ਕੰਪਿਊਟਰ ਸੁਰੱਖਿਆ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Security

ਕੰਪਿਊਟਰ ਅੰਕੜੇ ਇਕੱਠੇ ਕਰਨ ਅਤੇ ਉਹਨਾਂ ਤੋਂ ਸੂਚਨਾਵਾਂ ਉਤਪੰਨ ਕਰਨ ਦਾ ਇਕ ਭਰੋਸੇਯੋਗ ਸ੍ਰੋਤ ਬਣ ਕੇ ਉਭਰਿਆ ਹੈ। ਕੰਪਿਊਟਰ ਉਹਨਾਂ ਵਰਤੋਂਕਾਰਾਂ ਲਈ ਸਭ ਤੋਂ ਵੱਧ ਲਾਹੇਵੰਦ ਹੈ ਜਿਨ੍ਹਾਂ ਨੂੰ ਡਾਟਾ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਲਗਦਾ ਹੈ। ਅਜਿਹੇ ਵਰਤੋਂਕਾਰ ਆਪਣੇ ਅੰਕੜਿਆਂ ਦੀ ਦੁਰਵਰਤੋਂ ਹੋਣ ਅਤੇ ਖ਼ਰਾਬ ਜਾਂ ਨਸ਼ਟ ਹੋਣ ਤੋਂ ਬਚਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ। ਇਸੇ ਪ੍ਰਕਾਰ ਵਸਤੂਆਂ ਦੀ ਖ਼ਰੀਦੋ-ਫ਼ਰੋਖਤ, ਪੈਸਿਆਂ ਦਾ ਲੈਣ-ਦੇਣ ਆਦਿ ਸਭ ਕੰਮ ਕੰਪਿਊਟਰ ਰਾਹੀਂ ਹੋਣ ਲਗ ਪਏ ਹਨ।

ਅਜੋਕੇ ਕੰਪਿਊਟਰ ਦੇ ਜ਼ਮਾਨੇ ਵਿੱਚ ਅੱਤਵਾਦੀਆਂ, ਵੱਖਵਾਦੀਆਂ ਅਤੇ ਨਿਰਾਸ਼ਾਵਾਦੀਆਂ ਦਾ ਇਕ ਨਵਾਂ ਵਰਗ ਸਾਹਮਣੇ ਆਇਆ ਹੈ। ਤਕਨਾਲੋਜੀ ਦੇ ਬਦਲਣ ਨਾਲ ਅਪਰਾਧ ਕਰਨ ਦੇ ਤੌਰ ਤਰੀਕੇ ਵੀ ਬਦਲ ਗਏ ਹਨ। ਹੁਣ ਦੇ ਅਪਰਾਧ ਬੰਦੂਕ ਦੀ ਨੋਕ ਤੇ ਜਾਂ ਤਲਵਾਰ ਦੀ ਧਾਰ 'ਤੇ ਨਹੀਂ ਸਗੋਂ ਸਿਰਫ਼ ਇਕ ਮਾਊਸ ਦੇ ਕਲਿੱਕ ਰਾਹੀਂ ਹੀ ਸਿਰੇ ਚੜ੍ਹਦੇ ਹਨ। ਅਜਿਹੇ ਅਪਰਾਧਾਂ ਨੂੰ ਸਾਈਬਰ ਅਪਰਾਧ ਜਾਂ ਸਾਈਬਰ ਕ੍ਰਾਈਮ ਦਾ ਨਾਮ ਦਿੱਤਾ ਗਿਆ ਹੈ।

ਕੰਪਿਊਟਰ ਉੱਤੇ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਲੋਕ ਕੰਮ ਕਰਦੇ ਹਨ। ਇਕ ਪਾਸੇ ਉਹ ਲੋਕ ਹਨ ਜੋ ਕੰਪਿਊਟਰ ਦੀ ਵਰਤੋਂ ਸੂਚਨਾਵਾਂ ਪ੍ਰਾਪਤ ਕਰਨ, ਅੰਕੜਿਆਂ ਦੀ ਸਾਂਭ-ਸੰਭਾਲ, ਵਪਾਰਿਕ ਕੰਮਾਂ ਅਤੇ ਖੋਜ ਕਾਰਜਾਂ ਲਈ ਕਰਦੇ ਹਨ ਤੇ ਦੂਸਰੇ ਪਾਸੇ ਨਿਰਾਸ਼ਾਵਾਦੀ ਬਿਰਤੀ ਦੇ ਉਹ ਲੋਕ ਹਨ ਜੋ ਕੰਪਿਊਟਰ ਦੇ ਅੰਕੜਿਆਂ ਲਈ ਮਾਰੂ ਸਾਫਟਵੇਅਰਾਂ ਦਾ ਨਿਰਮਾਣ ਕਰਕੇ ਜਾਂ ਦੂਸਰਿਆਂ ਦੇ ਕੰਪਿਊਟਰਾਂ ਦਾ ਸੁਰੱਖਿਆ ਦਾਇਰਾ ਤੋੜ ਕੇ ਅੰਕੜਿਆਂ 'ਤੇ ਡਾਕਾ ਮਾਰਨ ਦਾ ਕੰਮ ਕਰ ਰਹੇ ਹਨ। ਇੰਝ ਦੂਸਰੇ ਦੇ ਕੰਪਿਊਟਰ ਵਿੱਚ ਪਏ ਅੰਕੜਿਆਂ ਦੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ 'ਹੈਕਰਸ' ਅਤੇ ਇਸ ਪ੍ਰਕਿਰਿਆ ਨੂੰ 'ਹੈਕਿੰਗ' ਦਾ ਨਾਮ ਦਿੱਤਾ ਜਾਂਦਾ ਹੈ।

ਕੰਪਿਊਟਰ ਉੱਤੇ ਕੀਤਾ ਜਾਣ ਵਾਲਾ ਕੋਈ ਵੀ ਗ਼ੈਰ-ਕਾਨੂੰਨੀ ਕੰਮ ਕੰਪਿਊਟਰ ਅਪਰਾਧ (ਸਾਈਬਰ ਅਪਰਾਧ) ਦੇ ਘੇਰੇ ਵਿੱਚ ਆਉਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.