ਕੇਸਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸਰ (ਨਾਂ,ਪੁ) ਉੱਤਮ ਸੁਗੰਧੀ ਵਾਲਾ ਨਰੰਜੀ ਰੰਗ ਦਾ ਇੱਕ ਫੁੱਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੇਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸਰ [ਨਾਂਪੁ] ਸੁਗੰਧੀ ਦੇਣ ਵਾਲ਼ੇ ਫੁੱਲਾਂ ਵਾਲ਼ਾ ਇੱਕ ਪੌਦਾ, ਮੌਲਸਰੀ; ਘੋੜੇ ਜਾਂ ਸ਼ੇਰ ਦੀ ਗਰਦਨ ਦੇ ਵਾਲ਼ , ਅਯਾਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸਰ.1ਸੰ. ਸੰਗ੍ਯਾ—ਕੁੰਕੁਮ. ਕਸ਼ਮੀਰਜ. ਪੀਤਨ. ਦੀਪਕ. ਸੌਰਭ. ਰੁਚਿਰ. ਅ. ਜ਼ਅਫ਼ਰਾਨ. ਅੰ. Saffron. L. Crocus sativus. ਕੁੰਗੂ. “ਕੇਸਰ ਕੁਸਮ ਮਿਰਗਮੈ ਹਰਣਾ.” (ਤਿਲੰ ਮ: ੧) ਕਸ਼ਮੀਰ ਦੇ ਇਲਾਕੇ “ਵਾਨਤੂ ਅਤੇ “ਪਾਮਪੁਰ” ਨਗਰ ਦੇ ਪਾਸ ਦਸ ਬਾਰਾਂ ਕੋਹ ਦੇ ਰਕਬੇ ਵਿੱਚ ਕੇਸਰ ਦੀ ਬਿਜਾਈ ਹੋਂਦੀ ਹੈ. ਨਰਗਸ ਦੀ ਤਰ੍ਹਾਂ ਇਸ ਦੀਆਂ ਗੱਠੀਆਂ ਬੀਜੀਆਂ ਜਾਂਦੀਆਂ ਹਨ. ਕੁਸੁੰਭੇ ਦੇ ਫੁੱਲ ਵਾਂਙ ਇਸ ਦੇ ਫੁੱਲ ਹੋਂਦੇ ਹਨ. ਪਾਮਪੁਰ ਦੀਆਂ ਗਾਈਆਂ ਦਾ ਦੁੱਧ ਘੀ ਜ਼ਰਦ (ਪੀਲਾ) ਅਤੇ ਕੇਸਰ ਦੀ ਸੁਗੰਧ ਵਾਲਾ ਹੋਂਦਾ ਹੈ, ਕਿਉਂਕਿ ਉਹ ਕੇਸਰ ਦੇ ਬੂਟੇ ਚਰਦੀਆਂ ਹਨ. Saffron (Nyctonthesarbor Tristis). ੨ ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩ ਫੁੱਲ ਦੀ ਤਰੀ। ੪ ਡਿੰਗ. ਮੌਲਸਰੀ. ਬਕੁਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਸਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੇਸਰ : ਕੇਸਰ ਦੀ ਕਾਸ਼ਤ ਯੂਨਾਨੀਆਂ ਅਤੇ ਯਹੂਦੀਆਂ ਦੇ ਸਮੇਂ ਤੋਂ ਹੁੰਦੀ ਆ ਰਹੀ ਹੈ ਅਤੇ ਇਹ ਅੱਜ ਵੀ ਯੂਰਪ ਅਤੇ ਪੂਰਬ ਦੇ ਦੇਸ਼ਾਂ ਦੇ ਬਹੁਤ ਹਿੱਸਿਆਂ ਵਿਚ ਬੀਜਿਆ ਜਾਂਦਾ ਹੈ। ਕੇਸਰ ਦੇ ਬੂਟੇ ਦਾ ਵਿਗਿਆਨਕ ਨਾਂ ਕ੍ਰੋਕਸ ਸਟਾਈਵਸ ਹੈ। ਇਹ ਬੂਟੇ ਬਿਨਾਂ ਸ਼ਾਖ਼ਾਵਾਂ ਦੇ, ਡੰਡੀ-ਰਹਿਤ, ਸਧਾਰਨ ਪੱਤਿਆਂ ਵਾਲੇ ਹੁੰਦੇ ਹਨ। ਇਹ ਛੋਟੇ ਆਕਾਰ ਦੇ ਚਿਰਜੀਵੀ ਬੂਟੇ ਹਨ ਅਤੇ ਇਨ੍ਹਾਂ ਦੀਆਂ ਜੜ੍ਹਾਂ ਇਕ ਬਲਬ ਰੂਪ ਵਿਚ ਹੁੰਦੀਆਂ ਹਨ। ਇਸ ਬੂਟੇ ਦੇ ਪੱਤੇ ਨਲੀ ਵਾਂਗ ਹੁੰਦੇ ਹਨ ਜਿਨ੍ਹਾਂ ਦੇ ਸਿਰ ਮੁੜੇ ਹੋਏ ਹੁੰਦੇ ਹਨ। ਇਸ ਦੇ ਵੈਂਗਨੀ ਰੰਗ ਦੇ ਫੁਲ ਸਿਰਿਆਂ ਤੇ ਜਾਂ ਝੁੰਡਾਂ ਵਿਚ ਲਗਦੇ ਹਨ। ਹਰੀਆਂ ਪੱਤੀਆਂ ਕੀਫ ਵਰਗੀ ਸ਼ਕਲ ਦੀਆਂ ਹੁੰਦੀਆਂ ਹਨ। ਫੁੱਲ ਦੇ ਪਰਾਗ-ਕੋਸ਼ ਪੀਲੇ ਅਤੇ ਪਰਾਗ-ਕਣ-ਵਹਿਣੀ ਸੰਤਰੀ ਲਾਲ ਰੰਗ ਦੀ ਅਤੇ ਚਿੜੀਏ ਦੇ ਪੱਤੇ ਵਰਗੀ ਸ਼ਕਲ ਦੀ ਹੁੰਦੀ ਹੈ। ਕੈਪਸੂਲ ਲੰਬੂਤਰਾ ਅਤੇ ਕਈ ਬੀਜਾਂ ਵਾਲਾ ਹੁੰਦਾ ਹੈ। ਬੀਜ ਲਗਭਗ ਗੋਲਾਕਾਰ ਹੁੰਦੇ ਹਨ।

          ਕੇਸਰ, ਖ਼ੁਸ਼ਕ ਪਰਾਗ ਕੋਸ਼ਾਂ ਅਤੇ ਪਰਾਗ-ਕਣ ਵਹਿਣੀਆਂ ਦੇ ਉਪਰਲੇ ਸਿਰਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਨੂੰ ਰੰਗਕ ਅਤੇ ਮਸਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਮੱਧ ਕਾਲ ਵਿਚ ਕੇਸਰ ਦੀ ਅਸਲ ਅਤੇ ਸਜਾਵਟੀ ਕੀਮਤ ਕਾਰਨ ਬਹੁਤ ਮਹਾਨਤਾ ਸੀ। ਅਜ ਕੱਲ੍ਹ ਭੋਜਨ ਪਦਾਰਥਾਂ ਨੂੰ ਖ਼ੁਸ਼ਬੂ ਦੇਣ ਲਈ ਇਸ ਦੀ ਥੋੜ੍ਹੀ ਬਹੁਤ ਵਰਤੋਂ ਹੁੰਦੀ ਹੈ। ਕੇਸਰ ਦੇ ਕੇਕ ਇੰਗਲੈਂਡ ਦੇ ਕਈ ਹਿੱਸਿਆਂ ਵਿਚ ਕਾਫੀ ਮਸ਼ਹੂਰ ਹਨ।

          ਇਸ ਤੋਂ ਇਲਾਵਾ ਕੇਸਰ ਦਾ ਉਪਯੋਗ ਬੀਮਾਰੀਆਂ ਦੇ ਇਲਾਜ ਵਿਚ ਵੀ ਕੀਤਾ ਜਾਂਦਾ ਹੈ। ਪਰਾਗ ਕੋਸ਼ ਅਤੇ ਪਰਾਗ-ਕਣ ਵਹਿਣੀ ਦੇ ਖ਼ੁਸ਼ਕ ਸਿਰੇ ਬੁਖ਼ਾਰ, ਉਦਾਸੀ ਅਤੇ ਜਿਗਰ ਵਧ ਜਾਣ ਤੇ ਇਲਾਜ ਲਈ ਵਰਤੇ ਜਾਂਦੇ ਹਨ। ਇਹ ਉਤੇਜਕ ਦੇ ਤੌਰ ਤੇ ਅਤੇ ਨਜ਼ਲਾ ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ। ਸੱਪ ਦੇ ਕੱਟੇ ਦੇ ਇਲਾਜ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

          ਇਸ ਬੂਟੇ ਦੇ ਬਲਬ ਛੋਟੇ ਜਾਨਵਰਾਂ ਲਈ ਹਾਨੀਕਾਰਕ ਹੁੰਦੇ ਹਨ। ਪਰਾਗ-ਕੋਸ਼ਾਂ ਦੀ ਜ਼ਿਆਦਾ ਮਾਤਰਾ ਨਸ਼ੀਲਾਪਣ ਪੈਦਾ ਕਰਦੀ ਹੈ।

          ਕੇਸਰ ਦੀ ਕਾਸ਼ਤ ਭਾਰਤ ਵਿਚ ਕੇਵਲ ਕਸ਼ਮੀਰ ਵਿਚ ਪਾਮਪੁਰ ਦੇ ਨਜ਼ਦੀਕ ਸਮੁੰਦਰ ਸਤ੍ਹਾ ਤੋਂ ਲਗਭਗ 1400 ਮੀਟਰ ਦੀ ਉਚਾਈ ਤੇ ਕੀਤੀ ਜਾਂਦੀ ਹੈ।

          ਹ. ਪੁ.––ਇੰਪ. ਬਾ. 446; ਗ. ਇੰ. ਮੈ. ਪ. 95, ਪ. ਪੰ. 434


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.