ਕਿਸਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸਾਨ [ਵਿਸ਼ੇ] ਖੇਤੀ ਕਰਨ ਵਾਲ਼ਾ, ਕਿਰਸਾਨ, ਵਾਹੀਵਾਨ, ਵਾਹਕ, ਕਾਸ਼ਤਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਸਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸਾਨ. ਦੇਖੋ, ਕਿਰਸਾਣ ਅਤੇ ਕ੍ਰਿਸਾਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਸਾਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਕਿਸਾਨ : ਕਿਸਾਨ ਨੂੰ ਕਿਰਸਾਨ ਵੀ ਕਿਹਾ ਜਾਂਦਾ ਹੈ। ਜੋ ਮਨੁੱਖ ਖੇਤੀ ਦਾ ਕੰਮ ਆਪਣੇ ਹੱਥੀਂ ਕਰਦਾ ਹੈ ਅਤੇ ਖੇਤੀ ਹੇਠ ਜ਼ਮੀਨ ਦੇ ਟੁਕੜੇ ਉੱਪਰ ਉਸ ਦਾ ਅਧਿਕਾਰ ਹੁੰਦਾ ਹੈ, ਉਸ ਨੂੰ ਕਿਸਾਨ ਜਾਂ ਕਿਰਸਾਨ ਕਿਹਾ ਜਾਂਦਾ ਹੈ। ਕਿਸਾਨ ਦਾ ਜ਼ਮੀਨ ਨਾਲ ਸਿੱਧਾ ਰਿਸ਼ਤਾ ਹੁੰਦਾ ਹੈ। ਕਿਸਾਨ ਜ਼ਮੀਨ ਉੱਪਰ ਖੇਤੀ ਕਰਦਾ ਹੈ, ਉਹ ਖੇਤੀ ਕਰਨ ਸਮੇਂ ਮੁੱਖ ਰੂਪ ਵਿੱਚ ਆਪਣੀ ਅਤੇ ਆਪਣੇ ਪਰਵਾਰ ਦੀ ਕਿਰਤ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਜਿਸ ਅਤੇ ਜਿੰਨੀ ਜ਼ਮੀਨ ਉੱਪਰ ਇਹ ਖੇਤੀ ਕਰਦਾ ਹੈ, ਉਸ ਨੂੰ ਕਿਸਾਨ ਪਰਵਾਰ ਦੇ ਫ਼ਾਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜ਼ਮੀਨ ਨਾਲ ਕਿਸਾਨ ਦਾ ਰਿਸ਼ਤਾ ਅਟੁੱਟ ਹੈ। ਜ਼ਮੀਨ ਤੋਂ ਬਗ਼ੈਰ ਕਿਸਾਨ ਨਹੀਂ ਰਹਿ ਸਕਦਾ। ਇਸ ਕਰਕੇ ਜਿਸ ਜ਼ਮੀਨ ਉੱਪਰ ਕਿਸਾਨ ਖੇਤੀ ਕਰਦਾ ਹੈ, ਉਸ ਉੱਪਰ ਉਸ ਦਾ ਅਧਿਕਾਰ ਹੁੰਦਾ ਹੈ। ਇਹ ਅਧਿਕਾਰ ਜ਼ਰੂਰੀ ਨਹੀਂ, ਜ਼ਮੀਨ ਦੀ ਮਾਲਕੀ ਦੇ ਰੂਪ ਵਿੱਚ ਹੀ ਹੋਵੇ। ਜ਼ਮੀਨ ਉੱਪਰ ਅਧਿਕਾਰ ਦੇ ਆਧਾਰ ਤੇ ਕਿਸਾਨਾਂ ਨੂੰ ਕਈ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਸਾਨ ਜਿਸ ਜ਼ਮੀਨ ਦੇ ਟੁਕੜੇ ਉੱਪਰ ਖੇਤੀ ਕਰਦਾ ਹੈ ਤੇ ਉਸ ਦਾ ਮਾਲਕ ਵੀ ਹੈ ਤਾਂ ਉਸ ਨੂੰ ਖ਼ੁਦ ਕਾਸ਼ਤਕਾਰ ਮਾਲਕ ਕਿਸਾਨ ਆਖਿਆ ਜਾਂਦਾ ਹੈ। ਕਈ ਵਾਰ ਕਿਸਾਨ ਪਾਸ ਆਪਣੀ ਜ਼ਮੀਨ ਨਹੀਂ ਹੁੰਦੀ, ਉਹ ਕਿਸੇ ਹੋਰ ਤੋਂ ਜ਼ਮੀਨ ਠੇਕੇ-ਭਾੜੇ ਤੇ ਲੈਂਦਾ ਹੈ। ਇਸ ਕਿਸਮ ਦੇ ਕਿਸਾਨ ਨੂੰ ਮੁਜ਼ਾਰਾ ਕਿਸਾਨ ਆਖਦੇ ਹਨ। ਕਈਆਂ ਕਿਸਾਨਾਂ ਕੋਲ ਆਪਣੀ ਜ਼ਮੀਨ ਥੋੜ੍ਹੀ ਹੁੰਦੀ ਹੈ, ਉਹ ਆਪਣੀ ਜ਼ਮੀਨ ਦੇ ਨਾਲ-ਨਾਲ ਦੂਜਿਆਂ ਤੋਂ ਵੀ ਕੁਝ ਜ਼ਮੀਨ ਠੇਕੇ-ਭਾੜੇ ਤੇ ਲੈ ਕੇ ਖੇਤੀ ਕਰਦੇ ਹਨ, ਇਹੋ ਜਿਹੇ ਕਿਸਾਨਾਂ ਨੂੰ ਮਾਲਕ-ਮੁਜ਼ਾਰੇ ਕਿਸਾਨ ਆਖਿਆ ਜਾਂਦਾ ਹੈ।

ਵਿਸ਼ੇਸ਼ ਰੂਪ ਵਿੱਚ ਭਾਵੇਂ ਕਿਸਾਨ ਖੇਤੀ ਦਾ ਸਾਰਾ ਕੰਮ ਆਪਣੀ ਪਰਵਾਰਿਕ ਕਿਰਤ ਨਾਲ ਹੀ ਕਰਦੇ ਹਨ ਪਰ ਜ਼ਿਆਦਾ ਕੰਮ ਸਮੇਂ ਭਾੜੇ ਦੇ ਮਜ਼ਦੂਰ ਵੀ ਕੰਮ ਤੇ ਲਗਾ ਲੈਂਦੇ ਹਨ। ਭਾੜੇ ਦੇ ਮਜ਼ਦੂਰ ਕਿਸਾਨ ਦੀ ਪਰਵਾਰਿਕ ਕਿਰਤ ਦੇ ਬਦਲ ਵਿੱਚ ਨਹੀਂ ਸਗੋਂ ਪੂਰਕ ਦੇ ਤੌਰ ’ਤੇ ਹੀ ਲਗਦੇ ਹਨ। ਇਸ ਕਰਕੇ ਕਿਸੇ ਕਾਸ਼ਤਕਾਰ ਨੂੰ ਕਿਸਾਨ ਦੇ ਤੌਰ ’ਤੇ ਪਛਾਣਨ ਲਈ ਜ਼ਰੂਰੀ ਹੈ ਕਿ ਉਸ ਦਾ ਖੇਤੀ ਦੇ ਕੰਮ ਦਾ ਜ਼ਿਆਦਾ ਹਿੱਸਾ (50 ਪ੍ਰਤਿਸ਼ਤ ਤੋਂ ਵੱਧ) ਪਰਵਾਰਿਕ ਕਿਰਤ ਨਾਲ ਹੀ ਚਲਦਾ ਹੋਵੇ। ਜੇ ਕਿਸੇ ਕਾਸ਼ਤਕਾਰ ਦੀ ਖੇਤੀ ਦਾ ਜ਼ਿਆਦਾ ਕੰਮ ਭਾੜੇ ਦੇ ਮਜ਼ਦੂਰਾਂ ਨਾਲ ਹੁੰਦਾ ਹੋਵੇ ਤਾਂ ਉਹ ਸਰਮਾਏਦਾਰ ਕਿਸਾਨ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਵਿੱਚ ਪੈ ਜਾਂਦਾ ਹੈ। ਇਸ ਦੇ ਉਲਟ ਜਿਨ੍ਹਾਂ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੋ ਜਾਂਦੀ ਹੈ ਅਤੇ ਖੇਤੀ ਹੇਠ ਜ਼ਮੀਨ ਦਾ (ਛੋਟਾ) ਟੁਕੜਾ ਪਰਵਾਰਿਕ ਕਿਰਤ ਨੂੰ ਰੁਜ਼ਗਾਰ ਦੇਣ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਪਰਵਾਰਿਕ ਕਿਰਤ ਦਾ ਇੱਕ ਹਿੱਸਾ ਬਾਹਰ ਮਜ਼ਦੂਰੀ ਵਾਸਤੇ ਕੰਮ ਕਰਨ ਲੱਗ ਪੈਂਦਾ ਹੈ। ਜਦੋਂ ਤੱਕ ਬਾਹਰੋਂ ਆਏ ਕਿਰਤਫਲ/ ਮਜ਼ਦੂਰੀ ਦੀ ਆਮਦਨ ਦਾ ਹਿੱਸਾ ਕਾਸ਼ਤਕਾਰੀ ਦੀ ਆਮਦਨ ਤੋਂ ਘੱਟ ਰਹਿੰਦਾ ਹੈ ਤਾਂ ਕਾਸ਼ਤਕਾਰ ਦਾ ਰੁਤਬਾ ਕਿਸਾਨ ਦੇ ਤੌਰ ’ਤੇ ਬਰਕਰਾਰ ਰਹਿੰਦਾ ਹੈ। ਅਜਿਹੇ ਕਿਸਾਨ ਨੂੰ ਗ਼ਰੀਬ ਕਿਸਾਨ ਕਿਹਾ ਜਾਂਦਾ ਹੈ। ਪਰ ਜੇ ਮਜ਼ਦੂਰੀ ਦਾ ਹਿੱਸਾ ਕਾਸ਼ਤਕਾਰੀ ਦੀ ਆਮਦਨ ਤੋਂ ਵੱਧ ਜਾਵੇ ਤਾਂ ਕਾਸ਼ਤਕਾਰ ਦਾ ਰੁਤਬਾ ਕਿਸਾਨ ਤੋਂ (ਖੇਤ) ਮਜ਼ਦੂਰ ਵਿੱਚ ਤਬਦੀਲ ਹੋ ਜਾਂਦਾ ਹੈ। ਆਰਥਿਕ-ਸਮਾਜਿਕ ਵਿਕਾਸ ਦੀ ਪ੍ਰਕਿਰਿਆ ਅਤੇ ਜਨ-ਸੰਖਿਅਕ ਤਬਦੀਲੀ ਨਾਲ ਕਿਸਾਨੀ ਵਿੱਚ ਟੁੱਟ-ਭੱਜ ਅਤੇ ਤਬਦੀਲੀ ਹੋ ਸਕਦੀ ਹੈ ਅਤੇ ਸੰਸਾਰ ਦੇ ਵਿਸ਼ਾਲ ਇਲਾਕਿਆਂ ਵਿੱਚ ਤਬਦੀਲੀ ਵੀ ਹੋਈ ਹੈ। ਕੁਝ ਕਿਸਾਨ ਪਹਿਲਾਂ ਧਨੀ ਕਿਸਾਨ ਬਣੇ ਅਤੇ ਫਿਰ ਸਰਮਾਏਦਾਰ ਕਿਸਾਨਾਂ ਵਿੱਚ ਤਬਦੀਲ ਹੋ ਗਏ। ਦੂਜੇ ਪਾਸੇ ਗ਼ਰੀਬ ਕਿਸਾਨਾਂ ਦਾ ਵੱਡਾ ਹਿੱਸਾ ਭੂਮੀਹੀਣ ਮਜ਼ਦੂਰਾਂ ਵਿੱਚ ਬਦਲ ਗਿਆ ਅਤੇ ਇਹਨਾਂ ਵਿੱਚੋਂ ਵੱਡਾ ਹਿੱਸਾ ਸ਼ਹਿਰਾਂ ਵਿੱਚ ਕਈ ਕਿਸਮ ਦੇ ਮਜ਼ਦੂਰੀ ਨਾਲ ਸੰਬੰਧਿਤ ਕੰਮਾਂ ਵਿੱਚ ਲੱਗ ਗਿਆ। ਇਹ ਪ੍ਰਕਿਰਿਆ ਸੰਸਾਰ ਵਿੱਚ ਸਾਰੇ ਵਿਕਸਿਤ ਦੇਸਾਂ ਵਿੱਚ ਸਰਮਾਏਦਾਰੀ ਦੇ ਵਿਕਾਸ ਦੇ ਮੁਢਲੇ ਪੜਾਵਾਂ ਵਿੱਚ ਸ਼ੁਰੂ ਹੋਈ ਅਤੇ ਇਹਨਾਂ ਦੇ ਵਿਕਸਿਤ ਬਣਨ ਦੇ ਸਮੇਂ ਪੂਰੀ ਹੋ ਗਈ।

ਕਿਸਾਨੀ ਪਰਵਾਰ ਦੇ ਸਾਰੇ ਕੰਮ ਕਾਜ ਦਾ ਧੁਰਾ ਪਰਵਾਰਿਕ ਕਿਰਤ ਹੁੰਦੀ ਹੈ। ਉਤਪਾਦਨ ਦਾ ਮੁੱਖ ਉਦੇਸ਼ ਕਿਸਾਨੀ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨਾ ਹੁੰਦਾ ਹੈ। ਇਹਨਾਂ ਵਿੱਚ ਮੁੱਖ ਰੂਪ ਵਿੱਚ ਕਿਸਾਨੀ ਪਰਵਾਰ ਦੀਆਂ ਖਪਤ ਦੀਆਂ ਜ਼ਰੂਰਤਾਂ ਅਤੇ ਪਰਵਾਰ ਦੇ ਸਿਰ ਲੋੜੀਂਦੇ ਭੁਗਤਾਨਾਂ ਦਾ ਪੂਰਾ ਕਰਨਾ ਆਉਂਦੇ ਹਨ। ਇਸ ਕਰਕੇ ਕਿਸਾਨ ਪਰਵਾਰ ਆਪਣੀ ਲੋੜ ਵਾਸਤੇ ਅਨਾਜ ਅਤੇ ਦੂਸਰੀਆਂ ਵਪਾਰਿਕ ਫ਼ਸਲਾਂ ਅਤੇ ਵਸਤਾਂ ਜਿਵੇਂ ਸਬਜ਼ੀਆਂ, ਫਲ, ਦੁੱਧ ਆਦਿ ਪੈਦਾ ਕਰਦੇ ਹਨ। ਇਹਨਾਂ ਦੇ ਉਤਪਾਦਨ ਨਾਲ ਪਰਵਾਰ ਦੀਆਂ ਖਪਤ ਦੀਆਂ ਜ਼ਰੂਰਤਾਂ ਦਾ ਵੱਡਾ ਹਿੱਸਾ ਪੂਰਾ ਹੋ ਜਾਂਦਾ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਕਰਜ਼ੇ ਹੋਰ ਬੋਝ ਦਾ ਭੁਗਤਾਨ ਕਰਨ ਵਾਸਤੇ ਕਿਸਾਨ ਇਹੋ ਜਿਹਾ ਉਤਪਾਦਨ ਵੀ ਕਰਦੇ ਹਨ, ਜਿਸ ਨੂੰ ਮੰਡੀ ਵਿੱਚ ਵੇਚਿਆ ਜਾ ਸਕੇ। ਇਹੋ ਹੀ ਕਾਰਨ ਹੈ ਕਿ ਕਿਸਾਨ ਦੀ ਆਰਥਿਕਤਾ ਸਿਰਫ਼ ਆਤਮ ਨਿਰਭਰਤਾ ਦੀ ਆਰਥਿਕਤਾ ਨਹੀਂ ਹੁੰਦੀ। ਭਾਵੇਂ ਉਤਪਾਦਨ ਦਾ ਕਾਫ਼ੀ ਵੱਡਾ ਹਿੱਸਾ ਪਰਵਾਰਿਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਹੁੰਦਾ ਹੈ ਪਰ ਫਿਰ ਵੀ ਇੱਕ ਹਿੱਸਾ ਪਰਵਾਰ ਤੋਂ ਬਾਹਰ ਵੇਚਣ/ਜਾਂ ਵਟਾਂਦਰੇ ਵਾਸਤੇ ਜ਼ਰੂਰ ਹੁੰਦਾ ਹੈ। ਪਰ ਇਹ ਹਿੱਸਾ ਬਹੁਤ ਵੱਡਾ ਨਹੀਂ ਹੁੰਦਾ। ਅਧਿਕਤਮ ਮੁਨਾਫ਼ਾ ਕਮਾਉਣਾ ਕਦੇ ਵੀ ਕਿਸਾਨ ਦੀ ਖੇਤੀ ਲਈ ਉਦੇਸ਼ ਨਹੀਂ ਹੁੰਦਾ। ਵਟਾਂਦਰੇ ਵਾਸਤੇ ਕੀਤੇ ਉਤਪਾਦਨ ਦੇ ਹਿੱਸੇ ਦਾ ਮੁੱਖ ਮਨੋਰਥ ਕਿਸਾਨ ਦੀਆਂ ਭੁਗਤਾਨ ਜ਼ਰੂਰਤਾਂ ਨੂੰ ਹੀ ਪੂਰਾ ਕਰਦਾ ਹੈ।

ਕਿਸਾਨ ਦੀ ਮਾਲਕੀ/ਪਟੇ ਅਧਿਕਾਰ ਹੇਠ ਜ਼ਮੀਨ ਦੇ ਟੁਕੜੇ ਦਾ ਆਕਾਰ ਛੋਟਾ ਹੁੰਦਾ ਹੈ। ਪਰ ਇਹ ਆਕਾਰ ਐਨਾ ਜ਼ਰੂਰ ਹੁੰਦਾ ਹੈ, ਜਿਸ ਨਾਲ ਕਿਸਾਨ ਪਰਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ। ਇਸ ਵਿੱਚ ਭਾਰਤ ਵਰਗੇ ਦੇਸ ਵਿੱਚ ਛੋਟੇ ਅਤੇ ਦਰਿਮਆਨੇ ਆਕਾਰ ਦੀਆਂ ਜੋਤਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਦੋ ਫ਼ਸਲਾਂ ਵਾਲੀ ਸਿੰਜਾਈ ਹੇਠ ਢਾਈ ਤੋਂ ਪੰਜ ਏਕੜ ਤੱਕ ਖੇਤੀ ਕਰਨ ਵਾਲੇ ਕਿਸਾਨ ਨੂੰ ਛੋਟਾ ਕਿਸਾਨ ਕਿਹਾ ਜਾਂਦਾ ਹੈ। ਜਦ ਕਿ 5-15 ਏਕੜ ਉੱਪਰ ਖੇਤੀ ਕਰਨ ਵਾਲੇ ਕਿਸਾਨ ਨੂੰ ਦਰਮਿਆਨਾ ਕਿਸਾਨ ਆਖਦੇ ਹਨ। ਕਾਗਜ਼ਾਂ ਵਿੱਚ ਜ਼ਮੀਨ ਉੱਪਰ ਅਧਿਕਾਰ ਭਾਵੇਂ ਕਿਸਾਨ ਪਰਵਾਰ ਦੇ ਮੁਖੀ ਦੇ ਨਾਮ ਤੇ ਹੋਵੇ ਪਰ ਕਿਸਾਨ ਦੀ ਜਾਇਦਾਦ ਪਰਵਾਰ ਦੀ ਜਾਇਦਾਦ ਹੁੰਦੀ ਹੈ। ਕਿਸਾਨ ਦੀ ਹੋਂਦ ਕਿਸਾਨੀ ਆਰਥਿਕਤਾ (Peasant Economy) ਉੱਪਰ ਨਿਰਭਰ ਕਰਦੀ ਹੈ। ਡੈਨੀਅਲ ਥੋਰਨਰ (Daniel Thorner) ਅਨੁਸਾਰ ਕਿਸਾਨੀ ਆਰਥਿਕਤਾ ਦੀ ਹੋਂਦ ਹੇਠ ਲਿਖੀਆਂ ਪੰਜ ਸ਼ਰਤਾਂ ਉੱਪਰ ਨਿਰਭਰ ਕਰਦੀ ਹੈ :

1.        ਦੇਸ ਦੇ ਕੁੱਲ ਉਤਪਾਦਨ ਦਾ ਅੱਧੇ ਤੋਂ ਵੱਧ ਹਿੱਸਾ ਖੇਤੀ ਤੋਂ ਪੈਦਾ ਹੁੰਦਾ ਹੈ;

2.       ਦੇਸ ਦੇ ਕੁੱਲ ਕਾਮਿਆਂ ਦਾ ਅੱਧੇ ਤੋਂ ਵੱਧ ਹਿੱਸਾ ਖੇਤੀ ਵਿੱਚ ਕੰਮ ਕਰਦਾ ਹੈ;

3.       ਰਾਜ ਸੱਤਾ ਉੱਪਰ ਇੱਕ ਇਹੋ ਜਿਹੀ ਸ਼੍ਰੇਣੀ/ਜਮਾਤ ਕਾਬਜ਼ ਹੁੰਦੀ ਹੈ, ਜਿਹੜੀ ਰਿਸ਼ਤੇਦਾਰੀ ਜਾਂ ਕੁਨਬੇਦਾਰੀ ਤੋਂ ਉੱਪਰ ਉੱਠ ਕੇ ਇਲਾਕਾਈ ਰਾਜ ਸਥਾਪਿਤ ਕਰ ਲੈਂਦੀ ਹੈ;

4.       ਕਿਸਾਨੀ ਆਰਥਿਕਤਾ ਵਿੱਚ ਸ਼ਹਿਰਾਂ ਦੀ ਵਿਲੱਖਣ ਹੋਂਦ ਪੈਦਾ ਹੋ ਜਾਂਦੀ ਹੈ ਅਤੇ ਪੇਂਡੂ-ਸ਼ਹਿਰੀ ਵਖਰੇਵਾਂ ਪੂਰਨ ਰੂਪ ਵਿੱਚ ਪੈਦਾ ਹੋ ਜਾਂਦਾ ਹੈ;

5.       ਸਭ ਤੋਂ ਵੱਧ ਜ਼ਰੂਰੀ ਹੈ ਕਿ ਕਿਸਾਨੀ-ਆਰਥਿਕਤਾ ਵਿੱਚ ਕਿਸਾਨ ਫ਼ਾਰਮ ਉਤਪਾਦਨ ਦੀ ਇੱਕ ਨੁਮਾਇੰਦਾ ਇਕਾਈ ਹੁੰਦੇ ਹਨ।

ਕਿਸਾਨ ਪਰਵਾਰ ਇੱਕ ਇਹੋ ਜਿਹੀ ਸਮਾਜਿਕ-ਆਰਥਿਕ ਇਕਾਈ ਹੁੰਦੇ ਹਨ, ਜੋ ਪਰਵਾਰ ਦੀ ਕਿਰਤ ਨਾਲ ਫ਼ਸਲਾਂ ਪੈਦਾ ਕਰਦੇ ਹਨ ਅਤੇ ਖੇਤੀ ਉਹਨਾਂ ਦਾ ਮੁੱਖ ਕਿੱਤਾ ਹੁੰਦੀ ਹੈ, ਪਰ ਪਰਵਾਰ ਖੇਤੀ ਦੇ ਨਾਲ ਖੇਤੀ ਦੇ ਸਹਾਇਕ ਧੰਦੇ, ਛੋਟੀ ਦਸਤਕਾਰੀ, ਖੇਤੀ ਉਪਜ ਨੂੰ ਤਿਆਰ ਕਰਨ ਜਾਂ ਥੋੜ੍ਹਾ ਬਹੁਤ ਵਪਾਰ ਦਾ ਕੰਮ ਵੀ ਕਰ ਸਕਦਾ ਹੈ। ਪਰ ਐਸੇ ਪਰਵਾਰਾਂ ਦੀ ਆਮਦਨ ਦਾ ਅੱਧ ਤੋਂ ਵੱਧ ਹਿੱਸਾ ਫ਼ਸਲਾਂ ਤੋਂ ਹੀ ਪ੍ਰਾਪਤ ਹੁੰਦਾ ਹੈ।

ਕਿਸਾਨ ਪਰਵਾਰਾਂ ਵਿੱਚ ਅਜ਼ਾਦੀ ਅਤੇ ਬੰਦਸ਼ਾਂ ਦਾ ਅਜੀਬ ਸੁਮੇਲ ਹੁੰਦਾ ਹੈ। ਇਹ ਅਜ਼ਾਦੀ ਨਾਲ ਜ਼ਮੀਨ ਦੇ ਟੁਕੜੇ ਉੱਪਰ ਖੇਤੀ ਕਰਦੇ ਹਨ। ਪਰ ਇਹਨਾਂ ਨੂੰ ਕਈ ਬੰਦਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹਨਾਂ ਨੂੰ ਸ਼ਾਹੂਕਾਰਾਂ, ਜ਼ਿੰਮੀਦਾਰਾਂ, ਅਹਿਲਕਾਰਾਂ ਅਤੇ ਨੌਕਰਸ਼ਾਹੀ ਨੂੰ ਕਈ ਕਿਸਮ ਦੇ ਭੁਗਤਾਨ ਕਰਨੇ ਪੈਂਦੇ ਹਨ। ਕਿਸਾਨ ਇੱਕ ਜਮਾਤ ਦੇ ਤੌਰ ’ਤੇ ਲੁੱਟੇ ਅਤੇ ਠੱਗੇ ਜਾਂਦੇ ਹਨ। ਇਸ ਕਰਕੇ ਕਿਸਾਨਾਂ ਨੂੰ ਐਨੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਲੋਟੂਆਂ ਦਾ ਭੁਗਤਾਨ ਕਰਨ ਅਤੇ ਆਪਣੇ ਗੁਜ਼ਾਰੇ ਲਈ ਉਤਪਾਦਨ ਪੈਦਾ ਕਰ ਸਕਣ। ਜ਼ਿਆਦਾ ਲੋਟੂ ਸ਼ਹਿਰਾਂ ਵਿੱਚ ਰਹਿਣ ਕਾਰਨ ਕਿਸਾਨ ਸ਼ਹਿਰ ਨਿਵਾਸੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ।

ਕਿਸਾਨ ਦੀ ਹੋਂਦ ਕਿਸਾਨ ਪਰਵਾਰ ਦੇ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। ਕਿਸਾਨ ਨੂੰ ਇੱਕ ਵਿਅਕਤੀ, ਕਿਸਾਨ ਪਰਵਾਰ ਅਤੇ ਕਿਸਾਨ ਫ਼ਾਰਮ ਤੋਂ ਨਿਖੇੜਿਆ ਨਹੀਂ ਜਾ ਸਕਦਾ। ਪਰਵਾਰ ਅਤੇ ਖੇਤੀ ਦੀ ਜੋਤ ਦੇ ਮੁਫ਼ਾਦਾਂ ਦਾ ਸੁਮੇਲ ਰਵਾਇਤੀ ਕਿਸਾਨ ਆਰਥਿਕਤਾ ਦੀ ਇੱਕ ਖ਼ਾਸ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਕਿਸਾਨ ਪਰਵਾਰ ਵਾਹੀ ਹੇਠ ਜ਼ਮੀਨ ਦੇ ਟੁਕੜੇ ਤੇ ਉਤਪਾਦਨ ਦੀ ਟੀਮ ਦੇ ਤੌਰ ’ਤੇ ਕੰਮ ਕਰਦਾ ਹੈ। ਵਿਅਕਤੀ ਦੀਆਂ ਕੰਮ ਵਿੱਚ ਜ਼ੁੰਮੇਵਾਰੀਆਂ, ਕਾਰਜ ਅਤੇ ਅਧਿਕਾਰ, ਉਸ ਦੀ ਪਰਵਾਰ ਵਿੱਚ ਪੁਜੀਸ਼ਨ ਰਾਹੀਂ ਨਿਰਧਾਰਿਤ ਹੁੰਦੇ ਹਨ। ਕਿਸਾਨ ਪਰਵਾਰ ਵਿੱਚ ਵਿਅਕਤੀ ਦਾ ਰੁਤਬਾ ਦੋ ਗੱਲਾਂ ਤੇ ਨਿਰਭਰ ਕਰਦਾ ਹੈ। ਇੱਕ, ਜਿਸ ਪਰਵਾਰ ਨਾਲ ਉਹ ਸੰਬੰਧ ਰੱਖਦਾ ਹੈ ਉਸ ਦਾ ਰੁਤਬਾ, ਦੂਜਾ ਵਿਅਕਤੀ ਦੀ ਪਰਵਾਰ ਵਿੱਚ ਪੁਜੀਸ਼ਨ (ਜਿਵੇਂ ਬਚਪਨ, ਵਿਆਹ ਤੋਂ ਪਹਿਲਾਂ, ਵਿਆਹ ਤੋਂ ਬਾਅਦ ਦਾ ਸਮਾਂ ਪਰ ਪੂਰਨ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਵਾਲੀ ਪੁਜੀਸ਼ਨ ਜੋ ਨਵਾਂ ਪਰਵਾਰ ਬਣਨ ਤੇ ਪਰਵਾਰ ਦੇ ਮੁਖੀ ਨੂੰ ਹਾਸਲ ਹੁੰਦੀ ਹੈ)। ਪਰਵਾਰਿਕ ਕਿਰਤ ਖੇਤੀ ਦਾ ਕੰਮ ਕਰਨ ਵਾਸਤੇ ਕਿਸਾਨ ਲਈ ਲਾਜ਼ਮੀ ਹੈ। ਇਸ ਕਰਕੇ ਵਿਆਹ ਕਰਵਾਉਣਾ ਕਿਸਾਨ ਬਣਨ ਵਾਸਤੇ ਜ਼ਰੂਰੀ ਸ਼ਰਤ ਹੈ। ਵਿਆਹ ਤੋਂ ਬਗ਼ੈਰ ਕਿਸਾਨੀ ਵਿੱਚ ਵਿਅਕਤੀ ਦੀ ਪੁੱਛ ਪ੍ਰਤੀਤ ਪੂਰੀ ਨਹੀਂ ਹੁੰਦੀ ਅਤੇ ਉਸ ਦੇ ਖ਼ਿਲਾਫ਼ ਪੱਖ-ਪਾਤ ਵੇਖਣ ਨੂੰ ਮਿਲਦਾ ਹੈ। ਫ਼ਾਰਮ ਇਕਾਈ ਤੇ ਕੰਮ ਅਤੇ ਪਰਵਾਰ ਦੇ ਜੀਵਨ ਵਿੱਚ ਪੂਰਨ ਹਿੱਸੇਦਾਰੀ ਕਿਸਾਨ ਪਰਵਾਰ ਦਾ ਮੁੱਖ ਪ੍ਰਭਾਸ਼ਿਤ ਲੱਛਣ ਹੈ। ਆਪਸੀ ਮਦਦ, ਕੰਟ੍ਰੋਲ ਅਤੇ ਸਮਾਜੀਕਰਨ ਵਾਸਤੇ ਪਰਵਾਰਿਕ ਇਕਮੁੱਠਤਾ, ਬੁਨਿਆਦੀ ਚੌਖਟਾ ਨਿਰਧਾਰਿਤ ਕਰਦੀ ਹੈ। ਕਿਸਾਨ ਪਰਵਾਰ ਵਿੱਚ ਵਿਅਕਤੀਗਤ ਭਾਵਨਾਵਾਂ ਨੂੰ ਰਸਮੀ ਸੀਮਾਵਾਂ ਹੇਠ ਦਬਾ ਕੇ ਰੱਖਣਾ ਪਰਵਾਰ ਦਾ ਪ੍ਰਵਾਨਿਤ ਰੋਲ ਸਮਝਿਆ ਜਾਂਦਾ ਹੈ। ਪਰਵਾਰ ਦੀ ਖੇਤੀ ਦੀ ਜੋਤ ਨੂੰ ਪਰਵਾਰ ਦੇ ਵਿਹਾਰ ਨੂੰ ਨਿਰਧਾਰਿਤ ਕਰਨ ਦਾ ਕੇਂਦਰੀ ਬਿੰਦੂ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਕਿਸਾਨ ਪਰਵਾਰ ਦੇ ਮੈਂਬਰ ਦਾ ਵਿਆਹ ਵੀ ਕਿਸਾਨ ਪਰਵਾਰ ਦੇ ਹਿਤਾਂ ਨੂੰ ਮੁੱਖ ਰੱਖ ਕੇ ਤਹਿ ਕੀਤਾ ਜਾਂਦਾ ਹੈ। ਇਸ ਵਿੱਚ ਮੈਂਬਰਾਂ ਦੀ ਅਜ਼ਾਦੀ ਜਾਂ ਭਾਵਨਾਵਾਂ ਨੂੰ ਪਰਵਾਰਿਕ ਹਿਤਾਂ ਦੇ ਅਧੀਨ ਰੱਖਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਕਿਸਾਨ ਪੁਰਾਣੇ ਰੀਤੀ-ਰਿਵਾਜਾਂ ਨੂੰ ਆਪਣੇ ਵਿੱਚ ਸਮੋਈ ਰੱਖਦੇ ਹਨ ਅਤੇ ਇਹਨਾਂ ਨੂੰ ਸਾਂਭਣ ਅਤੇ ਸੰਭਾਲਣ ਦਾ ਇਤਿਹਾਸਿਕ ਰੋਲ ਅਦਾ ਕਰਦੇ ਹਨ। ਇਸ ਕਰਕੇ ਕਿਸਾਨ ਪਰਵਾਰਾਂ ਵਿੱਚ ਰੂੜ੍ਹੀਵਾਦੀ/ਪਰੰਪਰਾਵਾਦੀ ਰੁਚੀ ਵੇਖਣ ਵਿੱਚ ਆਮ ਮਿਲਦੀ ਹੈ।

ਕਿਸਾਨ ਦੀ ਦੁਨੀਆ ਜ਼ਿਆਦਾਤਰ ਉਸ ਦੇ ਪਰਵਾਰ ਅਤੇ ਪਰਵਾਰਿਕ ਜੋਤ/ਫ਼ਾਰਮ ਦੇ ਇਰਦ-ਗਿਰਦ ਘੁੰਮਦੀ ਰਹਿੰਦੀ ਹੈ। ਉਸ ਦੀ ਕਲਪਨਾ/ਦ੍ਰਿਸ਼ਟੀ ਵੀ ਖੇਤ-ਪਰਵਾਰ ਤੱਕ ਸੀਮਿਤ ਰਹਿੰਦੀ ਹੈ। ਛੋਟੀਆਂ ਜੋਤਾਂ ਦੇ ਮਾਲਕ ਕਿਸਾਨ ਲਗਪਗ ਇੱਕੋ ਜਿਹੀਆਂ ਹਾਲਤਾਂ ਵਿੱਚ ਜੀਵਨ ਬਿਤਾਉਂਦੇ ਹਨ। ਪਰ ਆਪਣੇ ਪਰਵਾਰ ਅਤੇ ਰਿਸ਼ਤੇਦਾਰੀਆਂ ਤੋਂ ਇਲਾਵਾ ਉਹ ਇੱਕ ਦੂਜੇ ਨਾਲ ਬਹੁਤਾ ਮੇਲ-ਜੋਲ ਨਹੀਂ ਰੱਖਦੇ। ਅਸਲ ਵਿੱਚ ਪਰਵਾਰ ਤੋਂ ਬਾਹਰ ਇਹੋ ਜਿਹਾ ਮੇਲ-ਜੋਲ ਰੱਖਣ ਵਾਸਤੇ ਉਹਨਾਂ ਕੋਲ ਸਾਧਨ ਅਤੇ ਸਮਾਂ ਨਹੀਂ ਹੁੰਦਾ। ਉਹਨਾਂ ਦੀ ਸੀਮਿਤ ਦ੍ਰਿਸ਼ਟੀ ਇਸੇ ਦਾ ਹੀ ਨਤੀਜਾ ਹੈ।

ਕੁਝ ਵਿਚਾਰਵਾਨਾਂ ਦਾ ਖ਼ਿਆਲ ਹੈ ਕਿ ਕਿਸਾਨੀ ਕਾਫ਼ੀ ਜਟਿਲ ਜਮਾਤ ਹੈ। ਇਸ ਦੀ ਸੰਕਟ ਨਾਲ ਜੂਝਣ ਦੀ ਕਾਫ਼ੀ ਸਮਰੱਥਾ ਹੁੰਦੀ ਹੈ। ਕਾਲ ਜਾਂ ਸੋਕਾ ਪੈ ਜਾਣ ਸਮੇਂ ਆਪਣੀ ਖਪਤ ਘਟਾ ਕੇ ਗੁਜ਼ਾਰਾ ਕਰ ਲੈਣ ਵਾਲੀ ਕਿਸਾਨੀ ਕਈਆਂ ਸੰਕਟਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ। ਜ਼ਾਲਮ ਹਾਕਮਾਂ ਦੇ ਖ਼ਿਲਾਫ਼ ਇਸ ਨੇ ਕਈ ਘੋਲ ਲੜੇ ਹਨ। ਇਸ ਜਮਾਤ ਵਿੱਚੋਂ ਕਈ ਵਿਦਰੋਹੀ/ਬਾਗ਼ੀ ਪੈਦਾ ਹੋਏ ਹਨ। ਇਸ ਜਮਾਤ ਨੇ ਰੂਸੀ ਅਤੇ ਚੀਨੀ ਇਨਕਲਾਬਾਂ ਵਿੱਚ ਨਿੱਗਰ ਰੋਲ ਅਦਾ ਕੀਤਾ। ਅਜ਼ਾਦ ਭਾਰਤ ਵਿੱਚ ਵੀ ਕਿਸਾਨੀ ਲਹਿਰ ਦੀਆਂ ਕਈ ਠੋਸ ਪ੍ਰਾਪਤੀਆਂ ਹਨ। ਕਈ ਦਾਰਸ਼ਨਿਕਾਂ ਦਾ ਵਿਚਾਰ ਹੈ ਕਿ ਕਿਸਾਨੀ ਦੀ ਸੀਮਿਤ ਦ੍ਰਿਸ਼ਟੀ ਅਤੇ ਗਿਆਨ ਕਾਰਨ ਇਹ ਕਿਸੇ ਸਮਾਜਿਕ ਤਬਦੀਲੀ ਦੀ ਵੱਡੀ ਲਹਿਰ ਨੂੰ ਲੀਡਰਸ਼ਿਪ ਨਹੀਂ ਦੇ ਸਕਦੀ। ਕਿਸਾਨੀ ਨੂੰ ਲੀਡਰਸ਼ਿਪ ਆਪਣੇ ਤੋਂ ਬਾਹਰੋਂ ਪੇਸ਼ਾਵਰ ਇਨਕਲਾਬੀਆਂ ਤੋਂ ਲੈਣੀ ਪੈਂਦੀ ਹੈ। ਇਨਕਲਾਬੀ ਲੇਖਕ ਕਾਰਲ ਮਾਰਕਸ ਨੇ ਤਾਂ ਕਿਸਾਨੀ ਦੀ ਤੁਲਨਾ ਬੋਰੀ ਵਿੱਚ ਬੰਦ ਪਏ ਆਲੂਆਂ ਨਾਲ ਕੀਤੀ ਹੈ। ਐਰਕ ਵੁਲਫ ਨੇ ਵੀਹਵੀਂ ਸਦੀ ਦੀਆਂ ਮਹਾਨ ਕਿਸਾਨ ਲਹਿਰਾਂ ਦੇ ਅਧਿਐਨ ਦੇ ਆਧਾਰ ਤੇ ਇਸ ਵਿਚਾਰ ਦੀ ਪੁਸ਼ਟੀ ਕੀਤੀ ਹੈ ਕਿ ਕਿਸਾਨੀ ਲਹਿਰ ਨੂੰ ਕਾਮਯਾਬੀ ਵਾਸਤੇ ਆਪਣੇ ਤੋਂ ਬਾਹਰੋਂ ਨਿਪੁੰਨ ਪੇਸ਼ਾਵਾਰ ਇਨਕਲਾਬੀ ਲੀਡਰਸ਼ਿਪ ਦੀ ਜ਼ਰੂਰਤ ਰਹਿੰਦੀ ਹੈ। ਇਸ ਅਗਵਾਈ ਨਾਲ ਕਿਸਾਨੀ ਸਮਾਜ ਇਨਕਲਾਬੀ ਤਬਦੀਲੀ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।


ਲੇਖਕ : ਸੁੱਚਾ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-11-30-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.