ਕਿਰਤ-ਕਮਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਤ-ਕਮਾਈ [ਨਾਂਇ] ਮਿਹਨਤ ਨਾਲ਼ ਕੀਤੀ ਕਮਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਰਤ-ਕਮਾਈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਿਰਤ-ਕਮਾਈ: ਸਿੱਖ ਧਰਮ ਵਿਚ ਗ੍ਰਿਹਸਥ ਧਰਮ ਦੀ ਪਾਲਨਾ ਉਤੇ ਬਲ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗ੍ਰਿਹਸਥੀ ਸਨ। ਗ੍ਰਿਹਸਥ ਧਰਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਦਮ ਕਰਨਾ ਬਹੁਤ ਜ਼ਰੂਰੀ ਹੈ। ਗੁਰਮਤਿ-ਭਗਤੀ ਦਾ ਉਦੇਸ਼ ਕਿਸੇ ਪ੍ਰਕਾਰ ਦੇ ਕਰਮਹੀਨ ਅਨੁਯਾਈਆਂ ਦਾ ਦਲ ਖੜਾ ਕਰਨਾ ਨਹੀਂ ਸੀ। ਇਹ -ਭਗਤੀ ਸੰਸਾਰਿਕਤਾ ਤੋਂ ਭਜਣ ਵਾਲੀ ਨਹੀਂ, ਸਗੋਂ ਸੰਸਾਰਿਕ ਪ੍ਰਪੰਚ ਵਿਚ ਰਹਿ ਕੇ ਨਿਰਲਿਪਤ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਵਾਲੀ ਭਗਤੀ ਸੀ। ਇਸ ਭਗਤੀ ਦੇ ਅਨੁਯਾਈ ਸਮਾਜ ਉਤੇ ਕਿਸੇ ਪ੍ਰਕਾਰ ਦਾ ਬੋਝ ਬਣਨਾ ਨਹੀਂ ਚਾਹੁੰਦੇ ਸਨ। ਗੁਰਮਤਿ-ਭਗਤੀ ਸਮਾਜ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੀ ਸੀ। ਇਸ ਲਈ ਗੁਰੂ ਸਾਹਿਬਾਨ ਨੇ ਸਮਾਜ ਤੋਂ ਪਲਾਇਣ ਕਰਨ ਦੀ ਬਿਰਤੀ ਨੂੰ ਖ਼ਤਮ ਕਰਕੇ ਕਿਰਤ ਕਰਨ ਦੇ ਸਿੱਧਾਂਤ ਦੀ ਸਥਾਪਨਾ ਕੀਤੀ। ਗੁਰਮਤਿ-ਭਗਤੀ, ਅਸਲ ਵਿਚ, ਜੀਵਨ-ਵਿਹੂਣੀ ਨ ਹੋ ਕੇ ਜੀਵਨਮਈ ਹੈ। ਇਸ ਭਗਤੀ ਦੀ ਅਧਿਆਤਮਿਕ ਪਹੁੰਚ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੁਆਰਾ ਕਾਰਜਸ਼ੀਲ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ—ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ (ਗੁ.ਗ੍ਰੰ. 1245)। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ (ਗੁ.ਗ੍ਰੰ. 522)। ਸੰਤ ਕਬੀਰ ਜੀ ਨੇ ਵੀ ਭਗਤ ਨਾਮਦੇਵ ਅਤੇ ਤ੍ਰਿਲੋਚਨ ਦੇ ਸੰਵਾਦ ਦੁਆਰਾ ਸਪੱਸ਼ਟ ਕੀਤਾ ਹੈ— ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ (ਗੁ.ਗ੍ਰੰ. 1376)।

            ਉਪਰੋਕਤ ਸੰਦਰਭਾਂ ਤੋਂ ਸਾਫ਼ ਹੈ ਕਿ ਕਿਰਤ- ਕਮਾਈ ਅਤੇ ਨਾਮ-ਸਾਧਨਾ ਇਕ ਦੂਜੇ ਦੀਆਂ ਪੂਰਕ ਹਨ, ਪਰਸਪਰ ਸੰਬੰਧਿਤ ਹਨ। ਘਾਲਣਾ ਕਰਨ ਦੇ ਨਾਲ ਇਹ ਵੀ ਸ਼ਰਤ ਹੈ ਕਿ ਧਨ , ਸੰਪੱਤੀ ਆਦਿ ਦਾ ਇਕੱਠ ਨਹੀਂ ਕਰਨਾ ਚਾਹੀਦਾ, ਸਗੋਂ ਆਪਣੀ ਲੋੜ ਤੋਂ ਵਧ ਸਾਮਗ੍ਰੀ ਲੋੜਵੰਦਾਂ ਵਿਚ ਵੰਡ ਦੇਣੀ ਵਾਜਬ ਹੈ। ਅਜਿਹਾ ਕਰਨ ਨਾਲ ਹੀ ਮਨੁੱਖ ਵਾਸਤਵਿਕਤਾ ਦੇ ਭੇਦ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਦੁਆਰ ਉਤੇ ਪ੍ਰਤਿਸ਼ਠਾ ਪ੍ਰਾਪਤ ਕਰਦਾ ਹੈ। ਗੁਰਮਤਿ ਦੀ ਇਸ ਮਾਨਤਾ ਦਾ ਮਹੱਤਵ ਹਰ ਯੁਗ ਵਿਚ ਬਣਿਆ ਹੋਇਆ ਹੈ। ਘਾਲ ਕਰਨੀ ਅਧਿਆਤਮਿਕ ਦ੍ਰਿਸ਼ਟੀ ਤੋਂ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਪਰਲੋਕ ਵਿਚ ਉਹੀ ਵਸਤੂ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਜੋ ਇਸ ਸੰਸਾਰ ਵਿਚ ਘਾਲਣਾ ਦੁਆਰਾ ਅਰਜਿਤ ਕੀਤੀ ਗਈ ਹੋਵੇ। ਘਾਲਣਾ ਤੋਂ ਬਿਨਾ ਅਰਜਿਤ ਵਸਤੂ ਪਰਲੋਕ ਵਿਚ ਅਪਮਾਨ ਦਾ ਕਾਰਣ ਬਣਦੀ ਹੈ। ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ਕਿਹਾ ਹੈ— ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ... ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ (ਗੁ.ਗ੍ਰੰ. 472)। ਸਪੱਸ਼ਟ ਹੈ ਕਿ ਗੁਰਮਤਿ-ਭਗਤੀ ਸੱਚੀ ਕਿਰਤ ਕਰ ਕੇ ਕੀਤੀ ਕਮਾਈ ਦੁਆਰਾ ਜੀਵਨ ਬਤੀਤ ਕਰਨ ਦੀ ਮਾਨਤਾ ਨੂੰ ਸਥਾਪਿਤ ਕਰਦੀ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.