ਕਰਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰਤਾ : ਕਰਤਾ ਤੋਂ ਭਾਵ ਹੈ ‘ ਕਰਨ ਵਾਲਾ’ । ਪਰੰਪਰਿਕ ਵਿਆਕਰਨ ਵਿੱਚ ਉਸ ਵਿਆਕਰਨਿਕ ਇਕਾਈ ਨੂੰ ਕਰਤਾ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਤੋਂ ਕੰਮ ਕਰਨ ਵਾਲੇ ਦਾ ਬੋਧ ਹੋਵੇ । ਇੱਕ ਸਧਾਰਨ ਪੰਜਾਬੀ ਵਾਕ ਵਿੱਚ ਕਰਤਾ ਦਾ ਸਥਾਨ ਵਾਕ ਵਿੱਚ ਪਹਿਲਾ ਹੁੰਦਾ ਹੈ । ਇਸੇ ਇਕਾਈ ਨੂੰ ਉਦੇਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ । ਪੰਜਾਬੀ ਦੇ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਰਤਾ ਤੋਂ ਇਲਾਵਾ ਕਰਮ ਵੀ ਵਿਚਰਦਾ ਹੈ ਜਿਸ ਨੂੰ ਪ੍ਰਧਾਨ ਕਰਮ ਅਤੇ ਅਪ੍ਰਧਾਨ ਕਰਮ ਵਿੱਚ ਵੰਡਿਆ ਜਾਂਦਾ ਹੈ । ‘ ਜੁਗਿੰਦਰ ਨੇ ਬਲਦੇਵ ਨੂੰ ਇੱਕ ਕਿਤਾਬ ਦਿੱਤੀ’ ਵਾਕ ਵਿੱਚ ਇਕਾਈਆਂ ‘ ਜੁਗਿੰਦਰ ਨੇ’ ਕਰਤਾ ਦਾ , ‘ ਬਲਦੇਵ ਨੂੰ’ ਗੌਣ ( ਅਪ੍ਰਧਾਨ ) ਕਰਮ ਦਾ ਅਤੇ ‘ ਇੱਕ ਕਿਤਾਬ’ ਮੁੱਖ ( ਪ੍ਰਧਾਨ ) ਕਰਮ ਦਾ ਬੋਧ ਕਰਾਉਂਦੀ ਹੈ । ਅਪ੍ਰਧਾਨ ਕਰਮ ਵਾਕ ਦੀ ਬਣਤਰ ਵਿੱਚ ਕਈ ਵਾਰ ਦੋ ਵਾਰੀ ਵਿਚਰਨ ਦੀ ਸੰਭਾਵਨਾ ਰੱਖਦਾ ਹੈ । ਇਸ ਤਰ੍ਹਾਂ ਵਾਕ ਦੀ ਬਣਤਰ ਵਿੱਚ ਵਿਚਰਨ ਵਾਲੀਆਂ ਕਾਰਜੀ ਇਕਾਈਆਂ ਦੀ ਗਿਣਤੀ ਚਾਰ ਤੱਕ ਹੋ ਸਕਦੀ ਹੈ । ਦੂਜੇ ਸ਼ਬਦਾਂ ਵਿੱਚ ਸਧਾਰਨ ਵਾਕਾਂ ਵਿੱਚ ਨਾਂਵਾਂ ਦੀ ਗਿਣਤੀ ਚਾਰ ਹੋ ਸਕਦੀ ਹੈ ਪਰੰਤੂ ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਨਾਵਾਂ ਦਾ ਰੋਲ ਵਾਕਾਂਸ਼ ਵਾਲਾ ਹੁੰਦਾ ਹੈ । ਨਾਂਵ ਜਾਂ ਤਾਂ ਵਾਕਾਂਸ਼ ਵਜੋਂ ਵਿਚਰਦੇ ਹਨ ਜਾਂ ਫਿਰ ਵਾਕਾਂਸ਼ ਦੇ ਹਿੱਸੇ ਵਜੋਂ ਵਿਚਰਦੇ ਹਨ । ਇਸ ਲਈ ਕਰਤਾ ਵਜੋਂ ਕਾਰਜ ਕਰਨ ਵਾਲਾ ਨਾਂਵ ਕਰਤਾ ਨਾਂਵ ਵਾਕਾਂਸ਼ ਵਾਲਾ ਹੁੰਦਾ ਹੈ । ਵਾਕ ਦੀ ਬਣਤਰ ਵਿੱਚ ਵਿਚਰਨ ਵਾਲੇ ਵਾਕਾਂਸ਼ ਵੱਖਰਾ-ਵੱਖਰਾ ਕਾਰਜ ਕਰਦੇ ਹਨ , ਜਿਵੇਂ : ਕਰਤਾ , ਕਰਮ , ਪ੍ਰਧਾਨ ਕਰਮ ਤੇ ਅਪ੍ਰਧਾਨ ਕਰਮ । ਇਸ ਆਧਾਰ ’ ਤੇ ਵਾਕ ਵਿੱਚ ਵਿਚਰਨ ਵਾਲੀਆਂ ਨਾਂਵ ਵਾਕਾਂਸ਼ ਇਕਾਈਆਂ ਨੂੰ ਕਰਤਾ ਨਾਂਵ ਵਾਕਾਂਸ਼ , ਪ੍ਰਧਾਨ ਕਰਮ ਨਾਂਵ ਵਾਕਾਂਸ਼ ਅਤੇ ਅਪ੍ਰਧਾਨ ਕਰਮ ਨਾਂਵ ਵਾਕਾਂਸ਼ ਵਿੱਚ ਵੰਡਿਆ ਜਾਂਦਾ ਹੈ । ਇੱਕ ਸਧਾਰਨ ਕਰਤਰੀਵਾਚੀ ਬਿਆਨੀਆਂ ਵਾਕ ਦੇ ਸੰਗਠਨ ਵਿੱਚ ਜੇ ਇੱਕ ਨਾਂਵ ਵਾਕਾਂਸ਼ ਵਿਚਰ ਰਿਹਾ ਹੋਵੇ ਤਾਂ ਉਸ ਨਾਂਵ ਵਾਕਾਂਸ਼ ਨੂੰ ਕਰਤਾ ਨਾਂਵ ਵਾਕਾਂਸ਼ ਆਖਿਆ ਜਾਂਦਾ ਹੈ । ਕਾਰਜ ਦੇ ਪੱਖ ਤੋਂ ਵਾਕ ਵਿੱਚ ਕਰਤਾ ਕਾਰਜ ਦੇ ਕਰਨ ਦੀ ਸੂਚਨਾ ਪ੍ਰਦਾਨ ਕਰਦਾ ਹੈ , ਜਿਵੇਂ ‘ ਕੁੜੀ ਖੇਡਦੀ ਹੈ’ ਵਿੱਚ ਕੁੜੀ ਖੇਡਣ ਦਾ ਕਾਰਜ ਕਰ ਰਹੀ ਹੈ , ਇਸ ਲਈ ‘ ਕੁੜੀ’ ਕਰਤਾ ਨਾਂਵ ਵਾਕਾਂਸ਼ ਹੈ । ਪੰਜਾਬੀ ਵਾਕ ਬਣਤਰ ਵਿੱਚ ਕਰਤਾ ( actor ) ਉਦੇਸ਼ ਵਜੋਂ ( subject ) ਵੀ ਵਿਚਰਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਉਦੇਸ਼ ਕਰਤਾ ਦਾ ਸੂਚਕ ਹੋਵੇ । ਪੰਜਾਬੀ ਕਰਤਾ ਨਾਂਵ ਵਾਕਾਂਸ਼ ਦੀ ਪਛਾਣ ਹਿਤ ਕੁਝ ਨਿਯਮ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਸ ਕਾਰਜੀ ਇਕਾਈ ਦਾ ਪਤਾ ਲਗਾਇਆ ਜਾ ਸਕਦਾ ਹੈ । ਇਸ ਨਾਂਵ ਵਾਕਾਂਸ਼ ਦੀ ਪਛਾਣ ਲਈ ਕਿਰਿਆ ਵਾਕਾਂਸ਼ ਨਾਲ ‘ ਕੌਣ’ ਪ੍ਰਸ਼ਨ-ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਪ੍ਰਸ਼ਨ ਦਾ ਉੱਤਰ ਤੱਤ ਕਰਤਾ ਨਾਂਵ ਵਾਕਾਂਸ਼ ਹੁੰਦਾ ਹੈ , ਜਿਵੇਂ : ‘ ਬੱਚਾ ਦੁੱਧ ਪੀ ਰਿਹਾ ਹੈ’ ...ਕੌਣ ਦੁੱਧ ਪੀ ਰਿਹਾ ਹੈ...‘ ਬੱਚਾ’ । ਇਸ ਲਈ ਇਸ ਵਾਕ ਵਿੱਚ ਬੱਚਾ ਕਰਤਾ ਨਾਂਵ ਵਾਕਾਂਸ਼ ਹੈ । ਸਧਾਰਨ ਬਿਆਨੀਆਂ ਵਾਕਾਂ ਵਿੱਚ ਕਰਤਾ ਨਾਂਵ ਵਾਕਾਂਸ਼ ਦਾ ਸਥਾਨ ਪਹਿਲਾ ਹੁੰਦਾ ਹੈ , ਪਰ ਪੰਜਾਬੀ ਵਿੱਚ ਵਾਕਾਂਸ਼ ਦਾ ਸਥਾਨ ਪਰਿਵਰਤਨ ਸੰਭਵ ਹੈ , ਇਸ ਲਈ ਵਾਕ ਵਿੱਚ ਇਸ ਦਾ ਸਥਾਨ ਕਿਤੇ ਵੀ ਹੋ ਸਕਦਾ ਹੈ , ਜਿਵੇਂ : ‘ ਪੀ ਰਿਹਾ ਹੈ ਬੱਚਾ ਦੁੱਧ/ਦੁੱਧ ਪੀ ਰਿਹਾ ਹੈ ਬੱਚਾ’ ਆਦਿ । ਕਰਮਣੀ ਵਾਕਾਂ ਦੀ ਬਣਤਰ ਵਿੱਚ ਕਰਤਾ ਨਾਂਵ ਵਾਕਾਂਸ਼ ਨਹੀਂ ਵਿਚਰਦਾ , ਜਿਵੇਂ : ਬੱਚਾ ਚੁੱਕਿਆ ਗਿਆ । ਸੰਬੰਧਕ ਰਹਿਤ ਕਰਤਾ ਨਾਂਵ ਵਾਕਾਂਸ਼ ਦਾ ਕਿਰਿਆ ਵਾਕਾਂਸ਼ ਨਾਲ ਵਿਆਕਰਨਿਕ ਮੇਲ ਹੁੰਦਾ ਹੈ , ‘ ਮੁੰਡਾ ਦੁੱਧ ਪੀ ਰਿਹਾ ਸੀ’ । ਸੰਬੰਧਕ ਸਹਿਤ ਨਾਂਵ ਵਾਕਾਂਸ਼ ਨਾਲ ‘ ਨੇ’ ਸੰਬੰਧਕ ਵਿਚਰਦਾ ਹੈ ਅਤੇ ਇਸ ਵਾਕਾਂਸ਼ ਦਾ ਕਿਰਿਆ ਨਾਲ ਵਿਆਕਰਨਿਕ ਮੇਲ ਨਹੀਂ ਹੁੰਦਾ ਜਿਵੇਂ ‘ ਮੁੰਡੇ ਨੇ ਰੋਧੀ ਖਾਧੀ , ਕੁੜੀ ਨੇ ਰੋਟੀ ਖਾਧੀ । ’ ਜਿਸ ਨਾਂਵ ਵਾਕਾਂਸ਼ ਨਾਲ ‘ ਨੇ’ ਸੰਬੰਧਕ ਲੱਗਦਾ ਹੈ , ਉਹ ਭਾਵੇਂ ਵਾਕ ਵਿੱਚ ਕਿਸੇ ਵੀ ਸਥਾਨ ’ ਤੇ ਵਿਚਰੇ ਉਹ ਵਾਕਾਂਸ਼ ਕਰਤਾ ਨਾਂਵ ਵਾਕਾਂਸ਼ ਵਜੋਂ ਕਾਰਜ ਕਰ ਰਿਹਾ ਹੁੰਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾ [ ਨਾਂਪੁ ] ਕਰਨ ਵਾਲ਼ਾ , ਰਚਨ ਵਾਲ਼ਾ; ਰੱਬ , ਪਰਮਾਤਮਾ; ( ਵਿਆ ) ਵਾਕ ਦੀ ਇੱਕ ਇਕਾਈ ਜੋ ਕਰਨ ਵਾਲ਼ੇ ਦਾ ਅਰਥ ਦਿੰਦੀ ਹੈ , ਇੱਕ ਕਾਰਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰਤਾ ( ਸੰ. । ਸੰਸਕ੍ਰਿਤ ਕਰੑਤਾ ) ਕਰਣ ਹਾਰ , ਰਚਣਹਾਰ , ਕਰਤਾਰ , ਉਤਪਤ ਕਰਨ ਵਾਲਾ । ਯਥਾ-‘ ਕਰਤਾ ਤੂ ਮੇਰਾ ਜਜਮਾਨੁ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.