ਕੋਲੰਬੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਲੰਬੋ : ਇਹ ਸ਼੍ਰੀ ਲੰਕਾ ਦਾ ਸਭ ਤੋਂ ਵੱਡਾ ਸ਼ਹਿਰ, ਹਿੰਦ ਮਹਾਂਸਾਗਰ ਦੀ ਪ੍ਰਮੁੱਖ ਤਜਾਰਤੀ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਗ਼ੈਰ-ਕੁਦਰਤੀ ਬੰਦਰਗਾਹ ਹੈ। ਕੋਲੰਬੋ ਸ੍ਰੀ ਲੰਕਾ ਟਾਪੂ ਦੇ ਦੱਖਣ-ਪੱਛਮੀ ਸਾਹਿਲ ਉਪਰ ਕੇਲਾਨੀ ਦਰਿਆ ਦੇ ਮੁਹਾਣੇ ਦੇ ਨਜ਼ਦੀਕ ਵਾਕਿਆ ਹੈ। ਇਹ ਆਰਥਿਕ ਅਤੇ ਵਪਾਰਕ ਸਰਗਰਮੀਆਂ ਦਾ ਵੱਡਾ ਕੇਂਦਰ ਅਤੇ ਇਕ ਮਸਰੂਫ਼ ਬੰਦਰਗਾਹ ਹੈ।

          ਸੰਨ 1980 ਦੇ ਦਹਾਕੇ ਦੇ ਮੱਧ ਦੌਰਾਨ ਸ੍ਰੀ ਜੈਵਦਨੇਪੁਰ ਨਾਮੀ ਰਾਜਧਾਨੀ ਦੀ ਉਸਾਰੀ ਮੁਕੰਮਲ ਹੋਣ ਤੋਂ ਕੋਲੰਬੋ ਨੂੰ ਸ਼੍ਰੀ ਲੰਕਾ ਦੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਰਿਹਾ। ਕੋਲੰਬੋ ਇਸ ਟਾਪੂ ਦਾ ਇਕ ਪ੍ਰਾਚੀਨ ਇਤਿਹਾਸਕ ਸ਼ਹਿਰ ਹੈ। ਇਸ ਦਾ ਜ਼ਿਕਰ ਸਭ ਤੋਂ ਪਹਿਲਾਂ ਪੰਜਵੀਂ ਸਦੀ ਦੌਰਾਨ ਚੀਨੀ ਯਾਤਰੀ ਫਾਹੀਯਾਨ ਨੇ ਕਾਓ-ਲਾਨ-ਪੂ ਨਾਂ ਹੇਠ ਕੀਤਾ।

          ਕੋਲਾਂਬਾ ਸ਼ਬਦ ਪ੍ਰਾਚੀਨ ਕਾਲ ਵਿਚ ਸਿਨਹਾਲੀ ਬੋਲੀ ਵਿਚ ਬੰਦਰਗਾਹ ਬੇੜੀ ਲਈ ਵੀ ਵਰਤਿਆ ਜਾਂਦਾ ਸੀ। ਪੁਰਤਗੇਜ਼ਾਂ ਨੇ ‘ਕੋਲਾਂਬਾ’ ਨਾਂ ਜਗਤ ਪ੍ਰਸਿੱਧ ਖੋਜੀ ਕ੍ਰਿਸਟੋਫ਼ੋਰ ਕੋਲੰਬੋ (ਕੋਲੰਬਸ) ਦੇ ਨਾਂ ਨਾਲ ਰਲਦਾ-ਮਿਲਦਾ ਹੋਣ ਕਰਕੇ ਹੀ ਬਹੁਤ ਪਸੰਦ ਕੀਤਾ ਅਤੇ ਸ਼ਾਇਦ ਹੌਲੀ ਹੌਲੀ ਉਨ੍ਹਾਂ ਨੇ ਇਸ ਨੂੰ ‘ਕੋਲੰਬੋ’ ਕਹਿਣਾ ਹੀ ਸ਼ੁਰੂ ਕਰ ਦਿੱਤਾ ਹੋਵੇ।

          ਕਈ ਇਤਿਹਾਸਕਾਰਾਂ ਦੇ ਖਿਆਲ ਅਨੁਸਾਰ ਪੰਜਵੀਂ ਸਦੀ ਤੱਕ ਕੋਲੰਬੋ ਇਕ ਪ੍ਰਫ਼ੁੱਲਤ ਤਜਾਰਤੀ ਕੇਂਦਰ ਸੀ। ਅੱਠਵੀਂ ਸਦੀ ਦੌਰਾਨ ਅਰਬੀ ਵਪਾਰੀ ਅਜੋਕੀ ਬੰਦਰਗਾਹ ਦੇ ਨੇੜੇ-ਤੇੜੇ ਆ ਕੇ ਵੱਸੇ ਅਤੇ ਇਸ ਨੂੰ ਹੋਰ ਵਿਕਸਿਤ ਕਰਨ ਵਿਚ ਹਿੱਸਾ ਪਾਇਆ। ਸੋਲ੍ਹਵੀਂ ਸਦੀ ਦੌਰਾਨ ਪੁਰਤਗੇਜ਼ ਵਪਾਰੀਆਂ ਨੇ ਵੀ ਇਸ ਦੇ ਵਿਕਾਸ ਵਿਚ ਯੋਗਦਾਨ ਪਾਇਆ। ਇਨ੍ਹਾਂ ਤੋਂ ਪਿਛੋਂ ਆਉਣ ਵਾਲੇ ਵਲੰਦੇਜ਼ੀ ਵਪਾਰੀ ਵਾਰੀ ਵਾਰੀ ਇਸ ਨੂੰ ਪ੍ਰਫੁੱਲਤ ਕਰਨ ਵਿਚ ਹਿੱਸਾ ਪਾਉਂਦੇ ਗਏ। ਸੰਨ 1815 ਵਿਚ ਸਿਨਹਾਲੀ ਸਰਦਾਰਾਂ (ਚੀਫ਼ਾਂ) ਦੀ ਸਹਾਇਤਾ ਨਾਲ ਕੈਂਡੀ ਦੇ ਰਾਜੇ ਨੂੰ ਗੱਦੀ ਤੋਂ ਉਤਾਰ ਕੇ ਬਰਤਾਨਵੀਂ ਸਰਕਾਰ ਨੇ ਲੰਕਾਂ ਦੇ ਟਾਪੂ ਉਤੇ ਆਪਣਾ ਰਾਜ ਕਾਇਮ ਕਰਨ ਸਮੇਂ ਕੋਲੰਬੋ ਨੂੰ ‘ਸੀਲੋਨ’ (ਸ੍ਰੀ ਲੰਕਾ) ਦੀ ਰਾਜਧਾਨੀ ਬਣਾ ਦਿੱਤਾ। ਸੰਨ 1948 ਵਿਚ ਸੀਲੋਨ ਦੇ ਆਜ਼ਾਦ ਹੋਣ ਤੇ ਵੀ ਰਾਜਧਾਨੀ ਕੋਲੰਬੋ ਹੀ ਰਹੀ। ਸੰਨ 1950 ਵਿਚ ਕਾਮਨ ਵੈੱਲਥ ਦੀ ਕਾਨਫ਼ਰੰਸ ਵਿਚ ਵੀ ਕੋਲੰਬੋ ਹੀ ਚੁਣਿਆ ਗਿਆ।

          ਅਜੋਕੇ ਕੋਲੰਬੋ ਸ਼ਹਿਰ ਨੂੰ ਪੈਤਾਹ ਅਤੇ ਕਿਲਾ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪੈਤਾਹ ਤਾਮਿਲ ਸ਼ਬਦ ‘ਪੈਤਾਈ’ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਕਿਲੇ ਤੋਂ ਬਾਹਰਲਾ ਸ਼ਹਿਰੀ ਇਲਾਕਾ ਹੈ। ਇਸੇ ਅਨੁਸਾਰ ਪੈਤਾਹ ਵਿਚ ਛੋਟੀਆਂ ਦੁਕਾਨਾਂ, ਬਾਜ਼ਾਰ ਅਤੇ ਫੇਰੀ ਵਾਲੇ ਦਿਖਾਈ ਦਿੰਦੇ ਹਨ ਜਦ ਕਿ ਕਿਲੇ ਦੇ ਅੰਦਰ ਸਰਕਾਰੀ ਦਫ਼ਤਰ ਅਤੇ ਵਪਾਰਕ ਸਰਗਰਮੀਆਂ ਕੇਂਦਰਿਤ ਹਨ। ਇਥੋਂ ਦਾ ‘ਦਾਲ-ਚੀਨੀ-ਬਾਗ਼’ ਨਾਮੀ ਰਿਹਾਇਸ਼ੀ ਖੇਤਰ ਵਲੰਦੇਜ਼ੀਆਂ ਦੇ ਸਮੇਂ ਦਾਲ-ਚੀਨੀ ਦੀ ਪੈਦਾਵਰ ਲਈ ਮਸ਼ਹੂਰ ਸੀ।

          ਸੰਸਦ ਭਵਨ, ਪੁਰਾਣਾ ਸਕੱਤਰੇਤ, ਟਾਊਨ ਹਾਲ, ਸੇਂਟ ਲੂਸੀਆਂ ਦਾ ਗਿਰਜਾ, ਸੁਪਰੀਮ ਕੋਰਟ ਆਦਿ ਇਥੋਂ ਦੀਆਂ ਪੁਰਾਣੀਆਂ ਮਹੱਤਵਪੂਰਨ ਇਮਾਰਤਾਂ ਹਨ। ਇਸ ਤੋਂ ਇਲਾਵਾ ਇਥੋਂ ਦੇ ਬਹੁਤ ਸਾਰੇ ਹਿੰਦੂ ਅਤੇ ਬੋਧੀ ਮੰਦਰ ਸ਼ਹਿਰ ਦੀ ਪ੍ਰਾਚੀਨ ਸਭਿਅਤਾ ਤੇ ਇਤਿਹਾਸ ਦੀ ਸਾਖੀ ਭਰਦੇ ਹੋਏ ਵਿਸ਼ੇਸ਼ ਉਸਾਰੀ-ਕਲਾ ਦਾ ਨਮੂਨਾ ਹਨ।

          ਦੇਸ਼ ਦੇ ਮੁਖੀ ਅਤੇ ਪ੍ਰਧਾਨ-ਮੰਤਰੀ ਦੇ ਨਿਵਾਸ-ਸਥਾਨ ਕੋਲੰਬੋ ਵਿਖੇ ਹਨ। ਕੋਲੰਬੋ ਯੂਨੀਵਰਸਿਟੀ ਅਤੇ ਹਸਪਤਾਲ ਦੀਆਂ ਇਮਾਰਤਾਂ ਨਵੀਨ ਯੁੱਗ ਦੀ ਉਸਾਰੀ ਕਲਾ ਦਾ ਨਮੂਨਾ ਹਨ। ਦੂਜੀ ਵੱਡੀ ਜੰਗ ਵੇਲੇ ਤੋਂ ਰਤਨਾਮਾਲਾ ਦੇ ਸਥਾਲ ਉੱਤੇ ਬਣਿਆ ਕੋਲੰਬੋ ਹਵਾਈ ਅੱਡਾ ਅੰਤਰ ਰਾਸ਼ਟਰੀ ਪੱਧਰ ਦਾ ਹੈ।

          ਸ਼ਹਿਰ ਦਾ ਪ੍ਰਬੰਧ ਮਿਊਂਸਪਲ ਕੌਂਸਲ ਦੇ ਸਪੁਰਦ ਹੈ। ਸਭ ਤੋਂ ਵੱਡਾ ਅਹੁਦੇਦਾਰ ਮੇਅਰ ਹੈ ਤੇ ਕਮਿਸ਼ਨਰ ਉਸ ਦੇ ਕੰਮਾਂ ਵਿਚ ਸਹਾਇਤਾ ਕਰਦਾ ਹੈ। ਕੋਲੰਬੋ ਦੀ ਆਰਥਿਕਤਾ ਬੰਦਰਗਾਹ ਦੇ ਕਾਰੋਬਾਰ ਅਤੇ ਨਿਰਮਾਣਕਾਰੀ ਉਦਯੋਗਾਂ ਉਪਰ ਨਿਰਭਰ ਹੈ। ਕੱਚਾ ਮਾਲ ਪ੍ਰਾਸੈੱਸਿੰਗ ਉਪਰੰਤ ਬਰਾਮਦ ਕੀਤਾ ਜਾਂਦਾ ਹੈ। ਗੱਡੀਆਂ ਮੋਟਰਾਂ ਦੀ ਮੁਰੰਮਦ ਤੇ ਉਨ੍ਹਾਂ ਦੇ ਹਿੱਸੇ-ਪੁਰਜ਼ੇ ਜੋੜਨਾ ਆਦਿ ਇਥੋਂ ਦੇ ਵੱਡੇ ਉਦਯੋਗ ਹਨ। ਖੁਰਾਕ, ਪੀਣ-ਪਦਾਰਥ ਤੇ ਤਮਾਕੂ ਆਦਿ ਦੀ ਪ੍ਰਾਸੈੱਸਿੰਗ ਹਲਕੇ ਉਦਯੋਗਾਂ ਵਿਚੋਂ ਹਨ। ਅਜੋਕੇ ਸ਼ਹਿਰ ਦੇ ਬਾਹਰਵਾਰ ਸੂਤੀ ਕੱਪੜਾ, ਚਮੜਾ, ਸਾਬਣ, ਨਾਰੀਅਲ ਤੇ ਇਸ ਦੇ ਤੇਲ ਆਦਿ ਦੀ ਤਿਆਰੀ ਇਥੋਂ ਦੇ ਆਧੁਨਿਕ ਉਦਯੋਗ ਹਨ।

          ਇਹ ਸਥਾਨ, ਸੜਕਾਂ ਤੇ ਰੇਲਾਂ ਰਾਹੀਂ ਟਾਪੂ ਦੇ ਸਾਰੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਥੋਂ ਤਾਮਿਲ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਖ਼ਬਾਰਾਂ ਛਪਦੀਆਂ ਹਨ।

          ਮਾਊਂਟ ਲੈਵਿਨੀਆ ਬੀਜ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਚੇਹੀਵਾਲਾ ਚਿੜੀਆ-ਘਰ ਕੋਲੰਬੋ ਸ਼ਹਿਰ ਦੇ ਦੱਖਣੀ ਹਿੱਸੇ ਵੱਲ ਹੈ।

          ਆਬਾਦੀ – 19,35,000 (1990)

          60° 56' ਉ. ਵਿਥ. ; 79° 51' ਪੂ. ਲੰਬ.

          ਹ. ਪੁ.– ਬ੍ਰਿ. ਮਾ. 3 : 462; ਐਨ. ਅਮੈ. 7 : 277


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.