ਕਾਲਕੀ ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਾਲਕੀ ਕਿਰਿਆ : ਇਹ ਸੰਕਲਪ ਵਿਆਕਰਨਕ ਵਿਆਖਿਆ ਲਈ ਵਰਤਿਆ ਜਾਂਦਾ ਹੈ । ਰੂਪ ਦੀ ਦਰਿਸ਼ਟੀ ਤੋਂ ਸਾਰੇ ਵਿਕਾਰੀ ਸ਼ਬਦ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦੇ ਹਨ ਅਤੇ ਅਵਿਕਾਰੀ ਸ਼ਬਦ ਰੂਪਾਂਤਰਤ ਨਹੀਂ ਹੁੰਦੇ । ਰੂਪਾਂਤਰ ਦੇ ਪੱਖ ਤੋਂ ਪੰਜਾਬੀ ਦੀ ਸਾਰੀ ਕਿਰਿਆ ਸ਼ਬਦਾਵਲੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਕਾਲਕੀ ਅਤੇ ( ii ) ਅਕਾਲਕੀ । ਉਨ੍ਹਾਂ ਸਾਰੇ ਕਿਰਿਆ ਰੂਪਾਂ ਨੂੰ ਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ ਜੋ ਘੱਟੋ ਘੱਟ ਇਕ ਵਿਆਕਰਨਕ ਸ਼ਰੇਣੀ ( ਲਿੰਗ , ਵਚਨ , ਪੁਰਖ , ਕਾਲ , ਆਸਪੈਕਟ ਆਦਿ ) ਅਨੁਸਾਰ ਰੂਪਾਂਤਰਤ ਹੁੰਦੇ ਹੋਣ । ਦੂਜੇ ਪਾਸੇ ਜਿਹੜੇ ਕਿਰਿਆ ਰੂਪ , ਰੂਪਾਂਤਰਤ ਨਹੀਂ ਹੁੰਦੇ ਉਨ੍ਹਾਂ ਨੂੰ ਅਕਾਲਕੀ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ । ਹਰ ਕਿਰਿਆ ਰੂਪ ਧਾਤੂ ਜਾਂ ਮੂਲ ਰੂਪ ਵਿਚ ਅਕਾਲਕੀ ਹੁੰਦਾ ਹੈ । ਇਸ ਮੂਲ ਰੂਪ ਨਾਲ ਲੱਗਣ ਵਾਲੇ ਅੰਤਕ ਹੀ ਇਸ ਦਾ ਕਾਲਕੀ ਜਾਂ ਅਕਾਲਕੀ ਸਰੂਪ ਨਿਸ਼ਚਤ ਕਰਦੇ ਹਨ । ਜਿਵੇਂ : ‘ ਉਹ ਜਾ ਰਿਹਾ ਹੈ , ਉਹ ਜਾ ਰਹੀ ਹੈ , ਉਹ ਜਾ ਰਹੀਆਂ ਹਨ , ਉਹ ਜਾਂਦ ੇ ਹਨ , ਉਹ ਜਾਂਦੀਆਂ ਹਨ’ , ਵਿਚ ‘ ਜਾ’ ਨਾਲ ਲੱਗਣ ਵਾਲੇ ਅੰਤਕ ਰੂਪਾਂਤਰਨ ਦਰਸਾਉਣ ਵਾਲੇ ਹਨ ਇਸ ਲਈ ਇਨ੍ਹਾਂ ਕਿਰਿਆ ਰੂਪਾਂ ਨੂੰ ਕਾਲਕੀ ਕਿਰਿਆ ਰੂਪ ਆਖਿਆ ਜਾਂਦਾ ਹੈ ਪਰ ਦੂਜੇ ਪਾਸੇ ‘ ਉਹ ਜਾਕੇ , ਉਹ ਜਾਣ , ਉਹ ਜਾਣੋ , ਪਿੰਡ ਜਾਂਦਿਆਂ ’ ਆਦਿ ਕਿਰਿਆ ਰੂਪਾਂ ਦਾ ਰੂਪਾਂਤਰਨ ਨਹੀਂ ਹੁੰਦਾ । ਇਸ ਪਰਕਾਰ ਦੇ ਕਿਰਿਆ ਰੂਪਾਂ ਨੂੰ ਅਕਾਲਕੀ ਕਿਰਿਆ ਰੂਪ ਕਿਹਾ ਜਾਂਦਾ ਹੈ । ਪੰਜਾਬੀ ਕਾਲਕੀ ਕਿਰਿਆ ਰੂਪਾਂ ਦੀ ਰੂਪਾਵਲੀ ਦੀ ਸਿਰਜਨਾ ਧਾਤੂ ਨਾਲ ਲੱਗੇ ਕਾਲਕੀ ਅੰਤਕਾਂ ’ ਤੇ ਨਿਰਭਰ ਕਰਦੀ ਹੈ । ਹਰ ਅੰਤਕ ਰੂਪ ( Ending-form ) ਵਾਕ ਵਿਚ ਵਿਚਰਨ ਵਾਲੇ ਸ਼ਬਦ ਰੂਪਾਂ ਦੇ ਵਿਆਕਰਨਕ ਸਰੂਪ ਨੂੰ ਕਿਰਿਆ ਰੂਪ ਰਾਹੀਂ ਉਘਾੜਦਾ ਹੈ ਅਤੇ ਕਿਰਿਆ ਤੋਂ ਪਹਿਲਾਂ ਵਿਚਰਨ ਵਾਲੇ ਸ਼ਬਦ ਰੂਪਾਂ ਦੇ ਵਿਆਕਰਨਕ ਲੱਛਣਾਂ ਦਾ ਵਾਹਕ ਬਣਦਾ ਹੈ । ਪੰਜਾਬੀ ਦੀਆਂ ਕਾਲਕੀ ਕਿਰਿਆਵਾਂ ਦੀ ਰੂਪਾਵਲੀ ਕਿਰਿਆ ਅੰਤਕਾਂ ਦੇ ਸੰਯੋਗ ਨਾਲ ਇਸ ਪਰਕਾਰ ਬਣਦੀ ਹੈ , ਜਿਵੇਂ : ‘ ਲਿਖ’ ਧਾਤੂ ਰੂਪ ਹੈ , ਇਸ ਦੇ ਕਾਲਕੀ ਰੂਪ ਇਹ ਹਨ :

              ਲਿਖ , -ਣਾ , -ਣੀ , -ਣੇ , -ਣੀਆਂ

                -ਦਾ , -ਦੀ , -ਦੇ , -ਦੀਆਂ

              -ਇਆ , -ਈ , -ਏ , -ਈਆਂ

              -ਈਦਾ , -ਈਦੀ , -ਈਦੇ , -ਈਦੀਆਂ

              -ਆਂ , -ਏਂ , -ਏ , -ਈਏ , -ਓ

              -ਊ , -ਊਂ , -ਈਂ , -ਇਓ

              -ਆਂਗਾ , -ਆਂਗੀ , -ਏਂਗਾ , -ਏਂਗੀ , -ਏਗਾ , -ਏਗੀ

              -ਆਂਗੇ , -ਆਂਗੀਆਂ , -ਓਂਗੇ , -ਓਂਗੀਆਂ , -ਅਨਗੇ , -ਅਨਗੀਆਂ

              ਕਿਰਿਆ ਧਾਤੂ ਨਾਲ ਇਹ ਅੰਤਕ ਕਿਰਿਆ ਦੀ ਕਾਲਕੀ ਰੂਪਾਵਲੀ ਸਿਰਜਦੇ ਹਨ । ਧਾਤੂ ਨਾਲ ਲੱਗਣ ਵਾਲੇ ਅੰਤਕਾਂ ਕਾਰਨ ਕਿਰਿਆ ਦੇ ਰੂਪ ਵਿਚ ਪਰਿਵਰਤਨ ਆਉਂਦਾ ਹੈ ਅਤੇ ਵਰਤੋਂ ਦੇ ਪੱਖ ਤੋਂ ਇਹ ਕਿਰਿਆ ਰੂਪ ਵਾਕਾਤਮਕ ਪੱਧਰ ’ ਤੇ ਵੱਖੋ ਵੱਖਰਾ ਵਿਵਹਾਰ ਕਰਦੇ ਹਨ । ਵਾਕ ਵਿਚ ਕਾਲਕੀ ਕਿਰਿਆ ਦਾ ਵਿਸ਼ੇਸ਼ ਸਥਾਨ ਹੁੰਦਾ ਹੈ । ਜਿਸ ਵਾਕ ਦੀ ਕਿਰਿਆ ( ਵਾਕੰਸ਼ ) ਕਾਲਕੀ ਹੋਵੇ ਉਹ ਵਾਕ ਪੂਰਨ ਹੁੰਦਾ ਹੈ ਪਰ ਜਦੋਂ ਕਿਰਿਆ ਦੀ ਪੂਰਤੀ ਲਈ ਬਹੁ-ਸ਼ਬਦੀ ਕਿਰਿਆ ਵਾਕੰਸ਼ ਦੀ ਵਰਤੋਂ ਹੋ ਰਹੀ ਹੋਵੇ ਤਾਂ ਉਸ ਕਿਰਿਆ ਵਾਕੰਸ਼ ਨੂੰ ਕਾਲਕੀ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ ਜਿਸ ਦਾ ਅੰਤਲਾ ਸ਼ਬਦ ਰੂਪ ਕਾਲਕੀ ਹੋਵੇ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.