ਕੈਂਡੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੈਂਡੀ : ਇਹ ਸ੍ਰੀ ਲੰਕਾ ਦੀ ਪ੍ਰਾਚੀਨ ਰਾਜਧਾਨੀ ਅਤੇ ਕੇਂਦਰੀ ਪ੍ਰਾਂਤ ਦਾ ਆਧੁਨਿਕ ਡਿਸਟ੍ਰਿਕਟ ਅਤੇ ਰਾਜਧਾਨੀ ਸ਼ਹਿਰ ਹੈ। ਇਹ ਕੋਲੰਬੋ ਦੇ ਲਗਭਗ 100 ਕਿ. ਮੀ. ਉੱਤਰ-ਪੂਰਬ ਵਿਚ ਸਥਿਤ ਹੈ। ਇਹ ਸ਼ਹਿਰ ਪਹਾੜਾਂ ਨਾਲ ਘਿਰੀ ਹੋਈ ਕੈਂਡੀ ਪਠਾਰ ਵਿਚ ਹੈ ਤੇ ਇਥੋਂ ਦਾ ਜਲਵਾਯੁ ਮੁਕਾਬਲਤਨ ਠੰਢਾ ਹੈ। ਇਹ ਚਾਹ, ਚੌਲ, ਕੋਕੋ ਅਤੇ ਰਬੜ ਦੇ ਵਪਾਰ ਦਾ ਪ੍ਰਸਿੱਧ ਕੇਂਦਰ ਹੈ। ਇਸ ਦੇ ਨਾਲ ਇਹ ਮਹਾਤਮਾ ਬੁੱਧ ਦੀ ਧਾਰਮਕ ਯਾਤਰਾ ਅਤੇ ਆਰਾਮਗਾਹ ਦਾ ਕੇਂਦਰ ਹੈ। ਇਥੋਂ ਦੀ ਅਰਥ-ਵਿਵਸਥਾ ਵਧੇਰੇ ਕਰਕੇ ਸਰਕਾਰੀ ਸਰਗਰਮੀਆਂ, ਤੀਰਥ-ਯਾਤਰਾ ਅਤੇ ਸੈਲਾਨੀਆਂ ਉੱਤੇ ਆਧਾਰਤ ਹੈ। ਇਹ ਸ਼ਹਿਰ ਬਾਕੀ ਦੇ ਦੀਪ ਨਾਲ ਸ਼ਾਹਰਾਹਾਂ ਅਤੇ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਹੈ। ਇਸ ਸ਼ਹਿਰ ਵਿਚ ਇਕ ਬਣਾਉਟੀ ਝੀਲ, ਜੰਗਲਾਂ ਵਾਲੀਆਂ ਪਹਾੜੀਆਂ ਦੇ ਸੁੰਦਰ ਦ੍ਰਿਸ਼ ਅਤੇ ਦਿਲ ਖਿੱਚਵੀਆਂ ਆਬਸ਼ਾਰਾਂ ਹਨ। ਇਸ ਤੋਂ ਇਲਾਵਾ ਇਥੇ ਕਈ ਬਾੱਟੈਨੀਕਲ ਬਾਗ਼ ਵੀ ਹਨ। ਪੈਰਾਡੀਨੀਆਂ ਦੇ ਨੇੜੇ ਵਾਲੇ ਬਾਗ਼ ਤਾਂ ਵਿਸ਼ਵ ਪ੍ਰਸਿੱਧ ਹਨ। ਮਾਲਾਗਾਵਾ ਮਹਾਤਮਾ ਬੁੱਧ ਦਾ ਇਕ ਪਵਿੱਤਰ ਅਸਥਾਨ ਹੈ ਜਿਸ ਵਿਚ ਹੀਰਿਆਂ ਦਾ ਇਕ ਮਿਥਿਹਾਸਕ ਸੰਦੂਕ ਪਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸੇ ਸੰਦੂਕ ਵਿਚ ਹੀ ਉਨ੍ਹਾਂ ਦਾ ਇਕ ਦੰਦ ਪਿਆ ਹੈ। ਸੀਲੋਨ ਯੂਨੀਵਰਸਿਟੀ ਇਸੇ ਸ਼ਹਿਰ ਵਿਚ ਹੈ।

          ਇਸ ਸ਼ਹਿਰ ਦੀ ਨੀਂਹ 500 ਅਤੇ 400 ਈ. ਪੂ. ਦੇ ਦਰਮਿਆਨ ਰੱਖੀ ਗਈ ਸੀ। ਸੰਘਣੇ ਜੰਗਲਾਂ ਅਤੇ ਉੱਘੜ-ਦੁੱਘੜੀਆਂ ਪਹਾੜੀਆ ਕਾਰਨ ਇਸ ਖੇਤਰ ਨੇ ਸਥਾਨਕ ਬਾਦਸ਼ਾਹਾਂ ਅਧੀਨ ਕਈ ਸਦੀਆਂ ਤੀਕ ਇਕ ਨੀਮ ਆਜ਼ਾਦ ਰਿਆਸਤ ਵਜੋਂ ਆਪਣੀ ਹੋਂਦ ਕਾਇਮ ਰੱਖੀ। ਅੰਗਰੇਜ਼ਾਂ ਨੇ ਦੀਪ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਦਸ਼ਾਹਾਂ ਨੇ ਵਿਦ੍ਰੋਹ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਅੰਗਰੇਜ਼ਾਂ ਨੇ 1815 ਵਿਚ ਕੈਂਡੀ ਖੇਤਰ ਨੂੰ ਆਪਣੇ ਨਾਲ ਮਿਲਾ ਲਿਆ। ਫਿਰ ਇਹ ਕੋਲੰਬੋ ਦੀਪ ਦੀ ਰਾਜਧਾਨੀ ਬਣ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ਸ਼ਹਿਰ ਐਡਮਿਰਲ ਲਾਡਰ ਲੂਈ ਮਾਊਂਟਬੈਟਨ ਦਾ ਹੈਡਕੁਆਟਰ ਸੀ।

          ਆਬਾਦੀ – 1,04,000 (1991)

          7° 18' ਉ. ਵਿਥ.; 80° 38' ਪੂ. ਲੰਬ.

          ਹ. ਪੁ.– ਕੋਲ. ਐਨ. 11 : 118


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.