ਕਾਗਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਗਜ. ਅ਼ ਕਾਗ਼. ਸੰਗ੍ਯਾ—ਕਾਗਦ. ਕਿ਼ਰਤਾਸ. ਪੇਪਰ paper. ਭਾਰਤ ਵਿੱਚ ਕਾਗਜ ਕਦ ਬਣਿਆਂ ਅਤੇ ਇਹ ਕਾਢ ਕਿਸ ਦੀ ਹੈ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰਾ ਨਹੀਂ ਮਿਲਦਾ, ਪਰ ਇਹ ਗੱਲ ਬਿਨਾਂ ਸੰਸੇ ਹੈ ਕਿ ਹਿੰਦੁਸਤਾਨ ਵਿੱਚ ਕਾਗਜ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ. ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ “ਨਿਯਰਖੁਸ” (ਨਿਆਕਸ) ਦੇ ਲੇਖ ਤੋਂ ਮਿਲਦਾ ਹੈ.1 ਕਾਗਜ ਬਣਨ ਤੋਂ ਪਹਿਲਾਂ ਭੋਜਪਤ੍ਰ ਤਾੜਪਤ੍ਰ ਲੱਕੜ ਪੱਥਰ ਧਾਤੁ ਦੇ ਪਤ੍ਰ ਦੰਦ ਦੇ ਟੁਕੜੇ ਅਤੇ ਚੰਮ ਆਦਿ ਲਿਖਣ ਲਈ ਵਰਤੇ ਜਾਂਦੇ ਸਨ.
ਇੰਗਲੈਂਡ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ Tasilun ਚੀਨੀ ਨੇ ਕਰੀਬ B. C. ੯੫ ਵਿੱਚ ਰੂੰ ਅਤੇ ਉਂਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ. ਅਰਬ ਦੇ ਲੋਕਾਂ ਨੇ ਜਦ ਸਨ ੭੦੪ ਵਿੱਚ ਸਮਰਕੰਦ ਫਤੇ ਕੀਤਾ ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ ਅਰਬ ਤੋਂ ਯੂਨਾਨ ਵਿੱਚ, ਉਸ ਥਾਂ ਤੋਂ ਇਟਲੀ ਵਿੱਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ , ਜਰਮਨੀ ਤੋਂ ਫ੍ਰਾਂਸ, ਅਤੇ ਫ੍ਰਾਂਸ ਤੋਂ ਚੌਦਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਕਾਗਜ ਬਣੌਣ ਦੀ ਵਿਦ੍ਯਾ ਫੈਲੀ.
ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ. ਇਸ ਦੇ ਬਣਾਉਣ ਦੀ ਕਲ ਫ੍ਰਾਂਸ ਵਿੱਚ ਸਭ ਤੋਂ ਪਹਿਲਾਂ ਲੂਈ ਰਾਬਰਟ Louis Robert ਨੇ ਤਿਆਰ ਕੀਤੀ. ਇੰਗਲੈਂਡ ਵਿੱਚ ਸਨ ੧੮੦੪ ਅਤੇ ਅਮਰੀਕਾ ਵਿੱਚ ਸਨ ੧੮੨੦ ਵਿੱਚ ਕਾਗਜ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ. ਹੁਣ ਭਾਰਤ ਵਿੱਚ ਭੀ ਕਲਾਂ ਨਾਲ ਉੱਤਮ ਕਾਗਜ ਬਣਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First