ਕਾਂਗੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਗੜ. ਰਾਜ ਨਾਭਾ ਵਿੱਚ ਨਜਾਮਤ ਫੂਲ ਦੇ ਥਾਣੇ ਦਿਆਲਪੁਰੇ ਦਾ ਇੱਕ ਪਿੰਡ , ਜੋ ਦੀਨੇ ਤੋਂ ਡੇਢ ਕੋਹ ਦੱਖਣ ਹੈ. ਇਹ ਕਿਸੇ ਸਮੇਂ ਰਾਇਜੋਧ ਦੀ ਰਾਜਧਾਨੀ ਸੀ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸੇਵਕ ਰਾਇਜੋਧ ਦਾ ਪ੍ਰੇਮ ਦੇਖਕੇ ਪਧਾਰੇ ਹਨ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਰਾਇਜੋਧ ਨੂੰ ਬਖਸ਼ਿਆ ਕਟਾਰ ਹੁਣ ਸਰਦਾਰ ਬਘੇਲ ਸਿੰਘ ਦੇ ਘਰ ਹੈ.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਹ ਅਸਥਾਨ ਚਰਣਾਂ ਨਾਲ ਪਵਿਤ੍ਰ ਕੀਤਾ ਹੈ. “੓ਫ਼ਰਨਾਮਹ” ਇਸੇ ਥਾਂ ਵਿਰਾਜਕੇ ਲਿਖਿਆ ਹੈ. “ਕਿ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨਦ.” (ਜਫਰ)

ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਕਾਂਗੜ ੧੬ ਮੀਲ ਉੱਤਰ ਵੱਲ ਹੈ. ਦੇਖੋ, ਜਫਰਨਾਮਾ ਸਾਹਿਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਂਗੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਂਗੜ : ਭਾਰਤ ਦੇ ਪੰਜਾਬ ਰਾਜ ਵਿਚ ਇਹ ਇਕ ਇਤਿਹਾਸਕ ਪਿੰਡ ਹੈ। ਵਧੇਰੇ ਕਰ ਕੇ ਇਹ ਪਿੰਡ ਦੀਨਾ-ਕਾਂਗੜ ਨਾਂ ਨਾਲ ਪ੍ਰਸਿੱਧ ਹੈ। ਦੀਨਾ ਤੇ ਕਾਂਗੜ ਦੋ ਜੁੜਵੇਂ ਪਿੰਡ ਹਨ। ਅਜੋਕੇ ਪੰਜਾਬ ਦੀ ਭੂਗੋਲਿਕ ਵੰਡ ਅਨੁਸਾਰ ਪਹਿਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈ ਅਤੇ ਦੂਜਾ ਜ਼ਿਲ੍ਹਾ ਬਠਿੰਡਾ ਦਾ। ਇਹਿਤਾਸਕ ਤਾਣੇ-ਬਾਣੇ ਵਿਚ ਇਹ ਦੋਵੇਂ ਪਿੰਡ ਇਕੋ ਕਰਕੇ ਜਾਣੇ ਜਾਂਦੇ ਹਨ ਅਤੇ ਇਕ ਦਾ ਨਾਂ ਦੂਜੇ ਤੋਂ ਬਿਨਾਂ ਅਧੂਰਾ ਰਹਿ ਜਾਂਦਾ ਹੈ। ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖ ਕੇ, ਜ਼ੁਲਮ, ਜਬਰ ਤੇ ਤਕੱਬਰ ਨੂੰ ਦਯਾ, ਮਿੱਠਤ ਤੇ ਹਲੀਮੀ ਨਾਲ ਝੰਝੋੜਿਆ ਅਤੇ ਰਾਕਸ਼ੀ ਸ਼ਕਤੀ ਦੇ ਘੁੰਡ ਮਰੋੜੇ ਸਨ।

          ਕਾਂਗੜ ਰਾਮਪੁਰਾ ਫੂਲ ਤੋਂ 29 ਕਿ. ਮੀ. ਦੂਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਉਪਰ ਇਕ ਵੱਡੇ ਥੇਹ ਤੇ ਵੱਸਿਆ ਬਹੁਤ ਪੁਰਾਣਾ ਪਿੰਡ ਹੈ। ਇਸ ਦਾ ਪੁਰਾਣਾ ਇਤਿਹਾਸ ਸਮੇਂ ਦੀਆਂ ਤਹਿਆਂ ਵਿਚ ਦਬਕੇ ਰਹਿ ਗਿਆ ਹੈ। ਫਿਰ ਵੀ ਇਸ ਦਾ ਵਰਤਮਾਨ ਮੁਗ਼ਲਰਾਜ ਦੇ ਆਰੰਭ ਤਕ ਪਹੁੰਚ ਜਾਂਦਾ ਹੈ। ਇਸ ਪਿੰਡ ਵਿਚੋਂ ਕਈ ਨਵੇਂ ਪਿੰਡ ਹੋਂਦ ਵਿਚ ਆਏ ਅਤੇ ਇਹ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦਾ ਸਭਿਆਚਾਰਕ ਤੇ ਪ੍ਰਬੰਧਕੀ ਕੇਂਦਰ ਰਿਹਾ ਹੈ।

          ਇਹ ਇਤਿਹਾਸਕ ਪਿੰਡ ਰਾਜੇ ਕੰਗ ਦਾ ਵਸਾਇਆ ਹੋਇਆ ਦਸਿਆ ਜਾਂਦਾ ਹੈ। ਕੰਗ ਤੋਂ ਹੀ ਕੰਗ ਗੜ੍ਹ ਤੇ ਫੇਰ ਕਾਂਗੜ ਬਣ ਗਿਆ। ਪਿੰਡ ਦੇ ਪੱਛਮੀ ਪਾਸੇ ਵਲ ਇਕ ਥੇਹ ਤੋਂ ਪਤਾ ਲਗਦਾ ਹੈ ਕਿ ਇਥੇ ਜ਼ਰੂਰ ਹੀ ਕੋਈ ਵੱਡਾ ਪਿੰਡ ਵਸਦਾ ਰਿਹਾ ਹੋਵੇਗਾ। ਲੋਕ-ਗਾਥਾ ਅਨੁਸਾਰ ਕੰਗ ਗੜ੍ਹ ਏਡਾ ਵੱਡਾ ਸ਼ਹਿਰ ਸੀ ਕਿ ਮਜੌਰ ਜਦੋਂ ਤੇਲ ਮੰਗਣ ਨਿਕਲਦੇ ਤਾਂ ਦੁਕਾਨਾਂ ਤੋਂ ਪਲੀ ਪਲੀ (ਲਗਭਗ 12 ਕੁ ਗ੍ਰਾਮ) ਤੇਲ ਲੈਣ ਨਾਲ ਸਵਾ ਮਣ (ਲਗਪਗ 20 ਕਿ. ਗ੍ਰਾ.) ਤੇਲ ਇਕੱਠਾ ਹੋ ਜਾਂਦਾ ਸੀ। ਗੁਰੂ ਸਾਹਿਬ ਦੇ ਜ਼ਫਰਨਾਮੇ ਵਿਚ ਇਸ ਦੇ ਜ਼ਿਕਰ ‘ਤਸ਼ਰੀਫ ਦਰ ਕਸਬਾ ਕਾਂਗੜ ਕੁੱਨਦਾ, ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਵੇਲੇ ਕਾਂਗੜ ਤਕੜਾ ਕਸਬਾ ਸੀ।

          ਕਿਹਾ ਜਾਂਦਾ ਹੈ ਕਿ ਪਿੰਡ ਦੀ ਵਰਤਮਾਨ ਉਸਾਰੀ ਦਾ ਆਰੰਭ ਅਕਬਰ ਦੇ ਸਮਕਾਲੀ ਇਕ ਸੂਝਵਾਨ ਅਤੇ ਅਧਿਆਤਮਕ ਖੇਤਰ ਵਿਚ ਪ੍ਰਸਿੱਧ ਬਜ਼ੁਰਗ ਮਹਿਰ ਮਿੱਠਾ ਨੇ ਕੀਤਾ ਸੀ। ਅਕਬਰ ਨੇ ਰਾਜਨੀਤਕ ਦ੍ਰਿਸ਼ਟੀ ਨਾਲ ਮਹਿਰ ਮਿੱਠਾ ਨਾਲ ਸਬੰਧ ਜੋੜਨ ਲਈ ਸ਼ਾਦੀ ਦੀ ਪੇਸ਼ਕਸ਼ ਕੀਤੀ ਅਤੇ ਮਹਿਰ ਮਿੱਠਾ ਦੀ ਪੋਤਰੀ ਅਰਥਾਤ ਰਾਏਬੇਗ ਦੀ ਧੀ ਸੱਮੀ ਨਾਲ ਸ਼ਾਦੀ ਕਰ ਲਈ। ਇਸ ਦੇ ਸਿੱਟੇ ਵਜੋਂ ਅਕਬਰ ਨੇ ਇਕ ਸੌ ਵੀਹ ਪਿੰਡ ਮਹਿਰ ਮਿੱਠੇ ਨੂੰ ਜਗੀਰ ਵਜੋਂ ਅਤੇ ਮੀਆਂ ਦੀ ਪਦਵੀ ਦਿਤੀ। ਕਿਹਾ ਜਾਂਦਾ ਹੈ ਕਿ ਮਹਿਰ ਮਿੱਠਾ ਨੇ ਕਾਂਗੜ ਨੂੰ ਆਪਣੀ ਜਗੀਰ ਦਾ ਕੇਂਦਰ ਬਣਾਇਆ। ਮੁਗ਼ਲਾਂ ਦਾ ਜ਼ੋਰ ਘੱਟ ਜਾਣ ਨਾਲ ਇਹ ਪਿੰਡ ਨਾਭੇ ਅਤੇ ਪਟਿਆਲਾ ਦੀਆਂ ਰਿਆਸਤਾਂ ਨੇ ਦੱਬ ਲਏ ਸਨ ਅਤੇ ਕਾਂਗੜ ਵਾਲਿਆਂ ਕੋਲ ਕੇਵਲ ਅੱਠ ਪਿੰਡ ਰਹਿ ਗਏ ਸਨ ਜਿਨ੍ਹਾਂ ਨੂੰ ਅੱਠ ਕਾਂਗੜ ਵੀ ਕਹਿੰਦੇ ਹਨ। ਉਨ੍ਹਾਂ ਦੇ ਨਾਂ ਕਾਂਗੜ, ਸਲਾਬਤਪਰਾ, ਆਦਮਪੁਰਾ, ਦਿਆਲਪੁਰਾ, ਦੱਲੇਵਾਲਾ, ਗੁਜਰਾਂਵਾਲ, ਭਾਈ ਰੂਪਾ ਤੇ ਰਾਜਗੜ੍ਹ ਹਨ।

          ਮਹਿਰ ਮਿੱਠਾ ਦੇ ਖਾਨਦਾਨ ਨੇ ਮੁਗਲ ਸਰਕਾਰ ਦੇ ਨਾਲ ਆਪਣੀ ਵਫਾਦਾਰੀ ਰੱਖਦਿਆਂ ਸਿੱਖ ਗੁਰੂ ਸਾਹਿਬਾਨ ਨਾਲ ਵੀ ਨੇੜਤਾ ਪੈਦਾ ਕਰ ਲਈ। ਮਹਿਰ ਮਿੱਠਾ ਦੇ ਦੋ ਪੁੱਤਰ ਹੋਰ ਸਨ। ਇਨ੍ਹਾਂ ਵਿਚੋਂ ਚੈਨ ਬੇਗ (ਚੰਨ) ਦੇ ਪੁੱਤਰ ਉਮਰ ਸ਼ਾਹ ਦੇ ਅੱਗੋਂ ਦੋ ਪੁੱਤਰ ਰਾਏ ਜੋਧ ਤੇ ਸਲੀਮ ਸ਼ਾਹ ਹੋਏ। ਇਨ੍ਹਾਂ ਦੋਨਾਂ ਦੇ ਹੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਾਫੀ ਗੂੜ੍ਹੇ ਸਬੰਧ ਹੋ ਗਏ। ਰਾਇ ਜੋਧ ਦੀ ਪਤਨੀ ਗੁਰੂ ਹਰਿਗੋਬਿੰਦ ਸਾਹਿਬ ਦੀ ਕੱਟੜ ਸ਼ਰਧਾਲੂ ਸੀ। ਗੁਰੂ ਸਰ ਨਥਾਣਾ ਦੀ ਲੜਾਈ ਲਈ ਗੁਰੂ ਜੀ ਨੇ ਇਥੇ ਹੀ ਤਿਆਰੀ ਕੀਤੀ ਸੀ। ਰਾਇ ਜੋਧ ਆਪਣੇ ਭਾਈ ਸਲੀਮ ਸ਼ਾਹ ਸਮੇਤ ਇਕ ਹਜ਼ਾਰ ਘੋੜ ਸਵਾਰ ਲੈ ਕੇ ਲੜਾਈ ਵਿਚ ਸ਼ਾਮਲ ਹੋਇਆ। ਰਾਇ ਜੋਧ ਦੀ ਬਹਾਦਰੀ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਆਪਣੀਆਂ ਦੋ ਕਟਾਰਾਂ ਵਿਚੋਂ ਇਕ ਉਸ ਨੂੰ ਬਖ਼ਸ਼ ਦਿੱਤੀ। ਅੱਜਕਲ੍ਹ ਇਹ ਕਟਾਰ ਮਹਿਰ ਮਿੱਠੇ ਦੀ 17ਵੀਂ ਪੀੜ੍ਹੀ ਸਰਦਾਰ ਸ਼ਮਸ਼ੇਰ ਸਿੰਘ ਕੋਲ ਮੌਜੂਦ ਹੈ।

          ਜਦੋਂ ਗੁਰੂ ਜੀ ਇਥੇ ਆਉਂਦੇ ਸਨ ਤਾਂ ਉਹ ਇਥੇ ਇਕ ਕਿਲੇ ਦੇ ਚਾਰ ਬੁਰਜਾਂ ਵਿਚੋਂ ਇਕ ਵਿਚ ਠਹਿਰਦੇ ਸਨ। ਇਹ ਕਿਲਾ ਹੁਣ ਖਤਮ ਹੋ ਚੁੱਕਾ ਹੈ।

          ਰਾਇ ਜੋਧ ਦੇ ਪੁੱਤਰ ਰਾਇ ਫੱਤਾ ਦੇ ਅਗੋਂ ਤਿੰਨ ਪੋਤਰੇ ਤਖਤ ਮੱਲ, ਲਖਮੀਰ ਤੇ ਸ਼ਮੀਰ ਹੋਏ। ਇਹ ਅਗੋਂ ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਸਨ। ਤਖਤ ਮੱਤ ਉਸ ਸਮੇਂ ਕਾਂਗੜ ਦਾ ਮਾਲਕ ਸੀ ਅਤੇ ਲਖਮੀਰ ਨੇ ਨਵੇਂ ਵਸਾਏ ਦੀਨਾ ਪਿੰਡ ਤੇ ਕਬਜ਼ਾ ਕਰ ਲਿਆ ਸੀ। ਗੁਰੂ ਜੀ ਦੇ ਦੀਨਾ ਆਉਣ ਸਮੇਂ ਲਖਮੀਰ ਹੀ ਦੀਨੇ ਪਿੰਡ ਦਾ ਮਾਲਕ ਸੀ।

          ਪੁਰਾਣੀਆਂ ਯਾਦਗਾਰਾਂ ਵਿਚੋਂ ਕਾਗੜ ਦੇ ਥੇਹ ਉੱਤੇ ਮਹਿਰ ਮਿੱਠਾ ਦੀ ਬਣੀ ਸਮਾਧ ਹੈ। ਇਹ ਛੋਟੀਆਂ ਇਟਾਂ ਦੀ ਬਣੀ ਹੋਈ ਹੈ ਜੋ ਗੁਰਦੁਆਰਾ ਜ਼ਫ਼ਰਨਾਮਾ ਦੀ ਪੁਨਰ ਉਸਾਰੀ ਦੇ ਸਮੇਂ ਦੀ ਹੈ। ਇਸ ਦਾ ਡੀਜ਼ਾਇਨ ਵੀ ਉਸ ਨਾਲ ਮਿਲਦਾ ਹੈ। ਇਸ ਦੇ ਅੰਦਰ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ।

          ਹ. ਪੁ.––ਦੀਨਾ-ਕਾਂਗੜ ਸਰਵੇ ਪੁਸਤਕ––ਭਾਸ਼ਾ ਵਿਭਾਗ, ਪੰਜਾਬ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਂਗੜ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਂਗੜ  :    ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਤਹਿਸੀਲ ਦਾ ਇਕ ਪਿੰਡ ਹੈ ਜੋ ਭਦੌੜ ਤੋਂ 11 ਕਿ.ਮੀ. ਦੀ ਦੂਰੀ ਤੇ ਵਾਕਿਆ ਹੈ। ਇਹ ਪਿੰਡ ਦੀਨਾ ਕਾਂਗੜ ਨਾਂ ਨਾਲ ਬਹੁਤ ਪ੍ਰਸਿੱਧ ਹੈ। ਕਾਂਗੜ ਦੇ ਨਾਲ ਦੀਨਾ ਪਿੰਡ ਹੈ ਜੋ ਮੋਗਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਵਿਚ ਪੈਂਦਾ ਹੈ। ਇਤਿਹਾਸ ਵਿਚ ਦੋਹਾਂ ਪਿੰਡਾਂ ਦਾ ਨਾਂ ਇਕੱਠਾ ਲਿਆ ਜਾਂਦਾ ਹੈ। ਇਸ ਪਿੰਡ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੁਹ ਪ੍ਰਾਪਤ ਹੈ।

      ਕਾਂਗੜ ਦਾ ਪੁਰਾਣਾ ਇਤਿਹਾਸ ਬਹੁਤ ਘੱਟ ਮਿਲਦਾ ਹੈ। ਇਕ ਖਿਆਲ ਅਨੁਸਾਰ ਰਾਜਾ ਕੰਗ ਨੇ ਕੰਗ ਗੜ੍ਹ ਵਸਾਇਆ। ਪਿੰਡ ਦੇ ਇਕ ਥੇਹ ਤੋਂ ਅਨੁਮਾਨ ਲਗਦਾ ਹੈ ਕਿ ਇਹ ਪਿੰਡ ਵਸਦਾ ਤੇ ਉਜੜਦਾ ਰਿਹਾ ਹੋਵੇਗਾ। ਕੰਗ ਗੜ੍ਹ ਦਾ ਇਕ ਵੱਡਾ ਸ਼ਹਿਰ ਸੀ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਸੀ।ਲੋਕ ਗਾਥਾ ਅਨੁਸਾਰ ਮਜੌਰ ਜਦੋਂ ਤੇਲ ਮੰਗਣ ਨਿਕਲਦੇ ਸਨ ਤਾਂ ਦੁਕਾਨਾਂ ਤੋਂ ਪਲੀ ਪਲੀ ਤੇਲ ਲੈਣ ਨਾਲ ਸਵਾ ਮਣ ਤੇਲ ਇਕੱਠਾ ਕਰ ਲੈਂਦੇ ਸਨ। ਇਸ ਪਿੰਡ ਦਾ ਇਕ ਪ੍ਰਸਿੱਧ ਧਾਰਮਿਕ ਪੁਰਸ਼ ਮਹਿਰ ਮਿੱਠਾ ਸੀ। ਅਕਬਰ ਬਾਦਸ਼ਾਹ ਨੇ ਉਸ ਨਾਲ ਰਾਜਨੀਤਕ ਸਬੰਧ ਪੈਦਾ ਕਰਨ ਲਈ ਉਸ ਦੇ ਪੁੱਤਰ ਰਾਇ ਬੇਗ ਦੀ ਧੀ ਸਮੀ ਨੂੰ ਆਪਣੇ ਹਰਮ ਵਿਚ ਸ਼ਾਮਲ ਕਰ ਲਿਆ। ਅਕਬਰ ਨੇ ਮਹਿਰ ਮਿੱਠੇ ਨੂੰ ਜਾਗੀਰ ਵੱਜੋਂ 120 ਪਿੰਡ ਤੇ ਮੀਆਂ ਦੀ ਪਦਵੀ ਦਿੱਤੀ। ਮਹਿਰ ਮਿੱਠੇ ਕਾਂਗੜ ਨੂੰ ਆਪਣੀ ਜਾਗੀਰ ਦਾ ਕੇਂਦਰ ਬਣਾਇਆ।

          ਕਾਂਗੜ ਪਿੰਡ ਕਿਸੇ ਸਮੇਂ ਰਾਇ ਜੋਧ ਦੀ ਰਾਜਧਾਨੀ ਸੀ। ਰਾਇ ਜੋਧ ਦੀ ਪਤਨੀ ਗੁਰੂ ਘਰ ਦੀ ਸੇਵਕ ਸੀ। ਉਸ ਦੇ ਪ੍ਰਭਾਵ ਨਾਲ ਰਾਇ ਜੋਧ ਦੇ ਮਨ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਈ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਉਸ ਦੀ ਸ਼ਰਧਾ ਕਾਰਨ ਇਥੇ ਆਏ ਸਨ। ਰਾਇ ਜੋਧ ਨੇ ਗੁਰੂ ਜੀ ਨੂੰ ਇਕ ਘੋੜਾ ਭੇਟ ਕੀਤਾ।

   ਮਹਿਰ ਮਿੱਠਾ ਦੇ ਖ਼ਾਨਦਾਨ ਨੇ ਮੁਗਲ ਸਰਕਾਰ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨ ਨਾਲ ਵੀ ਨੇੜਦਾ ਪੈਦਾ ਕਰ ਲਈ ਸੀ।

     ਮਹਿਰ ਮਿਠਾ ਦੇ ਦੋ ਪੁੱਤਰ ਸਨ। ਇਨ੍ਹਾਂ ਵਿਚੋਂ ਚੰਨ ਬੇਗ਼ ਦੇ ਪੁੱਤਰ ਉਮਰ ਸ਼ਾਹ ਦੇ ਅੱਗੋ ਦੋ ਪੁੱਤਰ ਰਾਇ ਜੋਧ ਤੇ ਸਲੀਮ ਸ਼ਾਹ ਹੋਏ ਹਨ। ਇਨ੍ਹਾਂ ਦੋਹਾਂ ਦੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਨੇੜੇ ਦੇ ਸੰਬੰਧ ਸਨ। ਗੁਰੂ ਜੀ ਨੇ ਗੁਰੂਸਰ ਨਥਾਣਾ ਦੀ ਲੜਾਈ ਦੀ ਤਿਆਰੀ ਇਥੇ ਹੀ ਕੀਤੀ ਸੀ। ਰਾਇ ਜੋਧ ਆਪਣੇ ਭਰਾ ਸਲੀਮ ਸ਼ਾਹ ਸਮੇਤ ਇਕ ਹਜ਼ਾਰ ਘੋੜ ਸਵਾਰ ਲੈ ਕੇ ਲੜਾਈ ਵਿਚ ਸ਼ਾਮਲ ਹੋਇਆ। ਰਾਇ ਜੋਧ ਦੀ ਬਹਾਦਰੀ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਆਪਣੀਆਂ ਕਟਾਰਾਂ ਵਿਚੋਂ ਇਕ ਉਸ ਨੂੰ ਬਖਸ਼ ਦਿੱਤੀ। ਅੱਜਕੱਲ੍ਹ ਇਹ ਕਟਾਰ ਮਹਿਰ ਮਿੱਠੇ ਦੀ 7ਵੀਂ ਪੀੜ੍ਹੀ ਸਰਦਾਰ ਸ਼ਮਸ਼ੇਰ ਸਿੰਘ ਕੋਲ ਹੈ।

         ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕਾਂਗੜ ਆਏ ਸਨ ਅਤੇ ਇਥੇ ਹੀ ਔਰੰਗਜ਼ੇਬ ਦੇ ਲਿਖਤੀ ਅਤੇ ਜ਼ਬਾਨੀ ਸੱਦਾ ਪੁੱਜਣ ਤੇ ਕਿ ਤੁਸੀ ਮੈਨੂੰ ਦੱਖਣ ਵਿਚ ਆ ਕੇ ਮਿਲੋ, ਗੁਰੂ ਜੀ ਨੇ ਉਸ ਨੂੰ ਫਾਰਸੀ ਵਿਚ ‘ਜਫਰਨਾਮਾ' ਨਾਂ ਦੀ ਚਿੱਠੀ ਲਿਖੀ ਸੀ। ਇਸ ਚਿੱਠੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਝੂਠੀਆਂ ਸਹੁੰਆਂ ਦਾ ਵਰਣਨ ਕਰਕੇ ਉਸ ਦੀ ਆਤਮਾ ਨੂੰ ਝੰਜੋੜਿਆ ਸੀ। ਗੁਰੂ ਜੀ ਦੀ ਯਾਦ ਵਿਚ ਜ਼ਫਰਨਾਮਾ ਸਾਹਿਬ ਮੌਜੂਦ ਹੈ। ਕਾਂਗੜ ਦੇ ਥੇਹ ਉੱਤੇ ਮਹਿਰ ਮਿੱਠਾ ਦੀ ਛੋਟੀ ਸਮਾਧ ਹੈ।

   ਇਸ ਪਿੰਡ ਵਿਚ ਇਕ ਪ੍ਰਾਇਮਰੀ ਤੇ ਇਕ ਮਿਡਲ ਸਕੂਲ ਸਥਾਪਤ ਹਨ। ਪਿੰਡ ਦਾ ਰਕਬਾ 605 ਹੈਕਟੇਅਰ ਹੈ।

 ਆਬਾਦੀ -   1,360 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-04-54-16, ਹਵਾਲੇ/ਟਿੱਪਣੀਆਂ: ਹ. ਪੁ. –ਦੀਨਾ ਕਾਂਗੜ ਸ. ਪੁ. –ਭਾ. ਵਿ. ਪੰ. ; ਡਿ. ਸੈ. ਹੈ. ਬੁ. –ਬਠਿੰਡਾ, ਫਰੀਦਕੋਟ

ਕਾਂਗੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਗੜ, (ਕੜਬ<ਸੰਸਕ੍ਰਿਤ : कदम्ब; ਪ੍ਰਾਕ੍ਰਿਤ : कडवाड; ਭਾਈ ਕਾਨ੍ਹ ਸਿੰਘ ਮਹਾ ਕੋਸ਼ : कड़वे; ਸਿੰਧੀ : कडव; ਮਰਾਠੀ : कडव; ਹਿੰਦੀ : कडवी) \ ਪੁਲਿੰਗ : ਕੜਬ, ਜੁਆਰ ਦਾ ਸੁਕਿਆ ਟਾਂਡਾ

–ਕਾਂਗੜੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-28-02-09-12, ਹਵਾਲੇ/ਟਿੱਪਣੀਆਂ:

ਕਾਂਗੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਗੜ, (ਕਾਂਗ<काग; ਪ੍ਰਾਕ੍ਰਿਤ : काअ=ਕਾਉਂ+ੜੂ) \ ਵਿਸ਼ੇਸ਼ਣ \ ਪੁਲਿੰਗ : ਪਤਲਾ, ਸੁਕੜੂ, ਮਾੜਚੂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-28-02-11-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.