ਕਲੰਦਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ ( ਨਾਂ , ਪੁ ) 1 ਰਿੱਛ , ਬਾਂਦਰ ਆਦਿ ਨਚਾ ਕੇ ਤਮਾਸ਼ਾ ਵਿਖਾਉਣ ਵਾਲਾ 2 ਮੁਸਲਮਾਨ ਫ਼ਕੀਰਾਂ ਦਾ ਇੱਕ ਫਿਰਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ [ ਨਾਂਪੁ ] ਮੁਸਲਮਾਨ ਸੂਫ਼ੀ ਫ਼ਕੀਰਾਂ ਦਾ ਇੱਕ ਫ਼ਿਰਕਾ; ਇਸ ਫ਼ਿਰਕੇ ਨਾਲ ਸੰਬੰਧਿਤ ਦਰਵੇਸ਼; ਬਾਂਦਰ/ਰਿੱਛ ਆਦਿ ਦਾ ਤਮਾਸ਼ਾ ਦਿਖਾਉਣ ਵਾਲ਼ਾ; ਬਾਜ਼ੀਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ ਫ਼ਾ ਮਸ੍ਤ. ਬੇਪਰਵਾ । ੨ ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ , ਅਬਦਾਲ. “ ਆਉ ਕਲੰਦਰ ਕੇਸਵਾ.” ( ਭੈਰ ਨਾਮਦੇਵ ) “ ਮਨੁ ਮੰਦਰੁ ਤਨੁ ਵੇਸ ਕਲੰਦਰੁ.” ( ਬਿਲਾ ਮ : ੧ ) ਮਨ ਹੀ ਮੇਰੇ ਲਈ ਮੰਦਿਰ ਹੈ , ਅਤੇ ਸ਼ਰੀਰ ਕਲੰਦਰੀ ਵੇਸ ਹੈ । ੩ ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇ ਜਾਂਦੇ ਹਨ.

 

ਜੋਗ ਤੋ ਜਾਨਲੀਓ ਤੁਮ ਊਧਵ ,

ਆਸਨ ਸਾਧ ਸਮਾਧਿ ਲਗਾਨੇ ,

ਪੂਰਕ ਰੇਚਕ ਕੁੰਭਕ ਕੀ ਗਤਿ ,

ਐਨ ਲਗਾਵਤ ਠੀਕ ਠਿਕਾਨੇ ,

ਪੈ ਜਸੁਧਾਸੁਤ ਕੇ ਜੋਊ ਕੌਤਕ ,

ਕ੍ਯੋਂਕਰ ਤੂ ਰਿਦ ਅੰਤਰ ਆਨੇ ।

ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ ਕਛੁ

ਬੰਦਰ ਭੇਦ ਕਲੰਦਰ ਜਾਨੇ.

( ਬਾਵਾਰਾਮ ਦਾਸ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲੰਦਰ ( ਸੰ. । ਫ਼ਾਰਸੀ ਕਲੰਦਰ ਅ਼ਰਬੀ ਕ਼ਲੰਦਰੀ ) ੧. ਦੋਸ਼ ਅਰਥ-ਬੇਸਮਝ , ਮੂਰਖ । ਇਸੇ ਕਰਕੇ ਇਸ ਦਾ ਅਰਥ ਲੁੱਚਾ ਤੇ ਨਲੈਕ ਬੀ ਕਰਦੇ ਹਨ , ਅਰ ਇਥੋਂ ਹੀ ਬਾਂਦਰਾਂ ਰਿੱਛਾਂ ਦੇ ਪਾਲਣ ਵਾਲੇ ਨੂੰ ਕਹਿੰਦੇ ਹਨ । ਜਿਸ ਅਰਥ ਵਿਚ ਕਿ ਆਮ ਪੰਜਾਬੀ ਇਸ ਪਦ ਨੂੰ ਵਰਤਦੇ ਹਨ ।

੨. ਵਿਦਵਾਨ ਲੋਕ ਵਰਤਣ ਵਿਚ ਉਸ ਫਕੀਰ ਨੂੰ ਆਖਦੇ ਹਨ , ਜਿਸ ਦੀ ਬ੍ਰਿਤੀ ਸੰਸਾਰ ਤੋਂ ਉਠ ਗਈ ਹੋਵੇ ਅਰ ਈਸ਼੍ਵਰਾਕਾਰ ਹੋ ਗਈ ਹੋਵੇ । ਮਸਤ ਬੇਪਰਵਾਹ ਫਕੀਰ ਜੋ ਨਾਮ ਰੂਪ ਤੋਂ ਬ੍ਰਿਤੀ ਉਠਾਕੇ ਸਾਈਂ ਦੀ ਲਿਵ ਵਿਚ ਰਹਿੰਦੇ ਹੋਣ । ਯਥਾ-‘ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ’ ਤਨ ਹੀ ਸਾਡਾ ਕਲੰਦਰਾਂ ਵਾਲਾ ਵੇਸ ਹੈ , ਹੋਰ ਭੇਖ ਨਹੀਂ ਕਰਦੇ । ਕਲੰਦਰ ਵੇਸ ਤੋਂ ਤਾਤਪਰਜ ਹੈ ਕਿ ਦੇਹ ਅਧ੍ਯਾਸ ਛੁਟ ਗਿਆ ਹੈ । ਮਨ ਸਾਡਾ ਮੰਦਰ ਹੈ , ਅਸੀਂ ਹੋਰ ਮੰਦਰਾਂ ਵਿਚ ਨਹੀਂ ਜਾਂਦੇ ਅਰ ਹਿਰਦਾ ਸਾਡਾ ਤੀਰਥ ਹੈ , ਉਥੇ ਅਸ਼ਨਾਨ ਕਰਦੇ ਹਾਂ , ਕਿਉਂਕਿ ਇਕ ਸ਼ਬਦ ਮੇਰੇ ਪ੍ਰਾਣਾਂ ਵਿਚ ਵਸਦਾ ਹੈ । ਕਈ ਮੰਦਰ ਦਾ ਮਨ + ਅੰਦਰ ਅਰਥ ਕਰਦੇ ਹਨ , ਜੋ ਠੀਕ ਨਹੀਂ ਭਾਸਦਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲੰਦਰ : ਮੁਸਲਮਾਨਾਂ ਵਿਚ ਫ਼ਕੀਰਾਂ ਦਾ ਇਹ ਇਕ ਫ਼ਿਰਕਾ ਹੈ ਜੋ ਸਿਰ ਅਤੇ ਦਾੜ੍ਹੀ ਨਹੀਂ ਮੁਨਾਉਂਦੇ ਅਤੇ ਨਾ ਹੀ ਗ੍ਰਹਿਸਤ ਜੀਵਨ ਅਪਣਾਉਂਦੇ ਹਨ । ਇਹ ਹਜ਼ਰਤ ਲੂਤ ਦੇ ਪੈਰੋਕਾਰ ਹਨ । ਕਲੰਦਰ ਦਰਵੇਸ਼ਾਂ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਪਰਸ਼ੀਆ ਦੇ ਦਰਵੇਸ਼ਾਂ ਦੇ ਦੂਸਰੇ ਫ਼ਿਰਕਿਆਂ ਨਾਲੋਂ ਇਹ ਇਕ ਵਖਰਾ ਫ਼ਿਰਕਾ ਸੀ ਜਿਸ ਦੇ ਅਨੁਯਾਈ ਘੁੰਮਣ ਫਿਰਨ ਵਾਲੇ ਫ਼ਕੀਰ ਸਨ । ਇਨ੍ਹਾਂ ਦੀ ਵਿਚਾਰਧਾਰਾ ਅਲ-ਮਕਰੀਜ਼ੀ ਅਲ-ਖਿਤਾਤ ਦੀ ਮਿਸਰ ਵਿਚਲੇ ਕਲੰਦਰੀ ਫ਼ਿਰਕੇ ਵਾਲੀ ਸੀ । ਇਨ੍ਹਾਂ ਦੇ ਕੋਈ ਨਿਸ਼ਚਿਤ ਨਿਯਮਾਂ ਜਾਂ ਅਸੂਲ ਨਹੀਂ ਸਨ ਸਗੋਂ ਇਹ ਧਾਰਮਕ ਅਤੇ ਸਮਾਜਕ ਨਿਯਮਾਂ ਦੀ ਉਲੰਘਣਾ ਕਰਦੇ ਸਨ । ਇਹ ਫ਼ਿਰਕਾ ਕੇਂਦਰੀ ਏਸ਼ੀਆ ਵਿਚੋਂ ਆਰੰਭ ਹੋਇਆ ਜਾਪਦਾ ਹੈ , ਜਿਸ ਉਤੇ ਭਾਰਤੀ ਵਿਚਾਰਾਂ ਦਾ ਪ੍ਰਭਾਵ ਪਿਆ । ਇਹ ਵੀ ਸੰਭਵ ਹੈ ਕਿ ਸ਼ਬਦ ਕਲੰਦਰ ਦਾ ਮੂਲ ਹੀ ਭਾਰਤੀ ਹੋਵੇ । ਮਕਰੀਜ਼ੀ ( ਮੌਤ 1442 ) ਅਨੁਸਾਰ ਇਹ ਉਸ ਤੋਂ 400 ਸਾਲ ਪਹਿਲਾਂ ਅਰਬ ਦੇਸ਼ ਵਿਚ ਹੋਂਦ ਵਿਚ ਆਇਆ ਫ਼ਿਰਕਾ ਹੈ । ਪਰਸ਼ੀਆ ਵਿਚ ਇਸ ਫ਼ਿਰਕੇ ਦੇ ਲੋਕ ਬਹੁਤ ਗਿਣਤੀ ਵਿਚ ਸਨ । ਸਤਾਰ੍ਹਵੀਂ ਸਦੀ ਵਿਚ ਵੀ ਇਨ੍ਹਾਂ ਦੀ ਵਧੇਰੇ ਗਿਣਤੀ ਉਥੇ ਹੀ ਸੀ ।

                  2. ਰਿੱਛ ਅਤੇ ਬਾਂਦਰਾਂ ਨੂੰ ਬੱਚਿਆਂ ਦੇ ਮਨੋਰੰਜਨ ਲਈ ਨਚਾਉਣ ਵਾਲੇ ਵਿਅਕਤੀ ਨੂੰ ਵੀ ਕਲੰਦਰ ਕਿਹਾ ਜਾਂਦਾ ਹੈ ।

                  ਹ. ਪੁ.– – ਪੰ. ਕੋ. 4 : 530 ; ਸ਼ਾ. ਐਨ. ਇਸ. 240


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.