ਕੋਸ਼ਗਤ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕੋਸ਼ਗਤ ਸ਼ਬਦ : ਪਰੰਪਰਾਵਾਦੀ ਵਿਆਕਰਨ ਵਿਚ ਸ਼ਬਦ ਨੂੰ ਵਿਆਕਰਨ ਦੇ ਪੱਧਰ ਦੀ ਛੋਟੀ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ । ਇਹ ਇਕ ਅਜਿਹੀ ਇਕਾਈ ਹੈ ਜਿਸ ਦੀ ਪਰਿਭਾਸ਼ਾ ਸਬੰਧੀ ਅਜੇ ਵੀ ਵਿਵਾਦ ਹੈ ਪਰ ਇਸ ਤੋਂ ਵਡੇਰੀਆਂ ਇਕਾਈਆਂ ਨੂੰ ਪਰਿਭਾਸ਼ਤ ਕਰਨ ਵੇਲੇ ਇਸ ਨੂੰ ਅਧਾਰ ਬਣਾਇਆ ਜਾਂਦਾ ਹੈ । ਸ਼ਬਦ ਨੂੰ ਦੋ ਪੱਧਰਾਂ ’ ਤੇ ਵਿਚਾਰਿਆ ਜਾਂਦਾ ਹੈ : ਕੋਸ਼ਗਤ ਸ਼ਬਦ ( Lexical words ) ਅਤੇ ਵਿਆਕਰਨਕ ਸ਼ਬਦ ( Grammatical words ) । ਹਿੰਦੀ ਅਤੇ ਇਸ ਦੀ ਸਰੋਤ ਭਾਸ਼ਾ ਸੰਸਕ੍ਰਿਤ ਵਿਚ ਇਸ ਲਈ ਸ਼ਬਦ ਅਤੇ ਪਦ ਸੰਕਲਪਾਂ ਦੀ ਵਰਤੋਂ ਕੀਤੀ ਜਾਂਦੀ ਹੈ । ਕੋਸ਼ਗਤ ਸ਼ਬਦ ਉਸ ਸੰਕਲਪ ਲਈ ਵਰਤਿਆ ਜਾਂਦਾ ਹੈ ਜਦੋਂ ਕਿਸੇ ਸ਼ਬਦ ਦੇ ਮੂਲ ਨੂੰ ਕੋਸ਼ ਦੀ ਮੁੱਢਲੀ ਇਕਾਈ ਵਜੋਂ ਵਰਤਿਆ ਜਾਵੇ ਜਿਵੇਂ : ‘ ਜਾ’ ਕਿਰਿਆ ਸ਼ਬਦ ਧਾਤੂ ਰੂਪ ਵਿਚ ਵਿਚਰਦੀ ਹੈ ਅਤੇ ਇਹ ਇਕ ਕੋਸ਼ਕ ਇਕਾਈ ਹੈ ਪਰ ਇਸ ਇਕਾਈ ਦੇ ਅੱਗੋਂ ਵਿਆਕਰਨਕ ਸ਼ਰੇਣੀਆਂ ਅਨੁਸਾਰ ਵੱਖ ਵੱਖ ਰੂਪ ਵਿਚਰਦੇ ਹਨ ਜਿਵੇਂ : ਜਾਂਦਾ , ਜਾਂਦੇ , ਜਾਂਦੀਆਂ , ਜਾਏਗਾ ਆਦਿ ਪਰ ਇਨ੍ਹਾਂ ਸਾਰੇ ਰੂਪਾਂ ਨੂੰ ਕੋਸ਼ ਦੇ ਇੰਦਰਾਜ ਵਜੋਂ ਸ਼ਾਮਲ ਨਹੀਂ ਕੀਤਾ ਜਾਂਦਾ । ਇਹ ਸਾਰੇ ਰੂਪ ਵਾਕਾਤਮਕ ਬਣਤਰਾਂ ਵਿਚ ਵੱਖੋ ਵੱਖਰੇ ਰੂਪਾਂ ਵਿਚ ਵਿਚਰਦੇ ਹਨ । ਇਸ ਲਈ ‘ ਜਾ’ ਸ਼ਬਦ ਦੀ ਸਾਰੀ ਰੂਪਾਵਲੀ ਕੋਸ਼ ਵਿਚ ਦਰਜ ਨਹੀਂ ਕੀਤੀ ਜਾ ਸਕਦੀ ਸਗੋਂ ਮੂਲ ਇਕਾਈ ਨੂੰ ਹੀ ਕੋਸ਼ ਦੇ ਇੰਦਰਾਜ ਵਜੋਂ ਦਰਜ ਕੀਤਾ ਜਾਂਦਾ ਹੈ । ਕੋਸ਼ਗਤ ਸ਼ਬਦ ਮੂਲ ਰੂਪ ਵਿਚ ਕੋਸ਼ਗਤ ਅਰਥਾਂ ਦੇ ਵਾਹਕ ਹੁੰਦੇ ਹਨ ਅਤੇ ਵਿਆਕਰਨਕ ਸ਼ਬਦ ਵਿਆਕਰਨਕ ਕਾਰਜ ਦੇ ਵਾਹਕ ਹੁੰਦੇ ਹਨ । ਕੋਸ਼ਗਤ ਸ਼ਬਦ ਅਸਲ ਵਿਚ ਸ਼ਬਦਾਂ ਦੇ ਮੂਲ ਅਰਥਾਂ ਜਾਂ ਸੰਕਲਪਾਂ ਦੇ ਸੂਚਕ ਹੁੰਦੇ ਹਨ ਜਦੋਂ ਕਿ ਵਿਆਕਰਨਕ ਸ਼ਬਦਾਂ ਦੀ ਅਰਥ ਸੀਮਾ ਕਿਤੇ ਵਡੇਰੀ ਹੁੰਦੀ ਹੈ । ਅਰਥਾਂ ਦੀ ਸੀਮਾ ਨੂੰ ਕੋਸ਼ ਵਿਚ ਦਰਜ ਕੀਤਾ ਜਾਂਦਾ ਹੈ ਪਰ ਕਈ ਵਾਰੀ ਇਕ ਸ਼ਬਦ ਰੂਪ ਦੀ ਇੰਨੀ ਵੱਖਰੀ ਵਰਤੋਂ ਹੁੰਦੀ ਹੈ ਕਿ ਉਹ ਕੋਸ਼ਗਤ ਅਰਥਾਂ ਨਾਲ ਮੇਲ ਨਹੀਂ ਖਾਂਦੇ ਜਿਵੇਂ : ‘ ਵਟ’ ਸ਼ਬਦ ਦੇ ਮੂਲ ਅਰਥ ਵੰਡਣਾ \ ਅਲੱਗ ਦੀ ਪਰਿਕਿਰਿਆ ਦੇ ਸੂਚਕ ਹਨ ਪਰ ‘ ਵੱਟ ਲੱਗਣਾ’ , ‘ ਵੱਟ ਲੈਣਾ’ , ‘ ਪਾਸਾ ਵੱਟ ਲੈਣਾ’ , ‘ ਪੇਟ ਵਿਚ ਵੱਟ ਪੈਣਾ’ , ‘ ਮੱਥੇ ਵੱਟ ਪਾਉਣਾ’ ਆਦਿ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ । ਕੋਸ਼ ਵਿਚ ਇਸ ਪਰਕਾਰ ਦੇ ਸ਼ਬਦਾਂ ਨੂੰ ਕੇਵਲ ਇਕ ਕੋਸ਼ਕ ਇਕਾਈ ਵਿਚ ਨਹੀਂ ਰੱਖਿਆ ਜਾ ਸਕਦਾ । ਇਸ ਮਸਲੇ ਦੇ ਸਮਾਧਾਨ ਲਈ ਵੱਟ 1 , ਵੱਟ 2 .......... ਆਦਿ ਇੰਦਰਾਜ ਵਰਤੇ ਜਾਂਦੇ ਹਨ । ਕੋਸ਼ਕ ਸ਼ਬਦਾਂ ਵਿਚ ਮੁੱਖ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ । ਇਹ ਮੁੱਖ ਸ਼ਰੇਣੀਆਂ ਨਾਂਵ , ਵਿਸ਼ੇਸ਼ਣ , ਕਿਰਿਆ ਤੇ ਕਿਰਿਆ ਵਿਸ਼ੇਸ਼ਣ ਆਦਿ ਹਨ । ਇਨ੍ਹਾਂ ਸ਼ਬਦਾਂ ਦੀ ਰੂਪਾਵਲੀ ਵੀ ਬਣਦੀ ਹੈ ਅਤੇ ਇਹ ਸ਼ਬਦ ਅਸੀਮਤ ਸ਼ਬਦ-ਸ਼ਰੇਣੀਆਂ ਵਜੋਂ ਵਿਚਰਦੇ ਹਨ । ਇਨ੍ਹਾਂ ਸ਼ਬਦਾਂ ਦੇ ਰੂਪਾਂਤਰੀ ਰੂਪਾਂ ਨੂੰ ਛੱਡ ਕੇ ਮੂਲ ਰੂਪਾਂ ਨੂੰ ਕੋਸ਼ ਵਿਚ ਇਕਾਈ ਦੇ ਤੌਰ ’ ਤੇ ਦਰਜ ਕੀਤਾ ਜਾਂਦਾ ਹੈ । ਦੂਜੇ ਪਾਸੇ ‘ ਸਬੰਧਕ , ਯੋਜਕ , ਵਿਸਮਿਕ , ਪਾਰਟੀਕਲਜ਼ , ਸਹਾਇਕ ਕਿਰਿਆਵਾਂ’ ਵਿਆਕਰਨਕ ਸਬੰਧਾਂ ਨੂੰ ਪਰਗਟ ਕਰਨ ਵਾਲੀਆਂ ਸ਼ਬਦ-ਸ਼ਰੇਣੀਆਂ ਹਨ । ਇਹ ਸ਼ਬਦ ਵਿਆਕਰਨਕ ਬਣਤਰਾਂ ਵਿਚ ਵਿਚਰ ਕੇ ਕੋਸ਼ਗਤ ਸ਼ਬਦਾਂ ਨੂੰ ਵਿਆਕਰਨਕ ਕਾਰਜ ਅਤੇ ਸੰਦਰਭਗਤ ਅਰਥਾਂ ਵਿਚ ਢਾਲ ਕੇ ਪੇਸ਼ ਕਰਦੇ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.