ਕਿਰਪਾਲ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਪਾਲ ਸਿੰਘ (ਅ.ਚ. 1830): 1770 ਵਿਚ, ਬਠਿੰਡੇ ਦੇ ਨੇੜਲੇ ਇਲਾਕੇ ਤੋਂ ਆਇਆ ਅਤੇ ਇਸ ਨੇ ਲਾਡਵਾ ਦੇ ਸਰਦਾਰ ਸਾਹਿਬ ਸਿੰਘ ਤੋਂ ਸ਼ਾਮਗੜ੍ਹ ਪਿੰਡ ਪ੍ਰਾਪਤ ਕੀਤਾ ਸੀ। ਰਿਸ਼ਤੇ ਪੱਖੋਂ ਸਾਹਿਬ ਸਿੰਘ ਕਿਰਪਾਲ ਸਿੰਘ ਦਾ ਭਣੋਈਆ ਸੀ। ਬਹੁਤ ਸਾਰੀਆਂ ਮੁਹਿੰਮਾਂ ਵਿਚ ਇਸਨੇ ਸਾਹਿਬ ਸਿੰਘ ਦਾ ਸਾਥ ਦਿੱਤਾ ਸੀ। ਕਿਰਪਾਲ ਸਿੰਘ ਦੀ ਧੀ ਜੀਂਦ ਦੇ ਕੰਵਰ ਪਰਤਾਪ ਸਿੰਘ ਨਾਲ ਅਤੇ ਪੋਤਰੀ (ਉਸਦੇ ਪੁੱਤਰ ਫ਼ਤਿਹ ਸਿੰਘ ਦੀ ਧੀ) ਲਾਹੌਰ ਦੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਸਹਦੇਵ ਸਿੰਘ ਨਾਲ ਵਿਆਹੀ ਹੋਈ ਸੀ ਜੋ ਉਸ ਸਮੇਂ ਬਰੇਲੀ ਵਿਖੇ ਰਹਿੰਦਾ ਸੀ। 1830 ਵਿਚ, ਕਿਰਪਾਲ ਸਿੰਘ ਅਕਾਲ ਚਲਾਣਾ ਕਰ ਗਿਆ ਸੀ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਿਰਪਾਲ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿਰਪਾਲ ਸਿੰਘ : ਇਹ ਪੰਜਾਬ ਦਾ ਪ੍ਰਸਿੱਧ ਚਿੱਤਰਕਾਰ ਹੈ। ਇਸ ਦਾ ਜਨਮ 10 ਦਸੰਬਰ, 1923 ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਵਿਚ ਪਿੰਡ ਵਾੜਾ ਚੈਨ ਸਿੰਘ ਵਾਲਾ ਵਿਖੇ ਸ. ਭਗਤ ਸਿੰਘ ਦੇ ਘਰ ਹੋਇਆ । ਜ਼ੀਰੇ ਤੋਂ ਮੈਟ੍ਰਿਕ ਕਰਨ ਮਗਰੋਂ ਇਸ ਨੇ ਲਾਹੌਰ ਦੇ ਐਸ. ਡੀ. ਕਾਲਜ ਤੋਂ ਨਾਨ–ਮੈਡੀਕਲ ਦੀ ਐਫ. ਐੱਸ . ਸੀ. ਪਾਸ ਕੀਤੀ। ਆਪਣੀ ਸਾਰੀ ਪੜ੍ਹਾਈ ਦੇ ਦੌਰਾਨ ਇਹ ਵਜ਼ੀਫਾ ਪ੍ਰਾਪਤ ਕਰਦਾ ਰਿਹਾ।

        ਸੰਨ 1939 ਤੋਂ ਲੈ ਕੇ 1947 ਦੇ ਬਟਵਾਰੇ ਤੱਕ ਕਿਰਪਾਲ ਸਿੰਘ ਲਾਹੌਰ ਵਿਖੇ ਮਿਲਿਟਰੀ ਅਕਾਊਂਟਸ ਡਿਪਾਰਟਮੈਂਟ ਵਿਚ ਨੌਕਰੀ ਕਰਦਾ ਰਿਹਾ। ਆਪਣੇ ਵਿਚਲੇ ਸਮੇਂ ਵਿਚ ਇਹ ਚਿੱਤਰਕਾਰੀ ਕਰਦਾ ਰਹਿੰਦਾ, ਜਿਸ ਦਾ ਸ਼ੌਕ ਇਸ ਨੂੰ ਪੰਜਵੀਂ ਜਮਾਤ ਵਿਚ ਡ੍ਰਾਇੰਗ ਪੜ੍ਹਨ ਨਾਲ ਸ਼ੁਰੂ ਹੋਇਆ ਸੀ। ਬਟਵਾਰੇ ਮਗਰੋਂ ਇਸ ਦੀ ਬਦਲੀ ਜਲੰਧਰ ਹੋ ਗਈ ਪਰ ਇਸ ਨੇ ਸਰਕਾਰੀ ਨੌਕਰੀ ਨੂੰ ਤਿਲਾਂਜਲੀ ਦੇ ਦਿਤੀ ਅਤੇ ਸਾਰਾ ਸਮਾਂ ਚਿੱਤਰਕਾਰੀ ਵਿਚ ਬਿਤਾਉਣ ਲੱਗਾ। ਸੰਨ 1952 ਵਿਚ ਕਿਸਮਤ-ਅਜ਼ਮਾਈ ਲਈ ਇਹ ਦਿੱਲੀ ਚਲਾ ਗਿਆ। ਇਸ ਦਾ ਨਿੱਜੀ ਝੁਕਾਅ ਸਿੱਖ ਇਤਿਹਾਸ ਨੂੰ ਚਿਤਰਨ ਵਿਚ ਸੀ ਪਰ ਦਿੱਲੀ ਦੀ ਮਾਰਕਿਟ ਵਿਚ ਇਸ ਗੱਲ ਦੀ ਕੋਈ ਕਦਰ ਨਹੀਂ ਸੀ।

      ਫਿਰ ਲਗਾਤਾਰ ਤਿੰਨ ਸਾਲਾਂ ਲਈ ਇਹ ਕਰਨਾਲ ਜ਼ਿਲ੍ਹੇ ਵਿਚ ਇਕ ਖੇਤੀਬਾੜੀ ਫ਼ਰਾਮ ਵਿਚ ਟਿਕ ਕੇ ਚਿਤਰਕਾਰੀ ਕਰਦਾ ਰਿਹਾ। ਇਸ ਨੇ ਇਤਿਹਾਸਕ, ਦਿਹਾਤੀ, ਲੋਕ-ਜੀਵਨ, ਝੋਨਾ ਲਗਾਈ, ਟੱਪਰੀਵਾਸਾਂ ਦੇ ਕਾਫ਼ਲੇ ਆਦਿ ਫੁਟਕਲ ਵਿਸ਼ਿਆਂ ਤੇ ਬੇਸ਼ੁਮਾਰ ਚਿੱਤਰ ਬਣਾਏ। ਵੱਖ- ਵੱਖ ਪ੍ਰਿੰਸੀਪਲਾਂ ਦੀ ਸਰਪ੍ਰਸਤੀ ਹੇਠ ਕਰਨਾਲ ਅਤੇ ਜਲੰਧਰ ਵਿਖੇ ਇਨ੍ਹਾਂ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ।

          ਇਸ ਸਮੇਂ ਦੌਰਾਨ ਪ੍ਰੋ: ਸਤਬੀਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਕਿਰਪਾਲ ਸਿੰਘ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ‘ਸੈਂਟਰਲ ਸਿੱਖ ਮਿਊਜ਼ੀਅਮ’ ਸਥਾਪਿਤ ਕਰਨ ਦਾ ਕੰਮ ਸੌਂਪਿਆ ਗਿਆ। ਸੰਨ 1956 ਤੋਂ 1962 ਤੱਕ ਇਸ ਮਿਊਜ਼ੀਅਮ ਲਈ ਇਸ ਨੇ ਸਿੱਖ ਇਤਿਹਾਸ ਵਿਚੋਂ ਤਿੰਨ ਦਰਜਨ ਬਿਹਤਰੀਨ ਚਿੱਤਰ ਬਣਾਏ। ਸੰਨ 1963 ਤੋਂ 67 ਤੱਕ ਇਸ ਨੇ ਦਿੱਲੀ ਵਿਚ ਗੁਰਦਵਾਰਾ ਬੰਗਲਾ ਸਾਹਿਬ ਦੇ ‘ਸ. ਬਘੇਲ ਸਿੰਘ ਮਿਊਜ਼ੀਅਮ’ ਲਈ ਕੋਈ ਦੋ ਦਰਜਨ ਚਿਤਰ ਬਣਾਏ। ਦਿੱਲੀ ਵਿਚ ਰਹਿੰਦੀਆਂ ਹੋਇਆਂ ਇਸ ਨੇ ਸਿੱਖ ਰੈਜਮੈਂਟਲ ਸੈਂਟਰ, ਮੇਰਠ ਲਈ ਵੀ ਕਈ ਚਿਤਰ ਬਣਾਏ।

          ਸੰਨ 1967 ਤੋਂ ਕਿਰਪਾਲ ਸਿੰਘ ਚੰਡੀਗੜ੍ਹ ਵਿਖੇ ਰਹਿਣ ਲਗ ਪਿਆ। ਇਸ ਨੇ ਮਿਊਜ਼ੀਅਮ ਆਫ਼ ਸਾਇੰਸ ਲਈ ਬੜਾ ਕੰਮ ਕੀਤਾ ਅਤੇ ਵੱਖ-ਵੱਖ ਆਰਮੀ ਹੈੱਡ-ਕੁਆਰਟਰਾਂ ਲਈ ਲੜਾਈਆਂ ਦੀਆਂ ਤਸਵੀਰਾਂ ਬਣਾ ਕੇ ਦਿਤੀਆਂ ਹਨ। ਸੰਨ 1976 ਵਿਚ ਕਾਇਮ ਹੋਈ ਐਂਗਲੋ-ਸਿੱਖ-ਵਾਰਜ਼ ਮੈਮੋਰੀਅਲ ਲਈ ਕਿਰਪਾਲ ਸਿੰਘ ਨੇ ਆਪਣੇ ਹੁਨਰ ਦਾ ਕਮਾਲ ਦਿਖਾਇਆ ਅਤੇ 10'X20' ਅਕਾਰ ਦੇ ਲੜਾਈਆਂ ਦੇ ਚਿੱਤਰ ਬਣਾਏ। ਏਡੇ ਵੱਡੇ ਆਕਾਰ ਦੇ ਚਿੱਤਰ ਭਾਰਤ ਵਿਚ ਪਹਿਲਾਂ ਕਦੇ ਨਹੀਂ ਬਣੇ।

          ਨਵੇਂ ਬਣੇ ਗੁਰੂ ਤੇਗ਼ ਬਹਾਦਰ ਮਿਊਜ਼ੀਅਮ, ਸ੍ਰੀ ਆਨੰਦਪੁਰ ਸਾਹਿਬ ਲਈ ਕਿਰਪਾਲ ਸਿੰਘ ਨੇ ਕਮਾਲ ਦੇ ਚਿੱਤਰ ਬਣਾਏ ਹਨ। ਅੱਜ ਕੱਲ੍ਹ ਇਹ ਸਾਹਿਬਜ਼ਾਦਾ ਅਜੀਤ ਸਿੰਘ ਮੈਮੋਰੀਅਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ ਚਿੱਤਰ ਤਿਆਰ ਕਰ ਰਿਹਾ ਹੈ। ਇਵੇਂ ਹੀ ਗ਼ਦਰ ਪਾਰਟੀ ਮੈਮੋਰੀਅਲ ਮਿਊਜ਼ੀਅਮ, ਸਾਨ-ਫ਼੍ਰਾਂਸਿਸਕੋ (ਕੈਲਿਫ਼ੋਰਨੀਆ) ਦਾ ਕੰਮ ਵੀ ਹੱਥ ਵਿਚ ਲਿਆ ਹੋਇਆ ਹੈ।

          ਕਿਰਪਾਲ ਸਿੰਘ ਦੀਆਂ ਬੇਸ਼ੁਮਾਰ ਤਸਵੀਰਾਂ ਪ੍ਰਾਈਵੇਟ ਅਤੇ ਸਰਕਾਰੀ ਸੰਗ੍ਰਹਿ-ਘਰਾਂ ਅਤੇ ਵੱਖ ਵੱਖ ਗੁਰਦਵਾਰਿਆਂ ਵਿਚ ਲੱਗੀਆਂ ਹੋਣ ਤੋਂ ਇਲਾਵਾ ਯੂ. ਕੇ., ਯੂ. ਐਸ. ਏ., ਜਰਮਨੀ ਅਤੇ ਕੈਨੇਡਾ ਆਦਿ ਦੇਸ਼ਾਂ ਨੂੰ ਵੀ ਭੇਜੀਆਂ ਜਾ ਚੁਕੀਆ ਹਨ।

          ਸਾਲ 1981 ਵਿਚ ਪੰਜਾਬ ਅਰਟਸ ਕੌਂਸਲ ਵਲੋਂ ਇਸ ਨੂੰ ਇਕ ਉੱਚ ਕੋਟੀ ਦੇ ਚਿੱਤਰਕਾਰ ਵਜੋਂ ਸਨਮਾਨਿਆ ਗਿਆ।

          ਹ. ਪੁ. ––ਨਿੱਜੀ ਬਾਇਉਡੇਟਾ––ਸ. ਕਿਰਪਾਲ ਸਿੰਘ ‘ਆਰਟਿਸਟ’


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.