ਕੰਪਿਊਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਪਿਊਟਰ [ਨਾਂਪੁ] ਇੱਕ ਇਲੈੱਕਟ੍ਰੌਨਿਕ ਮਸ਼ੀਨ ਜੋ ਪੂਰਵ ਭੰਡਾਰਿਤ ਹਦਾਇਤਾਂ ਅਤੇ ਜਾਣਕਾਰੀ ਅਨੁਸਾਰ ਬੜੀ ਤੇਜ਼ੀ ਨਾਲ਼ ਸਮੱਗਰੀ ਦੀ ਵਰਤੋਂ ਕਰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer

ਇਹ ਇਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਅੰਕੜੇ ਪ੍ਰਾਪਤ ਕਰਦੀ ਹੈ ਤੇ ਹਦਾਇਤਾਂ ਦੇ ਆਧਾਰ ਉੱਤੇ, ਇਨ੍ਹਾਂ ਦੀ ਪ੍ਰਕਿਰਿਆ ਕਰਦੀ ਹੈ। ਇਹ ਪ੍ਰਕਿਰਿਆ ਮਗਰੋਂ ਸਾਨੂੰ ਨਤੀਜੇ (ਆਉਟਪੁਟ) ਦਿੰਦੀ ਹੈ। ਕੰਪਿਊਟਰ ਦੀ ਆਪਣੀ ਵਿਸ਼ਾਲ ਸਟੋਰੇਜ ਸਮਰੱਥਾ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੰਪਿਊਟਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੰਪਿਊਟਰ : ਕੰਪਿਊਟਰ ਇਕ ਸਵੈਚਾਲਿਤ ਇਲੈੱਕਟ੍ਰਾੱਨਿਕ ਯੰਤਰ ਹੈ ਜੋ ਦਿਤੀ ਹੋਈ ਜਾਣਕਾਰੀ ਅਤੇ ਹਦਾਇਤਾਂ ਅਨੁਸਾਰ ਗਣਨਾ ਕਰ ਕੇ ਕਿਸੇ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਹਦਾਇਤਾਂ ਅਨੁਸਾਰ ਸਟੋਰ ਕੀਤੀ ਲੰਬੀ ਚੌੜੀ ਸਾਮਗਰੀ ਵਿਚੋਂ ਲੋੜੀਂਦੀ ਸੂਚਨਾ ਨੂੰ ਚੁਣ ਸਕਣ ਅਤੇ ਦਿਤੀ ਹੋਈ ਜਾਣਕਾਰੀ ਨੂੰ ਯਾਦ ਰਖ ਸਕਣ ਦੀ ਸਮਰੱਥਾ ਇਸ ਨੂੰ ਸਧਾਰਨ ਗਣਨਾ ਯੰਤਰਾਂ (ਕੈਲਕੁਲੇਟਰਾਂ) ਤੋਂ ਵਖਰਾ ਕਰਦੀ ਹੈ।

          ਮਨੁੱਖ ਆਰੰਭ ਤੋਂ ਹੀ ਗਿਣਤੀਆਂ ਮਿਣਤੀਆਂ ਦੇ ਔਖੇ ਕੰਮਾਂ ਲਈ ਭਾਂਤ ਭਾਂਤ ਦੀਆਂ ਜੁਗਤਾਂ ਵਰਤਦਾ ਆਇਆ ਹੈ। ਇਸ ਪੱਖੋਂ ਸਭ ਤੋਂ ਪੁਰਾਣੀ ਜੁਗਤ ਕੋਈ 5000 ਸਾਲ ਪਹਿਲਾਂ ਵਰਤਿਆ ਜਾਣ ਵਾਲਾ ਗਿਣਤਾਰਾ ਹੈ। ਜਿਥੋਂ ਤਕ ਮੂਲ ਗਣਿਤਕ ਕਿਰਿਆਵਾਂ ਵਾਸਤੇ ਯਾਂਤ੍ਰਿਕ ਵਿਧੀਆਂ ਦੀ ਵਰਤੋਂ ਦਾ ਸੁਆਲ ਹੈ, ਇਸ ਦਾ ਮੁੱਢ 1617 ਵਿਚ ਲਾਗੇਰਿਥਮਾਂ ਦੇ ਖੋਜੀ ਨੇਪੀਅਰ ਨੇ ਬੰਨ੍ਹਿਆ। ਸੰਨ 1642 ਵਿਚ ਫ਼ਰਾਂਸੀਸੀ ਹਿਸਾਬਦਾਨ ਪਾਸਕਲ ਨੇ ਇਸ ਪਾਸੇ ਅਗਲਾ ਕਦਮ ਪੁੱਟਿਆ। ਉਸ ਨੇ 10 ਗਰਾਂਰੀਦਾਰ ਪੱਤੀਆਂ ਦੇ ਆਸਰੇ ਚੱਲਣ ਵਾਲੀ ਇਕ ਸਰਲ ਮਸ਼ੀਨ ਬਣਾਈ ਜੋ ਵੱਡੀਆਂ ਵੱਡੀਆਂ ਰਕਮਾਂ ਦਾ ਜੋੜ ਸੌਖਿਆਂ ਹੀ ਕਰ ਸਕਦੀ ਸੀ। ਸੰਨ 1671 ਵਿਚ ਲੈਬਨੀਜ਼ ਨੇ ਜੋੜ ਦੀ ਸਰਲ ਕਿਰਿਆ ਨੂੰ ਮੁੜ ਮੁੜ ਦੁਹਰਾਅ ਕੇ ਗੁਣਾ, ਵੰਡ ਤੇ ਵਰਗਮੂਲ ਪਤਾ ਕਰ ਸਕਣ ਵਾਲਾ ਇਕ ਯੰਤਰ ਤਿਆਰ ਕੀਤਾ। ਉਸ ਨੇ ਹੀ ਪਹਿਲੀ ਵਾਰ ਦਸ਼ਮਲਵ ਪ੍ਰਣਾਲੀ ਦੇ ਮੁਕਾਬਲੇ ਵਿਚ ਦੋ-ਅੰਕੀ ਪ੍ਰਣਾਲੀ ਦੇ ਲਾਭਾਂ ਨੂੰ ਵੀ ਸਾਹਮਣੇ ਲਿਆਂਦਾ। ਮੂਲ ਗਣਿਤਕ ਕਿਰਿਆਵਾਂ ਲਈ ਪਹਿਲੀ ਵਪਾਰਕ ਜੁਗਤੀ 1820 ਵਿਚ ਬਣੀ। ਸੰਨ 1835 ਵਿਚ ਇਕ ਅੰਗਰੇਜ਼ ਵਿਗਿਆਨੀ ਚਾਰਲਸ ਬੈਬੋਜ ਨੇ ਵਿਸ਼ਲੇਸ਼ਕ ਇੰਜਣ ਦਾ ਵਿਕਾਸ ਕੀਤਾ । ਇਹ ਮਸ਼ੀਨ ਆਪ ਹੀ ਪਹਿਲਾਂ ਕੋਈ ਪ੍ਰਸ਼ਨ ਹੱਲ ਕਰ ਕੇ ਉਸ ਦੇ ਉੱਤਰ ਨੂੰ ਅੱਗੇ ਵਰਤ ਸਕਦੀ ਸੀ। ਆਧੁਨਿਕ ਕੰਪਿਊਟਰ ਦੀ ਅਧਾਰ ਸ਼ਿਲਾ ਰਖਣ ਦਾ ਮਾਣ ਜਾਰਜ ਬੂਲ ਅਤੇ ਹਾਲਰਿਥ ਨੂੰ ਜਾਂਦਾ ਹੈ। ਬੂਲ ਨੇ ਬੂਲੀਅਨ ਅਲਜਬਰੇ ਦਾ ਵਿਕਾਸ ਕੀਤਾ ਜਿਸ ਨੇ ਆਧੁਨਿਕ ਕਪਿਊਟਰਾਂ ਦੇ ਵਿਕਾਸ ਕੀਤਾ ਜਿਸ ਨੇ ਆਧੁਨਿਕ ਕੰਪਿਊਟਰਾਂ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਹਾਲਰਿਥ ਇਕ ਅਮਰੀਕੀ ਅੰਕੜਾ-ਵਿਗਿਆਨੀ ਸੀ ਜਿਸ ਨੇ 1889 ਵਿਚ ਸੁਰਾਖ਼ਦਾਰ ਕਾਰਡਾਂ ਦੀ ਵਰਤੋਂ ਕਰਨ ਦੀ ਜਾਚ ਦੱਸੀ। ਉਸ ਨੇ ਹੀ ਇਨ੍ਹਾਂ ਕਾਰਡਾਂ ਅਤੇ ਹੋਰ ਬਿਜਲ-ਚੁੰਬਕੀ ਖੋਜਾਂ ਦਾ ਤਾਲਮੇਲ ਕਰ ਕੇ ਆਧੁਨਿਕ ਕੰਪਿਊਟਰ ਦਾ ਵਿਕਾਸ ਕੀਤਾ। ਹਾਲਰਿਥ ਕਾਰਡਾਂ ਦਾ ਨਿਰਮਾਣ ਕਰਨ ਵਾਲੀ ਸੰਸਥਾ ਤੇਜ਼ੀ ਨਾਲ ਵਿਕਸਿਤ ਹੋਈ ਅਤੇ ਉਸ ਵਿਚ ਕਈ ਹੋਰ ਵਪਾਰਕ ਸੰਸਥਾਵਾਂ ਸ਼ਾਮਲ ਹੋ ਗਈਆਂ। ਬਾਅਦ ਵਿਚ ਇਹੀ ਸੰਸਥਾ ਇੰਟਰਨੈਸ਼ਨਲ ਬਿਜ਼ਨਸ ਮਸ਼ੀਨਜ਼ ਕਾਰਪੋਰੇਸ਼ਨ ਦੇ ਨਾਂ ਨਾਲ ਪ੍ਰਸਿੱਧ ਹੋਈ। ਸੰਨ 1939 ਵਿਚ ਹਾਰਵਰਡ ਯੂਨੀਵਰਸਿਟੀ ਦੇ ਹਾਵਰਡ ਏਕਨ ਨੇ ਉਪਰੋਕਤ ਸੰਸਥਾ ਦੇ ਇੰਜਨੀਅਰਾਂ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਵੀ ਪੰਜ ਸਾਲਾਂ ਦੀ ਸਖ਼ਤ ਮਿਹਨਤ ਸਦਕਾ 1944 ਵਿਚ ਹਾਵਰਡ ਮਾਰਕ-1 ਨਾਂ ਦਾ ਪਹਿਲਾ ਆਧੁਨਿਕ ਕੰਪਿਊਟਰ ਹੋਂਦ ਵਿਚ ਆਇਆਂ।

          ਆਧੁਨਿਕ ਕੰਪਿਊਟਰ ਤਿੰਨ ਕਿਸਮਾਂ ਦੇ ਹੁੰਦੇ ਹਨ :––ਐਨਾਲਾਗ (ਅਨੁਰੂਪ), ਡਿਜਿਟਲ (ਅੰਕਾਂ ਵਾਲਾ) ਅਤੇ ਹਾਈਬਰਿਡ (ਮਿਸ਼ਰਿਤ)।

          ਐਨਾਲਾਗ ਕੰਪਿਊਅਰ ਕਿਸੇ ਸਮੱਸਿਆਂ ਨੂੰ ਹੱਲ ਕਰਨ ਵਾਸਤੇ ਕਿਸੇ ਅਜਿਹੇ ਢਾਂਚੇ ਦੀ ਵਰਤੋਂ ਕਰਦੇ ਹਨ ਜੋ ਹੱਲ ਕੀਤੀ ਜਾਣ ਵਾਲੀ ਸਮੱਸਿਆ ਨਾਲ ਰਲਦਾ ਮਿਲਦਾ ਹੈ ਭਾਵ ਉਸ ਦਾ ਐਨਾਲਾਗ ਜਾਂ ਅਨੁਰੂਪ ਹੁੰਦਾ ਹੈ। ਉਦਾਹਰਨ ਲਈ ਇਕ ਹਵਾਈ ਜਹਾਜ਼ ਦੀ ਕਿਸੇ ਖ਼ਾਸ ਵਕਤ ਸਥਿਤੀ ਵੇਖਣ ਲਈ ਜਹਾਜ਼ ਦੀ ਗਤੀ ਦੇ ਹਿਸਾਬ ਨਾਲ ਬਣਾਇਆ ਇਕ ਬਟਨ ਦਾ ਐਨਾਲਾਗ ਜੋ ਉਸ ਦੀ ਹਰਕਤ ਦੀ ਬਿਲਕੁਲ ਨਕਲ ਕਰ ਰਿਹਾ ਹੋਵੇ, ਸਾਡੀ ਮੱਦਦ ਕਰ ਸਕਦਾ ਹੈ। ਇੰਜਨੀਅਰਾਂ ਦਾ ਸਲਾਈਡ ਰੂਲ ਇਕ ਸਾਦਾ ਐਨਾਲਾਗ ਜੁਗਤ ਹੀ ਹੈ। ਐਨਾਲਾਗ ਕੰਪਿਊਟਰ ਕਿਸੇ ਭੌਤਿਕ ਸਮੱਸਿਆ ਦਾ ਅਨੁਰੂਪ ਪੇਸ਼ ਕਰਦੇ ਹੋਏ ਅਜਿਹੀਆਂ ਮਾਤਰਾਵਾਂ ਵਰਤਦਾ ਹੈ, ਜਿਨ੍ਹਾਂ ਨੂੰ ਉਹ ਮਿਣ ਸਕਦਾ ਹੈ ਜਿਵੇਂ ਕੋਣੀ-ਸਥਿਤੀਆਂ ਅਤੇ ਵੋਲਟਾਵਾਂ। ਬਹੁਤੇ ਐਨਾਲਾਗ ਕੰਪਿਊਟਰ ਬਿਜਲਈ ਪੁਟੈਂਸ਼ਲ-ਅੰਤਰਾਂ ਦੀ ਅਦਲਾ ਬਦਲੀ ਦੇ ਅਧਾਰ ਤੇ ਕੰਮ ਕਰਦੇ ਹਨ। ਇਹ ਕੰਪਿਊਟਰ ਵਾਯੂ ਗਤਿਕੀ ਦੇ ਖੇਤਰ ਵਿਚ ਖ਼ਾਸ ਕਰ ਕੇ ਵਰਤੇ ਜਾਂਦੇ ਹਨ। ਹਵਾ ਵਿਚ ਕਿਸੇ ਖ਼ਾਸ ਉਚਾਈ ਤੇ ਉੱਡਣ ਵਾਲੀ ਸਤ੍ਹਾ ਉਪਰ ਵਾਯੂ ਪ੍ਰਵਾਹ ਅਤੇ ਉਸ ਦੇ ਬਲ ਨਾਲ ਸਬੰਧਿਤ ਮੁਸ਼ਕਿਲ ਸਮੀਕਰਨਾਂ ਨੁੰ ਹੱਲ ਕਰਨ ਵਾਸਤੇ ਇਨ੍ਹਾਂ ਦੀ ਵਰਤੋਂ ਹੁੰਦੀ ਹੈ। ਇਸ ਲਾਲ ਹਵਾਈ ਜਹਾਜ਼ਾਂ ਦੇ ਡਿਜ਼ਾਈਨ ਵਿਚ ਵਧੇਰੇ ਪਰਿਸ਼ੁੱਧਤਾ ਪ੍ਰਾਪਤ ਹੋਈ ਹੈ। ਉਚਾਈ, ਗਤੀ ਅਤੇ ਲਿਫਟ ਆਦਿ ਦੇ ਆਪਸੀ ਸਬੰਧਾਂ ਦਾ ਵਿਵਰਨ ਇਹ ਕੰਪਿਊਟਰ ਇੰਨੇ ਵਧੀਆ ਢੰਗ ਨਾਲ ਕਰਦੇ ਹਨ ਕਿ ਹਵਾਈ ਜਹਾਜ਼ ਦੇ ਨਿਰਮਾਣ ਸਮੇਂ ਉਸ ਦੇ ਆਕਾਸ਼ ਵਿਚ ਉੱਡਣ ਸਮੇਂ ਦੀ ਸਹੀ ਸਹੀ ਸਥਿਤੀ ਦਾ ਅਨੁਮਾਨ ਲਾਉਣਾ ਸੰਭਵ ਹੋ ਜਾਂਦਾ ਹੈ।

          ਡਿਜਿਟਲ ਕੰਪਿਊਟਰ ਸਪੱਸ਼ਟ ਤੇ ਨਿਸ਼ਚਿਤ ਰੂਪ ਵਿਚ ਅੰਕਾਂ ਦੇ ਆਸਰੇ ਗਣਨਾ ਕਰਦਾ ਹੈ। ਇਸ ਕੰਮ ਲਈ ਇਹ ਦੋ ਅੰਕੀ ਪ੍ਰਣਾਲੀ ਦੀ ਹੀ ਵਰਤੋਂ ਕਰਦਾ ਹੈ। ਜਿਥੇ ਐਨਾਲਾਗ ਕੰਪਿਊਟਰ ਮਿਣਦਾ ਹੈ, ਡਿਜਿਟਲ ਕੰਪਿਊਟਰ ਗਿਣਦਾ ਹੈ। ਐਨਾਲਾਗ ਕੰਪਿਊਟਰ ਕਿਸੇ ਇਕ ਖ਼ਾਸ ਸਮੱਸਿਆ ਲਈ ਬਣਾਇਆ ਜਾਂਦਾ ਹੈ ਅਤੇ ਉਸੇ ਇਕ ਸਮੱਸਿਆ ਜਾਂ ਕੇਵਲ ਉਸ ਵਰਗੀ ਕਿਸੇ ਹੋਰ ਸਮੱਸਿਆ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਉਲਟ ਡਿਜਿਟਲ ਕੰਪਿਊਟਰ ਦੀ ਵਰਤੋਂ ਤੇ ਕਾਰਜ ਦਾ ਖੇਤਰ ਬਹੁਤ ਵਿਸ਼ਾਲ ਹੈ। ਹਾਈਬਰਿਡ ਕੰਪਿਊਟਰ ਉਪਰੋਕਤ ਦੋਹਾਂ ਕਿਸਮਾਂ ਦੇ ਸੁਮੇਲ ਤੋਂ ਬਣਦਾ ਹੈ।

          ਜਿਵੇਂ ਉਪਰ ਦੱਸਿਆ ਜਾ ਚੁੱਕਾ ਹੈ ਬਹੁਤੇ ਕੰਪਿਊਟਰ ਆਪਣਾ ਹਿਸਾਬ ਕਿਤਾਬ ਦੋ-ਅੰਕੀ ਪ੍ਰਣਾਲੀ ਆਸਰੇ ਹੀ ਕਰਦੇ ਹਨ। ਦਸ਼ਮਲਵ ਪ੍ਰਣਾਲੀ ਨਾਲੋਂ ਇਸ ਪ੍ਰਣਾਲੀ ਵਿਚ ਗਣਨਾ ਕਰਨਾ ਆਸਾਨ ਵੀ ਹੈ। ਦੋ-ਅੰਕੀ ਪ੍ਰਣਾਲੀ ਵਿਚ 0 ਤੇ 1 ਦੋ ਹਿੰਦਸਿਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਦੇ ਆਸਰੇ ਹੀ ਸਾਰੀਆਂ ਗਣਿਤਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹਿੰਦਸਿਆਂ ਨੂੰ 'ਬਿਟ' ਕਹਿੰਦੇ ਹਨ। ਦਸ਼ਮਲਵ ਪ੍ਰਣਾਲੀ ਅਨੁਸਾਰ ਲਿਖੀ ਕਿਸੇ ਰਕਮ ਵਿਚ ਸੱਜੇ ਤੋਂ ਖੱਬੇ ਪਾਸੇ ਨੂੰ ਵਧੀਏ ਤਾਂ ਹਰ ਹਿੰਦਸਾ 10 ਦੀ ਉਤਰੋਤਰ ਵਧਦੀ ਘਾਤ ਨੂੰ ਪ੍ਰਗਟ ਕਰਦਾ ਹੈ ਅਤੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਇਕਾਈ (10°), ਦਹਾਈ (101), ਸੈਂਕੜਾ (102), ਹਜ਼ਾਰ (103), ਦਸ ਹਜ਼ਾਰ (104) ਆਦਿ। ਦੋ-ਅੰਕੀ ਪ੍ਰਣਾਲੀ ਅਨੁਸਾਰ ਲਿਖੀ ਰਕਮ ਵਿਚ ਸੱਜੇ ਤੋਂ ਖੱਬੇ ਪਾਸੇ ਵਲ ਨੂੰ ਵਧੀਏ ਤਾਂ ਹਰ ਹਿੰਦਸਾ 2 ਦੀ ਉਤਰੋਤਰ ਵਧਦੀ ਘਾਤ ਨੂੰ ਪ੍ਰਗਟ ਕਰਦਾ ਹੈ। ਉਦਾਹਰਨ ਲਈ ਦਸ਼ਮਲਵ ਪ੍ਰਣਾਲੀ ਦੇ ਮੁਢਲੇ ਹਿੰਦਸੇ ਅਤੇ ਰਕਮਾਂ ਬਾਈਨਰੀ ਪ੍ਰਣਾਲੀ ਵਿਚ ਇਸ ਪ੍ਰਕਾਰ ਲਿਖੇ ਜਾਣਗੇ :––

          ਦਸ਼ਮਲਵ ਪ੍ਰਣਾਲੀ ਦੇ                                   ਬਾਈਨਰੀ ਪ੍ਰਣਾਲੀ ਵਿਚ

          ਹਿੰਦਸੇ/ਰਕਮ                                                    ਸਮਕੁਲ

                   0                                                        0

                   1                                                        1

                   2                                                        10

                   3                                                        11

                   4                                                        100

                   5                                                        101

                   6                                                       110

                   7                                                        111

                   8                                                        1000

                   9                                                       1001

                   10                                                      1010

                   20                                                      10100

                   100                                                    1100100

                   250                                                    11111010

          ਸਪੱਸ਼ਟ ਹੈ ਕਿ ਬਾਈਨਰੀ ਪ੍ਰਣਾਲੀ ਵਿਚ ਕੋਈ ਰਕਮ ਲਿਖਣ ਵਾਸਤੇ ਹਿੰਦਸੇ ਬਹੁਤੇ ਵਰਤਣੇ ਪੈਂਦੇ ਹਨ ਅਤੇ ਰਕਮਾਂ ਲੰਬੀਆਂ ਹੋ ਜਾਂਦੀਆਂ ਹਨ। ਕੰਪਿਊਟਰ ਨੂੰ ਇਹ ਲੰਬੀਆਂ ਰਕਮਾਂ ਸੰਭਾਲਣ ਵਿਚ ਕੋਈ ਮੁਸ਼ਕਿਲ ਨਹੀਂ ਹੁੰਦੀ।

          ਮੋਟੇ ਰੂਪ ਵਿਚ ਹਰ ਕੰਪਿਊਟਰ ਨੂੰ ਪੰਜ ਕੰਮ ਕਰਨੇ ਪੈਂਦੇ ਹਨ :-

                   ਪ੍ਰਵੇਸ਼, ਸਟੋਰ, ਕੰਟਰੋਲ, ਪ੍ਰਾਸੈਸਿੰਗ ਅਤੇ ਨਿਕਾਸ।

          ਕੰਪਿਊਟਰ 1 ਅਤੇ 0 ਦੋ ਬਾਈਨਰੀ ਕੋਣ ਦੇ ਰੂਪ ਵਿਚ ਸੂਚਨਾ ਗ੍ਰਹਿਣ ਕਰ ਦੇ ਉਸ ਨੂੰ ਟੇਪ, ਡਿਸਕ, ਡਰੱਮ, ਕੋਰ  ਜਾਂ ਕਿਸੇ ਹੋਰ ਮਾਧਿਅਮ ਨਾਲ ਸਟੋਰ ਕਰ ਕੇ ਰਖਦਾ ਹੈ। ਆਦਾਨ ਜਾਂ ਪ੍ਰਵੇਸ਼ ਦੁਆਰਾ ਕੰਪਿਊਟਰ ਕੇਂਦਰੀ ਭਾਗ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ। ਸਾਰੀ ਸੂਚਨਾ ਇਥੋਂ ਹੀ ਕੰਪਿਊਟਰ ਨੂੰ ਜਾਂਦੀ ਹੈ। ਨਿਕਾਸ ਜਾਂ ਪ੍ਰਦਾਨ ਭਾਗ ਤੋਂ ਅਸੀਂ ਲੋੜੀਂਦੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ ਆਪਣਾ ਉੱਤਰ ਪ੍ਰਦਾਨ ਭਾਗ ਵਿਚ ਦਰਜ ਕਰਦਾ ਹੈ। ਇਹ ਕਾਰਡ ਜਾਂ ਟੇਪ ਤੇ ਦਰਜ ਹੋ ਸਕਦਾ ਹੈ ਤੇ ਛਪ ਕੇ ਵੀ ਬਾਹਰ ਆ ਸਕਦਾ ਹੈ। ਕਈ ਕੰਪਿਊਟਰਾਂ ਵਿਚ ਇਹ ਕੈਥੋਡ-ਰੇ-ਟਿਊਬ ਤੇ ਪੜ੍ਹਿਆ ਜਾ ਸਕਦਾ ਹੈ ਅਤੇ ਕਈਆਂ ਵਿਚ ਇਸਨੂੰ ਕਿਤੇ ਦੂਰ ਲੱਗੀ ਹੋਈ ਯੁਕਤੀ ਨੂੰ ਵੀ ਭੇਜਿਆ ਜਾ ਸਕਦਾ ਹੈ। ਕੰਟਰੋਲ ਦਾ ਭਾਵ ਦਿਤੀਆ ਹੋਈਆਂ ਹਦਾਇਤਾਂ ਦੀ ਪੂਰੀ ਸ਼ੁੱਧਤਾਂ ਨਾਲ ਪਾਲਣਾ ਕਰਨਾ ਹੁੰਦਾ ਹੈ। ਕਦਮ  ਕਦਮ ਤੇ ਕੰਪਿਊਟਰ ਨੂੰ ਕੰਟਰੋਲ ਕਰਨ ਲਈ ਹਦਾਇਤਾਂ ਦੀ ਲੋੜ ਪੈਂਦੀ ਹੈ। ਕੰਪਿਊਟਰ ਦਿਲ ਉਸ ਦੀ ਕੇਂਦਰੀ ਪ੍ਰਾਸੈਸਿੰਗ ਇਕਾਈ ਹੁੰਦੀ ਹੈ। ਇਸ ਮੁੱਖ ਇਕਾਈ ਦੁਆਲੇ ਹੀ ਭਾਂਤ ਭਾਂਤ ਦੀ ਸਟੋਰੇਜ ਤੇ ਸਹਾਇਕ ਸਮੱਗਰੀ ਜਿਵੇਂ ਸਾਰਟਰ, ਕੋਲੈਟਰ, ਪੰਚ, ਰੀਡਰ, ਪਰਵਰਤਕ ਆਦਿ ਲੱਗੇ ਹੁੰਦੇ ਹਨ।

          ਕੰਪਿਊਟਰ ਦੀ ਇਕ ਵੱਡੀ ਵਿਸ਼ੇਸ਼ਤਾ ਦਿਤੀ ਹੋਈ ਜਾਣਕਾਰੀ ਨੂੰ ਸਾਂਭਣਾ ਤੇ ਯਾਦ ਰਖਣਾ ਹੈ। ਇਸ ਪੱਖੋਂ ਇਹ ਇਕ ਸੁਲਝੇ ਹੋਏ ਮਨੁੱਖ ਦੇ ਦਿਮਾਗ ਵਾਂਗ ਸਾਰੇ ਕੰਮ ਕਰਦਾ ਹੈ। ਮਨੁੱਖੀ ਦਿਮਾਗ ਵਾਂਗ ਇਹ ਵੀ ਸੂਚਨਾ ਨੂੰ ਬੜੇ ਸੁਚੱਜੇ ਢੰਗ ਨਾਲ ਸਾਂਭ ਕੇ ਰਖਦਾ ਹੈ ਅਤੇ ਕੁਝ ਵੀ ਗਰਗਡ ਨਹੀਂ ਹੋਣ ਦਿੰਦਾ।

          ਕੰਪਿਊਅਰ ਵਿਚ ਸਟੋਰ ਜਾਣਕਾਰੀ ਦੇ ਕਿਸੇ ਲੋੜੀਂਦੇ ਹਿੱਸੇ ਨੂੰ ਪਤਾ ਕਰਕੇ ਪੜ੍ਹਨਾ ਵੀ ਬੜਾ ਜ਼ਰੂਰੀ ਕੰਮ ਹੁੰਦਾ ਹੈ। ਇਸ ਕੰਮ ਲਈ ਜੋ ਸਮਾਂ ਲਗਦਾ ਹੈ, ਉਸ ਨੂੰ 'ਪਹੁੰਚ ਸਮਾ'(Access Time)  ਕਹਿੰਦੇ ਹਨ। ਇਕ ਚੰਗੇ ਕੰਪਿਊਟਰ ਦਾ ਪਹੁੰਚ ਸਮਾ ਬਹੁਤ ਹੀ ਥੋੜ੍ਹਾ ਹੁੰਦਾ ਹੈ।

          ਸੂਚਨਾ ਸਟੋਰੇਜ ਵਾਸਤੇ ਬਹੁਤ ਸਾਰੀਆਂ ਜੁਗਤਾਂ ਤੇ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਪੇਪਰ ਟੇਪ ਜਾਂ ਕਾਗ਼ਜ਼ ਤੇ ਵਿਸ਼ੇਸ਼ ਤਰੀਕੇ ਨਾਲ ਸੁਰਾਖ਼ ਕਰ ਕੇ ਇਸ ਨੂੰ ਮਸ਼ੀਨ ਵਿਚ ਪਾ ਦਿਤਾ ਜਾਂਦਾ ਹੈ। ਸੁਰਾਖ਼ ਦੀ ਹੋਂਦ ਜਾਂ ਅਣਹੋਂਦ ਨੂੰ ਮਸ਼ੀਨ ਵਿਚ ਲਗੀਆਂ ਧਾਤ ਦੀਆਂ ਉੱਗਲਾਂ ਦੱਸਦੀਆਂ ਹਨ। ਇਨ੍ਹਾਂ ਸੁਰਾਖ਼ਾਂ ਦੀ ਹੋਂਦ ਜਾਂ ਅਣਹੋਂਦ ਕਿਸੇ ਬਿਜਲਈ ਪਥ ਨੂੰ ਖੱਲ੍ਹ ਜਾਂ ਬੰਦ ਕਰ ਸਕਦੀ ਹੈ। ਇਸ ਨਾਲ ਸੂਚਨਾ ਕੰਪਿਊਟਰ ਦੇ ਰਜਿਸਟਰਾਂ ਵਿਚ ਸਟੋਰ ਹੋ ਜਾਂਦੀ ਹੈ। ਇਹ ਸੂਚਨਾ ਸਟੋਰ ਕਰਨ ਦਾ ਡਿਜਿਟਲ ਤਰੀਕਾ ਹੈ। ਆਮ ਕਰਕੇ ਹਿੰਦਸਿਆਂ ਨੂੰ 1.6 ਮਿ. ਮੀ. ਵਿਆਸ ਦੇ ਦਾਣਿਆ ਵਰਗੇ ਕੋਰਾਂ ਦੀ ਮੱਦਦ ਨਾਲ ਸਟੋਰ ਕੀਤਾ ਜਾਂਦਾ ਹੈ। ਇਹ ਦਾਣੇ ਸਖ਼ਤ ਚੁੰਬਕੀ ਪਦਾਰਥ ਦੇ ਬਣੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਦੋ ਦਿਸ਼ਾਵਾਂ ਵਿਚ ਚੁੰਬਕਾਇਆ ਜਾ ਸਕਦਾ ਹੈ। ਚੁੰਬਕੀ ਪੱਖ ਤੋਂ ਧਰੁਵੀਕ੍ਰਿਤ ਕੀਤੇ ਥਿੰਮ੍ਹਾਂ ਦੇ ਨਮੂਨਿਆਂ ਨੂੰ ਵੀ ਕਿਸੇ ਸਤ੍ਹਾ ਤੇ ਰਿਕਾਰਡ ਕਰ ਕੇ ਸੂਚਨਾ ਸਟੋਰ ਕੀਤੀ ਜਾ ਸਕਦੀ ਹੈ। ਵਾਸ਼ਪੀਕ੍ਰਿਤ ਚੁੰਬਕੀ-ਫਿਲਮਾਂ ਦੀ ਵਰਤੋਂ ਕਰਨ ਵਾਲੀਆਂ ਤਕਨੀਕਾਂ ਵਿਚ 107 ਪੜ੍ਹਨ-ਲਿਖਣ ਚੱਕਰ ਪ੍ਰਤਿ ਸੈਕੰਡ ਜਿੰਨੀ ਜਿਆਦਾ ਰਫ਼ਤਾਰ ਪ੍ਰਾਪਤ ਹੋ ਸਕੀ ਹੈ। ਬਹੁਤ ਜ਼ਿਆਦਾ ਸੂਚਨਾ ਦਰਜ ਕਰਨ ਵਾਸਤੇ ਮਨਚਾਹੀ ਚੌਣ ਵਾਲੇ ਯਾਦ ਭੰਡਾਰ (Random access memories) ਕਾਫ਼ੀ ਨਹੀਂ। ਘੱਟ ਵਰਤੋਂ ਵਿਚ ਆਉਣ ਵਾਲੀ ਕੁਝ ਸੂਚਨਾ 25 ਮਿ. ਮੀ. ਚੌੜੀਆਂ ਚੁੰਬਕੀ ਐਪਾਂ ਉਤੇ ਚੁੰਬਕੀ ਬਿੰਮ੍ਹਾਂ ਦੇ ਰੂਪ ਵਿਚ ਸਾਂਭ ਕੇ ਰਖ ਲਈ ਜਾਂਦੀ ਹੈ। ਇਹ ਸੂਚਨਾ ਲੋੜ ਪੈਣ ਤੇ ਜ਼ਿਆਦਾ ਸਪੀਡ ਵਾਲੇ ਯਾਦ ਭੰਡਾਰ ਵਿਚ ਭੇਜਣ ਦਾ ਪ੍ਰਬੰਧ ਕੰਪਿਊਟਰ ਵਿਚ ਰਖਿਆ ਜਾਂਦਾ ਹੈ। ਅਸਲ ਵਿਚ ਚੁੰਬਕੀ ਰਿਕਾਰਡਿੰਗ ਦੇ ਸਿਧਾਂਤ ਦੀ ਵਰਤੋਂ ਕਰਨ ਵਾਲੀਆਂ ਸਟੋਰੇਜ ਜੁਗਤਾਂ ਬਹੁਤ ਸਫ਼ਲ ਰਹੀਆਂ ਹਨ ਅਤੇ ਕਈ ਭਾਂਤ ਦੀਆਂ ਸਟੋਰੇਜ ਜੁਗਤਾਂ ਇਸ ਸਿਧਾਂਤ ਤੇ ਅਧਾਰ ਤੇ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਜੁਗਤਾਂ ਵਿਚ ਅੰਤਰ ਚੁੰਬਕੀ-ਪਦਾਰਥ ਦੀ ਕਿਸਮ ਅਤੇ ਉਸ ਦੇ ਖਿਲਾਰ ਦੀ ਪ੍ਰਕ੍ਰਿਤੀ ਨਾਲ ਆਉਂਦਾ ਹੈ। ਚੁੰਬਕੀ ਬਿੰਮ੍ਹਾਂ ਦਾ ਇਹ ਇਕ ਖ਼ਾਸ ਗੁਣ ਹੈ ਕਿ ਇਹ ਬਹੁਤ ਨੇੜੇ ਸਟੋਰ ਕੀਤੇ ਜਾ ਸਕਦੇ ਹਨ ਅਤੇ ਮਿਟਾਏ ਵੀ ਜਾ ਸਕਦੇ ਹਨ।

          ਕੰਪਿਊਟਰ ਵਿਚ ਸੂਚਨਾ ਸਟੋਰ ਕਰਨ ਲਈ ਇਲੈੱਕਟ੍ਰੋਸਟੈਟਿਕ ਤਰੀਕਾ ਵੀ ਵਰਤਿਆ ਜਾਂਦਾ ਹੈ। ਇਸ ਵਿਚ ਦੋ ਅਲੱਗ ਅਲੱਗ ਕਿਸਮਾਂ ਦੇ ਇਲੈੱਕਟ੍ਰੋਸਟੈਟਿਕ ਚਾਰਜਾਂ ਨੂੰ ਕਿਸੇ ਵਿਸ਼ੇਸ਼ ਸਤ੍ਹਾ ਜਿਵੇਂ ਇਲੈੱਕਟ੍ਰਾੱਨਿਕ ਨਿਰਵਾਯੂ ਟਿਊਬ ਦੀ ਸਕਰੀਨ ਤੇ ਸੁਰੱਖਿਅਤ ਕੀਤਾ ਜਾਂਦਾ ਹੈ। ਇਸ ਸਕਰੀਨ ਉੱਤੇ ਸੂਚਨਾ ਸਥਾਨੀਕ੍ਰਿਤ ਕੀਤੇ ਇਲੈੱਕਟ੍ਰੋਸਟੈਟਿਕ ਚਾਰਜਾਂ ਦੀ ਹੋਂਦ ਜਾਂ ਅਣਹੋਂਦ ਦੇ ਅਧਾਰ ਤੇ ਸੰਭਾਲੀ ਜਾਂਦੀ ਹੈ। ਸੂਚਨਾ ਸਟੋਰ ਕਰਨ ਦੀ ਇਕ ਹੋਰ ਵਿਧੀ ਹੈ ਡੀਲੇਅ ਲਾਈਨ ਸਟੋਰੇਜ। ਇਸ ਵਿਚ ਸੂਚਨਾ ਤਰੰਗ-ਲੜੀ ਦੇ ਰੂਪ ਵਿਚ ਸਟੋਰ ਕੀਤੀ ਜਾਂਦੀ ਹੈ। ਇਸ ਤਰੀਕੇ ਵਿਚ ਥਰਕਣਾਂ (ਪਲਸਿਜ਼) ਹੋਂਦ ਜਾਂ ਅਣਹੋਂਦ ਤੋਂ ਬਣੀ ਪੈਟਰਨ ਸੂਚਨਾ ਨੂੰ ਸੰਭਾਲਦੇ ਹਨ।

          ਪਲੇਟਿਡ ਵਾਇਰ ਵਿਧੀ ਵਿਚ ਸੂਚਨਾ ਸਟੋਰ ਕਰਨ ਦੀ ਇਕਾਈ ਇਕ ਬੇਹੱਦ ਪਤਲੀ ਚਾਲਕ ਤਾਰ ਹੁੰਦੀ ਹੈ, ਜਿਸ ਉਤੇ ਚੁੰਬਕ ਪਰਤ ਬਣੀ ਹੁੰਦੀ ਹੈ। ਇਹ ਤਾਰ ਇਕ ਪਰਿੰਟਡ ਸਰਕਟ ਬੋਰਡ ਦੀਆਂ ਸਤ੍ਹਾਵਾਂ ਵਿਚਕਾਰ ਦੱਬੀ ਹੁੰਦੀ ਹੈ। ਕਈ ਕੰਪਿਊਟਰਾਂ ਵਿਚ ਅਰਧ-ਚਾਲਕਾਂ ਨੂੰ ਸੂਚਨਾ ਸਟੋਰ ਕਰਨ ਦਾ ਅਧਾਰ ਬਣਾਇਆ ਜਾਂਦਾ ਹੈ। ਅੱਜ ਕਲ੍ਹ ਤਾਂ ਅਜਿਹੀ ਲੇਜ਼ਰ ਯਾਦ ਪ੍ਰਣਾਲੀ ਦਾ ਵੀ ਵਿਕਾਸ ਕੀਤਾ ਜਾ ਚੁੱਕਾ ਹੈ, ਜੋ 5.6 ਵ. ਮੀ. ਥਾਂ ਵਿਚ 1012 ਬਾਈਨਰੀ ਹਿੰਦਸੇ ਸੰਭਾਲ ਸਕਦੀ ਹੈ। ਦਰਜ ਸੂਚਨਾ ਦਾ ਕੋਈ ਵੀ ਭਾਗ 8 ਸੈਕੰਡ ਵਿਚ ਪੜ੍ਹਨਾ ਸੰਭਵ ਹੈ। ਬੈੱਲ ਟੈਲੀਫੋਨ ਲੈਬਾਰਟਰੀ ਵਾਲਿਆਂ ਦੁਆਰਾ ਕੀਤੀਆਂ ਖੋਜਾਂ ਨਾਲ ਛੇਤੀ ਹੀ ਬਹੁਤ ਹੀ ਛੋਟੇ ਆਕਾਰ ਦੇ ਅਤੇ ਅਜੋਕੇ ਕੰਪਿਊਟਰਾਂ ਨਾਲੋਂ ਦਸ ਵੀਹ ਗੁਣਾਂ ਤੇਜ਼ੀ ਨਾਲ ਕੰਮ ਕਰਨ ਵਾਲੇ ਕੰਪਿਊਟਰਾਂ ਦਾ ਵਿਕਾਸ ਹੋ ਸਕੇਗਾ।

          ਮੁੱਖ ਯਾਦ ਭੰਡਾਰ ਕੰਪਿਊਟਰ ਦਾ ਸਭ ਤੋਂ ਵੱਡਾ ਯਾਦ ਭੰਡਾਰ ਹੁੰਦਾ ਹੈ। ਇਸ ਤੋਂ ਬਿਨਾਂ ਹਰ ਕੰਪਿਊਟਰ ਵਿਚ ਰਜਿਸਟਰ ਨਾਂ ਦੇ ਅਸਥਾਈ ਯਾਦ ਭੰਡਾਰ ਹੁੰਦੇ ਹਨ। ਇਹ ਤਿੰਨ ਕਿਸਮ ਦੇ ਹੁੰਦੇ ਹਨ : ਗਣਿਤਕ, ਵਿਭਾਜਕ ਅਤੇ ਨਿਯੰਤਰਕ। ਉਹ ਰਜਿਸਟਰ ਜਿਸ ਵਿਚ ਗਣਿਤਕ ਕਿਰਿਆਵਾਂ ਹੁੰਦੀਆਂ ਹਨ, ਗਣਿਤਕ ਰਜਿਸਟਰ ਅਖਵਾਉਂਦਾ ਹੈ। ਇਸ ਨੂੰ ਸੰਚਕ ਵੀ ਆਖਦੇ ਹਨ। ਇਹੀ ਮੁੱਖ ਕਾਰਜਕਾਰੀ ਰਜਿਸਟਰ ਹੁੰਦਾ ਹੈ। ਵਿਭਾਜਕ ਰਜਿਸਟਰ ਗਣਨਾ ਕਰਨ ਵੇਲੇ ਗਣਨਾਵਾਂ ਦਾ ਕੋਈ ਹਿੱਸਾ ਅਸਥਾਈ ਤੋਰ ਤੇ ਸਟੋਰ ਕਰਨ ਦਾ ਕੰਮ ਕਰਦਾ ਹੈ। ਇਹ ਕਿਰਿਆ ਠੀਕ ਉਸੇ ਕਿਸਮ ਦੀ ਹੈ ਜਿਵੇਂ ਅਸੀਂ ਜੋੜ ਜਾਂ ਗੁਣਾ ਕਰਨ ਸਮੇਂ ਹਾਸਲ ਨੂੰ ਉਂਗਲੀ ਤੇ ਜਾਂ ਵਖਰਾ ਲਿਖ ਕੇ ਯਾਦ ਰਖਦੇ ਹਾਂ। ਨਿਯੰਤਰਕ ਰਜਿਸਟਰ ਨਿਰਦੇਸ਼ਾਂ ਨੂੰ ਸਟੋਰ ਕਰਦੇ ਹਨ। ਨੇਪਰੇ ਚੜ੍ਹਾਇਆ ਜਾ ਰਿਹਾ ਨਿਰਦਸ਼ਾਂ ਨੂੰ ਸਟੋਰ ਕਰਦੇ ਹਨ। ਨੇਪਰੇ ਚੜ੍ਹਾਇਆ ਜਾ ਰਿਹਾ ਨਿਰਦੇਸ਼ ਅਤੇ ਉਸ ਤੋਂ ਬਾਅਦ ਵਾਲਾ ਨਿਰਦੇਸ਼ ਦੋਵੇਂ ਇਨ੍ਹਾਂ ਰਜਿਸਟਰਾਂ ਵਿਚ ਸਟੋਰ ਹੁੰਦੇ ਹਨ। ਕੰਪਿਊਟਰ ਦੀ ਯਾਦ ਦਾ ਕੁਝ ਹਿੱਸਾ ਬੱਫਰ ਭੰਡਾਰ ਦੇ ਰੂਪ ਵਿਚ ਹੁੰਦਾ ਹੈ। ਬੱਫਰ ਭੰਡਾਰ ਸੂਚਨਾ ਨੂੰ ਉਸ ਸਮੇਂ ਤਕ ਸਟੋਰ ਕਰਦਾ ਹੈ ਜਦੋਂ ਕਿ ਉਹ ਕੇਂਦਰੀ ਭਾਗ ਅਤੇ ਆਦਾਨ-ਪ੍ਰਦਾਨ ਜੁਗਤੀਆਂ ਵਿਚਕਾਰ ਪਾਰੇਸ਼ਿਤ ਕੀਤੀ ਜਾਣੀ ਹੁੰਦੀ ਹੈ।

          ਕੰਪਿਊਟਰਾਂ ਦੀ ਬਣਤਰ–– ਆਰੰਭਿਕ ਕੰਪਿਊਟਰ ਨਿਰਵਾਯੂ ਟਿਊਬਾਂ ਅਤੇ ਗੈਸ ਟਿਊਬਾਂ ਦੇ ਆਸਰ ਚਲਦੇ ਸਨ। ਛੇਤੀ ਹੀ ਇਨ੍ਹਾਂ ਦੀ ਥਾਂ ਟਰਾਜ਼ਿਸਟਰ ਵਰਤੇ ਜਾਣ ਲੱਗੇ। ਇਹ ਟਰਾਜ਼ਿਸਟਰ ਹੀ ਬਿਜਲਈ ਸੰਕੇਤਾਂ ਦਾ ਉਤਪਾਦਨ, ਵਰਧਨ ਅਤੇ ਸਵਿਚਿੰਗ ਆਦਿ ਕਰਦੇ ਹਨ। ਕੰਪਿਊਟਰਾਂ ਦੇ ਇਲੈੱਕਟ੍ਰਾੱਨਿਕ ਸਰਕਟ ਵਿਚ ਟਰਾਜ਼ਿਸਟਰਾਂ ਤੋਂ ਬਿਨਾਂ ਪ੍ਰਤਿਰੋਧਕ ਕਪੈਸੀਟਰ ਅਤੇ ਡਾਇਓਡ ਆਦਿ ਹੁੰਦੇ ਹਨ। ਅਜੋਕੇ ਕੰਪਿਊਟਰਾਂ ਵਿਚ ਲੱਖਾਂ ਸੂਖ਼ਮ ਅਤੇ ਟਰਾਜ਼ਿਸਟਰ ਤੇ ਹੋਰ ਇਲੈੱਕਟ੍ਰਾੱਨਿਕਸ ਹਿੱਸੇ ਹੁੰਦੇ ਹਨ। ਸੂਖ਼ਮ ਆਕਾਰ ਦੇ ਵਧੀਆਂ, ਸਸਤੇ ਅਤੇ ਹੰਢਣਸਾਰ ਟਰਾਜ਼ਿਸਟਰਾਂ ਨਾਲ ਕੰਪਿਊਟਰ  ਨਿਰਮਾਣ ਦਾ ਇਕ ਨਵਾਂ ਜੁਗ ਸ਼ੁਰੂ ਹੋਇਆ ਕਿਉਂਕਿ ਪੁਰਾਣੇ ਵੱਡੇ ਵੱਡੇ ਭਾਰੀ ਕੰਪਿਊਟਰ ਜਿਨ੍ਹਾਂ ਦੇ ਪੁਰਜ਼ੇ ਸੋਲਡਰਿੰਗ ਜਾਂ ਵੈਲਡਿੰਗ ਨਾਲ ਜੋੜੇ ਹੁੰਦੇ ਸਨ, ਘੱਟ ਭਰੋਸੇਯੋਗ ਸਨ ਅਤੇ ਉਹ ਇੰਨੀ ਤੇਜ਼ ਕੰਮ ਵੀ ਨਹੀਂ ਸਨ ਕਰ ਸਕਦੇ। ਮਾਈਕ੍ਰੋਇਲੈੱਕਟ੍ਰਾੱਨਿਕਸ ਦੇ ਵਿਕਾਸ ਨਾਲ ਹੁਣ ਤਾਂ ਅਰਧ-ਚਾਲਕ ਪਦਾਰਥ ਦੇ ਇਕ ਨਿੱਕੇ ਜਿਹੇ ਟੋਟੇ ਵਿਚ ਹਜ਼ਾਰਾਂ ਟਰਾਂਜ਼ਿਸਟਰ, ਡਾਇਓਡ ਪ੍ਰਤਿਰੋਧ, ਕਪੈਸੀਟਰ ਅਤੇ ਉਨ੍ਹਾਂ ਦੇ ਸਰਕਟ ਸਮਾਉਣੇ ਸੰਭਵ ਹੋ ਗਏ ਹਨ।

          ਕੰਪਿਊਟਰ ਪ੍ਰੋਗਰਾਮਿੰਗ––ਕੰਪਿਊਟਰ ਨੂੰ ਹਦਾਇਤਾਂ ਦੇਣ ਦੀ ਪ੍ਰਕਿਰਿਆ ਨੂੰ ਕੰਪਿਊਟਰ ਪ੍ਰੋਗਰਾਮਿੰਗ ਕਹਿੰਦੇ ਹਨ। ਕੰਪਿਊਟਰ ਉਦੋਂ ਹੀ ਕੰਮ ਕਰ ਸਕਦਾ ਹੈ ਜਦੋਂ ਇਸ ਲਈ ਪ੍ਰੋਗਰਾਮ ਤਿਆਰ ਕਰਕੇ ਪ੍ਰੋਗਰਾਮਿੰਗ ਭਾਸ਼ਾ ਵਿਚ ਕੋਡ ਕਰ ਕੇ ਇਸ ਨੂੰ ਕੰਪਿਊਟਰ ਤਕ ਭੇਜਿਆ ਜਾਵੇ। ਇਸ ਕੰਮ ਲਈ ਕਈ ਪ੍ਰਕਾਰ ਦੀਆਂ ਸਮੱਸਿਆ ਕੇਂਦ੍ਰਿਤ ਭਾਸ਼ਾਵਾਂ ਦਾ ਵਿਕਾਸ ਹੋ ਚੁੱਕਾ ਹੈ ਜਿਵੇਂ ਫੋਰਟਰਾਨ, ਐਲਗਾਲ, ਜੋਵੀਅਲ, ਕੋਬੋਲ,ਅਪਟ ਬੇਸਿਕ, ਕਾਮਿਟ, ਕੁਇਕਟਰਾਨ ਆਦਿ। ਸਭ ਤੋਂ ਵੱਧ ਪ੍ਰਚਲਿਤ ਅਤੇ ਸਰਲ ਕੰਪਿਊਟਰ ਭਾਸ਼ਾ ਫੋਰਟਰਾਨ ਹੈ (ਜੋ ਫ਼ਾਰਮੂਲਾ ਟਰਾਂਸਲੇਸ਼ਨ ਅਰਥਾਤ ਫ਼ਾਰਮੂਲਾ ਅਨੁਵਾਦ ਦਾ ਹੀ ਸੰਖੇਪ ਨਾਂ ਹੈ) ਦਾ ਵਿਕਾਸ ਭਾਵੇਂ ਮੂਲ ਰੂਪ ਵਿਚ ਵਿਗਿਆਨਕ ਖੇਤਰ ਵਿਚ ਲੰਬੇ ਸੂਤਰਾਂ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੀਤਾ ਗਿਆ ਪਰ ਹੁਣ ਇਸ ਦੀ ਵਰਤੋਂ ਹਰ ਖੇਤਰ ਵਿਚ ਹੋ ਰਹੀ ਹੈ। ਉਪਰੋਕਤ ਸਭ ਪ੍ਰੋਗਰਾਮਿੰਗ ਭਾਸ਼ਾਵਾਂ ਕੁਝ ਭਾਸ਼ਾ ਵਿਧੀਆਂ ਅਤੇ ਤਕਨੀਕਾਂ ਦੇ ਸੰਖੇਪ ਨਾਂ ਹੀ ਹਨ ਜਿਵੇਂ ਕੋਬੋਲ ਤੋਂ ਭਾਵ ਕਾੱਮਨ ਬਿਜ਼ਨਸ ਓਰੀਐਂਟਿਡ ਲੈਂਗੂਏਜ਼ ਹੈ ਅਤੇ ਬੇਸਿਕ ਤੋਂ ਭਾਵ ਬਿਗਿਨਰਜ਼ ਆਲ ਪਰਪਜ਼ ਸਿੰਬਾਲਕ ਇੰਸਟਰਕਸ਼ਨ ਕੋਝ ਹੈ।

          ਕੰਪਿਊਟਰ ਦਾ ਕੰਮ ਨਿਸ਼ਚਿਤ ਕਰਨ ਪਿੱਛੋਂ ਇਸ ਨੂੰ ਯੋਗ ਕੰਪਿਊਟਰ ਭਾਸ਼ਾ ਵਿਚ ਲਿਖਿਆ ਜਾਂਦਾ ਹੈ । ਹਰ ਕੰਪਿਊਟਰ ਸਿਸਟਮ ਵਿਚ ਕਿਸੇ ਖ਼ਾਸ ਪ੍ਰੋਗਰਾਮਿੰਗ ਭਾਸ਼ਾ ਨੂੰ  ਸਮਝਣ ਵਾਸਤੇ ਆਪਣਾ ਅਨੁਵਾਦ ਪ੍ਰਬੰਧ ਹੁੰਦਾ ਹੈ ਅਤੇ ਇਹ ਉਸੇ ਭਾਸ਼ਾ ਨੂੰ ਹੀ ਸਮਝ ਸਕਦਾ ਹੈ। ਦਿਤੀ ਹੋਈ ਸਮੱਸਿਆ ਨੂੰ ਹੱਲ ਕਰਨ ਵਾਸਤੇ ਉਸ ਨੂੰ ਕੰਪਿਊਟਰ ਦੀ ਯੋਗਤਾ ਅਨੁਸਾਰ ਛੋਟੇ ਛੋਟੇ ਹਿੱਸਿਆ ਵਿਚ ਵੰਡ ਲਿਆ ਜਾਦਾ ਹੈ। ਇਸ ਉਪਰੰਤ ਪ੍ਰਵਾਹ-ਚਾਰਟ ਤਿਆਰ ਕਰ ਕੇ ਇਹ ਦੱਸਿਆ ਜਾਂਦਾ ਹੈ ਕਿ ਪ੍ਰਾਪਤ ਸੂਚਨਾ ਤੋਂ ਲੋੜੀਂਦੇ ਨਤੀਜੇ ਕਿਹੜੇ ਪੜਾਵਾਂ ਵਿਚੋਂ ਲੰਘ ਕੇ ਪ੍ਰਾਪਤ ਹੋਣਗੇ। ਇਸ ਚਾਰਟ ਦੇ ਹਰ ਪੜਾਅ ਨੂੰ ਗਣਿਤਕ ਸਮੀਕਰਨਾਂ ਵਿਚ ਤੋੜ ਕੇ ਕੰਪਿਊਟਰ ਨੂੰ ਸਮਝ ਆ ਸਕਣ ਵਾਲੀਆਂ ਹਦਾਇਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਕੰਪਿਊਟਰ ਦੀ ਹਰ ਸਮੱਸਿਆ ਲਈ ਵਖਰਾ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਦੇ ਅਧਾਰ ਤੇ ਹੀ ਸਮੱਸਿਆ ਹੱਲ ਕੀਤੀ ਜਾਂਦੀ ਹੈ।

          ਕੰਪਿਊਟਰ ਦੀ ਬੋਲੀ ਵਿਚ ਲਿਖਣ ਦਾ ਅਰਥ ਹੈ ਸੂਚਨਾ ਨੂੰ ਕਿਸੇ ਰਜਿਸਟਰ ਵਿਚ ਦਰਜ ਕਰਨਾ, ਪੜ੍ਹਨ ਤੋਂ ਭਾਵ ਹੈ ਉਸ ਰਜਿਸਟਰ ਤੋਂ ਸੂਚਨਾ ਵਰਤਣ ਵਾਸਤੇ ਕੱਢਣਾ ਅਤੇ ਮਿਟਾਉਣ ਦਾ ਅਰਥ ਉਸ ਸੂਚਨਾ ਨੂੰ ਰਜਿਸਟਰ ਵਿਚੋਂ ਪੂਰੀ ਤਰ੍ਹਾਂ ਖ਼ਤਮ ਦਰ ਦੇਣਾ ਹੈ।

          ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆਵਾਂ ਨੂੰ ਤੇਜ਼ ਤੋਂ ਤੇਜ ਰਫ਼ਤਾਰ ਨਾਲ ਅੱਖ ਝਪਕਦਿਆਂ ਹੱਲ ਕਰ ਸਕਣ ਦੀ ਯੋਗਤਾ ਕਾਰਨ ਆਧੁਨਿਕ ਇਲੈੱਕਟ੍ਰਾੱਨਿਕ ਕੰਪਿਊਟਰ ਨੂੰ 'ਬਿਜਲਈ ਦਿਮਾਗ'ਦਾ ਨਾਂ ਦੇ ਦਿਤਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਮਨੁੱਖੀ ਦਿਮਾਗ ਵਾਂਗ ਇਹ ਵੀ ਇਕ ਕਿਰਿਆ ਨੂੰ ਅੱਧ ਵਿਚ ਛੱਡ ਕੇ ਦੂਜੀ ਸ਼ੁਰੂ ਕਰ ਸਕਦਾ ਹੈ, ਇੰਜ ਕਰਕੇ ਉਹ ਨਵੀਂ ਕਿਰਿਆ ਨੂੰ ਨੇਪਰੇ ਚਾੜ੍ਹਣ ਲਈ ਹੋਰ ਕਿਰਿਆਵਾਂ ਪੂਰੀਆਂ ਕਰਕੇ ਜਾਣਕਾਰੀ ਇਕੱਤਰ ਕਰ ਸਕਦਾ ਹੈ ਅਤੇ ਇਸ ਉਪਰੰਤ ਪਹਿਲੀ ਕਿਰਿਆ ਨੂੰ ਅੱਗੇ ਤੋਰ ਸਕਦਾ ਹੈ। ਅਜਿਹਾ ਕਰਦੇ ਹੋਏ ਕੰਪਿਊਟਰ ਲੋੜ ਅਨੁਸਾਰ ਨਤੀਜਿਆਂ ਦਾ ਮੁਕਾਬਲਾ ਕਰ ਕੇ ਚੋਣ ਵੀ ਕਰ ਚੋਣ ਵੀ ਕਰ ਸਕਦਾ ਹੈ। ਆਪਣੇ ਇਨ੍ਹਾਂ ਗੁਣਾਂ ਕਾਰਨ ਹੀ ਆਧੁਨਿਕ ਕੰਪਿਊਟਰ ਬੜੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕਰ ਸਕਦਾ ਹੈ। ਭਵਿਖ ਵਿਚ ਕੰਪਿਊਟਰ ਤੋਂ ਅਨੇਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਮੱਦਦ ਲਏ ਜਾਣ ਦੀ ਸੰਭਾਵਨਾ ਹੈ। ਦਿਨੋ ਦਿਨ ਕੰਪਿਊਅਰਾਂ ਦੀ ਵਰਤੋਂ ਦਾ ਖੇਤਰ ਵਿਸ਼ਾਲ ਹੋ ਰਿਹਾ ਹੈ।

                                                                                     


ਲੇਖਕ : ਡਾ. ਕੁਲਦੀਪ ਸਿੰਘ ਧੀਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.