ਕਿਰਿਆ ਵਿਸ਼ੇਸ਼ਣ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਿਰਿਆ ਵਿਸ਼ੇਸ਼ਣ: ਕਿਰਿਆ ਵਿਸ਼ੇਸ਼ਣ ਇਕ ਸ਼ਬਦ-ਸ਼ਰੇਣੀ ਹੈ। ਇਸ ਸ਼ਰੇਣੀ ਦੇ ਸ਼ਬਦਾਂ ਦੀ ਮਾਤਰਾ ਅਸੀਮਤ ਹੈ, ਇਸ ਲਈ ਇਨ੍ਹਾਂ ਸ਼ਬਦਾਂ ਨੂੰ ਅਸੀਮਤ ਜਾਂ ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ਵਿਚ ਰੱਖਿਆ ਜਾਂਦਾ ਹੈ। ਇਹ ਸ਼ਬਦ ਕਿਰਿਆ ਦੀ ਗਤੀਵਿਧੀ ਨੂੰ ਪਰਭਾਵਤ ਕਰਦੇ ਹਨ। ਵਾਕ ਵਿਚ ਵਿਚਰਨ ਦੇ ਪੱਖ ਤੋਂ ਇਨ੍ਹਾਂ ਸ਼ਬਦਾਂ ਦਾ ਭਾਵੇਂ ਕੋਈ ਨਿਸ਼ਚਤ ਸਥਾਨ ਨਹੀਂ ਪਰ ਆਮ ਤੌਰ ’ਤੇ ਕਿਰਿਆ ਤੋਂ ਪਹਿਲਾਂ ਵਿਚਰਦੇ ਹਨ, ਜਿਵੇਂ : ਉਹ ਸਵੇਰੇ ਗਿਆ, ਉਹ ਗਿਆ ਸਵੇਰੇ, ਸਵੇਰੇ ਉਹ ਗਿਆ। ਰੂਪ ਦੇ ਪੱਖ ਤੋਂ ਇਸ ਸ਼ਰੇਣੀ ਦੇ ਸ਼ਬਦ ਵਿਕਾਰੀ ਅਤੇ ਅਵਿਕਾਰੀ ਹੁੰਦੇ ਹਨ, ਜਿਵੇਂ: ਉਹ ਪੁੱਠਾ ਲਟਕ ਗਿਆ, ਉਹ ਪੁੱਠੀ ਲਟਕ ਗਈ। ਵਿਚ ‘ਪੁੱਠਾ’ ਅਤੇ ‘ਪੁੱਠੀ’ ਵਿਕਾਰੀ ਕਿਰਿਆ ਵਿਸ਼ੇਸ਼ਣ ਹਨ। ਦੂਜੇ ਪਾਸੇ, ਅੱਜ, ਕੱਲ੍ਹ, ਤੁਰੰਤ, ਘੱਟ, ਵੱਧ ਆਦਿ ਅਵਿਕਾਰੀ ਕਿਰਿਆ ਵਿਸ਼ੇਸ਼ਣ ਹਨ।

        ਅਰਥ ਦੀ ਦਰਿਸ਼ਟੀ ਤੋਂ ਇਸ ਸ਼ਰੇਣੀ ਦੇ ਸ਼ਬਦਾਂ ਨੂੰ ਸਮਾਂ-ਸੂਚਕ (ਅੱਜ, ਕੱਲ੍ਹ, ਤੜਕੇ, ਪਹਿਲਾਂ, ਪਿੱਛੋਂਂ ਆਦਿ ਇਹ ਸ਼ਬਦ ਵਾਕ ਦੇ ਕਾਲ ਅਤੇ ਸਮੇਂ ਦੇ ਸੂਚਕ ਵੀ ਹੁੰਦੇ ਹਨ) ਸਥਾਨ-ਸੂਚਕ (ਏਥੇ, ਉਥੇ, ਨੇੜੇ, ਕੋਲ, ਅੰਦਰ ਆਦਿ) ਵਿਧੀ ਵਾਚੀ (ਹੌਲੀ, ਜਲਦੀ, ਸਹਿਜੇ, ਇਸ ਤਰ੍ਹਾਂ ਆਦਿ) ਦਿਸ਼ਾ-ਸੂਚਕ (ਇਥੇ, ਉਥੇ, ਅੱਗੇ, ਪਿੱਛੇ, ਹੇਠਾਂ, ਉਪਰ ਆਦਿ) ਗਿਣਤੀ-ਸੂਚਕ ਕ੍ਰਮ-ਬੋਧਕ (ਪਹਿਲਾ, ਦੂਜਾ, ਫੇਰ, ਅਖੀਰ) ਗਿਣਤੀ-ਸੂਚਕ (ਇਕ ਵਾਰ, ਦੋ ਵਾਰ, ਬਹੁਤ ਵਾਰ ਆਦਿ) ਮਾਤਰਾ-ਬੋਧਕ (ਘੱਟ, ਵੱਧ, ਪੂਰਾ, ਊਣਾ ਆਦਿ) ਕਾਰਨ-ਬੋਧਕ (ਕਿਉਂ, ਕਿਸ ਲਈ ਆਦਿ) ਨਿਸ਼ਚੇ-ਬੋਧਕ (ਜ਼ਰੂਰ, ਸਚਮੁੱਚ, ਬਿਲਕੁਲ, ਅਵੱਸ਼, ਆਦਿ) ਵਿਚ ਵੰਡਿਆ ਜਾਂਦਾ ਹੈ। ਵਰਤੋਂ ਦੇ ਪੱਖ ਤੋਂ ਇਹ ਸ਼ਬਦ ਨਾਂਵ ਤੋਂ ਜਿਵੇਂ : ਤੜਕਾ-ਤੜਕੇ, ਸਵੇਰਾ-ਸਵੇਰੇ ਆਦਿ ਪੜਨਾਂਵ ਤੋਂ ਜਿਵੇਂ, ਕੁਝ ਪੜਨਾਂਵ ਅਜਿਹੇ ਹਨ ਜੋ ਵਾਕ ਵਿਚ ਕਿਰਿਆ ਵਿਸ਼ੇਸ਼ਣ ਦੀ ਥਾਂ ਤੇ ਵਿਚਰਦੇ ਹਨ। ਇਨ੍ਹਾਂ ਪੜਨਾਵਾਂ ਦੀ ਇਕ ਪੂਰੀ ਰੂਪਾਵਲੀ ਬਣਦੀ ਹੈ। ਜਿਵੇਂ : ਜਦੋਂ, ਕਦੋਂ, ਤਦੋਂ, ਉਦੋਂ\ਜਿਵੇਂ, ਕਿਵੇਂ, ਤਿਵੇਂ\ਏਵੇਂ, ਉਵੇਂ, ਕਿਦਾਂ\ਇਦਾਂ, ਉਦਾਂ ਆਦਿ ਇਨ੍ਹਾਂ ਵਿਚ ਕ੍ਰਮਵਾਰ ਪਹਿਲਾ ਸੰਯੋਜਕੀ, ਦੂਜਾ ਪ੍ਰਸ਼ਨ-ਵਾਚਕ ਤੀਜਾ ਸਹਿ-ਸਬੰਧਕੀ ਅਤੇ ਚੌਥਾ ਨਿਸ਼ਚਾ-ਵਾਚਕ ਪੜਨਾਂਵ ਹੈ।

         ਬਣਤਰ ਦੇ ਤੌਰ ਤੋਂ ਕਿਰਿਆ ਵਿਸ਼ੇਸ਼ਣ ਸ਼ਬਦਾਵਲੀ ਤਿੰਨ ਪਰਕਾਰ ਦੀ ਹੁੰਦੀ ਹੈ, ਜਿਵੇਂ : (i) ਸਧਾਰਨ, (ii) ਸੰਯੁਕਤ ਅਤੇ (iii) ਮਿਸ਼ਰਤ। ਵਾਕ ਬਣਤਰ ਵਿਚ ਸਧਾਰਨ ਕਿਰਿਆ ਵਿਸ਼ੇਸ਼ਣ ਇਕ ਸ਼ਬਦ ਰੂਪ ਵਜੋਂ ਵਿਚਰਦਾ ਹੈ, ਜਿਵੇਂ : ਉਹ ਦੂਰ ਰਹਿੰਦਾ ਹੈ, ਉਹ ਦੀ ਰਫਤਾਰ ਤੇਜ਼ ਹੈ। ਸੰਯੁਕਤ ਕਿਰਿਆ ਵਿਸ਼ੇਸ਼ਣਾਂ ਉਨ੍ਹਾਂ ਕਿਰਿਆ ਵਿਸ਼ੇਸ਼ਣਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਵਾਕ ਬਣਤਰ ਵਿਚ ਦੋ ਜਾਂ ਦੋ ਤੋਂ ਵੱਧ ਸ਼ਬਦ ਰੂਪਾਂ ਰਾਹੀਂ ਕਿਰਿਆ ਵਿਸ਼ੇਸ਼ਣ ਦਾ ਕਾਰਜ ਪੂਰਾ ਕਰਦੇ ਹਨ, ਜਿਵੇਂ : ਮੀਂਹ ਦੂਰ ਦੂਰ ਪਿਆ, ਉਹ ਤੇਜ਼ ਤੇਜ਼ ਗਿਆ। ਮਿਸ਼ਰਤ ਕਿਰਿਆ ਵਿਸ਼ੇਸ਼ਣਾਂ ਦੀ ਬਣਤਰ ਵਿਚ ਇਕ ਸ਼ਬਦ ਰੂਪ ਵਿਚਰਦਾ ਹੈ ਪਰੰਤੂ ਉਸ ਸ਼ਬਦ ਰੂਪ ਦੀ ਬਣਤਰ ਮਿਸ਼ਰਤ ਹੁੰਦੀ ਹੈ, ਜਿਵੇਂ: ‘ਅੰਦਰ’ ਸਧਾਰਨ ਕਿਰਿਆ ਵਿਸ਼ੇਸ਼ਣ ਹੈ ਅਤੇ ਅੰਦਰੋਅੰਦਰ+ਤੋਂ ਮਿਸ਼ਰਤ ਕਿਰਿਆ ਵਿਸ਼ੇਸ਼ਣ ਹੈ। ਕਾਰਜ ਦੇ ਪੱਖ ਤੋਂ ਕਿਰਿਆ ਵਿਸ਼ੇਸ਼ਣਾਂ ਨੂੰ ‘ਸੰਯੋਜਕ, ਵਿਯੋਜਕ ਅਤੇ ਯੋਜਕ’ ਵਿਚ ਵੰਡਿਆ ਜਾਂਦਾ ਹੈ। ਸੰਯੋਜਕ ਕਿਰਿਆ ਵਿਸ਼ੇਸ਼ਣ ਵਾਕ ਬਣਤਰ ਦੇ ਲਾਜ਼ਮੀ ਅੰਗ ਹੁੰਦੇ ਹਨ ਜਦੋਂ ਕਿ ਵਿਯੋਜਕ ਵਾਕ ਬਣਤਰ ਦੇ ਗੈਰ-ਲਾਜ਼ਮੀ ਅੰਗ ਦੇ ਤੌਰ ’ਤੇ ਵਿਚਰਦੇ ਹਨ ਜਿਵੇਂ : ‘ਉਹ ਬਾਹਰ ਬੈਠੇ ਰਹੇ’ ਵਿਚੋਂ ਕਿਸੇ ਇਕ ਜਾਂ ਦੋ ਰੂਪਾਂ ਨੂੰ ਲੋਪ ਕਰਨ ਨਾਲ ਵਾਕ ਦੀ ਸਾਰਥਕਤਾ ਪਰਭਾਵਤ ਹੁੰਦੀ ਹੈ ਪਰ ‘ਉਹ ਤੇਜ਼ ਤੁਰਦਾ ਹੈ’ ਵਿਚ ਇਸ ਪਰਕਾਰ ਨਹੀਂ ਵਾਪਰਦਾ। ਯੋਜਕ ਕਿਰਿਆ ਵਿਸ਼ੇਸ਼ਣ ਦੋ ਉਪਵਾਕਾਂ ਨੂੰ ਜੋੜਨ ਦਾ ਕਾਰਜ ਕਰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.