ਕਾਸ਼ੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਸ਼ੀ : ਉੱਤਰ ਪ੍ਰਦੇਸ਼ ਰਾਜ ( ਭਾਰਤ ) ਵਿਚ ਹਿੰਦੂਆਂ ਦੀ ਇਹ ਇਕ ਪ੍ਰਧਾਨ ਪਵਿੱਤਰ ਨਗਰੀ ਅਤੇ ਵਿਦਿਆ ਦੀ ਟਕਸਾਲ ਹੈ ਜਿਹੜੀ ਗੰਗਾ ਨਦੀ ਦੇ ਉੱਤਰੀ ਤੱਟ ਉੱਤੇ , ਰਾਜ ਦੀ ਦੱਖਣ-ਪੂਰਬੀ ਨੁੱਕਰ ਵਿਚ , ‘ ਵਰੂਣਾਹ’ ਅਤੇ ‘ ਅਸੀ’ ਨਦੀਆਂ ਦੇ ਗੰਗਾ ਨਦੀ ਨਾਲ ਸੰਗਮ ਹੋਣ ਵਾਲੇ ਸਥਾਨ ਦੇ ਵਿਚਾਲੇ ਵਾਕਿਆ ਹੈ । ਕਾਸ਼ੀ ਦੇ ਸਥਾਨ ਤੇ ਹੀ ਗੰਗਾ ਨਦੀ ਦੱਖਣ ਤੋਂ ਉੱਤਰ ਵਲ ਨੂੰ ਲਗਭਗ 6 ਕਿ. ਮੀ. ਦਾ ਮੋੜਾ ਖਾਂਦੀ ਹੈ । ਨਗਰੀ ਦਾ ਪ੍ਰਾਚੀਨ ਨਾਂ ‘ ਵਾਰਾਨਸੀ’ ਹੁੰਦਾ ਸੀ ਜਿਹੜਾ ਵਿਗੜ ਕੇ ਬਨਾਰਸ ਬਣ ਗਿਆ । ਉੱਤਰ ਪ੍ਰਦੇਸ਼ ਰਾਜ ਸਰਕਾਰ ਨੇ ਇਸ ਨਗਰੀ ਦਾ ਨਾਂ ਬਨਾਰਸ ਤੋਂ ਬਦਲਕੇ ਮੁੜ ਵਾਰਾਨਸੀ ਰੱਖ ਦਿਤਾ ਹੈ ।

                  ਹਿੰਦੂਸਤਾਨ ਵਿਚ ਇਸ ਨਗਰੀ ਦੀ ਮਹਿਮਾਂ ਚਿਰ ਕਾਲ ਤੋਂ ਹੈ । ਇਥੋਂ ਦੇ ਲਗਭਗ ਸਾਰਿਆਂ ਹੀ ਪ੍ਰਾਚੀਨ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਆਇਆ ਹੈ । ਫਾਹੀਆਨ ਅਤੇ ਹਿਊਨਸਾਂਗ ਵਰਗੇ ਚੀਨੀ ਯਾਤਰੀ ਵੀ ਇਥੇ ਆਏ ਸਨ । ਹਿਊਨਸਾਂਗ ਅਨੁਸਾਰ ਕਾਸ਼ੀ ਵਿਚ ਲਗਭਗ 30 ਬੁੱਧ ਵਿਹਾਰ ਅਤੇ 100 ਹਿੰਦੂ ਮੰਦਰ ਹੁੰਦੇ ਸਨ । ਜਗਤ ਗੁਰੂ ਸ਼ੰਕਰਚਾਰੀਆਂ , ਕਬੀਰ ਅਤੇ ਰਾਮਾਨੰਦ ਵਰਗੇ ਮਹਾਂ ਪੁਰਸ਼ਾਂ ਨੇ ਵੀ ਆਪਣੇ ਧਾਰਮਕ ਵਿਚਾਰਾਂ ਨਾਲ ਕਾਸ਼ੀ ਦੀ ਪ੍ਰਸਿੱਧੀ ਨੂੰ ਕਾਇਮ ਰੱਖੀ ਰੱਖਿਆ । ਤੁਲਸੀ ਦਾਸ , ਮਧੁਸੂਦਨ , ਸਰਸਵਤੀ , ਪੰਡਤਰਾਜ ਜਗਨਨਾਥ ਵਰਗੇ ਮਹਾਂ ਕਵੀਆਂ ਤੇ ਸੰਤਾਂ ਦੇ ਜਨਮ-ਅਸਥਾਨ ਹੋਣ ਦਾ ਵੀ ਕਾਸ਼ੀ ਨੂੰ ਮਾਣ ਹੈ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਕਾਸ਼ੀ ਦੇ ਸਾਰੇ ਮੰਦਰ ਢਹਿ ਢੇਰੀ ਕਰ ਦਿਤੇ ਅਤੇ ਵਿਸ਼ੇਸ਼ਰ ਨਾਥ ਦਾ ਪ੍ਰਸਿੱਧ ਮੰਦਰ ਤੋੜਕੇ ਇਕ ਵੱਡੀ ਮਸਜਿਦ ਬਣਵਾ ਦਿਤੀ ਜੋ ਹੁਣ ਵੀ ਮੌਜੂਦ ਹੈ । ਉਸਨੇ ਕਾਸ਼ੀ ਦਾ ਨਾਂ ਬਦਲਕੇ ਮੁਹੰਮਦਾਬਾਦ ਰੱਖ ਦਿਤਾ ਸੀ ।

                  ਇਸ ਸਮੇਂ ਕਾਸ਼ੀ ਵਿਚ ਲਗਭਗ 1500 ਮੰਦਰ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਦੀ ਪਰੰਪਰਾ ਭਾਰਤ ਤੇ ਪ੍ਰਾਚੀਨ ਸਮਿਆਂ ਨਾਲ ਜੁੜੀ ਹੋਈ ਹੈ । ਵਿਸ਼ਵਨਾਥ , ਸੰਕਟਮੋਚਨ ਅਤੇ ਦੁਰਗਾ ਦੇ ਮੰਦਰ ਭਾਰਤ ਭਰ ਵਿਚ ਪ੍ਰਸਿੱਧ ਹਨ । ਕਾਸ਼ੀ ਵਿਸ਼ਵ-ਵਿਦਿਆਲਾ ਵੀ ਇਸੇ ਥਾਂ ਹੈ । ਪੁਰਾਤਨ ਪਰੰਪਰਾ ਦੀਆਂ ਇਥੇ ਕਈ ਸੈਂਕੜੇ ਪਾਠਸ਼ਾਲਾਵਾਂ ਹਨ । ਭਾਰਤੇਂਦੂ ਵਰਗੇ ਸਾਹਿਤਕਾਰਾਂ ਅਤੇ ‘ ਨਾਗਰੀ ਪ੍ਰਚਾਰਨੀ ਸਭਾ’ ਵਰਗੀਆਂ ਸੰਸਥਾਵਾਂ ਨੂੰ ਜਨਮ ਦੇ ਕੇ ਕਾਸ਼ੀ ਨੇ ਹਿੰਦੀ ਸਾਹਿਤ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ ।

                  ਇਸ ਨਗਰੀ ਵਿਚ ਸਿੱਖਾਂ ਨੇ ਵੀ ਆਪਣੇ ਕਈ ਗੁਰਦੁਆਰੇ ਬਣਾਏ ਹਨ ਜਿਨ੍ਹਾਂ ਦਾ ਸਬੰਧ ਇਨ੍ਹਾਂ ਦੇ ਇਤਿਹਾਸ ਨਾਲ ਹੈ । ਇਨ੍ਹਾਂ ਵਿਚੋਂ ਮੁੱਖ ਇਹ ਹੈ ।

                  ( ੳ ) ਮਹੱਲਾ ਆਸਭੈਰੋ ਵਿਚ ‘ ਵੱਡੀ ਸੰਗੀਤ’ ਹੈ । ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਮਤ 1722 ਵਿਚ ਪਧਾਰੇ ਸਨ ਅਤੇ ਸੱਤ ਮਹੀਨੇ ਤੇਰ੍ਹਾਂ ਦਿਨ ਨਿਵਾਸ ਕੀਤਾ । ਜਿਸ ਗੁਫ਼ਾ ਵਿਚ ਏਕਾਂਤ ਵਿਚ ਰਹਿੰਦੇ ਸਨ , ਉਹ ਮੌਜੂਦ ਹੈ । ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਪਧਾਰੇ ਸਨ । ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਤੇ ਜੋੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇਥੇ ਸਨਮਾਨ ਨਾਲ ਰੱਖੇ ਹੋਏ ਹਨ , ਜਿਨ੍ਹਾਂ ਦਾ ਦਰਸ਼ਨ ਸੰਗਰਾਂਦ ਵਾਲੇ ਦਿਨ ਕਰਾਇਆ ਜਾਂਦਾ ਹੈ । ਪੋਹ ਸੁਦੀ ਸੱਤੇਂ , ਅਸੂ ਵਦੀ ਦਸਵੀਂ ਅਤੇ ਵਿਸਾਖੀ ਦੇ ਮੇਲੇ ਲੱਗਦੇ ਹਨ ।

                  ਮਹਾਰਾਜਾ ਨਰੇਂਦਰ ਸਿੰਘ ਪਟਿਆਲਾਪਤਿ ਨੇ ਸੰਮਤ 1911 ਵਿਚ ਬਹੁਤ ਧਨ ਖਰਚ ਕੇ ਇਕ ਸ਼ੀਸ਼ ਮਹਿਲ ਬਣਵਾਇਆ ਅਤੇ ਦੋ ਰੁਪਏ ਰੋਜ਼ ਦਾ ਲੰਗਰ ਲਗਾਇਆ ।

                  ( ਅ ) ਲਕਸਾ ਮਹਾਲ ਵਿਚ ਗੁਰੂ ਕਾ ਬਾਗ ਗੁਰਦੁਆਰਾ ਹੈ । ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ ਅਤੇ ਗੋਪਾਲ ਪਾਂਡੇ ਨੂੰ ਉਪਦੇਸ਼ ਦਿਤਾ ਸੀ ।

                  ( ੲ ) ਜਗਤ ਗੰਜ ਵਿਚ ‘ ਛੋਟੀ ਸੰਗੀਤ’ ਗੁਰਦੁਆਰਾ ਹੈ । ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਪਧਾਰੇ ਸਨ ।

                  ( ਸ ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜ਼ਾਪੁਰ ਦੀ ਜ਼ਮੀਨ ਵਿਚ ਸੋਲ੍ਹਾਂ ਵਿੱਘੇ ਦਾ ਗੁਰੂ ਕਾ ਬਾਗ ਹੈ । ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਕ ਵਾਰ ਪਧਾਰੇ ਸਨ । ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ 5 ਕਿ. ਮੀ. ( ਤਿੰਨ ਮੀਲ ) ਉੱਤਰ ਵਲ ਹੈ ।

                  ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਅਜਿਹੇ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ।

                  ਆਬਾਦੀ– – 990 , 778 ( 1981 )

                  24° 30' ਉ. ਵਿਥ.; 83° 20' ਪੂ. ਲੰਬ.

                  ਹ. ਪੁ.– – ਹਿੰ. ਵਿ. ਕੋ. 2 : 506; ਮ. ਕੋ. 314; ਗ. ਇੰਡ. ਪਾਕਿ. 600.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.