂ ਅਤੇ ਪਛੜੇ ਦੀਪ ਸਮੂਹਾਂ ਨੂੰ ਛੱਡ ਕੇ ਬਾਕੀ ਸਾਰੀ ਦੁਨੀਆਂ ਵਿਚ ਕਬੂਤਰਾਂ ਦੀਆਂ ਤਕਰੀਬਨ 300 ਜਾਤੀਆਂ ਮਿਲਦੀਆਂ ਹਨ । ਇਨ੍ਹਾਂ ਵਿਚੋਂ ਕਈ ਦੋ ਤਿਹਾਈ ਊਸ਼ਣ-ਖੰਡੀ ਦੱਖਣ-ਪੂਰਬੀ ਏਸ਼ੀਆ , ਆਸਟ੍ਰੇਲੀਆ ਅਤੇ ਪੱਛਮੀ ਸ਼ਾਂਤ-ਮਹਾਂਸਾਗਰ ਦੀਪ ਸਮੂਹਾਂ ਵਿਚ ਮਿਲਦੀਆਂ ਹਨ । ਇਸ ਤੋਂ ਇਲਾਵਾ ਇਸ ਕੁਲ ਵਿਚ ਅਫ਼ਰੀਕਾ ਅਤੇ ਸੀਤ-ਊਸ਼ਣੀ ਯੂਰੇਸ਼ੀਆ ਅਤੇ ਉਤਰੀ ਅਮਰੀਕਾ ਦੀਆਂ ਵੀ ਕਈ ਕਿਸਮਾਂ ਸ਼ਾਮਲ ਹਨ । ਇਸ ਕੁਲ ਦੇ ਸਾਰੇ ਮੈਂਬਰ ਤਰਲ ਪਦਾਰਥਾਂ ਨੂੰ ਜੀਭ ਨਾਲ ਚਟਦੇ ਹਨ । ਇਹ ਸਾਰੇ ਮੈਂਬਰ ( ਨਰ ਅਤੇ ਮਾਦਾ ) ਆਪਣੇ ਬੱਚਿਆਂ ਨੂੰ ‘ ਪਿਜਨ‘ ਜ਼ ਮਿਲਕ’ ( ਇਕ ਦੁਧ ਵਰਗਾ ਨਿੱਗਰ ਕਣਾਂ ਵਾਲਾ ਤਰਲ ਪਦਾਰਥ , ਜੋ ਪਨੀਰ ਨਾਲ ਮਿਲਦਾ ਜੁਲਦਾ ਹੈ ) ਦੇਂਦੇ ਹਨ । ਇਹ ਤਰਲ ਪਦਾਰਥ ਅੰਨ ਪੋਟੇ ਦੀ ਲਾਈਨਿੰਗ ਦੇ ਸੈੱਲਾਂ ਦੇ ਟੁੱਟਣ ਭੱਜਣ ਅਤੇ ਇਸ ਵਿਚ ਪ੍ਰੋਲੈਕਟਿਨ ਹਾਰਮੋਨ ਦੀ ਉਤੇਜਨਾ ਨਾਲ ਪੈਦਾ ਹੁੰਦਾ ਹੈ । ਬੱਚੇ ਆਪਣੀਆਂ ਚੁੰਝਾਂ ਨੂੰ ਉਨ੍ਹਾਂ ਦੇ ਗਲੇ ਵਿਚ ਚੋਭ ਕੇ ਇਹ ਖ਼ੁਰਾਕ ਪ੍ਰਾਪਤ ਕਰਦੇ ਹਨ ।

                  ਕਬੂਤਰਾਂ ਦੀਆਂ 40-50 ਪ੍ਰਜਾਤੀਆਂ ਨੂੰ 4-6 ਉਪ-ਕੁਲਾਂ ਵਿਚ ਵੰਡਿਆ ਗਿਆ ਹੈ : – –

                  ਕੋਲੰਬਾਈਨੀ , ਜਿਸ ਵਿਚ ਤਕਰੀਬਨ 30 ਪ੍ਰਜਾਤੀਆਂ ਅਤੇ 175 ਜਾਤੀਆਂ ਆਉਂਦੀਆਂ ਹਨ; ਗੌਰਿਨੀ , ਜਿਸ ਦੀ ਇਕੋ ਇਕ ਪ੍ਰਜਾਤੀ ਵਿਚ ਤਿੰਨ ਜਾਤੀਆਂ ਸ਼ਾਮਲ ਹਨ; ਡਿਡੰਕੂਲਿਨੀ , ਜਿਸ ਵਿਚ ਇਕੋ ਦੰਦੇਦਾਰ-ਚੁੰਝ ਵਾਲਾ ਕਬੂਤਰ ਸਾਮੋਆ ਆਉਂਦਾ ਹੈ; ਅਤੇ ਟਰੈਰੋਨਿਨੀ , ਜਿਸ ਵਿਚ ਤਕਰੀਬਨ 10 ਪ੍ਰਜਾਤੀਆਂ ਅਤੇ 115 ਜਾਤੀਆਂ ਸ਼ਾਮਲ ਹਨ ।

                  ਹ. ਪੁ.– – ਕਾ. ਬ : 63; ਐਨ. ਬ੍ਰਿ. ਮਾ. 7 : 1001


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.