ਕੁਬੇਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਬੇਰ [ਨਾਂਪੁ] ਧਨੀ , ਅਮੀਰ , ਸਰਮਾਏਦਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਬੇਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਬੇਰ. ਸੰਗ੍ਯਾ—ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ. ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਦੇਖੋ, ਵਾਯੁ ਪੁਰਾਣ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਡਵਿਡਾ (ਇਲਵਿਲਾ) ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ.
ਬ੍ਰਹਮਾ ਨੇ ਕੁਬੇਰ ਨੂੰ ਪੁਪਕ ਵਿਮਾਨ ਸਵਾਰੀ ਲਈ ਦਿੱਤਾ ਅਤੇ ਵਿਸ਼੍ਰਵਾ ਨੇ ਲੰਕਾਪੁਰੀ ਰਹਿਣ ਲਈ ਨਿਯਤ ਕੀਤੀ. ਕੁਬੇਰ ਦੀ ਸਭਾ ਦਾ ਨਾਉਂ ਵੈਸ਼੍ਰਵਣੀ ਹੈ, ਜਿਸ ਵਿੱਚ ਹਰ ਵੇਲੇ ਰਾਗ ਰੰਗ ਹੋਂਦਾ ਰਹਿਂਦਾ ਹੈ. ਕੁਬੇਰ ਦੇ ਨਾਮ ਹਨ—ਸ਼੍ਰੀਦ, ਇੱਛਾ ਵਸੁ, ਨਰਵਾਹਨ, ਯਸ਼੍ਵਰ, ਧਨਦ, ਅਲਕਾਧਿਪ, ਜਟਾਧਰ, ਵੈਸ਼੍ਰਵਣ, ਕੁਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਬੇਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੁਬੇਰ : ਤਿੰਨ ਪੈਰਾਂ ਅਤੇ ਅੱਠ ਦੰਦਾਂ ਵਾਲਾ ਇਹ ਧਨ ਦਾ ਦੇਵਤਾ ਅਤੇ ਯਕਸ਼ਾਂ ਤੇ ਕਿੰਨਰਾਂ ਦਾ ਸਵਾਮੀ ਹੈ ਜਿਹੜਾ ਯਕਸ਼ਰਾਜ, ਸ਼੍ਰੀਦ, ਇੱਛਾ ਵਸੁ ਅਲਕਾਧਿਮ, ਜਟਾਧਰ, ਗੁਪਤੀਪਤੀ, ਵੈਸ਼੍ਰਵਣ ਆਦਿ ਨਾਵਾਂ ਨਾਲ ਪ੍ਰਸਿੱਧ ਹੈ। ਇਸ ਦੇ ਪਿਤਾ ਦਾ ਨਾਂ ਵਿਸ਼੍ਰਵਾ ਅਤੇ ਮਾਤਾ ਦਾ ਨਾਂ ਇਲਵਿਲਾ ਸੀ। ਇਸ ਨੂੰ ਹਿਮਾਲੀਆ ਦਾ ਨਿਵਾਸੀ ਕਿਹਾ ਗਿਆ ਹੈ। ਇਸ ਦਾ ਰਮਣੀਕ ਰਾਜਧਾਨੀ ਅਲਕਾ ਦਾ ਵਰਣਨ ਕਾਲੀਦਾਸ ਅਤੇ ਹੋਰ ਕਵੀਆਂ ਨੇ ਕੀਤਾ ਹੈ। ਇਸ ਦੇ ਬਾਗ਼ ਦਾ ਨਾਂ ‘ਚੇਤ੍ਰਰਥ’ ਅਤੇ ਵਿਮਾਨ ਦਾ ਨਾਂ ‘ਪੁਸ਼ਪਕ’ ਸੀ।
ਐਸ਼ੋ-ਇਸ਼ਰਤ ਅਤੇ ਵਿਲਾਸ ਦੇ ਪ੍ਰਤੀਨਿਧੀ ਦੇਵਤੇ ਦੇ ਰੂਪ ਵਿਚ ਕੁਬੇਰ ਦਾ ਵਰਣਨ ਸਾਹਿਤ ਵਿਚ ਬਹੁਤ ਮਿਲਦਾ ਹੈ। ਧਨ ਤੋਂ ਬਿਨਾਂ ਇਹ ਸ਼ਕਤੀ ਦੇ ਪ੍ਰਤੀਕ ਵਜੋਂ ਵੀ ਮੰਨਿਆ ਜਾਂਦਾ ਹੈ। ਪੁਰਾਣ ਅਨੁਸਾਰ ਦਸਾਂ ਦਿਸ਼ਾਵਾਂ ਦੇ ਰੱਖਿਅਤ ਦੇਵਤਿਆਂ ਵਿਚੋਂ ਵੀ ਇਹ ਇਕ ਹੈ। ਇਹ ਉੱਤਰ ਦਿਸ਼ਾ ਦਾ ਰੱਖਿਅਕ ਦੇਵਤਾ ਅਖਵਾਉਂਦਾ ਹੈ। ਇਸੇ ਕਰਕੇ ਉੱਤਰ ਦਿਸ਼ਾ ਦਾ ਨਾਂ ‘ਕੌਬੇਰੀ’ ਪੈ ਗਿਆ ਹੈ।
ਯਕਸ਼ਾਂ ਦੇ ਸਵਾਮੀ ਦੇ ਰੂਪ ਵਿਚ ਉੱਤਰੀ ਭਾਰਤ ਵਿਚ ਕੁਬੇਰ ਦੀ ਪੂਜਾ ਵਧੇਰੇ ਪ੍ਰਚਲਿਤ ਹੋਈ। ਇਹ ਲੋਕ ਦੇਵਤੇ ਦੇ ਰੂਪ ਵਿਚ ਵਧੇਰੇ ਮੰਨਿਆ ਜਾਂਦਾ ਹੈ। ਲੋਕਾਂ ਦੇ ਮੰਨਣ ਅਨੁਸਾਰ ਇਹ ਆਪਣੇ ਭਗਤਾਂ ਨੂੰ ਸ਼ਕਤੀ, ਧਨ-ਸੰਪਤੀ ਅਤੇ ਮੁਕਤੀ ਪ੍ਰਦਾਨ ਕਰਦਾ ਹੈ। ਵਾਸਤੂ ਸ਼ਾਸਤਰ ਗਿਆਨੀਆਂ ਅਨੁਸਾਰ ਸ਼ਹਿਰ ਵਿਚ ਹੋਰ ਪ੍ਰਮੁੱਖ ਦੇਵਤਿਆਂ ਦੇ ਨਾਲ ਵੈਸ਼੍ਰਵਣ ਦਾ ਮੰਦਰ ਬਣਾਉਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਭਾਰਤੀ ਕਲਾ ਵਿਚ ਵੀ ਕੁਬੇਰ ਦਾ ਬਹੁਤ ਜ਼ਿਕਰ ਆਉਂਦਾ ਹੈ। ਇਸ ਦੀ 100 ਈ. ਪੂ. ਦੀ ਇਕ ਮੂਰਤੀ ਵੀ ਮਿਲਦੀ ਹੈ। ਮਥੁਰਾ, ਪਦਮਾਵਤੀ, ਵਿਦਿਸ਼ਾ, ਪਾਟਲੀ ਪੁੱਤਰ ਆਦਿ ਅਨੇਕ ਸ਼ਹਿਰ ਕੁਬੇਰ ਪੂਜਾ ਦੇ ਕੇਂਦਰ ਹਨ। ਕੁੱਝ ਮੂਰਤੀਆਂ ਵਿਚ ਇਸ ਨੂੰ ਧਨ ਦੀਆਂ ਥੈਲੀਆਂ ਜਾਂ ਪਹਾੜ-ਉੱਪਰ ਬੈਠਾ, ਕਈ ਮੂਰਤੀਆਂ ਵਿਚ ਆਪਣੀ ਪਤਨੀ ਹਾਰੀਤੀ ਨਾਲ ਅਤੇ ਕਈਆਂ ਵਿਚ ਕਮਲ ਧਾਰਨ ਕਰਨ ਵਾਲੀ ਲਕਸ਼ਮੀ ਨਾਲ ਦਿਖਾਇਆ ਗਿਆ ਹੈ। ਅੱਠ ਨਿਧੀਆਂ ਦਾ ਸਵਾਮੀ ਹੋਣ ਕਰਕੇ ਕਈ ਥਾਂ ਇਸ ਦੀ ਮੂਰਤੀ ਨਾਲ ਸੰਖ, ਪਦਮ ਆਦਿ ਨਿਧੀਆਂ ਵੀ ਦਿਖਾਈਆਂ ਗਈਆਂ ਹਨ। ਬੁੱਧ ਧਰਮ ਅਤੇ ਕਲਾ ਵਿਚ ਕੁਬੇਰ ਦਾ ਨਾਂ ‘ਜੰਭਾਲ’ ਹੈ। ਮਹਾਯਾਨ ਵਿਚ ਇਸ ਦੀ ਪਤਨੀ ਦਾ ਨਾਂ ਵਸੂਧਾਰਾ ਅਤੇ ਵਜ੍ਰਯਾਨ ਵਿਚ ਮਾਰੀਚੀ ਮਿਲਦਾ ਹੈ। ਜੈਨ ਧਰਮ ਵਿਚ ਕੁਬੇਰ ਨੂੰ ਮੱਲੀਨਾਥ ਤੀਰਥੰਕਰ ਦਾ ਯਕਸ਼ ਕਿਹਾ ਗਿਆ ਹੈ, ਇਸੇ ਰੂਪ ਵਿਚ ਕੁਬੇਰ ਦੀਆਂ ਮੂਰਤੀਆਂ ਵੀ ਜੈਨ ਕਲਾ-ਕ੍ਰਿਤਾਂ ਉਪਰ ਮਿਲਦੀਆਂ ਹਨ।
ਹ. ਪੁ.––ਹਿੰ. ਵਿ. ਕੋ. 3 : 65; ਮ. ਕੋ. 340
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੁਬੇਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਬੇਰ, (ਸੰਸਕ੍ਰਿਤ : कुबेर) \ ਪੁਲਿੰਗ : ਇੱਕ ਦੇਵਤਾ ਜੋ ਇੰਦਰ ਦੀਆਂ ਨੌ ਨਿਧੀਆਂ ਦਾ ਭੰਡਾਰੀ ਤੇ ਮਹਾਂਦੇਵ ਜੀ ਦਾ ਮਿੱਤਰ ਹੈ
–ਕੁਬੇਰ ਦਾ ਧਨ, ਪੁਲਿੰਗ : ਬੇਅੰਤ ਦੌਲਤ, ਕਾਰੂੰ ਦਾ ਖ਼ਜਾਨਾ, ਕੁਬੇਰ ਦਾ ਖ਼ਜਾਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-16-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First