ਕ੍ਰੋਮੀਅਮ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Choromium ( ਕਰਅਉਮਿਅਮ ) ਕ੍ਰੋਮੀਅਮ : ਕ੍ਰੋਮੀਅਮ ਇਕ ਧਾਤ ਦਾ ਨਾਂ ਹੈ ਜਿਸ ਨੂੰ ਬੇਦਾਗ਼ ਜਾਂ ਬੇਜ਼ੰਗ ਉੱਤਮ ਫ਼ੌਲਾਦ ਵਾਸਤੇ ਵਰਤਿਆ ਜਾਂਦਾ ਹੈ । ਇਸ ਨੂੰ ਇਲੈਕਟ੍ਰੋਪਲੇਟਿੰਗ ( electropla-ting ) ਕਰਨ ਵਾਸਤੇ ਵੀ ਵਰਤਿਆ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕ੍ਰੋਮੀਅਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕ੍ਰੋਮੀਅਮ : ਕ੍ਰੋਮੀਅਮ ਤੱਤ ਸਭ ਤੋਂ ਪਹਿਲਾਂ 1797 ਈ. ਵਿਚ ਐਲ. ਐਨ. ਵੈਕਿਊਲਿਨ ਨੇ ਕ੍ਰੋਕੋਆਈਟ ਖਣਿਜ ਤੋਂ ਵਖਰਾ ਕੀਤਾ ਜਿਸ ਦੀ ਖੋਜ 1765 ਈ. ਵਿਚ ਪੀ. ਐੱਸ. ਪਾਲਾਸ ਨੇ ਰੂਸ ਵਿਚ ਕੀਤੀ ਸੀ । ਜ਼ਮੁੱਰਦ ( ਪੱਨਾ ) , ਸਰਪੈੱਨਟਾਈਟ ਤੇ ਕ੍ਰੋਮ ਅਬਰਕ ਦਾ ਹਰਾ ਰੰਗ ਅਤੇ ਮਣੀ ਦਾ ਲਾਲ ਰੰਗ ਕ੍ਰੋਮ ਕਾਰਨ ਹੀ ਹੁੰਦਾ ਹੈ । ਕ੍ਰੋਮੀਅਮ ਹਮੇਸ਼ਾ ਸੰਯੁਕਤ ਹਾਲਤ ਵਿਚ ਮਿਲਦਾ ਹੈ । ਇਸ ਦੀ ਮੁੱਖ ਕੱਚੀ-ਧਾਤ ਕ੍ਰੋਮਾਈਟ ਹੈ । ਕ੍ਰੋਮ ਦੀ ਕੱਚੀ-ਧਾਤ ਵਿਚ 42% ਤੋਂ 56% ਵਿਚਕਾਰ ਕ੍ਰੋਮਿਕ ਆਕਸਾਈਡ ( Cr 2 O 3 ) ਅਤੇ 10% ਤੋਂ 26% ਫੈਰਸ ਆਕਸਾਈਡ ( FeO ) ਹੁੰਦਾ ਹੈ । ਇਹ ਆਵਰਤੀ ਸਾਰਨੀ ਦੇ ਛੇਵੇਂ ਗਰੁੱਪ ਦੇ ਅੰਤਰਕਾਲੀ ਤੱਤਾਂ ਵਿਚੋਂ ਇਕ ਹੈ । ਇਸ ਦਾ ਰਸਾਇਣਿਕ ਚਿੰਨ੍ਹ Cr , ਪ੍ਰਮਾਣੂ ਕ੍ਰਮ-ਅੰਕ 24 ਅਤੇ ਪ੍ਰਮਾਣੂ-ਭਾਰ 51.996 ਹੈ । ਇਸ ਦੇ ਕੁਦਰਤ ਵਿਚ ਮਿਲਦੇ ਸਮਸਥਾਨਕ Cr 50 ( 4.31% ) , Cr 52 ( 83.76% ) Cr 53 ( 9.55% ) ਤੇ Cr 54 ( 2.38% ) ਅਤੇ ਰੇਡੀਉ-ਸਮਸਥਾਨਕ 49 , 51 ਤੇ 55 ਪ੍ਰਮਾਣੂ ਭਾਰ ਵਾਲੇ ਮਿਲੇ ਹਨ । ਇਸ ਦੀ 20˚ ਸੈਂ. ਤੇ ਘਣਤਾ 7.19 ਗ੍ਰਾ. ਪ੍ਰਤੀ ਸੈ. 3 , ਪਿਘਲਾਉ ਦਰਜਾ 1930¹ 10˚ ਸੈਂ. ਅਤੇ ਉਬਾਲ ਦਰਜਾ 2480˚ ਸੈਂ. ਹੈ । ਇਸ ਦਾ ਰੇਖਾਤਮਕ ਪਸਾਰ-ਗੁਣਾਂਕ 6.2 X 10 -6 /ਸੈਂ. ਹੈ ਅਤੇ 25˚ ਸੈਂ. ਉਤੇ ਵਿਸ਼ਿਸ਼ਟ ਤਾਪ 0.11 ਕੈਲੋਰੀ/ਗ੍ਰਾ. ˚ਸੈਂ. ਹੈ । ਠੋਸ ਅਤੇ ਗੈਸੀ ਕ੍ਰੋਮੀਅਮ ਦੀ ਐੱਨਟ੍ਰਾਪੀ ਕ੍ਰਮਵਾਰ 5.68 ਅਤੇ 44.64 ਕੈਲੋਰੀ /˚ਸੈਂ./ਮੋਲ ਹੁੰਦੀ ਹੈ । ਇਸ ਦੇ ਪਿਘਲਣ ਦਾ ਗੁਪਤ ਤਾਪ ਅਤੇ ਵਾਸ਼ਪੀਕਰਨ ਦਾ ਗੁਪਤ ਤਾਪ ਕ੍ਰਮ-ਵਾਰ 80.75 ਕੈਲੋਰੀ/ਗ੍ਰਾ. ਅਤੇ 1470 ਕੈਲੋਰੀ/ਗ੍ਰਾ. ( ਉਬਾਲ ਦਰਜੇ ਉਤੇ ) ਹੁੰਦਾ ਹੈ । ਕ੍ਰੋਮੀਅਮ ਅਨੁਚੁੰਬਕੀ ਹੁੰਦਾ ਹੈ ਅਤੇ ਇਸ ਦੀ ਔਸਤਨ ਪੁੰਜ-ਪ੍ਰਵਿਤਰੀ 3.29 X 10 -6 ਸੀ. ਜੀ. ਐਸ. ਯੂਨਿਟ ਹੈ । ਕ੍ਰੋਮੀਅਮ ਦਾ ਰੰਗ ਸਟੀਲ-ਗ੍ਰੇ ਹੁੰਦਾ ਹੈ ਅਤੇ ਬਿਜਲੱਈ ਮੁਲੰਮਿਤ ਹੋਣ ਮਗਰੋਂ ਚਿੱਟੀ ਰੌਸ਼ਨੀ ਨੂੰ 77% ਪਰਾਵਰਤ ਕਰ ਦਿੰਦਾ ਹੈ । ਇਸ ਦਾ ਅਪਵਰਤਨ-ਅੰਕ 1.64 ਤੋਂ 3.38 ਤਕ ਹੁੰਦਾ ਹੈ ਅਤੇ ਤਰੰਗ-ਲੰਬਾਈ 2 , 570 ਅਤੇ 6 , 080˚A ਦੇ ਵਿਚਕਾਰ ਹੁੰਦੀ ਹੈ ।

                  ਕ੍ਰੋਮੀਅਮ , ਯੋਗਿਕਾਂ ਦੀਆਂ ਤਿੰਨ ਲੜੀਆਂ ਬਣਾਉਂਦਾ ਹੈ : ( 1 ) ਕ੍ਰੋਮਸ ਯੋਗਿਕ , CrX 2 ; ਜਿਨ੍ਹਾਂ ਵਿਚ ਦੁਸੰਯੋਜਕ ਕ੍ਰੋਮੀਅਮ ਹੁੰਦਾ ਹੈ; ( 2 ) ਕ੍ਰੋਮਿਕ ਯੋਗਿਕ , CrX 3 ; ਜਿਨ੍ਹਾਂ ਵਿਚ ਤ੍ਰੈਸੰਯੋਜਕ ਕ੍ਰੋਮੀਅਮ ਹੁੰਦਾ ਹੈ ਅਤੇ ( 3 ) ਹੈਕੱਸਾਵੇਲੈਂਟ ਯੋਗਿਕ ਜਿਵੇਂ ਕ੍ਰੋਮੇਟ ਅਤੇ ਡਾਈਕ੍ਰੋਮੇਟ । ਇਕ-ਸੰਯੋਜਕ ਅਤੇ ਪੰਜ-ਸੰਯੋਜਕ ਕ੍ਰੋਮੀਅਮ ਯੋਗਿਕਾਂ ਦਾ ਵੀ ਪਤਾ ਲੱਗਾ ਹੈ ।

                  ਦੂਸਰੀਆਂ ਧਾਤਾਂ ਜਿਵੇਂ ਲੋਹਾ ਤੇ ਨਿਕਲ ਆਦਿ ਨਾਲ ਕ੍ਰੋਮੀਅਮ ਮਿਲਾ ਕੇ ਉਨ੍ਹਾਂ ਦੀ ਸਮਰੱਥਾ , ਖੁਰਨ ਅਤੇ ਆਕਸੀਕਰਨ ਪ੍ਰਤੀਰੋਧ ਨੂੰ ਵਧਾਇਆ ਜਾਂਦਾ ਹੈ । ਕ੍ਰੋਮੀਅਮ ਦਾ ਹੋਰ ਵੱਡਾ ਲਾਭ ਕ੍ਰੋਮਾਈਟ ਨੂੰ ਧਾਤਾਂ ਪਿਘਲਾਉਣ ਵਾਲੀਆਂ ਭੱਠੀਆਂ ਵਿਚ ਵਰਤਿਆ ਜਾਣਾ ਹੈ । ਇਸ ਤੋਂ ਕ੍ਰੋਮ ਦੇ ਰਸਾਇਣਿਕ ਪਦਾਰਥ ਤਿਆਰ ਕੀਤੇ ਜਾਂਦੇ ਹਨ । ਕ੍ਰੋਮੀਅਮ ਦੇ ਰਸਾਇਣਿਕ ਪਦਾਰਥ ਪਿਗਮੈਂਟ ਬਣਾਉਣ ਲਈ ਵਰਤੇ ਜਾਂਦੇ ਹਨ । ਕ੍ਰੋਮ ਆਕਸਾਈਨ ਗ੍ਰੀਨ ( Cr 2 O 3 ) ਜੋ ਤਕਰੀਬਨ ਸ਼ੁੱਧ ਹੁੰਦਾ ਹੈ , ਸਭ ਤੋਂ ਵਧੇਰੇ ਸਥਿਰ ਹਰਾ ਪਿਗਮੈਂਟ ਹੈ ।

                  ਲਗਭਗ 600˚ ਸੈਂ. ਉਤੇ ‘ ਕ੍ਰੋਮੀਅਮ ਜਲਹੀਨ ਹੈਲੋਜੈੱਨਾਂ , ਹਾਈਡ੍ਰੋਜਨ ਕਲੋਰਾਈਡ ਅਤੇ ਹਾਈਡ੍ਰੋਜਨ ਫ਼ਲੋਰਾਈਡ ਨਾਲ ਕਿਰਿਆ ਕਰਦਾ ਹੈ । ਪਾਣੀ ਮਿਲੇ HF , HC1 , HBr ਅਤੇ HI ਵਿਚ ਕ੍ਰੋਮੀਅਮ ਹੌਲੀ-ਹੌਲੀ ਘੁਲ ਜਾਂਦਾ ਹੈ । ਹਲਕੇ ਗੰਧਕ ਦੇ ਤੇਜ਼ਾਬ ਵਿਚ ਵੀ ਇਹ ਹੌਲੀ-ਹੌਲੀ ਘੁਲ ਜਾਂਦਾ ਹੈ ਅਤੇ ਹਾਈਡ੍ਰੋਜ਼ਨ ਨਿਕਲਦੀ ਹੈ ਅਤੇ ਗਾੜ੍ਹੇ ਗੰਧਕ ਦੇ ਤੇਜ਼ਾਬ ਵਿਚ ਉਬਾਲਨ ਨਾਲ SO 2 ਨਿਕਲਦੀ ਹੈ । ਸਾਧਾਰਨ ਤਾਪਮਾਨ ਤੇ ਨਾਈਟ੍ਰਿਕ ਐਸਿਡ ਅਤੇ ਐਕਵਾਰੀਜੀਆ ਦਾ ਇਸ ਉਤੇ ਕੋਈ ਅਸਰ ਨਹੀਂ ਹੁੰਦਾ । ਕਈ ਆਕਸੀਕਾਰਕ ਜਿਵੇਂ ਕਲੋਰੀਨ ਜਾਂ ਬਰੋਮੀਨ ਦਾ ਪਾਣੀ , ਨਾਈਟ੍ਰਿਕ , ਕਲੋਰਿਕ ਅਤੇ ਪਰਕਲੋਰਿਕ ਦੇ ਗਾੜ੍ਹੇ ਤੇਜ਼ਾਬ ਕ੍ਰੋਮੀਅਮ ਵਿਚ ਅਕਿਰਿਆਸ਼ੀਲਤਾ ਲਿਆ ਦਿੰਦੇ ਹਨ , ਕਿਉਂਕਿ ਕੁਝ ਖ਼ਾਸ ਹਾਲਤਾਂ ਵਿਚ ਧਾਤ ਉਤੇ ਆਕਸਾਈਡ ਦੀ ਇਕ ਪਤਲੀ ਤਹਿ ਜਿਹੀ ਜੰਮ ਜਾਂਦੀ ਹੈ । ਇਸ ਹਾਲਤ ਵਿਚ ਕ੍ਰੋਮੀਅਮ ਉਤੇ ਹਲਕੇ ਖਣਿਜੀ ਤੇਜ਼ਾਬਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ।

                  ਸਾਧਾਰਨ ਤਾਪਮਾਨ ਉਤੇ ਸਿੱਲ੍ਹੀ ਅਤੇ ਖੁਸ਼ਕ ਹਵਾ ਦਾ ਬਹੁਤ ਘੱਟ ਅਸਰ ਹੁੰਦਾ ਹੈ । ਉੱਤੇ ਤਾਪਮਾਨਾਂ ਉਤੇ ਆਕਸੀਜਨ ਅਤੇ ਹਵਾ ਵਿਚ ਸਤ੍ਹੱਈ ਆਕਸੀਕਰਨ ਹੋ ਜਾਂਦਾ ਹੈ ਅਤੇ ਆਕਸੀਜਨ ਵਿਚ ਧਾਤ 2 , 000˚ ਸੈਂ. ਉਤੇ ਜਲਣ ਲਗ ਪੈਂਦੀ ਹੈ । ਲਾਲ ਸੁਰਖ਼ ਤਾਪ ਉਤੇ ਕ੍ਰੋਮੀਅਮ ਦਾ ਜਲ-ਵਾਸ਼ਪਾਂ ਦੁਆਰਾ ਆਕਸੀਕਰਨ ਹੋ ਜਾਂਦਾ ਹੈ ਪਰ ਸਧਾਰਨ ਤਾਪਮਾਨ ਉਤੇ ਸਮੁੰਦਰੀ ਪਾਣੀ ਜਾਂ ਹਵਾ ਮਿਲੇ ਮੀਂਹ ਦੇ ਪਾਣੀ ਦਾ ਇਸ ਉਤੇ ਕੋਈ ਪ੍ਰਭਾਵ ਨਹੀਂ ਹੁੰਦਾ ।

                  ਹਾਈਡ੍ਰਾਕਸਾਈਡ ਖਾਰ , ਲਾਲ ਸੁਰਖ਼ ਤਾਪ ਉਤੇ ਧਾਤ ਨਾਲ ਕਿਰਿਆ ਕਰਦੀ ਹੈ ਪ੍ਰੰਤੂ ਫਿਊਜ਼ਡ ਕਾਬੋਨੇਟ ਖਾਰਾਂ ਦਾ ਇਸ ਉਤੇ ਕੋਈ ਅਸਰ ਨਹੀਂ ਹੁੰਦਾ । ਗੰਧਕ ਦੇ ਵਾਸ਼ਪ ( 700˚ ਸੈਂ. ਉਤੇ ) ਹਾਈਡ੍ਰੋਜਨ ਸਲਫ਼ਾਈਡ ( ਲਾਲ ਸੁਰਖ਼ ਤਾਪ ਉੱਤੇ ) ਅਤੇ ਸਲਫ਼ਰ-ਡਾਈਆਕਸਾਈਡ ( ਲਾਲ ਸੁਰਖ਼ ਤਾਪ ਉਤੇ ) ਕ੍ਰੋਮੀਅਮ ਨਾਲ ਕਿਰਿਆ ਕਰਦੇ ਹਨ । ਫ਼ਾਸਫ਼ੋਰਸ 800˚ ਸੈਂ. ਉਤੇ ਕ੍ਰੋਮੀਅਮ ਨਾਲ ਕਿਰਿਆ ਕਰਦਾ ਹੈ ਅਤੇ ਕਾਰਬਨ ਮਾਨੋਆਕਸਾਈਡ 1000˚ ਸੈਂ. ਜਾਂ ਵੱਧ ਤਾਪਮਾਨ ਉਤੇ ਧਾਤ ਦਾ ਆਕਸੀਕਰਨ ਕਰ ਦਿੰਦੀ ਹੈ । ਅਮੋਨੀਆ 850˚ ਸੈਂ. ਉਤੇ ਕ੍ਰੋਮੀਅਮ ਨਾਲ ਕਿਰਿਆ ਕਰਕੇ ਨਾਈਟ੍ਰਾਈਡ ਬਣਾਉਂਦੀ ਹੈ ਅਤੇ ਗਰਮ ਨਾਈਟ੍ਰਿਕ ਆਕਸਾਈਡ ਨਾਲ ਕਿਰਿਆ ਦੁਆਰਾ ਨਾਈਟ੍ਰਾਈਡ ਅਤੇ ਆਕਸਾਈਡ ਬਣਦੇ ਹਨ । ਕ੍ਰੋਮੀਅਮ , ਹਾਈਡ੍ਰਾਈਡ ਵੀ ਬਣਾਉਂਦਾ ਹੈ ਅਤੇ ਉੱਚੇ ਤਾਪਮਾਨ ਤੇ ਕਾਬਰਨ , ਸਿਲਿਕਾਨ ਜਾਂ ਬੋਰਾਨ ਨਾਲ ਵੀ ਕਿਰਿਆ ਕਰਦਾ ਹੈ ।

                  ਸ਼ੁੱਧ ਕ੍ਰੋਮੀਅਮ ਧਾਤ ਨਾਲ ਹੀ ਕ੍ਰੋਮਾਈਟ ਅਤੇ ਤ੍ਰੈਸੰਯੋਜੀ ਯੋਗਿਕਾਂ ਨਾਲ ਸਰੀਰ ਦੇ ਟਿਸ਼ੂਆਂ ਦਾ ਕੋਈ ਗੰਭੀਰ ਨੁਕਸਾਨ ਨਹੀਂ ਹੁੰਦਾ ਅਤੇ ਇਸ ਦਾ ਜ਼ਹਿਰੀਲਾ ਪ੍ਰਭਾਵ ਛੇ-ਸੰਯੋਜੀ ਯੋਗਿਕਾਂ ਤਕ ਸੀਮਿਤ ਹੈ । ਛੇ-ਸੰਯੋਜੀ ਯੋਗਿਕਾਂ ਨਾਲ ਸਰੀਰ ਉਤੇ ਬਹੁਤ ਜ਼ਿਆਦਾ ਜਲਨ ਅਤੇ ਕਈ ਵਾਰੀ ਜ਼ਹਿਰੀਲੀ ਕਿਰਿਆ ਹੋ ਜਾਂਦੀ ਹੈ । ਕੁਝ ਵਿਸ਼ੇਸ਼ ਹਾਲਤਾਂ ਵਿਚ ਇਨ੍ਹਾਂ ਯੋਗਿਕਾਂ ਨਾਲ ਟਿਸ਼ੂ ਪ੍ਰੋਟੀਨਾਂ ਦੀ ਤਬਾਹੀ ਹੋ ਜਾਂਦੀ ਹੈ । ਚਮੜੀ ਉਤੇ ਕਿਰਿਆ ਹੋਣ ਨਾਲ ਕ੍ਰੋਮ ਅਲਸਰ ਅਤੇ ਖਲੜੀ ਦੀ ਸੋਜ਼ਿਸ਼ ਹੋ ਜਾਂਦੀ ਹੈ । ਕ੍ਰੋਮੇਟ ਦੀ ਧੂੜ ਦੇ ਸਾਹ ਰਾਹੀਂ ਅੰਦਰ ਜਾਣ ਨਾਲ ਨੱਕ ਦੇ ਪਰਦੇ ਵਿਚ ਛਿਦਰ ਹੋ ਜਾਂਦੇ ਹਨ , ਸਾਹ ਵਾਲੇ ਰਾਹ ਵਿਚ ਕੈਂਸਰ ਹੋ ਜਾਂਦਾ ਹੈ ਅਤੇ ਸਖ਼ਤ ਜਲਨ ਜਾਂ ਖ਼ੂਨ ਜੰਮਣ ਲਗ ਪੈਂਦਾ ਹੈ ।

                  ਸਟੈਂਡਰਡ ਗੁਣਾਤਮਕ ਢੰਗ ਵਿਚ ਕ੍ਰੋਮੀਅਮ ਦਾ ਐਲੂਮਿਨੀਅਮ ਦੇ ਨਾਲ-ਨਾਲ ਹਾਈਡ੍ਰਾਕਸਾਈਡ ਦੇ ਤੌਰ ਤੇ ਤਲਛੱਟ ਬਣਾਇਆ ਜਾਂਦਾ ਹੈ ਕਿਉ਼ਕਿ ਤੇਜ਼ਾਬੀ ਘੋਲ ਵਿਚ ਹਾਈਡ੍ਰੋਜਨ ਸਲਫ਼ਾਈਡ ਦੁਆਰਾ ਇਸ ਦਾ ਤਲਛੱਟ ਨਹੀਂ ਬਣਦਾ । ਮਾਤਰਾਤਮਕ ਤੌਰ ਤੇ ਕ੍ਰੋਮੀਅਮ ਦਾ ਪਤਾ ਇਸ ਦਾ ਡਾਈਕ੍ਰੋਮੇਟ ਵਿਚ ਆਕਸੀਕਰਨ ਕਰਨ ਉਪਰੰਤ ਫ਼ੈਰਸ ਆਇਰਨ ਘੋਲ ( ਜਿਸ ਦਾ ਸੰਘਣਾਪਨ ਪਤਾ ਹੋਵੇ ) ਨਾਲ ਟਾਈਟ੍ਰੇਸ਼ਨ ਕਰਕੇ ਲਾਇਆ ਜਾਂਦਾ ਹੈ ।

                  ਹ. ਪੁ.– – ਐਨ. ਬ੍ਰਿ. 5 : 710


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.