ਕਾਗ਼ਜ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਗ਼ਜ਼ : ਆਮ ਕਰਕੇ ਸੈਲੂਲੋਸ ਦੇ ਰੇਸ਼ਿਆਂ ਤੋਂ ਇਕਸਾਰ ਪਤਲੀ ਚਾਦਰ-ਨੁਮਾ ਤਿਆਰ ਕੀਤੀ ਗਈ ਵਸਤੂ ਨੂੰ ਕਾਗ਼ਜ਼ ਕਿਹਾ ਜਾਂਦਾ ਹੈ। ਕਿਸੇ ਵੀ ਪਦਾਰਥ ਜਾਂ ਪੌਦੇ ਤੋਂ, ਜਿਸ ਵਿਚ ਸੈਲੂਲੋਸ ਕਾਫ਼ੀ ਹੋਵੇ, ਕਾਗ਼ਜ਼ ਤਿਆਰ ਕੀਤਾ ਜਾ ਸਕਦਾ ਹੈ। ਰੂੰਈ (ਕਪਾਹ) ਲਗਭਗ ਸੈਲੂਲੋਸ ਦੀ ਸ਼ੁੱਧ ਕਿਸਮ ਹੈ, ਪਰ ਇਸ ਦੀ ਕੀਮਤ ਵਧੇਰੇ ਹੋਣ ਕਰਕੇ ਕਾਗ਼ਜ਼ ਤਿਆਰ ਕਰਨ ਲਈ ਪ੍ਰਯੋਗ ਕਰਨਾ ਠੀਕ ਨਹੀਂ ਹੈ। ਰੇਸ਼ਿਆਂ ਦਾ ਆਪਸ ਵਿਚ ਜੁੜ ਕੇ ਚਾਦਰ ਵਾਂਗ ਤਹਿ ਜਿਹੀ ਬਣਾ ਸਕਣਾ, ਸੈਲੂਲੋਸ ਦਾ ਗੁਣ ਹੈ। ਇਸੇ ਕਰਕੇ ਕਾਗ਼ਜ਼ ਇਸੇ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਰੇਸ਼ਮ ਅਤੇ ਉੱਨ ਵਿਚ ਇਹ ਗੁਣ ਨਹੀਂ ਹੁੰਦਾ।

          ਇੰਗਲੈਂਡ ਦੇ ਵਿਦਵਾਨਾਂ ਨੇ ਲਿਖਿਆ ਹੈ ਕਿ ਚੀਨੀਆਂ ਨੇ 95 ਈ. ਪੂ. ਵਿਚ ਰੂੰ ਅਤੇ ਉੱਨ ਤੋਂ ਕਾਗ਼ਜ਼ ਤਿਆਰ ਕਰਨ ਦੀ ਕਾਢ ਕੱਢੀ ਸੀ। ਅਰਬ ਦੇ ਲੋਕਾਂ ਨੇ 708 ਈ. ਵਿਚ ਸਮਰਕੰਦ ਉੱਤੇ ਜਿੱਤ ਪ੍ਰਾਪਤ ਕਰਨ ਉਪਰੰਤ ਚੀਨੀ ਕੈਦੀਆਂ ਤੋਂ ਕਾਗ਼ਜ਼ ਤਿਆਰ ਕਰਨ ਦੀ ਵਿਧੀ ਸਿੱਖੀ ਸੀ। ਅਰਬ ਤੋਂ ਯੂਨਾਨ ਵਿਚ, ਉਸ ਥਾਂ ਤੋਂ ਇਟਲੀ, ਸਪੇਨ, ਜਰਮਨੀ, ਫ਼ਰਾਂਸ ਅਤੇ ਫਿਰ 14ਵੀਂ ਸਦੀ ਦੇ ਆਰੰਭ ਵਿਚ ਇੰਗਲੈਂਡ ਵਿਚ ਕਾਗ਼ਜ਼ ਤਿਆਰ ਕਰਨ ਦਾ ਢੰਗ ਪ੍ਰਚਲਿਤ ਹੋਇਆ।

          ਭਾਰਤ ਵਿਚ ਕਾਗ਼ਜ਼ ਕਦੋਂ ਬਣਿਆ ਅਤੇ ਇਸ ਦੀ ਕਾਢ ਕਿਸ ਨੇ ਕੱਢੀ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰੀ ਤਰ੍ਹਾਂ ਨਹੀਂ ਮਿਲਦਾ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਕਾਗ਼ਜ਼ ਬਹੁਤ ਪੁਰਾਣੇ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ ‘ਨਿਯਰਖੁਸ’ ਦੇ ਲੇਖ ਤੋਂ ਮਿਲਦਾ ਹੈ। ਕਾਗ਼ਜ਼ ਤੋਂ ਪਹਿਲਾਂ ਭੋਜ ਪੱਤਰ, ਤਾੜ ਪੱਤਰ, ਲੱਕੜ, ਪੱਥਰ, ਧਾਤ ਦੇ ਪੱਤਰੇ, ਦੰਦ ਦੇ ਟੁਕੜੇ, ਚਮੜਾ ਆਦਿ ਲਿਖਣ ਲਈ ਵਰਤੇ ਜਾਂਦੇ ਸਨ।

          ਕਾਗ਼ਜ਼ ਪਹਿਲਾਂ ਹੱਥ ਨਾਲ ਬਣਾਇਆ ਜਾਂਦਾ ਸੀ। ਕਾਗ਼ਜ਼ ਬਣਾਉਣ ਦੀ ਸਭ ਤੋਂ ਪਹਿਲੀ ਮਸ਼ੀਨ ਫ਼ਰਾਂਸ ਦੇ ਲੂਈ ਰਾਬਰਟ ਨੇ ਤਿਆਰ ਕੀਤੀ। ਇੰਗਲੈਂਡ ਵਿਚ 1804 ਅਤੇ ਅਮਰੀਕਾ ਵਿਚ 1820 ਵਿਚ ਕਾਗ਼ਜ਼ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ। ਅੱਜ ਕਲ੍ਹ ਭਾਰਤ ਵਿਚ ਵੀ ਮਸ਼ੀਨਾਂ ਨਾਲ ਵਧੀਆ ਕਿਸਮ ਦਾ ਕਾਗ਼ਜ਼ ਤਿਆਰ ਹੁੰਦਾ ਹੈ।

          ਕੱਚਾ-ਮਾਲ––ਲਗਭਗ ਪਿਛਲੇ 2000 ਸਾਲਾਂ ਤੋਂ ਸੈਲੂਲੋਸ ਰੇਸ਼ੇ ਨੂੰ ਸਭ ਤੋਂ ਚੰਗਾ ਕੱਚਾ ਮਾਲ ਮੰਨਿਆ ਜਾਂਦਾ ਰਿਹਾ ਹੈ। ਭਾਵੇਂ ਅਨੇਕਾਂ ਨਵੇਂ ਸਿੰਥੈਟਿਕ ਪਾਲੀਮਰਾਂ (ਬਹੁਲਕਾਂ) ਦੀ ਵਰਤੋਂ ਵਿਚ ਨਿੱਤ ਵਾਧਾ ਹੋ ਰਿਹਾ ਹੈ ਪਰੰਤੂ ਫਿਰ ਵੀ ਆਉਣ ਵਾਲੇ ਕਈ ਸਾਲਾਂ ਤਕ ਸੈਲੂਲੋਸ ਇਕ ਮਹੱਤਵਪੂਰਨ ਕੱਚੇ ਮਾਲ ਦੇ ਤੌਰ ਤੇ ਵਰਤਿਆ ਜਾਂਦਾ ਰਹੇਗਾ।

          ਲਕੜੀ ਦਾ ਗੁੱਦਾ––ਕਾਗ਼ਜ਼ ਤਿਆਰ ਕਰਨ ਲਈ ਸੈਲੂਲੋਸ ਰੇਸ਼ਿਆਂ ਵਾਲੀ ਲਕੜੀ ਇਕ ਮੁਢਲਾ ਪਦਾਰਥ ਹੈ। ਪਹਿਲਾਂ ਲੱਕੜੀ ਦੇ ਰੇਸ਼ੇ ਤਿਆਰ ਕੀਤੇ ਜਾਂਦੇ ਹਨ। ਇਸ ਕਿਰਿਆ ਨੂੰ ਗੁੱਦਾ ਬਣਾਉਣਾ ਜਾਂ ਪਲਪਿੰਗ ਕਿਹਾ ਜਾਂਦਾ ਹੈ। ਪਲਪਿੰਗ ਲਈ ਤਿੰਨ ਢੰਗ ਮਕੈਨੀਕਲ, ਰਸਾਇਣਿਕ ਅਤੇ ਅਰਧ-ਰਸਾਇਣਿਕ ਵਰਤੇ ਜਾਂਦੇ ਹਨ।

          ਮਕੈਨੀਕਲ ਪਲਪਿੰਗ ਵਿਚ ਮਸ਼ੀਨਾਂ ਨਾਲ ਲਕੜੀ ਦਾ ਬੁਰਾਦਾ ਤਿਆਰ ਕੀਤਾ ਜਾਂਦਾ ਹੈ। ਇਸ ਬੁਰਾਦੇ ਵਿਚ ਕਾਗ਼ਜ਼ ਲਈ ਲਗਭਗ 95% ਲੋੜੀਂਦੇ ਅੰਸ਼ਾਂ ਨੂੰ ਛੱਡ ਕੇ ਬਾਕੀ ਦੇ 5% ਅੰਸ਼ ਪਾਣੀ ਵਿਚ ਘੁਲਨਸ਼ੀਲ ਪਦਾਰਥ ਹੁੰਦੇ ਹਨ।

          ਰਸਾਇਣਿਕ ਪਲਪਿੰਗ ਵਿਚ ਕੈਮੀਕਲਾਂ ਨਾਲ ਸੈਲੂਲੋਸ ਦੇ ਰੇਸ਼ਿਆਂ ਨੂੰ ਲਕੜੀ ਦੇ ਬਾਕੀ ਅੰਸ਼ਾਂ ਨਾਲੋਂ ਵੱਖਰਾ ਕੀਤਾ ਜਾਂਦਾ ਹੈ ਅਤੇ ਇਸ ਵਿਚ ਪਾਣੀ ਅਤੇ ਲੋੜੀਂਦੇ ਕੈਮੀਕਲ ਪਾ ਕੇ ਉੱਚ ਤਾਪਮਾਨ ਅਤੇ ਦਬਾਉ ਉਤੇ ਪਕਾਇਆ ਜਾਂਦਾ ਹੈ। ਇਸ ਤਰ੍ਹਾਂ ਸੈਲੂਲੋਸ ਰੇਸ਼ਿਆਂ ਵਿਚੋਂ ਲਿਗਨਿਨ, ਪੈਕਟਿਨ ਆਦਿ ਨਿਕਲ ਜਾਂਦੇ ਹਨ। ਚੀਲ੍ਹ, ਦਿਆਰ, ਧਤੂਰਾ, ਬਿਆਰ, ਕੈਲ ਅਤੇ ਸਖ਼ਤ ਲਕੜੀ ਵਾਲੇ ਹੋਰ ਅਜਿਹੇ ਦਰਖ਼ਤਾਂ ਦੀ ਪਲਪਿੰਗ ਕਰਨ ਲਈ ਸਲਫ਼ਾਈਟ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਸਲਫ਼ਾਈਟ ਪਲਪ ਹਲਕੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਨੂੰ ਅਸਾਨੀ ਨਾਲ ਰੰਗਹੀਨ ਬਣਾਇਆ ਜਾ ਸਕਦਾ ਹੈ। ਇਹ ਪਲਪ ਮਜ਼ਬੂਤ ਹੋਣ ਕਾਰਨ ਇਸ ਨੂੰ ਵਧੀਆ ਕਿਸਮ ਦਾ ਕਾਗ਼ਜ਼ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ। ਵਧੇਰੇ ਵਰਤੀ ਜਾਣ ਵਾਲੀ ਕਰਾਫ਼ਟ ਜਾਂ ਸਲਫ਼ੇਟ ਵਿਧੀ ਵਿਚ ਸੋਡੀਅਮ ਹਾਈਡਰੋ ਆਕਸਾਈਡ ਅਤੇ ਸੋਡੀਅਮ ਸਲਫ਼ਾਈਡ ਨੂੰ ਤੇਜ਼ ਐੱਲਕਲੀ ਦੇ ਘੋਲ ਵਿਚ ਅੰਸ਼ਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ। ਲਗਭਗ ਕਿਸਮ ਦੀ ਲਕੜੀ ਦਾ ਬੁਰਾਦਾ ਇਸ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਕਰਾਫ਼ਟ ਪਲਪ ਆਮ ਕਰਕੇ ਗੂੜ੍ਹੇ ਰੰਗ ਦੀ ਹੁੰਦੀ ਹੈ, ਜਿਸ ਨੂੰ ਰੰਗਹੀਨ ਕਰਨਾ ਕਠਿਨ ਕੰਮ ਹੈ। ਇਹ ਕਾਫ਼ੀ ਮਜ਼ਬੂਤ ਹੁੰਦੀ ਹੈ। ਰੰਗਦਾਰ ਪਲਪ ਤੋਂ ਡੱਬੇ ਆਦਿ ਤਿਆਰ ਕੀਤੇ ਜਾਂਦੇ ਹਨ ਜਦੋਂ ਕਿ ਰੰਗਹੀਨ ਪਲਪ ਤੋਂ ਵਧੀਆ ਕਿਸਮ ਦਾ ਕਾਗ਼ਜ਼ ਤਿਆਰ ਕੀਤਾ ਜਾਂਦਾ ਹੈ।

          ਅਰਧ-ਰਸਾਇਣਿਕ ਪਲਪਿੰਗ ਆਪਣੇ ਆਪ ਵਿਚ ਅਜੋਕੇ ਯੁਗ ਦਾ ਇਕ ਨਵਾਂ ਢੰਗ ਹੈ। ਇਸ ਵਿਚ ਕਈ ਕਿਰਿਆਵਾਂ ਹੁੰਦੀਆਂ ਹਨ, ਜਿਵੇਂ ਕਿ ਮਕੈਨੀਕਲ ਪਿਸਾਈ ਤੋਂ ਪਹਿਲਾਂ ਉਦਾਸੀਨ ਸਲਫ਼ਾਈਟ ਵਿਧੀ, ਅਰਧ-ਸਲਫ਼ੇਟ ਵਿਧੀ ਆਦਿ ਹਲਕੀਆਂ ਜਿਹੀਆਂ ਰਸਾਇਣਿਕ ਕਿਰਿਆਵਾਂ ਹੁੰਦੀਆਂ ਹਨ। ਉਦਾਸੀਨ ਸਲਫ਼ਾਈਟ ਨਾਲ ਤਿਆਰ ਕੀਤੀ ਅਰਧ ਰਸਾਇਣਿਕ ਪਲਪ ਵੱਟਦਾਰ ਕਾਗ਼ਜ਼ ਜਾਂ ਗੱਤੇ ਦੇ ਡੱਬੇ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ।

          ਹੋਰ ਕੱਚਾ ਮਾਲ––ਸੈਲੂਲੋਸ ਦੇ ਰੇਸ਼ਿਆਂ ਦੇ ਹੋਰ ਕਈ ਮਹੱਤਵਪੂਰਨ ਸੋਮੇ ਹਨ। ਪੁਰਾਣੇ ਸੂਤੀ ਕਪੜਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਮੁੱਖ ਕੱਚੇ ਮਾਲਾ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ। ਅੱਜ ਕਲ੍ਹ ਵੀ ਇਨ੍ਹਾਂ ਤੋਂ ਬਾਂਡ ਪੇਪਰ ਤਿਆਰ ਕੀਤਾ ਜਾਂਦਾ ਹੈ। ਸੂਤੀ ਬੱਤੀਆਂ ਵੀ ਰੂੰਈ ਵਾਲਾ ਕਾਗ਼ਜ਼ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਯੂਰਪ ਅਤੇ ਹੋਰ ਦੇਸ਼ਾਂ ਵਿਚ ਘਾਹ-ਫੂਸ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਵੀ ਕਾਗ਼ਜ਼ ਬਣਾਉਣ ਲਈ ਵਰਤਿਆ ਜਾਂਦਾ ਹੈ। ਫਟੇ ਪੁਰਾਣੇ ਵਾਧੂ ਕਾਗ਼ਜ਼ਾਂ ਤੋਂ ਮੁੜ ਘਟੀਆ ਕਿਸਮ ਦਾ ਕਾਗ਼ਜ਼ ਵੀ ਤਿਆਰ ਕੀਤਾ ਜਾਂਦਾ ਹੈ।

          ਬੁਰਾਦਾ ਸ਼ੋਧਨ––ਕਈ ਵਾਰੀ ਲੱਕੜੀ ਤੋਂ ਤਿਆਰ ਕੀਤਾ ਬੁਰਾਦਾ ਇੰਨਾ ਸ਼ੁੱਧ ਜਾਂ ਚਿੱਟਾ ਨਹੀਂ ਹੁੰਦਾ, ਕਿ ਕਾਗ਼ਜ਼ ਤਿਆਰ ਕਰਨ ਲਈ ਇਸ ਨੂੰ ਵਰਤਿਆ ਜਾ ਸਕੇ। ਇਸ ਲਈ ਬੁਰਾਦਾ ਸ਼ੁੱਧ ਕਰਨਾ ਜ਼ਰੂਰੀ ਹੈ। ਸ਼ੁੱਧ ਕਰਨ ਦੇ ਅਨੇਕਾਂ ਢੰਗਾਂ ਵਿਚੋਂ ਸਭ ਤੋਂ ਪ੍ਰਚਲਿਤ ਢੰਗ ਬਲੀਚਿੰਗ ਹੈ। ਬੁਰਾਦੇ ਨੂੰ ਰੰਗ ਰਹਿਤ ਕਰਨ ਲਈ ਕਲੋਰੀਨ ਅਤੇ ਇਸ ਦੇ ਯੋਗਿਕ ਵੀ ਵਰਤੇ ਜਾਂਦੇ ਹਨ। ਕੈਲਸੀਅਮ ਅਤੇ ਸੋਡੀਅਮ ਦੇ ਹਾਈਪੋਕਲੋਰਾਈਟ ਵੀ ਰੰਗਕਾਟ ਹਨ। ਬੁਰਾਦੇ ਉਤੇ ਬਹੁਤ ਜ਼ਿਆਦਾ ਸਫ਼ੈਦੀ ਲਿਆਉਣ ਲਈ ਕਲੋਰੀਨ ਡਾਈਆਕਸਾਈਡ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨਾ ਕੁਝ ਹੋਰ ਰੰਗਕਾਟ ਹਨ, ਹਾਈਡ੍ਰੋਜਨ, ਸੋਡੀਅਮ ਪਰਆਕਸਾਈਡ, ਸਲਫ਼ਰ ਡਾਈਆਕਸਾਈਡ, ਸੋਡੀਅਮ ਅਤੇ ਜ਼ਿੰਕ ਹਾਈਡ੍ਰੋਸਲਫ਼ਾਈਟ ਆਦਿ।

          ਕਾਗ਼ਜ਼ ਉਤਪਾਦਨ––ਕਾਗ਼ਜ਼ ਉਤਪਾਦਨ ਮੂਲ ਰੂਪ ਵਿਚ ਇਕ ਮਕੈਨੀਕਲ ਕਾਰਜ ਵਿਧੀ ਹੈ ਭਾਵੇਂ ਤਿਆਰ ਕੀਤੇ ਜਾਣ ਵਾਲੇ ਕਾਗ਼ਜ਼ ਦੇ ਗੁਣ ਉਸ ਦੇ ਭੌਤਿਕੀ-ਰਸਾਇਣਿਕ ਗੁਣਾਂ ਤੇ ਨਿਰਭਰ ਹੁੰਦੇ ਹਨ। ਪਲਪਿੰਗ ਅਤੇ ਬਲੀਚਿੰਗ ਉਪਰੰਤ ਪ੍ਰਾਪਤ ਸੈਲੂਲੋਸ ਰੇਸ਼ਿਆਂ ਨੂੰ ਸਾਫ਼ ਕਰਕੇ ਮਸ਼ੀਨਾਂ ਵਿਚ ਕੁਟਿਆ ਜਾਂਦਾ ਹੈ। ਸਾਫ਼ ਕਰਨ ਦੀ ਵਿਧੀ ਵਿਚ ਸੈਲੂਲੋਸ ਰੇਸ਼ਿਆਂ ਨੂੰ ਨਖੇੜਿਆ, ਰਗੜਿਆ ਹਮਲਾਵਰ ਕੀਤਾ ਅਤੇ ਕੱਟਿਆ ਜਾਂਦਾ ਹੈ। ਇਹ ਪਾਣੀ ਨੂੰ ਸੋਖਣ ਉਪਰੰਤ ਫੁਲ ਜਾਂਦੇ ਹਨ ਅਤੇ ਬਹੁਤ ਲਚਕਦਾਰ ਹੋ ਜਾਂਦੇ ਹਨ। ਸੁੱਕਣ ਉਪਰੰਤ ਇਨ੍ਹਾਂ ਵਿਚ ਇਕ ਦੂਜੇ ਨਾਲ ਜੁੜਨ ਦੀ ਸਮਰੱਥਾ ਵਧ ਜਾਂਦੀ ਹੈ। ਇਸ ਦੇ ਦੋ ਕਾਰਨ ਹਨ : ਰੇਸ਼ਿਆਂ ਦੀ ਸਤ੍ਹਾ ਦਾ ਸਾਫ਼ ਹੋ ਜਾਣਾ ਅਤੇ ਦੂਜਾ ਨਵਾਂ ਸਤ੍ਹਈ ਖੇਤਰਫਲ ਬਣ ਜਾਣਾ। ਕੁੱਟੇ ਹੋਏ ਮਾਲ (ਸਟਾਕ) ਤੋਂ ਤਿਆਰ ਕੀਤਾ ਕਾਗ਼ਜ਼ ਹਲਕਾ, ਨਰਮ ਅਤੇ ਮੁਸਾਮਦਾਰ ਹੁੰਦਾ ਹੈ ਪਰੰਤੂ ਜ਼ਿਆਦਾ ਕੁਟੇ ਹੋਏ ਮਾਲ ਤੋਂ ਤਿਆਰ ਕਾਗ਼ਜ਼ ਸੰਘਣਾ, ਸਖ਼ਤ ਅਤੇ ਵਧੇਰੇ ਮਜ਼ਬੂਤ ਹੁੰਦਾ ਹੈ।

          ਸਟਾਕ ਤਿਆਰ ਕਰਨ ਲਈ ਕਾਗ਼ਜ਼ ਦੀ ਪਲਪ ਵਿਚ ਅਨੇਕਾਂ ਵਸਤਾਂ ਮਿਲਾਈਆਂ ਜਾਂਦੀਆਂ ਹਨ। ਮਿੱਟੀ, ਟਾਇਟੇਨੀਅਮ ਡਾਈਆਕਸਾਈਡ ਜਾਂ ਕੈਲਸੀਅਮ ਕਾਬੋਨੇਟ ਆਦਿ ਕਾਗ਼ਜ਼ ਨੂੰ ਅਪਾਰਦਰਸ਼ੀ ਬਣਾਉਣ ਲਈ ਮਿਲਾਈਆਂ ਜਾਂਦੀਆਂ ਹਨ। ਕਾਗ਼ਜ਼ ਨੂੰ ਰੰਗਦਾਰ ਬਣਾਉਣ ਲਈ ਪਲਪ ਵਿਚ ਕੁਝ ਰੰਗ ਵੀ ਮਿਲਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਾਗ਼ਜ਼ ਨੂੰ ਸਿੱਲ੍ਹ-ਸਹਿਣ ਲਈ, ਉੱਲੀ ਆਦਿ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਵਸਤਾਂ ‘ਸਟਾਕ’ ਵਿਚ ਮਿਲਾਈਆਂ ਜਾਂਦੀਆਂ ਹਨ।

          ਸ਼ੀਟ ਬਣਾਉਣਾ ਅਤੇ ਸੁਕਾਉਣਾ––ਕਾਗ਼ਜ਼ ਦਾ ਲਗਾਤਾਰ ਉਤਪਾਦਨ ਕਰਨ ਲਈ ਮਸ਼ੀਨ ਵਿਚ ਗਿੱਲੇ ਰੇਸ਼ਿਆਂ ਅਤੇ ਕੁਝ ਹੋਰ ਤੱਤਾਂ ਤੋਂ ਕਾਗ਼ਜ਼ ਦੀ ਸ਼ੀਟ ਤਿਆਰ ਹੁੰਦੀ ਰਹਿੰਦੀ ਹੈ। ਇਹ ਮਸ਼ੀਨ ਕੁਝ ਮੀਟਰ ਪ੍ਰਤੀ ਸੈਕਿੰਡ ਤੋਂ 500 ਪ੍ਰਤੀ ਸੈਕਿੰਡ ਦੀ ਗਤੀ ਨਾਲ ਚਲਦੀ ਹੈ। ਸਾਰੀ ਦੀ ਸਾਰੀ ਮਸ਼ੀਨ ਇਕੋ ਬਲਾਕ ਵਾਲੀ ਹੁੰਦੀ ਹੈ, ਜਿਸ ਉਤੇ ਕਈ ਪੇਚੀਦਾ ਕੰਮ ਹੁੰਦੇ ਹਨ।

          ਫੁਰਡਰੀਨੀਅਰ ਮਸ਼ੀਨ ਕਾਗ਼ਜ਼ ਦੀਆਂ ਸ਼ੀਟਾਂ ਬਣਾਉਣ ਲਈ ਪ੍ਰਚਲਿਤ ਮਸ਼ੀਨਾਂ ਵਿਚੋਂ ਇਕ ਹੈ। ਇਸ ਵਿਚ ਤਾਰਾਂ ਦੀ ਬਣੀ ਇਕ ਗਤੀਸ਼ੀਲ ਬੈਲਟ ਜਾਂ ਪਰਦਾ ਲਗਾ ਹੁੰਦਾ ਹੈ। ਇਸ ਬੈਲਟ ਉਤੇ ਪਤਲੀ ਸਲੱਰੀ ਪਾਈ ਜਾਂਦੀ ਹੈ, ਜਿਸ ਤੋਂ ਕਾਗ਼ਜ਼ ਦੀ ਸ਼ੀਟ ਬਣਦੀ ਰਹਿੰਦੀ ਹੈ। ਲੋੜੀਂਦੀ ਮੋਟਾਈ ਅਤੇ ਸਮਰਥਾ ਵਾਲੀ ਸ਼ੀਟ ਪ੍ਰਾਪਤ ਕਰਨ ਲਈ, ਇਕ ਸਮਾਨ ਜੈੱਟ ਰਾਹੀਂ ਸਲੱਰੀ ਬੈਲਟ ਉਤੇ ਸੁੱਟੀ ਜਾਂਦੀ ਹੈ, ਜਿਥੋਂ ਬੈਲਟ ਇਸ ਨੂੰ ਟੇਬਲ ਰੋਲਰ ਤੇ ਸੋਖਣ ਬਕਸਿਆਂ ਉਤੋਂ ਦੀ ਲਿਜਾ ਕੇ ਅੰਤ ਵਿਚ ਸਪੰਜ-ਟਾਈਪ ਸੋਖਣ ਰੋਲਰਾਂ ਉਤੋਂ ਦੀ ਲੰਘਾਉਂਦੀ ਹੈ। ਇਸ ਤਰ੍ਹਾਂ ਕਾਗਜ਼ ਦੀ ਖੁਸ਼ਕ ਸ਼ੀਟ ਬਣ ਜਾਂਦੀ ਹੈ।

          ਕਾਗ਼ਜ਼ ਦੀ ਸ਼ੀਟ ਬਣਾਉਣ ਦੀ ਦੂਜੀ ਮਸ਼ੀਨ, ਜਿਸ ਨੂੰ ਸਿਲਿੰਡਰ ਮਸ਼ੀਨ ਕਿਹਾ ਜਾਂਦਾ ਹੈ, ਵਿਚ ਬੈਲਟ ਦੀ ਥਾਂ ਇਕ ਜਾਂ ਜ਼ਿਆਦਾ ਘੁੰਮਣਬੀਲ ਫਿਲਟਰ ਵਰਤੇ ਜਾਂਦੇ ਹਨ। ਹਰ ਇਕ ਕੱਜਿਆ ਹੋਇਆ ਸਿਲਿੰਡਰ ਇਕ ਹੌਜ਼ ਵਿਚ ਫਿੱਟ ਕੀਤਾ ਹੁੰਦਾ ਹੈ, ਜਿਹੜਾ ਕਿ ਕਾਗਜ਼ ਦੀ ਪਤਲੀ ਜਿਹੀ ਸਲੱਰੀ ਵਿਚ ਅੱਧਾ ਡੁੱਬਿਆ ਹੁੰਦਾ ਹੈ। ਜਦੋਂ ਸਿਲਿੰਡਰ ਘੁੰਮਦਾ ਹੈ ਤਾਂ ਪਾਣੀ ਪਰਦੇ ਦੇ ਵਿਚੋਂ ਦੀ ਸਿਲਿੰਡਰ ਦੇ ਅੰਦਰ ਚਲਾ ਜਾਂਦਾ ਹੈ ਅਤੇ ਕਾਗ਼ਜ਼ ਦੀ ਨਮੀ ਵਾਲੀ ਸ਼ੀਅ ਬਣ ਜਾਂਦੀ ਹੈ। ਇਸ ਤਰ੍ਹਾਂ ਬਣੀ ਸ਼ੀਟ ਨੂੰ ਸਿਲਿੰਡਰ ਉਤੋਂ ਚੁੱਕ ਲਿਆ ਜਾਂਦਾ ਹੈ। ਜੇਕਰ ਅਨੇਕਾਂ ਪਰਤਾਂ ਵਾਲੀ ਸ਼ੀਟ ਜਾਂ ਗੱਤਾ ਬਣਾਉਣਾ ਹੋਵੇ ਤਾਂ ਨਾਲ ਵਾਲੇ ਦੂਜੇ ਸਿਲਿੰਡਰਾਂ ਤੋਂ ਤਿਆਰ ਹੋਈਆਂ ਨਮੀ ਵਾਲੀਆਂ ਸ਼ੀਟਾਂ ਨੂੰ ਇਕ ਦੂਜੇ ਉਤੇ ਰੱਖ ਦਿਤਾ ਜਾਂਦਾ ਹੈ ਅਤੇ ਪਰੈਸ ਕਰਨ ਉਪਰੰਤ ਸੁਕਾ ਲਿਆ ਜਾਂਦਾ ਹੈ। ਕਾਗ਼ਜ਼ ਦੀ ਇਸ ਸ਼ੀਟ ਨੂੰ ਖ਼ੁਸ਼ਕ ਕਰਨ ਦੇ ਢੰਗ ਉਸ ਦੇ ਗੁਣਾਂ ਅਤੇ ਸਮਰੱਥਾ ਉਤੇ ਨਿਰਭਰ ਕਰਦੇ ਹਨ। ਪੁਸਤਕਾ ਅਤੇ ਰਸਾਲਿਆਂ ਵਾਲੇ ਕਾਗਜ਼ ਉਤੇ ਨਸ਼ੀਨ ਕੋਟਿੰਗ ਕੀਤੀ ਜਾਂਦੀ ਹੈ। ਕੋਟਿੰਗ ਮਿਸ਼ਰਨ ਇਕ ਜਾਂ ਦੋਵੇਂ ਪਾਸੇ ਚੜ੍ਹਾਇਆ ਜਾਂਦਾ ਹੈ। ਕੋਟਿੰਗ ਚੜ੍ਹਾਉਣ ਤੋਂ ਬਾਅਦ ਕਾਗ਼ਜ਼ ਨੂੰ ਮੁੜ ਸੁਕਾ ਲਿਆ ਜਾਂਦਾ ਹੈ। ਕਾਗ਼ਜ਼ ਦੀ ਫਿਨਿਸ਼ਿੰਗ ਕਰਨ ਲਈ ਅੱਜ ਕਲ੍ਹ ਕਲੰਡਰ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ।

          ਕਾਗਜ਼ ਤੋਂ ਤਿਆਰ ਕੀਤੀਆਂ ਜਾਂਦੀਆਂ ਵਸਤਾਂ––ਕਾਗ਼ਜ਼ ਤੋਂ ਅਣਗਿਣਤ ਕਿਸਮ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਕਈ ਸਦੀਆਂ ਤੋਂ ਕਾਗ਼ਜ਼ ਦਾ ਖ਼ਾਸ ਸਥਾਨ ਰਿਹਾ ਹੈ ਪਰ ਉਦਯੋਗਿਕ ਕ੍ਰਾਂਤੀ ਸਦਕੇ ਪਿਛਲੇ ਕੁਝ ਕੁ ਦਹਾਕਿਆਂ ਵਿਚ ਇਸ ਤੋਂ ਅਨੇਕਾਂ ਨਵੀਆਂ ਚੀਜ਼ਾਂ ਤਿਆਰ ਹੋਣ ਲਗੀਆਂ ਹਨ। ਵੋਟਾਂ ਵਾਲੇ ਕਾਗ਼ਜ਼ ਦੀ ਵਰਤੋਂ ਸਭ ਤੋਂ ਵੱਧ ਸਮਾਨ ਦੀ ਪੈਕਿੰਗ ਲਈ ਕੀਤੀ ਜਾਂਦੀ ਹੈ। ਤਹਿਦਾਰ ਕਾਗਜ਼ ਦਾਣੇਦਾਰ ਪਦਾਰਥਾਂ ਨੂੰ ਡੱਬੇ ਬੰਦ ਕਰਨ ਲਈ ਵਰਤਿਆ ਜਾਂਦਾ ਹੈ। ਮੋਮ ਦੀ ਕੋਟਿੰਗ ਜਾਂ ਕਿਸੇ ਹੋਰ ਅਜਿਹੇ ਪਦਾਰਥ ਦੀ ਕੋਟਿੰਗ ਚੜ੍ਹਾ ਕੇ ਕਾਗ਼ਜ਼ ਦੀ ਵਰਤੋਂ ਖਾਣ ਵਾਲੀਆਂ ਚੀਜ਼ਾਂ ਨੂੰ ਪੈਕ ਕਰਨ ਲਈ ਵਧੇਰੇ ਹੋਣ ਲਗ ਪਈ ਹੈ। ਇਮਾਰਤੀ ਗੱਤੇ ਅਤੇ ਕਾਗ਼ਜ਼ ਦਾ ਵੀ ਕਾਫ਼ੀ ਮਾਤਰਾ ਵਿਚ ਉਤਪਾਦਨ ਹੁੰਦਾ ਹੈ। ਕਾਗ਼ਜ਼ ਤੋਂ ਬਣੇ ਫਿਲਟਰ, ਹਵਾ ਅਤੇ ਤਰਲਾਂ ਨੂੰ ਫਿਲਟਰ ਕਰਨ ਲਈ ਮਹੱਤਵਪੂਰਨ ਥਾਂ ਲੈਂਦੇ ਜਾ ਰਹੇ ਹਨ। ਕਾਗ਼ਜ਼ ਦੀ ਆਧੁਨਿਕ ਵਰਤੋਂ ਦੇ ਨਾਲ ਨਾਲ ਇਸ ਦੇ ਉਤਪਾਦਨ ਦੇ ਢੰਗ ਅਤੇ ਸਬੰਧਤ ਮਸ਼ੀਨਾਂ ਵੀ ਬਦਲਦੀਆਂ ਜਾ ਰਹੀਆਂ ਹਨ। ਖ਼ਾਸ ਸ਼ੀਸ਼ੇ ਅਤੇ ਹੋਰ ਧਾਤਾਂ ਦੇ ਰੇਸ਼ਿਆਂ ਜਾਂ ਸਿੰਥੈਟਿਕ ਹਾਈਪਾਲੀਮਰਜ਼ ਦਾ ਪ੍ਰਯੋਗ ਕਰਕੇ ਇਕ ਵਿਸ਼ੇਸ਼ ਕਿਸਮ ਦਾ ਕਾਗ਼ਜ਼ ਤਿਆਰ ਹੋਣ ਲਗ ਪਿਆ ਹੈ।

          ਹ. ਪੁ.––ਮ. ਕੋ. : 315; ਹਿੰ. ਵਿ. 2 : 430;

          ਮੈਕ. ਐਨ. ਸ. ਟ. 9 : 539


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.