ਕਿਰਲੀਆਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿਰਲੀਆਂਇਹ ਰੈਪਟਿਲੀਆਂ ਸ਼੍ਰੇਣੀ, ਸਕੁਐਮੇਟਾ ਵਰਗ ਅਤੇ ਸੌਰੀਆਂ ਉਪ-ਵਰਗ ਦੇ ਰੀੜ੍ਹਧਾਰੀ ਪ੍ਰਾਣੀ ਹਨ। ਇਨ੍ਹਾਂ ਦੀ ਚਮੜੀ ਸੱਪਾਂ ਵਾਂਗ ਸਕੇਲਾਂ ਵਾਲੀ ਹੁੰਦੀ ਹੈ। ਇਹ ਆਪਣੀਆਂ ਹਿਲਣ–ਯੋਗ ਅੱਖ-ਛਪਰਾਂ, ਬਾਹਰੀ ਕੰਨ-ਛੇਕਾਂ ਅਤੇ ਲੱਤਾਂ ਕਾਰਨ ਸੱਪਾਂ ਨਾਲੋਂ ਵਖਰੀਆਂ ਹਨ। ‘ਕਿਰਲੀਆਂ ਦੀਆਂ ਲਗਭਗ 3,000 ਜਾਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਗਰਮ ਇਲਾਕਿਆਂ ਵਿਚ ਹੁੰਦੀਆਂ ਹਨ। ਪਰ ਕੁਝਟ ਕਿਰਲੀਆਂ ਯੂਰੇਸ਼ੀਆ ਦੇ ਆਰਕਟਿਕ ਸਰਕਲ ਅਤੇ ਕਈ ਦੱਖਣੀ ਅਮਰੀਕਾ ਦੇ ਧੁਰ ਦੱਖਣ ਵਿਚ ਵੀ ਮਿਲਦੀਆਂ ਹਨ।

          ਆਮ ਲੱਛਣ––ਕਿਰਲੀਆਂ ਦੀ ਸਰੀਰਕ ਬਣਤਰ ਅਤੇ ਆਕਾਰ ਵਿਚ ਬਹੁਤ ਵਖਰੇਵੇਂ ਹਨ। ਇਨ੍ਹਾਂ ਦੀ ਪੂਰੀ ਲੰਬਾਈ 3 ਸੈਂ. ਮੀ. (ਗੈੱਕੋ

) ਤੋਂ 3 ਮੀ. (ਮਾੱਨੀਟਰ ਕਿਰਲੀ) ਤਕ ਅਤੇ ਬਾਲਗ਼ ਕਿਰਲੀ ਦਾ ਭਾਰ ਇਕ ਗ੍ਰਾ. ਤੋਂ ਵੀ ਘੱਟ ਤੋਂ ਲੈ ਕੇ 150 ਕਿ. ਗ੍ਰਾ. ਤੋਂ ਵਧ ਤਕ ਹੁੰਦਾ ਹੈ। ਕਈ ਕੁਲਾਂ ਦੀਆਂ ਕਿਰਲੀਆਂ ਸੱਪਾਂ ਵਾਂਗ ਬਿਨਾਂ ਲੱਤਾਂ ਤੋਂ ਹੁੰਦੀਆਂ ਹਨ। ਇਹ ਇਨ੍ਹਾਂ ਹੀ ਦੌੜ ਸਕਦੀਆਂ ਹਨ। ਕਿਰਲੀਆਂ ਵਿਚ ਕਈ ਕਿਸਮ ਦੀਆਂ ਸਜਾਵਟਾਂ ਮਿਲਦੀਆਂ ਹਨ, ਜਿਹਾ ਕਿ ਗਲੇ ਦੁਆਲੇ ਵਧਾਅ, ਪੂਛ-ਕਲਗ਼ੀ, ਸਿਰ ਉਤੇ ਸਿੰਗਾਂ ਜਾਂ ਟੋਪੀ ਦਾ ਹੋਣਾ ਅਤੇ ਗਲੇ ਦੇ ਦੁਆਲੇ ਕੰਡਿਆਂ ਅਤੇ ਝਾਲਰਾਂ ਦੀ ਮੌਜੂਦਗੀ ਆਦਿ।

ਇਨ੍ਹਾਂ ਦੇ ਨਿਵਾਸ-ਸਥਾਨਾਂ ਵਿਚ ਵੀ ਕਈ ਵਖਰੇਵੇਂ ਹਨ। ਇਹ ਜ਼ਮੀਨ ਦੇ ਅੰਦਰ, ਜ਼ਮੀਨ ਉਤੇ ਅਤੇ ਫਸਲਾਂ ਵਿਚ ਮਿਲ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕਈ ਬਹੁਤ ਹੌਲੀ ਤੁਰਦੀਆਂ ਹਨ ਪਰ ਕਈ ਬਹੁਤ ਤੇਜ਼ ਦੌੜ ਸਕਦੀਆਂ ਹਨ। ਇਕ ਲੁਪਤ ਹੋ ਚੁੱਕੀ ਕੁੱਲ ਮੋਸਾਸਾੱਰਸ ਦੀਆਂ ਕਿਰਲੀਆਂ ਸਮੁੰਦਰੀ ਸਨ। ਗਾਲਾ ਪੈਗੋਸ ਟਾਪੂਆਂ ਦੀ ਇਕ ਕਿਰਲੀ, ਸਮੁੰਦਰੀ ਇਗਵਾਨਾ ਸਮੁੰਦਰ ਵਿਚਲੀ ਐਲਗੀ (ਸਾਵਲ) ਉਤੇ ਆਹਾਰ ਕਰਦੀ ਹੈ। ਕੁਝ ਕਿਰਲੀਆਂ ਅਪੂਰਨ ਤੌਰ ਤੇ ਕਾਲੀਆਂ ਹੁੰਦੀਆਂ ਹਨ ਅਤੇ ਅਲੂਣੇ ਪਾਦੀ ਦੇ ਸੂਖ਼ਮ ਜੀਵਾਂ ਤੇ ਨਿਰਵਾਹ ਕਰਦੀਆਂ ਹਨ।

          ਵਰਤਾਉ ਜਾਂ ਵਤੀਰਾ––––– ਬਹੁਤੀਆਂ ਕਿਰਲੀਆਂ ਦਿਨ ਦੇ ਸਮੇਂ ਚੁਸਤ ਹੁੰਦੀਆਂ ਹਨ। ਗੈਕਾੱਨਡੀ ਕੁਲ ਦੀਆਂ ਕਿਰਲੀਆਂ ਤ੍ਰਕਾਲਾਂ ਤੋਂ ਪ੍ਰਭਾਤ ਤਕ ਕਾਫ਼ੀ ਚੁਸਤ ਰਹਿੰਦੀਆਂ ਹਨ। ਇਸ ਕਰਕੇ ਇਸ ਕੁਲ ਦੀਆਂ ਕਿਰਲੀਆਂ ਜ਼ਿਆਦਾ ਆਵਾਜ਼ ਕੱਢਦੀਆਂ ਹਨ ਅਤੇ ਆਪਦੇ ਸੁਨੇਹੇ ਆਵਾਜ਼ ਰਾਹੀਂ ਪਹੁੰਚਾਂਦੀਆਂ ਹਨ। ਬਾਕੀ ਦੀਆਂ ਬਹੁਤੀਆਂ ਕਿਰਲੀਆਂ ਚੁੱਪ ਰਹਿੰਦੀਆਂ ਹਨ।

          ਕਿਰਲੀਆਂ ਆਪਣਾ ਬਹੁਤਾ ਸਮਾਂ ਭੋਜਨ ਦੀ ਭਾਲ ਵਿਚ ਬਿਤਾਂਉਦੀਆਂ ਹਨ। ਇਨ੍ਹਾਂ ਦਾ ਭੋਜਨ ਆਮ ਤੌਰ ਤੇ ਕੀੜੇ–ਮਕੌੜੇ ਹੁੰਦੇ ਹਨ। ਗਿਰਗਿਟਾਂ ਬੜੀ ਹੌਲੀ ਹੌਲੀ ਤੁਰਦਿਆਂ ਅਤੇ ਸ਼ਿਕਾਰ ਤੇ ਪੂਰੀ ਨਜ਼ਰ ਰਖਦੀਆਂ ਹਨ। ਇਨ੍ਹਾਂ ਦੀਆਂ ਅੱਖਾਂ ਵੱਖ-ਵੱਖ ਐਂਗਲ ਤੋਂ ਵੇਖ ਸਕਦੀਆਂ ਹਨ। ਇਹ ਸ਼ਿਕਾਰ ਨੂੰ ਆਪਣੀ ਲੇਸਲੀ ਜੀਭ ਨਾਲ ਪਕੜਦੀਆਂ ਹਨ। ਕਈ ਗਰੁੱਪਾਂ ਦੀਆਂ ਕਿਰਲੀਆਂ ਜ਼ਮੀਨ ਪੁੱਟ ਕੇ ਵਿਚੋਂ ਸ਼ਿਕਾਰ ਲਭਦੀਆਂ ਹਨ। ਕਈ ਬਹੁਤ ਵੱਡੀਆਂ ਕਿਰਲੀਆਂ, ਜਿਵੇਂ ਕਿ ਇਗਵਾਨਾ ਅਤੇ ਯੂਰੋਮੈਸਟਿੱਕਸ ਪੌਦਿਆਂ ਉਪਰ ਵੀ ਆਹਾਰ ਕਰਦੀਆਂ ਹਨ।

          ਕਿਰਲੀਆਂ ਕਈ ਪੰਛੀਆਂ, ਥਣਧਾਰੀਆਂ ਅਤੇ ਰੈਪਟਾਈਲਾਂ ਦਾ ਭੋਜਨ ਵੀ ਬਣਦੀਆਂ ਹਨ, ਇਸ ਲਈ ਆਪਣੀ ਰਖਿਆ ਲਈ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਸੁਰੱਖਿਆ-ਮਕੈਨਿਜ਼ਮ ਮਿਲਦੇ ਹਨ। ਚੱਕਵਾਲਾਜ਼ ਕਿਰਲੀਆਂ ਪੱਥਰਾਂ ਦੇ ਢੇਰਾਂ ਕੋਲ ਰਹਿੰਦੀਆਂ ਹਨ। ਖਤਰਾ ਨਜ਼ਰ ਆਉਣ ਤੇ ਇਹ ਦਹਾੜਾਂ ਵਿਚ ਵੜ ਜਾਂਦੀਆਂ ਹਨ ਅਤੇ ਆਪਣੇ ਆਪ ਨੂੰ ਫੁਲਾ ਲੈਂਦੀਆਂ ਹਨ, ਜਿਸ ਕਰਕੇ ਬਾਹਰ ਖਿੱਚਣੀਆਂ ਔਖੀਆਂ ਹੋ ਜਾਂਦੀਆਂ ਹਨ। ਕਈ ਕੰਡੇਦਾਰ-ਪੂਛ ਵਾਲੀਆਂ ਕਿਰਲੀਆਂ ਇਸੇ ਤਰ੍ਹਾਂ ਦਰਾੜਾਂ ਵਿਚ ਲੁਕ ਜਾਂਦੀਆਂ ਹਨ ਅਤੇ ਬਾਹਰ ਉਨ੍ਹਾਂ ਦੀ ਸਿਰਫ ਖ਼ਤਰਨਾਕ ਪੂਛ ਹੀ ਰਹਿੰਦੀ ਹੈ। ਆਪਣੀ ਸੁਰੱਖਿਆ ਕਰਨ ਦਾ ਅਜਿਹਾ ਸੁਭਾਅ ਸਭ ਤੋਂ ਜ਼ਿਆਦਾ ਅਫਰੀਕਾ ਦੀ ਕਾੱਰਡਾਈਲਸ ਕਿਰਲੀ ਦਾ ਹੁੰਦਾ ਹੈ, ਜਿਹੜੀ ਆਪਣੀ ਪੂਛ ਨੂੰ ਅਗਲੇ ਪੈਰਾਂ ਦੀ ਸਹਾਇਤਾ ਨਾਲ ਮੂੰਹ ਵਿਚ ਪਕੜ ਲੈਂਦੀ ਹੈ ਅਤੇ ਦੇਖਣ ਵਾਲੇ ਨੂੰ ਸਾਰੀ ਹੀ ਕੰਡਿਆਂ ਵਾਲੀ ਜਾਪਦੀ ਹੈ। ਆਸਟ੍ਰੇਲੀਆ ਦੀ ਝਾਲਰ ਵਾਲੀ ਕਿਰਲੀ ਆਪਣੇ ਗਲੇ ਦੀ ਝਾਲਰ ਨੂੰ ਆਪਣੇ ਸਰੀਰ ਦੀ ਪਰੀ ਲੰਬਾਈ ਦੇ ਬਰਾਬਰ ਫੈਲਾ ਲੈਂਦੀ ਹੈ। ਕਈ ਕਿਰਲੀਆਂ ਆਪਣੀ ਪੂਛ ਬੜੀ ਆਸਾਨੀ ਨਾਲ ਤੋੜ ਦਿੰਦੀਆਂ ਹਨ।

          ਕਈ ਕਿਰਲੀਆਂ ਕੁਝ ਕੁ ਖੇਤਰ ਨੂੰ ਆਪਣੀ ਹੀ ਜਾਤੀ ਦੇ ਜਾਂ ਦੂਜੀਆਂ ਜਾਂਤੀਆਂ ਦੇ ਮੈਂਬਰਾਂ ਤੋਂ ਸੁਰੱਖਿਅਤ ਰਖਦੀਆਂ ਹਨ। ਇਸ ਲਈ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਸੁਰੱਖਿਆ ਸਾਧਨ ਵਿਕਸਤ ਹੋਏ ਹੁੰਦੇ ਹਨ। ਕਿਸੇ ਖੇਤਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਖਣ ਨਾਲ ਇਕ ਤਾਂ ਭੋਜਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨ ਦੀ ਖੁੱਲ੍ਹ ਹੁੰਦੀ ਹੈ ਅਤੇ ਦੂਜਾ ਨਰ ਕਿਰਲੀ ਉਸ ਖੇਤਰ ਵਿਚ ਰਹਿਣ ਵਾਲੀ ਕਿਸੇ ਵੀ ਮਾਦਾ ਕਿਰਲੀ ਨਾਲ ਮੈਥੁਨ ਕਰਨ ਲਈ ਸੁਤੰਤਰ ਹੁੰਦੀ ਹੈ। ਖ਼ਾਸ ਰੁੱਤਾਂ ਵਿਚ ਜਣਨ-ਕਿਰਿਆ ਕਰਨ ਵਾਲੀਆਂ ਜਾਤੀਆਂ ਵਿਚ ਅਜਣਨ ਕਾਲ ਦੇ ਦੌਰਾਨ ਖੇਤਰ ਦੀ ਸੁਰੱਖਿਆ ਦਾ ਕੰਮ ਘਟ ਜਾਂਦਾ ਹੈ। ਕਈ ਜਾਤੀਆਂ ਵਿਚ ਪੱਟ ਦੇ ਹੇਠਲੇ ਪਾਸੇ ਪੱਟ-ਮੁਸਾਮ ਹੁੰਦੇ ਹਨ ਜਿਨ੍ਹਾਂ ਦਾ ਕੰਮ ਸ਼ਾਇਦ ਲਿੰਗੀ-ਖਿੱਚ ਪੈਦਾ ਕਰਨ ਲਈ ਅਤੇ ਖੇਤਰ ਦੀ ਹੱਦ-ਬੰਦੀ ਕਰਨ ਲਈ ਰਸਾਇਣਿਕ ਪਦਾਰਥ ਰਿਸਾਉਣਾ ਹੈ।

          ਮੈਥੁਨ ਕਿਰਿਆ ਸੱਭ ਕਿਰਲੀਆਂ ਵਿਚ ਇਕੋ ਤਰੀਕੇ ਨਾਲ ਹੁੰਦੀ ਹੈ। ਨਰ, ਮਾਦਾ ਕਿਰਲੀ ਦੀ ਗਰਦਨ ਜਾਂ ਸਿਰ ਦੇ ਪਾਸਿਆਂ ਦੀ ਚਮੜੀ ਨੂੰ ਪਕੜ ਕੇ, ਅਗਲੀਆਂ ਅਤੇ ਪਿਛਲੀਆਂ ਲੱਤਾਂ ਮਾਦਾ ਉਤੇ ਇਨ੍ਹਾਂ ਦੇ ਨੇੜੇ ਦੀ ਥਾਂ ਤੇ ਰਖ ਕੇ, ਪੂਛ ਨੂੰ ਮਾਦਾ ਦੀ ਪੂਛ ਦੇ ਹੇਠਾਂ ਧੱਕ ਕੇ, ਸਰੀਰ ਨੂੰ ਇਸ ਤਰ੍ਹਾਂ ਘੁੰਮਾਂਦਾ ਹੈ ਕਿ ਦੋਵਾਂ ਦੇ ਮਲ-ਚੈਂਬਰ ਬਰਾਬਰ ਹੋ ਜਾਂਦੇ ਹਨ। ਫਿਰ ਉਹ ਇਕ ਹੈਮੀਪੀਨਿਸ ਨੂੰ ਸਿੱਧਾ ਕਰਕੇ ਮਾਦਾ ਦੇ ਮਲ-ਚੈਂਬਰ ਵਿਚ ਫਸਾ ਦਿੰਦਾ ਹੈ। ਮੈਥੁਨ ਕਿਰਿਆ ਵਖ-ਵਖ ਜਾਤੀਆਂ ਵਿਚ ਕੁਝ ਸੈਕੰਡਾਂ ਤੋਂ ਲੈ ਕੇ 15 ਮਿੰਟ ਜਾਂ ਇਸ ਤੋਂ ਵੱਧ ਤਕ ਦੀ ਹੁੰਦੀ ਹੈ।

          ਜੀਵਨ-ਚੱਕਰ–––ਬਹੁਤੀਆਂ ਕਿਰਲੀਆਂ ਅੰਡੇ ਦਿੰਦੀਆਂ ਹਨ। ਕਈ ਛੋਟੀਆਂ ਜਾਤੀਆਂ ਵਿਚ ਅੰਡਿਆਂ ਦੀ ਗਿਣਤੀ ਹਰ ਵਾਰ ਅੰਡੇ ਦੇਣ ਸਮੇਂ ਤਕਰੀਬਨ ਬਰਾਬਰ ਰਹਿੰਦੀ ਹੈ। ਅੰਡ-ਸਮੂਹ ਵਿਚ 4-8 ਅੰਡੇ ਹੁੰਦੇ ਹਨ, ਪਰ ਕਈ ਵੱਡੀਆਂ ਜਾਤੀਆਂ, ਜਿਵੇਂ ਕਿ ਇਗਵਾਨਾ, ਇਕ ਵਾਰ ਵਿਚ 50 ਜਾਂ ਇਸ ਤੋਂ ਵੱਧ ਅੰਡੇ ਦਿੰਦੀ ਹੈ। ਅੰਡਿਆਂ ਉਤੇ ਮੁਸਾਮਦਾਰ ਖੋਲ ਹੁੰਦਾ ਹੈ ਜਿਹੜਾ ਕਿ ਭਰੂਣ ਦੇ ਵਿਕਾਸ ਦੇ ਸਮੇਂ ਨਮੀ ਸੋਖ ਕੇ ਫੁਲ ਸਕਦਾ ਹੈ। ਸਿਰਫ਼ ਅੰਡੇ ਦੇਣ ਵਾਲੀਆਂ ਗੈਕੋ ਕਿਰਲੀਆਂ ਦੇ ਅੰਡਿਆਂ ਦਾ ਖੋਲ ਸਖ਼ਤ ਹੁੰਦਾ ਹੈ ਅਤੇ ਉਸ ਦੀ ਬਣਤਰ ਅਤੇ ਆਕਾਰ ਵਿਚ ਕੋਈ ਤਬਦੀਲੀ ਨਹੀਂ ਹੁੰਦੀ।

          ਕਈ ਕਿਰਲੀਆਂ ਬੱਚੇ ਦਿੰਦੀਆਂ ਹਨ। ਸਕਿੰਕਡੀ ਕੁਲ ਦੀਆਂ ਇਕ ਤਿਹਾਈ ਜਾਤੀਆਂ ਅਤੇ ਕਈ ਹੋਰ ਕੁਲਾਂ ਦੀਆਂ ਉਹ ਜਾਤੀਆਂ ਹਨ। ਨਿਊਜ਼ੀਲੈਂਡ ਵਿਚ ਮਿਲਣ ਵਾਲੀਆਂ ਗੈੱਕੋ ਕਿਰਲੀਆਂ ਬੱਚੇ ਦਿੰਦੀਆਂ ਹਨ, ਜਦੋਂ ਕਿ ਬਾਕੀ ਦੀਆਂ ਸਾਰੀਆਂ ਗੈੱਕੋ ਅੰਡੇ ਦੇਣ ਵਾਲੀਆਂ ਹਨ। ਬੱਚੇ ਦੇਣ ਵਾਲੀਆਂ ਕਿਸਮਾਂ ਵੀ ਦੋ ਤਰ੍ਹਾਂ ਦੀਆਂ ਹਨ––ਇਕ ਅੰਡ-ਬੱਚ ਉਤਪਾਦਕ, ਜਿਹੜੀਆਂ ਅੰਡੇ ਨੂੰ ਅੰਡ-ਨਿਕਾਸ ਵਹਿਣੀ ਵਿਚ ਰਖਦੀਆਂ ਹਨ ਪਰ ਉਸ ਉਤੇ ਕੋਈ ਨਿਸ਼ਚਿਤ ਖੋਲ ਨਹੀਂ ਹੁੰਦਾ। ਦੂਜੀਆਂ ਜੇਰਜ ਕਿਸਮਾਂ ਵਿਚ ਇਕ ਕੋਰੀਓ-ਐਲੈਟਟਾੱਇਕ ਔਲ ਹੁੰਦੀ ਹੈ।

          ਬਹੁਤੀਆਂ ਕਿਰਲੀਆਂ ਵਿਚ ਨਰ ਅਤੇ ਮਾਦਾ ਦੀ ਸੰਖਿਆ ਤਕਰੀਬਨ ਬਰਾਬਰ ਹੁੰਦੀ ਹੈ। ਪਰ ਪਾਰਥੀਨੋਜੈਨਿਟਿਕ ਜਾਤੀਆਂ ਵਿਚ ਇਸ ਤੋਂ ਫ਼ਰਕ ਹੁੰਦੇ ਹਨ ਜਿਥੇ ਅਣਨਿਸ਼ੇਚਿਤ ਅੰਡਿਆਂ ਤੋਂ ਮਾਦਾ ਬੱਚੇ ਪੈਦਾ ਹੁੰਦੇ ਹਨ।

          ਕਿਰਲੀਆਂ ਅੰਡੇ ਦੇਣ ਤੋਂ ਬਾਅਦ ਉਨ੍ਹਾਂ ਵੱਲ ਬਹੁਤ ਘੱਟ ਧਿਆਨ ਦਿੰਦੀਆਂ ਹਨ। ਕਈ ਜਾਤੀਆਂ ਜ਼ਮੀਨ ਵਿਚ ਟੋਆ ਪੱਟ ਕੇ ਅੰਡੇ ਰਖਦੀਆਂ ਹਨ, ਕਈ ਉਨ੍ਹਾਂ ਨੂੰ ਪੱਤਿਆਂ ਵਗੈਰਾ ਨਾਲ ਢੱਕ ਦਿੰਦੀਆਂ ਹਨ, ਕੁਝ ਕਿਸਮਾਂ ਦਰਖਤਾਂ ਤੇ ਵਿਚ ਬਣੀਆਂ ਤ੍ਰੇੜਾਂ ਵਿਚ ਅੰਡੇ ਰਖਦੀਆਂ ਹਨ। ਸੰਯੁਕਤ ਰਾਜ ਦੀ ਇਕ ਕਿਸਮ ਯੂਮੈਸੀਜ਼ ਫੇਸ਼ੀਏਟਸ ਸਾਰੇ ਅੰਡੇ––ਸੇਣ ਸਮੇਂ (ਤਕਰੀਬਨ ਛੇ ਹਫਤੇ) ਤਕ ਅੰਡਿਆਂ ਦੇ ਕੋਲ ਰਹਿੰਦੀ ਹੈ, ਸਿਫਰ ਕਦੀ ਕਦਾਈਂ ਭੋਜਨ ਦੀ ਭਾਲ ਲਈ ਹੀ ਜਾਂਦੀ ਹੈ। ਇਹ ਬਾਕਾਇਦਾ ਅੰਡਿਆਂ ਨੂੰ ਉਲਟਾਂਦੀ ਰਹਿੰਦੀ ਹੈ। ਕਈ ਕਿਰਲੀਆਂ, ਖਾਸ ਤੌਰ ਤੇ ਕਈ ਗੈੱਕੋ ਕਿਸਮਾਂ ਵਿਚ ਬਹੁਤ ਸਾਰੀਆਂ ਮਾਦਾ ਇਕੱਠੀਆਂ ਇਕੋ ਥਾਂ ਤੇ ਅੰਡੇ ਰਖ ਦਿੰਦੀਆਂ ਹਨ। ਅੰਡੇ ਵਿਚੋਂ ਨਿਕਲੇ ਬੱਚੇ ਬਾਲਗ਼ ਵਰਗੇ ਹੁੰਦੇ ਹਨ। ਇਹ ਕਿਸੇ ਲਾਰਵਾ ਅਵਸਥਾ ਜਾਂ ਬਾਲਗ਼ ਉੱਤੇ ਨਿਰਭਰਤਾ ਦੀ ਹਾਲਤ ਵਿਚੋਂ ਨਹੀਂ ਲੰਘਦੇ।

          ਕਈ ਛੋਟੀਆਂ ਕਿਰਲੀਆਂ ਬਹੁਤ ਜਲਦੀ ਪ੍ਰੌੜ੍ਹ ਹੋ ਜਾਂਦੀਆਂ ਹਨ। ਪੱਛਮੀ ਉੱਤਰੀ-ਅਮਰੀਕਾ ਦੀ ਯੂਟਾ ਪ੍ਰਜਾਤੀ ਦੀ ਇਗਵਾਨਿਡ ਕਿਰਲੀ ਵਿਚ ਜੁਲਾਈ ਦੇ ਮਹੀਨੇ ਅੰਡਿਆਂ ਵਿਚੋਂ ਬੱਚੇ ਨਿਕਲ ਕੇ, ਪਤਝੜ ਵਿਚ ਪ੍ਰੌੜ੍ਹ ਹੋ ਜਾਂਦੇ ਹਨ। ਇਸ ਸਮੇਂ ਨਰ ਪ੍ਰਾਣੀਆਂ ਵਿਚ ਸ਼ੁਕ੍ਰਾਣੂ-ਉਤਪਤੀ ਹੁੰਦੀ ਹੈ ਤੇ ਉਹ ਮੈਥੁਨ ਕਿਰਿਆ ਕਰਦੇ ਹਨ। ਮਾਦਾ ਬਹੁਤ ਸਾਰੀ ਮਾਤਰਾ ਵਿਚ ਚਰਬੀ ਇਕੱਠੀ ਕਰਦੀਆਂ ਹਨ ਅਤੇ ਉਸਨੂੰ ਉਹ ਆਉਂਦੀ ਬਸੰਤ ਰੁੱਤ ਵਿਚ ਅੰਡੇ ਦੇਣ ਲਈ ਵਰਤਦੀਆਂ ਹਨ। ਇਹ ਕਿਰਲੀਆਂ ਹਰ ਸਾਲ 90% ਸ਼ਿਕਾਰਖੋਰਾਂ ਜਾਂ ਵਾਤਾਵਰਨ ਦੀਆਂ ਤਬਦੀਲੀਆਂ ਕਰਕੇ ਖ਼ਤਮ ਹੋ ਜਾਂਦੀਆਂ ਹਨ। ਵੱਡੀਆਂ ਕਿਰਲੀਆਂ ਵਿਚ ਲਿੰਗੀ ਪ੍ਰੌੜ੍ਹਤਾ ਕਈ ਸਾਲਾਂ ਵਿਚ ਆਉਂਦੀ ਹੈ ਅਤੇ ਇਹ ਕਈ ਸਾਲ ਜਿਉਂਦੀਆਂ ਰਹਿੰਦੀਆਂ ਹਨ।

          ਈਕਾੱਲੋਜੀ (ਪਰਿਸਥਿਤੀ-ਵਿਗਿਆਨ)–––– ਕਿਰਲੀਆਂ ਅਸਮਤਾਪੀ ਪ੍ਰਾਣੀ ਹਨ ਅਤੇ ਵਾਤਾਵਰਨ ਦੇ ਸਾਰੇ ਤਾਪਮਾਨਾਂ ਦੇ ਇਹ ਕੰਮ ਨਹੀਂ ਕਰ ਸਕਦੀਆਂ। ਬਹੁਤੀਆਂ ਜਾਤੀਆਂ ਇਕ ਖ਼ਾਸ ਸਰੀਰਕ ਤਾਪਮਾਨ ਭਾਲਦੀਆਂ ਹਨ, ਜਿਸ ਨੂੰ ‘ਤਰਜੀਹੀ ਤਾਪਮਾਨ’ ਕਿਹਾ ਜਾਂਦਾ ਹੈ। ਇਹ ਤਾਪਮਾਨ ਤਕਰੀਬਨ 28º ਤੋਂ 38º ਸੈਂ ਦੇ ਵਿਚਕਾਰ ਹੁੰਦਾ ਹੈ। ਇਸ ਲਈ ਬਹੁਤੀਆਂ ਦਿਨਚਰ ਕਿਰਲੀਆਂ ਧੁੱਪ ਵਿਚ ਬੈਠ ਕੇ ਆਪਣੇ ਸਰੀਰ ਨੂੰ ਗਰਮ ਕਰਕੇ ਇਹ ਤਾਪਮਾਨ ਹਾਸਲ ਕਰਦੀਆਂ ਹਨ।

          ਸਾਰੀਆਂ ਕਿਰਲੀਆਂ ਯੂਰਿਕ ਐਸਿਡ ਬਾਹਰ ਕਢਦੀਆਂ ਹਨ। ਇਸ ਲਈ ਨਾਈਟ੍ਰੋਜੀਨਸ ਮਲ-ਮੂਤਰ ਨੂੰ ਕਢਣ ਵਾਸਤੇ ਇਨ੍ਹਾਂ ਨੂੰ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ। ਕਈਆਂ ਕਿਰਲੀਆਂ ਵਿਚ ਖਣਿਜਾਂ ਤਿਆਰ ਕਰਨ ਲਈ ਨਮਕ ਵਾਲੀਆਂ ਗਲੈਂਡਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਦਿਨ ਦੀ ਲੰਬਾਈ ਅਤੇ ਵਰਖਾ ਦਾ ਵੀ ਕਿਰਲੀਆਂ ਦੀ ਜ਼ਿੰਦਗੀ ਉੱਪਰ ਪ੍ਰਭਾਵ ਪੈਂਦਾ ਹੈ।

          ਜਾਤੀਆਂ ਦਾ ਤੁਨਲਾਤਮਕ ਅਧਿਐਨ ਕਰਨ ਲਈ ਕਿਰਲੀਆਂ ਮਹੱਤਵਪੂਰਨ ਪ੍ਰਾਣੀ ਹਨ। ਕੁਝ ਕੈਰਿਬੀਐਨ ਟਾਪੂਆਂ ਉਤੇ ਅਨੋਲਿਸ ਦੀਆਂ ਲਗਭਗ 10 ਜਾਤੀਆਂ, ਇਕ ਖਾਸ ਨਿਸ਼ਚਿਤ ਥਾਂ ਉਤੇ ਰਹਿ ਸਕਦੀਆਂ ਹਨ। ਇਹ ਜਾਤੀਆਂ ਵਖ ਵਖ ਆਕਾਰਾਂ ਦੀਆਂ ਅਤੇ ਵੱਖ ਵੱਖ ਤਰ੍ਹਾਂ ਦੇ ਸ਼ਿਕਾਰ ਤੇ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਕੋਈ ਦਰਖ਼ਤਾਂ ਦੇ ਪੱਤਿਆਂ ਤੇ ਕੁਝ ਤਣਿਆਂ ਤੇ, ਕੁਝ ਘਾਹ ਵਿਚ, ਕੁਝ ਤੇਜ਼ ਤੇ ਕੁਝ ਮੱਧਮ ਧੁੱਪ ਵਿਚ ਤੇ ਕਈ ਛਾਂ ਵਿਚ ਰਹਿਣਾ ਪਸੰਦ ਕਰਦੀਆਂ ਹਨ। ਇਸ ਲਈ ਹਰ ਇਕ ਦਾ ਅਪਣਾ ਵਖਰਾ ਉਪ-ਨਿਵਾਸ-ਸਥਾਨ ਹੁੰਦਾ ਹੈ।

                             ਸਰੀਰਕ ਬਣਤਰ ਅਤੇ ਕੰਮ

          ਖੋਪਰੀ ਅਤੇ ਜਬਾੜ੍ਹੇ––ਖੋਪਰੀ ਪੁਰਾਤਨ ਡਾਈਐਪਸਿਡ ਕਿਸਮ ਤੋਂ ਵਿਕਸਿਤ ਹੋਈ ਹੈ, ਪਰ ਇਸ ਵਿਚ ਇਕ ਕੁਆਡ੍ਰੇਟ ਹੱਡੀ ਤਕ ਪਹੁੰਚਦੀ ਹੇਠਲੀ ਬਾਰ ਨਹੀਂ ਹੁੰਦੀ, ਜਿਸ ਕਰਕੇ ਜਬਾੜ੍ਹੇ ਜ਼ਿਆਦਾ ਲਚਕਦਾਰ ਹੁੰਦੇ ਹਨ। ਕਈ ਕਿਸਮਾਂ ਵਿਚ ਉਪਰਲੀ ਅਤੇ ਹੇਠਲੀ ਟੈਂਪੋਰਲ ਬਾਰ ਨਹੀਂ ਹੁੰਦੀ। ਕਈ ਕਿਰਲੀਆਂ ਵਿਚ ਬ੍ਰੇਨਕੇਸ ਦਾ ਅਗਲਾ ਹਿੱਸਾ ਪਤਲੀ ਕਾਰਟੀਲੇਜ ਅਤੇ ਝਿੱਲੀ ਦਾ ਬਣਿਆ ਹੁੰਦਾ ਹੈ। ਅੱਖਾਂ ਇਕ ਪਤਲੀ ਪੜ੍ਹਵੀਂ ਇੰਟਰਆੱਰਬਿਟਲ ਸੈਪਟਮ ਰਾਹੀਂ ਵਖ ਹੋਈਆਂ ਹੁੰਦੀਆਂ ਹਨ। ਖੁੱਡਾਂ ਵਿਚ ਰਹਿਣ ਵਾਲੀਆਂ ਕਿਸਮਾਂ ਵਿਚ ਅੱਖਾਂ ਅਵਿਕਸਿਤ ਹੋਣ ਕਰਕੇ, ਇਹ ਸੈਪਟਮ ਵੀ ਖਤਮ ਹੋ ਜਾਂਦੀ ਹੈ ਜਿਸ ਕਰਕੇ ਖੋਪਰੀ ਪੁਖਤਾ ਬਣੀ ਹੁੰਦੀ ਹੈ। ਬਹੁਤੀਆਂ ਕਿਸਮਾਂ ਵਿਚ ਉਪਰਾਲਾ ਜਬਾੜ੍ਹਾ ਬਾਕੀ ਕ੍ਰੇਨੀਅਮ ਦੀ ਨਿਸਬਤ ਹਿੱਲ ਸਕਦਾ ਹੈ। ਖੋਪਰੀ ਦਾ ਅਗਲਾ ਹਿੱਸਾ ਕਾਰਟੀਲੇਜ ਦਾ ਹੋਣ ਕਰਕੇ ਇਹ ਪਿਛਲੇ ਹਿੱਸੇ ਦੀ ਉੱਤੇ ਇਕ ਉਪ-ਅੰਗ ਦੀ ਤਰ੍ਹਾਂ ਹਿਲ-ਜੁਲ ਸਕਦਾ ਹੈ। ਇਸ ਨਾਲ ਜਬਾੜ੍ਹਿਆਂ ਦਾ ਪਾੜ ਵਧ ਜਾਂਦਾ ਹੈ।

          ਦੰਦ––ਬਹੁਤੀਆਂ ਕਿਰਲੀਆਂ ਕੀੜੇ-ਮਕੌੜੇ ਖਾਂਦੀਆਂ ਹਨ ਅਤੇ ਉਨ੍ਹਾਂ ਦੇ ਦੰਦ ਤਿੱਖੇ, ਤਿੰਨ ਨੋਕੇ ਕਿਸਮ ਦੇ ਹੁੰਦੇ ਹਨ। ਬਨਸਪਤੀ-ਆਹਾਰੀ ਕਿਸਮਾਂ ਦੇ ਦੰਦ ਚੌੜੇ ਹੋ ਕੇ ਪੱਤੇ ਵਰਗੇ ਬਣੇ ਹੁੰਦੇ ਹਨ, ਜਿਨ੍ਹਾਂ ਦੇ ਕਿਨਾਰੇ ਦੰਦੇਦਾਰ ਹੁੰਦੇ ਹਨ। ਕਈ ਸ਼ਿਕਾਰ ਖੋਰ ਕਿਸਮਾਂ ਦੇ ਦੰਦ ਨੋਕੀਲੇ ਅਤੇ ਥੋੜ੍ਹੇ ਜਿਹੇ ਮੁੜੇ ਹੋਏ ਹੁੰਦੇ ਹਨ। ਮੌਲਸਕ ਅਤੇ ਕ੍ਰਸ਼ਟੇਸ਼ੀਅਨ ਖਾਣ ਵਾਲੀਆਂ ਕਿਸਮਾਂ ਦੇ ਜਬਾੜ੍ਹਿਆ ਦੇ ਪਿਛਲੇ ਹਿੱਸਿਆਂ ਦੇ ਦੰਦ ਗੋਲ ਹੁੰਦੇ ਹਨ ਜਿਹੜੇ ਚਿੱਥਣ ਵਿਚ ਸਹਾਇਤਾ ਕਰਦੇ ਹਨ। ਜ਼ਹਿਰੀਲੀ ਕਿਰਲੀ ਦੇ ਹਰ ਮੈਂਡੀਬੁਲਰ ਦੰਦ ਦੇ ਅੰਦਰਲੇ ਪਾਸੇ ਇਕ ਲੰਮੀ ਝਰੀ ਜਾਂ ਵਲੇਟ ਹੁੰਦੀ ਹੈ, ਜਿਸ ਰਾਹੀਂ ਜ਼ਹਿਰ ਪਹੁੰਚਦੀ ਹੈ। ਭਰੂਣ ਵਿਚ ਪ੍ਰੀਮੈਕਸਿਲਾ ਉੱਤੇ ਇਕ ਅੰਡਾ-ਦੰਦ ਵਿਕਸਿਤ ਹੋ ਕੇ ਥੂਥਨੀ ਤੋਂ ਬਾਹਰ ਤਕ ਨਿਕਲ ਆਉਂਦਾ ਹੈ। ਇਹ ਖੋਲ ਨੂੰ ਤੋੜਨ ਵਿਚ ਸਹਾਇਤਾ ਕਰਦਾ ਹੈ ਅਤੇ ਅੰਡੇ ਵਿਚੋਂ ਬੱਚਾ ਨਿਕਲਣ ਤੋਂ ਬਾਅਦ ਲੁਪਤ ਹੋ ਜਾਂਦਾ ਹੈ।

          ਚਾਲ ਅਤੇ ਅੰਗ ਅਨੁਕੂਲਣ ––––––– ਬਹੁਤੀਆਂ ਕਿਰਲੀਆਂ ਦੀਆਂ ਚਾਰ ਲੱਤਾਂ ਹੁੰਦੀਆਂ ਹਨ ਅਤੇ ਉਹ ਬੜੀ ਤੇਜ਼ ਦੌੜ ਸਕਦੀਆਂ ਹਨ। ਜਿਨ੍ਹਾਂ ਕਿਰਲੀਆਂ ਦੀਆਂ ਲੱਤਾਂ ਨਹੀਂ ਹੁੰਦੀਆਂ ਉਹ ਸਰੀਰ ਦੇ ਹੇਠਲੇ ਹਿੱਸਿਆਂ ਦੀਆਂ ਲਹਿਰਦਾਰ ਹਰਕਤਾਂ ਰਾਹੀਂ ਤੁਰਦੀਆਂ ਹਨ। ਇਨ੍ਹਾਂ ਦੀ ਪੂਛ ਬਹੁਤ ਲੰਮੀ ਹੁੰਦੀ ਹੈ। ਖੁੱਡ ਵਾਸੀ ਕਿਸਮਾਂ ਦੀ ਪੂਛ ਬਹੁਤ ਹੀ ਛੋਟੀ ਹੁੰਦੀ ਹੈ ਅਤੇ ਉਹ ਸਿਰ ਦੀ ਸਹਾਇਤਾ ਨਾਲ ਖੁੱਡ ਪੁਟਦੀਆਂ ਹਨ।
          ਕਿਰਲੀਆਂ ਦੀਆਂ ਉਂਗਲਾਂ ਵਿਚ ਵੀ ਕਈ ਫ਼ਰਕ ਮਿਲਦੇ ਹਨ। ਕਈ ਗੈੱਕੋ ਇਗਵਾਨਿਡ ਅਤੇ ਲੈਸਰਟਿਡ ਕਿਰਲੀਆਂ ਦੀਆਂ ਮਾਰੂਥਲੀ ਕਿਸਮਾਂ ਦੀਆਂ ਉਂਗਲਾਂ ਉੱਤੇ ਝਾਲਰ ਹੁੰਦੀ ਹੈ, ਇਸ ਕਰਕੇ ਉਨ੍ਹਾਂ ਦਾ ਸਤ੍ਹਈ ਖੇਤਰਫਲ ਵਧ ਜਾਂਦਾ ਹੈ ਅਤੇ ਪੈਰ ਰੇਤ ਵਿਚ ਜ਼ਿਆਦਾ ਨਹੀਂ ਧੱਸਦੇ। ਦਰਖ਼ਤਾਂ ਤੇ ਰਹਿਣ ਵਾਲੀਆਂ ਗੈੱਕੋ ਅਤੇ ਅਨੋਲਿਸ ਕਿਰਲੀਆਂ ਦੀਆਂ ਉਂਗਲਾਂ ਦੇ ਹੇਠਲੇ ਪਾਸੇ ਲਮੈਲੀ (ਸੂਖ਼ਮ ਪਲੇਟਾਂ) ਹੁੰਦੀਆਂ ਹਨ। ਇਹ ਉਨ੍ਹਾਂ ਦੀ ਚਿਪਕਣ ਦੀ ਯੋਗਤਾ ਨੂੰ ਵਧਾਉਂਦੀਆਂ ਹਨ।

          ਗਿਰਗਿਟਾਂ ਦੇ ਹਰ ਪੈਰ ਦੀਆਂ ਉਂਗਲਾਂ ਚੰਮ-ਝਿਲੀ ਰਾਹੀਂ ਦੋ ਗਰੁੱਪਾਂ ਵਿਚ ਵੰਡੀਆਂ ਹੁੰਦੀਆਂ ਹਨ। ਪਿਛਲੇ ਪੈਰ ਦੀਆਂ ਤਿੰਨ ਉਂਗਲਾਂ ਬਾਹਰਲੇ ਪਾਸੇ ਅਤੇ ਦੋ ਅੰਦਰਲੇ ਪਾਸੇ ਹੁੰਦੀਆਂ ਹਨ । ਅਗਲੇ ਪੈਰ ਵਿਚ ਇਸ ਤੋਂ ਉਲਟ ਹੁੰਦਾ ਹੈ। ਇਸ ਤੋਂ ਇਲਾਵਾ ਕਈ ਕਿਰਲੀਆਂ ਦੀ ਪੂਛ ਵੀ ਟਹਿਣੀਆਂ ਨੂੰ ਪਕੜਣ ਵਿਚ ਮਦਦ ਕਰਦੀ ਹੈ।

          ਕਈ ਸਥੱਲੀ ਇਗਵਾਨਿਡ ਅਤੇ ਅਗੈਮਿਡ ਕਿਰਲੀਆਂ ਦੋ ਲੱਤਾਂ ਰਾਹੀਂ ਦੌੜ ਸਕਦੀਆਂ ਹਨ। ਇਸ ਸਮੇਂ ਉਨ੍ਹਾਂ ਦੀ ਪੂਛ ਪਿਛੇ ਅਤੇ ਉਪਰ ਵਲ ਹੋਈ ਹੁੰਦੀ ਹੈ ਅਤੇ ਸੰਤੁਲਨ ਰਖਦੀ ਹੈ।

          ਕਈ ਕਿਰਲੀਆਂ ਹਵਾ ਵਿਚ ਛੋਟੀਆਂ ਉਡਾਰੀਆਂ ਲਾ ਸਕਦੀਆਂ ਹਨ। ਡਰੇਕੋ ਕਿਰਲੀਆਂ ਵਿਚ ਇਸ ਮੰਤਵ ਲਈ ਪਾਸਿਆਂ ਵੱਲ ਚਮੜੀ ਦੇ ਫੈਲਾਅ ਹੁੰਦੇ ਹਨ ਜਿਸਨੂੰ ਲੰਮੀਆਂ ਪਸਲੀਆਂ ਸਹਾਰਾ ਦਿੰਦੀਆਂ ਹਨ।

          ਚਮੜੀ ਅਤੇ ਰੰਗ ਬਦਲੀ–– ਨਾਸਾਂ, ਮੂੰਹ, ਅੱਖਾਂ ਅਤੇ ਮਲ-ਚੈਂਬਰ ਦੇ ਛੇਕਾਂ ਨੂੰ ਛਡ ਕੇ ਬਾਕੀ ਸਾਰਾ ਸਰੀਰ ਸਕੇਲਾਂ ਰਾਹੀਂ ਢੱਕਿਆਂ ਹੁੰਦਾ ਹੈ, ਜਿਹੜੇ ਕਿ ਵਖ ਵਖ ਜਾਤੀਆਂ ਅਤੇ ਸਰੀਰ ਦੇ ਵਖ ਵਖ ਹਿੱਸਿਆਂ ਉਤੇ ਵਖ ਵਖ ਕਿਸਮਾਂ ਦੇ ਹੁੰਦੇ ਹਨ। ਕਈ ਕਿਰਲੀਆਂ ਵਿਚ ਇਨ੍ਹਾਂ ਸਕੇਲਾਂ ਦੇ ਹੇਨ੍ਹਾਂ ਅਤੇ ਸਿਰ ਦੇ ਹੇਨ੍ਹਾਂ ਹੱਡਲ ਪਲੇਟਾਂ ਹੁੰਦੀਆਂ ਹਨ। ਸਕੇਲਾਂ ਦੇ ਬਾਹਰਲੇ ਹਿੱਸੇ ਮਰੇ ਹੋਏ ਹਾੱਰਨੀ ਟਿਸ਼ੂ ਦੇ ਬਣੇ ਹੁੰਦੇ ਹਨ। ਇਹ ਤਹਿ ਸਮੇਂ ਸਮੇਂ ਤੇ ਝੜਦੀ ਰਹਿੰਦੀ ਹੈ। ਕਈ ਕਿਰਲੀਆਂ ਵਿਚ ਸਕੇਲ, ਅੰਗ ਹੁੰਦੇ ਹਨ, ਜਿਨ੍ਹਾਂ ਵਿਚੋਂ ਕਰੜਾ-ਵਾਲ ਨਿਕਲਦਾ ਹੈ, ਜਿਹੜਾ ਕਿ ਸ਼ਾਇਦ ਛੋਹ ਨੂੰ ਮਹਿਸੂਸ ਕਰਦਾ ਹੈ।

          ਕਈ ਕਿਰਲੀਆਂ ਆਪਣਾ ਰੰਗ ਵੀ ਬਦਲ ਸਕਦੀਆਂ ਹਨ। ਗਿਰਗਿਟ ਅਤੇ ਅਨੋਲਿਸ ਇਸ ਦੀਆਂ ਉਦਾਹਰਨਾ ਹਨ। ਇਹ ਗੂੜ੍ਹੇ ਹਰੇ ਤੋਂ ਗਹਿਰਾ, ਚਾਕਲੇਟ-ਭੂਰਾ ਆਦਿ ਰੰਗ ਬਦਲ ਸਕਦੀਆਂ ਹਨ ਅਤੇ ਇਨ੍ਹਾਂ ਉੱਤੇ ਕਈ ਲਾਈਨਾਂ ਵਾਲੇ ਡਿਜ਼ਾਈਨ ਬਣ ਕੇ ਲੁਪਤ ਹੋ ਸਕਦੇ ਹਨ। ਇਨ੍ਹਾਂ ਵਿਚਲੇ ਰੰਗਤ ਬਦਲਣ ਵਾਲੇ ਸੈੱਲਾਂ ਨੂੰ ਮੈਲਾਨਾਫੋਰ ਕਹਿੰਦੇ ਹਨ। ਇਨ੍ਹਾਂ ਸੈੱਲਾਂ ਵਿਚ ਪਿਗਮੈਂਟ ਕਣ ਇਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਹਨ। ਜਦੋਂ ਇਹ ਕਣ ਇਕੱਠੇ ਹੋਏ ਹੋਣ ਤਾਂ ਹਲਕਾ ਰੰਗ ਅਤੇ ਜਦੋਂ ਖਿੰਡੇ ਹੋਏ ਹੋਣ ਤਾਂ ਗੂੜ੍ਹਾ ਰੰਗ ਦਿਸਦਾ ਹੈ। ਰੰਗ ਬਦਲਣ ਦਾ ਮਕੈਨਿਜ਼ਮ ਹਾੱਰਮੋਨਾਂ, ਤਾਪਮਾਨ ਅਤੇ ਨਾੜੀ ਸਿਸਟਮ ਰਾਹੀਂ ਕੰਟਰੋਲ ਹੁੰਦਾ ਹੈ।

          ਪਥਾਰਟ ਰਿਕਾਰਡ–– ਸਭ ਤੋਂ ਪਹਿਲੇ ਲੈਪਿਡੋਸਾੱਰਿਅਨ ਪਰਮੀਅਨ (ਤਕਰੀਬਨ 230,000,000 ਸਾਲ ਪਹਿਲਾਂ ) ਯੁਗ ਦੇ ਮਿਲਦੇ ਹਨ। ਇਹ ਕਿਰਲੀਆਂ ਦੈ ਪੂਰਵਜ ਮੰਨੇ ਜਾਂਦੇ ਹਨ। ਅਜ ਕੱਲ੍ਹ ਦੀਆਂ ਕਿਰਲੀਆਂ ਪੂਰਵਜ ਕਿਸਮਾਂ ਨਾਲੋਂ ਪਿੰਜਰ ਦੇ ਕਈ ਲੱਛਣਾਂ ਕਾਰਨ ਵਖਰੀਆਂ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਫ਼ਰਕ ਖੋਪਰੀ ਦੇ ਉਪਰਲੇ ਟੈਂਪੋਰਲ ਅਤੇ ਕੁਆਡ੍ਰੇਟ ਹਿੱਸਿਆਂ ਦੀ ਬਣਤਰ ਵਿਚ ਹੈ। ਅਸਲੀ ਕਿਰਲੀਆਂ ਦੇ ਸਭ ਤੋਂ ਪੁਰਾਣੇ ਪਥਰਾਟ ਟ੍ਰਾਈਐਸਿਕ (200,000,000 ਸਾਲ ਪਹਿਲਾਂ) ਦੇ ਮਿਲਦੇ ਹਨ। ਇਹ ਕਿਸਮਾਂ ਪੁਰਾਤਨ ਨਹੀਂ ਸਗੋਂ ਜ਼ਿਆਦਾ ਵਿਸ਼ਿਸ਼ਟ ਸਨ। ਇਨ੍ਹਾਂ ਦੀਆਂ ਪਸਲੀਆਂ ਬਾਹਰ ਵਲ ਫੈਲ ਕੇ ਉਡਣ ਵਿਚ ਸਹਾਇਤਾ ਕਰਦੀਆਂ ਹਨ। ਬੁਹਤੀਆਂ ਅਜੋਕੀਆਂ ਕਿਰਲੀਆਂ ਦੀਆਂ ਕਲਾਂ ਦੇ ਨੁਮਾਇੰਦੇ ਕ੍ਰਿਟੇਸ਼ਸ਼ ਜਮਾਉੱਆਂ (136,000,000 ਤੋਂ 65,000,000 ਸਾਲ ਪਹਿਲਾਂ) ਵਿਚੋਂ ਮਿਲੇ ਹਨ ਅਤੇ ਅਜੋਕੀਆਂ ਪ੍ਰਜਾਤੀਆਂ ਦੇ ਨੁਮਾਇੰਦੇ, ਜਿਨ੍ਹਾਂ ਨੂੰ ਕਿ ਜਿਉਂਦੀਆਂ ਕਿਸਮਾਂ ਤੋਂ ਵੱਖ ਕਰਨਾ ਮੁਸ਼ਕਿਲ ਹੈ, ਆੱਲੀਗੋਸੀਨ (38,000,000 ਤੋਂ 26,000,000 ਸਾਲ ਪਹਿਲਾਂ) ਤੋਂ ਮਿਲਦੀਆਂ ਹਨ।

                                                                      ਉਪ ਵਰਗ ਸੌਰੀਆ

            ਐਸਕੈੱਲਬੋਡਾ                                                                                                                             ਓਟਾਰਕੋਗਲਾਸਾ

                   ਸੁਪਰ-ਕੁਲ                                                                                                                            ਸੁਪਰ-ਕੁਲ                                                                                     

ਗੈਕਨਾੱਇਡੀਆ   ਇਗਵਾਨਾਇਡੀਆ               ਰਿਪਟੋਗਲਾਸਾਇਡੀਆ                                                                  ਸਿੰਕਮਾੱਰਫਾਇਡੀਆ             ਐਮੁਨੋਮਾੱਰਫਾਇਡੀਆ                      

                 ਕੁਲ                                                                                                                         ਕੁਲ                         ਕੁਲ                                                                         

         1.  ਗੈੱਕਾਨਡੀ                                                                                                                 1. ਸਕਿੰਕਡੀ              1. ਐਂਗਵਡੀ         

        2.  ਪਾਈਗਾਪਡਿਡੀ                                                                                                             2. ਕਾੱਡਿਲਡੀ          2.ਐਨੀਅੱਲਡੀ

        3. ਡਿਬਾਮਿਡੀ                                                                                                                     3. ਲੈਸਰਟਿਡੀ       3. ਜੈੱਨਸੌਰਡੀ                                                                                                       

        4. ਅਨਿਲੀਟ੍ਰਾੱਪਸਿਡੀ                                                                                                             4. ਟੀਅਡੀ         4.  ਹੀਲੋਡਰਮੈਡਡੀ

        5. ਇਗਵਾਨਡੀ                                                                                                                                          5. ਵਰੈਨਡੀ

         6. ਅਗੈਮਡੀ                                                                                                                                            6. ਲੈੱਨਥੈਨੋਡਡੀ

        7. ਕਾਮੀਲੀਅਨਟਡੀ                                                                                                                                     7. ਜ਼ੈਂਟਸਾਈਅਡੀ

                    ਆਰਥਿਕ ਮਹੱਤਤ–––ਕਈ ਵੱਡੀਆਂ ਜਾਤੀਆਂ ਦੀਆਂ ਕਿਰਲੀਆਂ (ਇਗਵਾਨਾ) ਖਾਧੀਆਂ ਜਾਂਦੀਆਂ ਹਨ। ਕਈਆਂ ਤੋਂ ਚਮੜਾ ਪ੍ਰਾਪਤ ਹੁੰਦਾ ਹੈ। ਕਈ ਸ਼ਿਕਾਰੀ ਕਿਸਮਾਂ ਨੂੰ ਮੁਰਗ਼ੀ ਖਾਨਿਆਂ ਤੇ ਪਾਲਿਆਂ ਜਾਂਦਾ ਹੈ, ਕਿਉਂਕਿ ਇਹ ਕੀੜੇ-ਮਕੌੜੇ ਆਦਿ ਖਾਂਦੀਆਂ ਹਨ। ਗੈੱਕੋ ਵਰਗੀਆਂ ਛੋਟੀਆਂ ਕਿਸਮਾਂ ਘਰਾਂ ਦੇ ਨੇੜੇ ਤੇੜੇ ਰਹਿੰਦੀਆਂ ਹਨ ਤੇ ਕੀੜੇ-ਮਕੌੜਿਆਂ ਨੂੰ ਖ਼ਤਮ ਕਰਦੀਆਂ ਹਨ। ਸੰਯੁਕਤ ਰਾਜ ਅਤੇ ਮੈਕਸੀਕੋ ਵਿਚ ਇਕ ਜ਼ਹਿਰੀਲੀ ਜਾਤੀ ਮਿਲਦੀ ਹੈ, ਜਿਹੜੀ ਕਿ ਮਨੁੱਖ ਨੂੰ ਡੰਗ ਮਾਰਦੀ ਹੈ, ਪਰ ਇਸ ਨਾਲ ਬਹੁਤ ਹੀ ਘੱਟ ਘਾਤਕ ਸਿੱਟੇ ਨਿਕਲਦੇ ਹਨ। ਜੀਵ-ਵਿਗਿਆਨਕ ਖੋਜਾਂ ਕਰਨ ਲਈ ਕਿਰਲੀਆਂ ਦੀ ਬਹੁਤ ਮਹੱਤਤਾ ਹੈ। ਕਈ ਤਰ੍ਹਾਂ ਨਾਲ ਜਾਣਨ ਕਿਰਿਆ ਕਰਨ ਅਤੇ ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰ ਸਕਣ ਦੀ ਸਮੱਰਥਾ ਰੱਖਣ ਕਰਕੇ ਇਨ੍ਹਾਂ ਨੂੰ ਤੁਲਨਾਤਮਕ ਫਿਜ਼ਿਆਲੌਜੀ ਦੇ ਅਧਿਐਨ ਲਈ ਵਰਤਿਆ ਜਾਂਦਾ ਹੈ। ਆਸਾਨੀ ਨਾਲ ਵੱਡੀ ਮਾਤਰਾ ਵਿਚ ਉਪਲੱਬਧ ਹੋਣ ਕਰਕੇ ਇਕਾਲੋਜਿਸਟ ਅਤੇ ਇਧਾਲੋਜਿਸਟ (ਪ੍ਰਾਣੀਆਂ ਦੇ ਵਿਹਾਰ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨੀ) ਇਨ੍ਹਾਂ ਦਾ ਬਹੁਤ ਅਧਿਐਨ ਕਰਦੇ ਹਨ। ਕਈ ਜਾਤੀਆਂ ਵਿਚ ਟੁੱਟੀ ਹੋਈ ਪੂਛ ਨੁੰ ਪੁਨਰ ਉਤਪੰਨ ਕਰ ਸਕਣ ਦੀ ਸਮੱਰਥਾ ਕਰਨ ਜੀਵ-ਵਿਗਿਆਨੀਆਂ ਲਈ ਇਹ ਦਿਲਚਸਪ ਅਧਿਐਨ ਪ੍ਰਦਾਨ ਕਰਦੀਆਂ ਹਨ।

                   ਹ. ਪੁ. –––ਐਨ. ਬ੍ਰਿ. ਮੈ. 16 :282


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.