ਕੰਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਮ (ਨਾਂ,ਪੁ) ਮਨੋਰਥ ਲਈ ਕੀਤਾ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਮ [ਨਾਂਪੁ] ਕਿਸੇ ਮਨੋਰਥ ਦੀ ਪ੍ਰਾਪਤੀ ਲਈ ਕੀਤੀ ਗਈ ਸਰੀਰਿਕ ਕਿਰਿਆ , ਧੰਦਾ , ਕਾਰਜ , ਪੇਸ਼ਾ, ਕਾਰ-ਵਿਹਾਰ, ਸ਼ੁਗ਼ਲ, ਰੁਜ਼ਗਾਰ , ਨੌਕਰੀ; ਮਾਮਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਮ. ਸੰ. ਕਮ੗. ਕਾਂਮ. “ਹਰਿ ਕੰਮ ਕਰਾਵਨ ਆਇਆ.” (ਸੂਹੀ ਛੰਤ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਮ (ਸੰ.। ਸੰਸਕ੍ਰਿਤ ਕਰੑਮ। ਪ੍ਰਾਕ੍ਰਿਤ ਕਮੑਮ। ਪੰਜਾਬੀ ਕੰਮ। ਹਿੰਦੀ ਕਾਮ) ਕਾਰ , ਕਾਰਜ। ਯਥਾ-‘ਹਰਿ ਕੰਮੁ ਕਰਾਵਣਿ ਆਇਆ ਰਾਮ’। ਤਥਾ-ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਮ, (ਸੰਸਕ੍ਰਿਤ :कर्म ), ਪੁਲਿੰਗ : ੧. ਸਰੀਰ ਜਾਂ ਮਨ ਕਰਕੇ ਕਿਸੇ ਮਨੋਰਥਾਂ ਵਿਚ ਲਗਣ ਦੀ ਕਿਰਿਆ, ਕਿਸੇ ਮਨੋਰਥ ਲਈ ਕੀਤਾ ਜਤਨ, ਕਿਰਿਆ, ਕਾਰਜ, ਕਾਜ, ਕਾਰ; ੨. ਫਿਅਲ, ਅਮਲ, ਵਿਗਾਰ, ਕਾਰਵਿਹਾਰ, ਸ਼ੁਗਲ, ਰੁਜ਼ਗਾਰ, ਧੰਧਾ; ੩. ਕਸ਼ਬ, ਪੇਸ਼ਾ, ਦਸਤਕਾਰੀ, ਨੌਕਰੀ, ਮਜ਼ਦੂਰੀ; ੪. ਮਿਹਨਤ, ਮੁਸ਼ੱਕਤ; ੫. ਮਤਲਬ, ਸਰੋਕਾਰ, ਮਨੋਰਥ, ਜ਼ਰੂਰਤ, ਮਾਮਲਾ, ਗਰਜ਼, ਗੱਲ ਬਾਤ; ੬. ਫਰਜ਼, ਡਿਊਟੀ, ਕਰਤੱਵ; ੭. ਤਅਲਕ, ਵਾਸਤਾ, ਗਰਜ਼, ਸਰੋਕਾਰ, ਸਬੰਧ; ੮. ਕਾਰਗੁਜ਼ਾਰੀ, ਕਾਰਵਾਈ; ੯. ਇਸਤੇਮਾਲ, ਵਰਤੋਂ (ਕਿਸੇ ਕੰਮ ਚ ਨਹੀਂ ਆਉਂਦੀ); ੧0. ਸੇਵਾ, ਟਹਿਲ; ੧੧. ਅਸਰ, ਕਾਟ (ਦਵਾਈ ਨੇ ਖ਼ੂਬ ਕੰਮ ਕੀਤਾ); ੧੨. ਦਾਨਾਈ, ਸਿਆਣਪ (ਕੰਮ ਦੀ ਗੱਲ); ੧੩. ਜ਼ਰੂਰੀ ਗੱਲ (ਕੰਮ ਦੀ ਗੱਲ); ੧੪. ਕਸੀਦਾ ਕਾਰੀ ਕਲਾਕਾਰੀ ਦਾ ਨਿੱਕਾ ਕੰਮ; ੧੫. ਸਕੂਲੋਂ ਘਰ ਲਈ ਮਿਲਿਆ ਹੋਇਆ ਕੰਮ

–ਕੰਮ ਅਟਕ ਜਾਣਾ, ਮੁਹਾਵਰਾ : ਕੰਮ ਰੁਕ ਜਾਂ ਅੜ ਜਾਣਾ
 
–ਕੰਮ ਅਟਕਣਾ,  ਮੁਹਾਵਰਾ : ਕੰਮ ਰੁਕਣਾ, ਕੰਮ ਦਾ ਅੜ ਜਾਣਾ, ਸਿਰੇ ਨਾ ਚੜ੍ਹਨਾ

–ਕੰਮ ਅਟਕਿਆ ਰਹਿਣਾ, ਮੁਹਾਵਰਾ :ਮਤਲਬ ਰੁਕਿਆ ਰਹਿਣਾ, ਕੰਮ ਦਾ ਨੇਪਰੇ ਨਾ ਚੜ੍ਹਨਾ

–ਕੰਮ ਅਧੂਰਾ ਛੱਡਣਾ, ਕਿਰਿਆ ਸਕਰਮਕ :ਕੰਮ ਨੂੰ ਵਿਚਕਾਰ ਰਹਿਣ ਦੇਣਾ, ਕੰਮ ਨੂੰ ਨਾ ਮੁਕੰਮਲ ਰੱਖਣਾ, ਵਿਚੇ ਹੀ ਛੱਡ ਦੇਣਾ

–ਕੰਮ ਅਧੂਰਾ ਰੱਖਣਾ,  ਕਿਰਿਆ ਸਕਰਮਕ : ਕੰਮ ਨੂੰ ਵਿਚਾਲੇ ਹੀ ਰਹਿਣ ਦੇਣਾ, ਕੰਮ ਨਾਮੁਕੰਮਲ ਰੱਖਣਾ, ਕੰਮ ਨੂੰ ਵਿਚਾਲੇ ਹੀ ਰਹਿਣ ਦੇਣਾ, ਕੰਮ ਨਾ ਮੁਕੰਮਲ ਰੱਖਣਾ, ਕੰਮ ਨੂੰ ਅੱਧ ਵਿੱਚ ਹੀ ਛੱਡ ਦੇਣਾ

–ਕੰਮ ਆਉਣਾ, ਮੁਹਾਵਰਾ :  ੧. ਵਰਤੋਂ ਵਿਚ ਆਉਣਾ, ਲੋੜ ਜਾਂ ਔਖੇ ਸਮੇਂ ਸਹਾਇਤਾ ਕਰਨਾ, ਲੋੜ ਪੂਰੀ ਕਰਨਾ, ਲਾਹੇਵੰਦ ਸਾਬਤ ਹੋਣਾ; ੨. ਲੜਾਈ ਵਿੱਚ ਮਾਰਿਆ ਜਾਣਾ

–ਕੰਮ ਆਖਣਾ, ਮੁਹਾਵਰਾ : ਕੰਮ ਪਾਉਣਾ, ਫਰਮਾਇਸ਼ ਪਾਉਣਾ

–ਕੰਮ ਆ ਜਾਣਾ, ਮੁਹਾਵਰਾ :੧. ਕੰਮ ਸਿੱਖ ਜਾਣਾ; ੨. ਖ਼ਰਚ ਹੋਣਾ; ੩. ਵੇਲੇ ਸਿਰ ਸਹਾਇਤਾ ਕਰਨਾ; ੪. ਲੜਾਈ ਵਿੱਚ ਮਾਰਿਆ ਜਾਣਾ
 
–ਕੰਮ ਆ ਪੈਣਾ, ਮੁਹਾਵਰਾ : ਅਚਨਚੇਤ ਕੰਮ ਨਿਕਲ ਆਉਣਾ, ਕਿਸੇ ਨਾਲ ਕੋਈ ਮਤਲਬ ਹੋਣਾ, ਕਿਸੇ ਗੋਚਰੀ ਗਰਜ਼ ਬਣ ਜਾਣਾ

–ਕੰਮ ਆਰੰਭਣਾ, ਮੁਹਾਵਰਾ : ਕੋਈ ਵਿਹਾਰ ਛੋਹਣਾ ਜਾਂ ਚਾਲੂ ਕਰਨਾ, ਕੰਮ ਸ਼ੁਰੂ ਕਰਨਾ

–ਕੰਮ ਆਵਣਾ, ਮੁਹਾਵਰਾ : ਕੰਮ ਆਉਣਾ

–ਕੰਮ ਸਹੇੜਨਾ (ਨਵਾਂ), ਮੁਹਾਵਰਾ : ਨਵਾਂ ਕੰਮ ਗਲ ਪਾ ਲੈਣਾ, ਨਵਾਂ ਕੰਮ ਛੋਹ ਲੈਣਾ, ਕਿਸੇ ਨਵੇਂ ਕੰਮ ਦੀ ਜ਼ਿੰਮੇਂਵਾਰੀ ਓਟਣਾ

–ਕੰਮ ਸਪੁਰਦ ਕਰਨਾ, ਕਿਰਿਆ ਸਕਰਮਕ :ਕੰਮ ਹਵਾਲੇ ਕਰਨਾ, ਕੰਮ ਸੌਂਪਣਾ ਜਾਂ ਕਿਸੇ ਦੀ ਜ਼ਿੰਮੇਵਾਰੀ ਹੇਠ ਦੇਣਾ

–ਕੰਮ ਸੰਭਾਲਣਾ, ਕਿਰਿਆ ਸਕਰਮਕ :੧. ਕੰਮ ਨੂੰ ਆਪਣੀ ਜ਼ਿੰਮੇਵਾਰੀ ਹੇਠ ਲੈਣਾ; ੨. ਕੰਮ ਦੂਜੇ ਨੂੰ ਸੌਂਪ ਦੇਣਾ, ਚਾਰਜ ਦੇਣਾ ਜਾਂ ਲੈਣਾ
 
–ਕੰਮ ਸੰਭਾਲ ਲੈਣਾ, ਕਿਰਿਆ ਸਕਰਮਕ : ਕੰਮ ਨੂੰ ਆਪਣੀ ਜ਼ਿੰਮੇਂਵਾਰੀ ਵਿਚ ਲੈ ਲੈਣਾ, ਚਾਰਜ ਲੈਣਾ, ਕੰਮ ਹੱਥ ਵਿਚ ਲੈ ਲੈਣਾ, ਕੰਮਕਾਰ ਵਾਹਵਾ ਚਲਾ ਲੈਣਾ

–ਕੰਮ ਸ਼ੰਮ, ਪੁਲਿੰਗ : ਕੰਮ ਵਗੈਰਾ, ਕੰਮ ਆਦਿ, ਕੰਮ ਕੁੰਮ (ਇਥੇ ਸ਼ੰਮ ਨਿਰਾਰਥਕ ਹੈ)

–ਕੰਮ ਸਮਾਰਨਾ,  ਮੁਹਾਵਰਾ :  ਕੰਮ ਸੁਆਰਨਾ (ਸਵਾਰਨਾ)

–ਕੰਮ ਸਰਨਾ,  ਮੁਹਾਵਰਾ :   ਮਤਲਬ ਪੂਰਾ ਹੋਣਾ

–ਕੰਮ ਸਵਾਰਨਾ, ਕੰਮ ਸੰਵਾਰਨਾ,   ਮੁਹਾਵਰਾ :    ਕੰਮ ਸੁਆਰਨਾ, ਕੰਮ ਠੀਕ ਕਰ ਦੇਣਾ, ਰਾਸ ਕਰਨਾ, ਪੂਰਾ ਕਰਨਾ, ਕੰਮ ਦਰੁਸਤ ਕਰਨਾ

–ਕੰਮ ਸਵਾਰਨੀ,   ਇਸਤਰੀ ਲਿੰਗ :  ਕੰਮ ਕਰ ਦੇਨ ਵਾਲੀ, ਵਿਚੋਲੀ

–ਕੰਮ ਸਾਉਰਨਾ,   (ਪੁਆਧੀ), ਮੁਹਾਵਰਾ :   ਕੰਮ ਠੀਕ ਹੋ ਜਾਣਾ, ਕੰਮ ਲੋਟ ਹੋ ਜਾਣਾ, ਕੰਮ ਬਣ ਜਾਣਾ
 
–ਕੰਮ ਸਿਖਣਾ,    ਕਿਰਿਆ ਸਕਰਮਕ :     ਕਿਸੇ ਹੁਨਰ ਜਾਂ ਦਸਤਕਾਰੀ ਦੀ ਸਿਖਿਆ ਲੈਣਾ

–ਕੰਮ ਸਿਖਾਉਣਾ,   ਕਿਰਿਆ ਪ੍ਰੇਰਕ :   ਕੰਮ ਦੱਸਣਾ, ਕਿਸੇ ਹੁਨਰ ਦੀ ਤਾਲੀਮ ਦੇਣਾ, ਜਾਂਚ ਸਿਖਾਉਣਾ

–ਕੰਮ ਸਿਰੇ ਚੜ੍ਹ ਜਾਣਾ, ਕੰਮ ਸਿਰੇ ਚੜ੍ਹਨਾ, ਮੁਹਾਵਰਾ :  ਕੰਮ ਹੋ ਜਾਣਾ, ਮਤਲਬ ਹੋ ਜਾਣਾ, ਕੰਮ ਨੇਪਰੇ ਚੜ੍ਹਨਾ, ਕਾਰਜ ਰਾਸ ਹੋਣਾ

–ਕੰਮ ਸਿਰੇ ਚਾੜ੍ਹਨਾ, ਮੁਹਾਵਰਾ :  ਕੰਮ ਨੇਪਰੇ ਚਾੜ੍ਹਨਾ, ਕੰਮ ਨੂੰ ਅੰਤਮ ਰੂਪ ਦੇਣਾ, ਕੰਮ ਸੰਪੂਰਨ ਕਰਨਾ, ਕੰਮ ਨੂੰ ਸਰਇੰਜਾਮ ਦੇਣਾ ਜਾਂ ਮੁਕੰਮਲ ਕਰਨਾ

–ਕੰਮ ਸੌਖਾ ਹੋ ਜਾਣਾ, ਮੁਹਾਵਰਾ :   ਕੰਮ ਵਿਚੋਂ ਮੁਸ਼ਕਲ ਦੂਰ ਹੋ ਜਾਣਾ, ਔਖਿਆਈ ਵਿਚੋਂ ਲੰਘ ਜਾਣਾ, ਰੁਜ਼ਗਾਰ ਵਧੇਰੇ ਲਾਭਦਾਇਕ ਹੋ ਜਾਣਾ, ਕੰਮ ਨਿਕਲਦਾ ਦਿਸਣਾ, ਕੰਮ ਸਿਰੇ ਚੜ੍ਹਦਾ ਜਾਪਣਾ

–ਕੰਮ ਸੌਂਪਣਾ,ਕਿਰਿਆ ਸਕਰਮਕ :  ਕੰਮ ਹਵਾਲੇ ਜਾਂ ਸਪੁਰਦ ਕਰਨਾ, ਡਿਉਟੀ ਜ਼ਿੰਮੇ ਲਾਉਣਾ

–ਕੰਮ ਸੋਰਨਾ,  ਮੁਹਾਵਰਾ : ਕੰਮ ਠੀਕ ਹੋ ਜਾਣਾ ਕੋਈ ਮਾਮਲਾ ਮਰਜ਼ੀ ਮੁਤਾਬਕ ਤੈ ਹੋ ਜਾਣਾ

–ਕੰਮ ਹੱਥ ਵਿੱਚ ਲੈਣਾ, ਮੁਹਾਵਰਾ : ੧. ਕਿਸੇ ਮਾਮਲੇ ਨੂੰ ਆਪਣੇ ਜ਼ਿੰਮੇ ਲੈਣਾ, ਕੋਈ ਵਿਹਾਰ ਆਪਣੇ ਉਪਰ ਲੈਣਾ; ੨. ਕੰਮ ਆਪਣੀ ਜ਼ਿੰਮੇਵਾਰੀ ਹੇਠ ਲੈ ਲੈਣਾ

–ਕੰਮ ਹਵਾਲੇ ਕਰਨਾ, ਕਿਰਿਆ ਸਕਰਮਕ : ਕੰਮ ਕਿਸੇ ਦੀ ਸੰਭਾਲ ਵਿੱਚ ਦੇ ਦੇਣਾ, ਕੰਮ ਕਿਸੇ ਦੇ ਸਪੁਰਦ ਕਰਨਾ

–ਕੰਮ ਹੋ ਜਾਣਾ, ਮੁਹਾਵਰਾ : ੧. ਮਕਸਦ ਹਾਸਲ ਹੋ ਜਾਣਾ, ਮੁਰਾਦ ਪੂਰੀ ਹੋ ਜਾਣਾ, ਕਾਮਯਾਬ ਹੋਣਾ, ਕੰਮ ਸਿਰੇ ਚੜ੍ਹ ਜਾਣਾ; ੨. ਮਾਰਿਆ ਜਾਣਾ

–ਕੰਮ ਹੋਣਾ, ਮੁਹਾਵਰਾ : ੧. ਲੋੜ ਪੈਣਾ (ਨਾਲ); ੨. ਮਤਲਬ ਸਰਨਾ, ਮੁਰਾਦ ਪੂਰੀ ਹੋਣਾ, ਕੰਮ ਕੀਤਾ ਜਾਣਾ

–ਕੰਮ ਕੱਢਣਾ, ਮੁਹਾਵਰਾ : ਮਤਲਬ ਪੂਰਾ ਕਰਨਾ ਜਾਂ ਲੈਣਾ

–ਕੰਮ ਕੱਢ ਫ਼ਕੀਰ ਬਿਸਤਰੇ, ਕੰਮ ਕੱਢਿਆ ਸਾਧ ਬਿਸਤਰੇ,   ਮੁਹਾਵਰਾ : ਆਪਣਾ ਮਤਲਬ ਸਾਰ ਕੇ ਖਿਸਕਦੇ ਹੋਣਾ


–ਕੰਮ ਕੱਢ ਲੈਣਾ, ਮੁਹਾਵਰਾ : ਮਤਲਬ ਹੱਲ ਕਰ ਲੈਣਾ, ਮਤਲਬ ਪੂਰਾ ਕਰ ਲੈਣਾ, ਗਰਜ਼ ਪੂਰੀ ਕਰ ਲੈਣਾ

–ਕੰਮ ਕਢਾ ਲੈਣਾ, ਕੰਮ ਕਢਵਾ ਲੈਣਾ,  ਮੁਹਾਵਰਾ :  ਮਤਲਬ ਪੂਰਾ ਕਰਵਾ ਲੈਣਾ

–ਕੰਮ ਕੱਢੂ, ਵਿਸ਼ੇਸ਼ਣ :  ਮਤਲਬੀ, ਮਤਲਬ ਪ੍ਰਸਤ

–ਕੰਮ ਕਰ ਚੁਕਣਾ,     ਮੁਹਾਵਰਾ :    ਕੰਮ ਮੁਕਾ ਚੁਕਣਾ, ਕੰਮ ਮੁਕੰਮਲ ਕਰ ਚੁਕਣਾ, ਭੋਗ ਕਰ ਹਟਣਾ

–ਕੰਮ ਕਰ ਜਾਣਾ,     ਮੁਹਾਵਰਾ :   ੧. ਅਸਰ ਦਿਖਾਉਣਾ, ਕਾਰਗਰ ਹੋਣਾ, ਸਫ਼ਲ ਹੋਣਾ; ੨. ਹੱਥ ਕਰ ਜਾਣਾ, ਆਪਣਾ ਕੰਮ ਕੱਢ ਜਾਣਾ
 
–ਕੰਮ ਕਰ ਦੇਣਾ,     ਮੁਹਾਵਰਾ :    ਲੋੜ ਜਾਂ ਗਰਜ਼ ਪੂਰੀ ਕਰ ਦੇਣਾ (ਕਿਸੇ ਦੀ)

–ਕੰਮ ਕਰਨ ਵਾਲਾ,   ਵਿਸ਼ੇਸ਼ਣ :    ਉੱਦਮੀ, ਮਿਹਨਤੀ

–ਕੰਮ ਕਰਨਾ,   ਮੁਹਾਵਰਾ :   ੧. ਕਿੱਤਾ ਕਰਨਾ, ਕਿਸੇ ਵਿਹਾਰ ਵਿਚ ਲੱਗਣਾ, ਰੁੱਝਣਾ; ੨. ਫਾਇਦਾ ਦੇਣਾ; ੩. ਅਸਰ ਕਰਨਾ; ੪. ਮੁਕਾਉਣਾ; ੫. ਕੰਮ ਦੇਣਾ, ਵਰਤਣ ਵਿਚ ਆਉਣਾ; ੬. ਮਾਰ ਦੇਣਾ, ਕੋਈ ਕਾਰਾ ਕਰਨਾ; ੭. ਭੋਗ ਕਰਨਾ

–ਕੰਮ ਕਰ ਲੈਣਾ,   ਮੁਹਾਵਰਾ :   ਕੰਮ ਨੂੰ ਖਤਮ ਕਰ ਦੇਣਾ, ਆਪਣਾ ਮਤਲਬ ਹਾਸਲ ਕਰਨਾ
 
–ਕੰਮ ਕਾਜ,   ਪੁਲਿੰਗ :  ਕੰਮ ਧੰਧਾ, ਵਪਾਰ

–ਕੰਮ ਕਾਜ ਨੂੰ ਦੂਰ ਖਾਣ ਪੀਣ ਨੂੰ ਚੰਗੇ ਭਲੇ,  ਅਖੌਤ :   ਖਾਣ ਪੀਣ ਨੂੰ ਸਭ ਤਿਆਰ ਹੁੰਦੇ ਹਨ ਪਰ ਜੇ ਕੋਈ ਕੰਮ ਹੋਵੇ ਤਾਂ ਲਾਂਭੇ ਹੋ ਜਾਂਦੇ ਹਨ

–ਕੰਮਕਾਰ,   ਪੁਲਿੰਗ :  ਧੰਧਾ, ਵਿਹਾਰ, ਕਿੱਤਾ, ਸ਼ੁਗਲ, ਮਜ਼ਦੂਰੀ, ਕਾਰ ਵਿਹਾਰ, ਕਾਰੋਬਾਰ, ਕੰਮ ਧੰਧਾ, ਵਣਜ ਵਪਾਰ

–ਕੰਮ ਕਾਰੋਂ ਰਹਿ ਜਾਣਾ,  ਮੁਹਾਵਰਾ :   ਸਰੀਰਕ ਜਾਂ ਮਾਨਸਕ ਤੌਰ ਤੇ ਕਿਨਾਰੇ ਹੋ ਜਾਣਾ

–ਕੰਮ ਕਿਸੇ ਦਾ ਨਾ ਹੋਣਾ,   ਮੁਹਾਵਰਾ :   ਕਿਸੇ ਵਰਤੋਂ ਦੇ ਅਯੋਗ ਹੋਣਾ, ਕਿਸੇ ਮਤਲਬ ਦਾ ਨਾ ਹੋਣਾ, ਕਿਸੇ ਕੰਮ ਵਿੱਚ ਆਉਣ ਦੇ ਯੋਗ ਨਾ ਹੋਣਾ, ਰੱਦੀ ਤੇ ਨਿਕਾਰਾ ਹੋਣਾ

–ਕੰਮ ਕੁੰਮ, ਪੁਲਿੰਗ :  ਕੰਮ ਆਦਿ (ਇਥੇ ਕੁੰਮ ਨਿਰਾਰਥਕ ਹੈ)

–ਕੰਮ ਖਤਮ ਹੋ ਜਾਣਾ, ਮੁਹਾਵਰਾ : ਕੰਮ ਮੁਕ ਜਾਣਾ, ਕੰਮ ਪੂਰਨ ਹੋਣਾ, ਕੰਮ ਦਾ ਭੋਗ ਪੈਣਾ
 
–ਕੰਮ ਖਤਮ ਹੋਣਾ,  ਮੁਹਾਵਰਾ : ਕੰਮ ਮੁਕ ਜਾਣਾ, ਕੰਮ ਪੂਰਨ ਹੋ ਜਾਣਾ

–ਕੰਮ ਖਰਾਬ ਹੋਣਾ, ਮੁਹਾਵਰਾ : ਕੰਮ ਦਾ ਕੁਝ ਵਿਗੜ ਜਾਣਾ, ਚਲਦੇ ਕੰਮ ਵਿੱਚ ਅਟਕਾ ਪੈਣਾ, ਕੋਈ ਮੁਸੀਬਤ ਜਾਂ ਤਕਲੀਫ਼ ਆ ਬਣਨਾ, ਕੰਮ ਅਟਕ ਜਾਣਾ

–ਕੰਮ ਖਲੋ ਜਾਣਾ, ਮੁਹਾਵਰਾ :  ਕੰਮ ਰੁਕ ਜਾਣਾ, ਕੰਮ ਵਿੱਚ ਅਟਕਾ ਪੈ ਜਾਣਾ, ਕੁਝ ਚਿਰ ਲਈ ਕੰਮ ਬੰਦ ਹੋ ਜਾਣਾ

–ਕੰਮ ਖਲੋਣਾ, ਮੁਹਾਵਰਾ : ਕੰਮ ਰੁਕਣਾ

–ਕੰਮ ਖੁਲ੍ਹਣਾ,  ਮੁਹਾਵਰਾ : ਕੰਮ ਜਾਰੀ ਹੋਣਾ, ਮਜੂਰਾਂ ਲਈ ਨਵਾਂ ਕੰਮ ਚਾਲੂ ਹੋ ਜਾਣਾ, ਮਜ਼ਦੂਰੀ ਲਈ ਮੌਕਾ ਪੈਦਾ ਹੋਣਾ

–ਕੰਮ ਗਲ ਜਾਣਾ, ਮੁਹਾਵਰਾ :ਕੰਮ ਖਰਾਬ ਹੋ ਜਾਣਾ, ਕੰਮ ਵਿਗੜ ਜਾਣਾ

–ਕੰਮ ਗਲ ਪਾ ਦੇਣਾ, ਮੁਹਾਵਰਾ : ਕੰਮ ਕਿਸੇ ਦੇ ਸਿਰ ਮੜ੍ਹ ਦੇਣਾ, ਕੋਈ ਕੰਮ ਕਿਸੇ ਦੇ ਬਦੋਬਦੀ ਜ਼ਿੰਮੇ ਲਾ ਦੇਣਾ

–ਕੰਮ ਗਲ ਪਾ ਲੈਣਾ, ਮੁਹਾਵਰਾ : ਵਾਧੂ ਕੰਮ ਆਪਣੇ ਜ਼ਿੰਮੇ ਲੈ ਲੈਣਾ, ਫਾਲਤੂ ਕੰਮ ਦਾ ਭਾਰ ਆਪਣੇ ਸਿਰ ਲੈ ਲੈਣਾ, ਵਾਧੂ ਦੀ ਜ਼ਿੰਮੇਵਾਰੀ ਲੈ ਲੈਣਾ
 
–ਕੰਮ ਗਲ ਪੈ ਜਾਣਾ, ਕੰਮ ਗਲ ਪੈਣਾ,  ਮੁਹਾਵਰਾ : ਕੋਈ ਕੰਮ ਦਾ ਵਾਧੂ ਜ਼ਿੰਮੇ ਆ ਲੱਗਣਾ, ਵਗਾਰ ਪੈ ਜਾਣਾ, ਬਦੋਬਦੀ ਕਿਸੇ ਜ਼ਿੰਮੇਵਾਰੀ ਦਾ ਸਿਰ ਤੇ ਆ ਪੈਣਾ

–ਕੰਮ ਗਾਲ ਦੇਣਾ, ਮੁਹਾਵਰਾ : ਕੰਮ ਖਰਾਬ ਕਰ ਦੇਣਾ, ਬਣਿਆ ਹੋਇਆ ਕੰਮ ਵਿਗਾੜ ਦੇਣਾ
 
–ਕੰਮ ਗੁਆਉਣਾ,  ਮੁਹਾਵਰਾ :  ਕੰਮ ਖੋ ਬੈਠਣਾ, ਮੌਕਾ ਹੱਥੋਂ ਗੁਆ ਫਿਰਨਾ

–ਕੰਮ ਚੱਕਣਾ,   (ਪੁਆਧੀ), ਮੁਹਾਵਰਾ :   ਸਿਰ ਤੇ ਜ਼ਿੰਮੇਵਾਰੀ ਲੈਣਾ, ਕੰਮ ਨੂੰ ਉੱਨਤ ਕਰਨਾ
 
–ਕੰਮ ਚੱਕ ਦੇਣਾ,  ਮੁਹਾਵਰਾ :  ਕੰਮ ਠੱਪ ਦੇਣਾ, ਘੋਗਾ ਚੱਕ ਦੇਣਾ

–ਕੰਮ ਚ ਕੰਮ ਆ ਪੈਣਾ, ਮੁਹਾਵਰਾ : ਚਲਦੇ ਕੰਮ ਵਿਚ ਹੋਰ ਵਾਧੂ ਕੰਮ ਮਿਲ ਜਾਣਾ ਜਾਂ ਨਿਕਲ ਆਉਣਾ, ਕੰਮ ਚ ਝੜੰਮ ਪੈਣਾ, ਇੱਕ ਕੰਮ ਵਿੱਚ ਦੂਜੇ ਕੰਮ ਦਾ ਆ ਜਾਣਾ

–ਕੰਮ ’ਚ ਘੜੰਮ,ਪੁਲਿੰਗ : ਚਲਦੇ ਕੰਮ ਵਿੱਚ ਵਿਘਨ, ਜ਼ਰੂਰੀ ਕੰਮ ਕਰਦਿਆਂ ਆ ਪਿਆ ਨਿਕੰਮਾ ਜਾਂ ਵਾਧੂ ਕੰਮ

–ਕੰਮ ਚਪੱਟ ਹੋ ਜਾਣਾ, ਮੁਹਾਵਰਾ : ਕੰਮ ਚੌੜ ਹੋਣਾ, ਕੰਮ ਦਾ ਖਰਾਬ ਜਾਂ ਨਾਸ ਹੋ ਜਾਣਾ

–ਕੰਮ ਚਮਕਣਾ, ਮੁਹਾਵਰਾ : ਕਾਰ ਵਿਹਾਰ ਦਾ ਰੌਣਕ ਤੇ ਹੋਣਾ, ਕੰਮ ਦੀ ਕਦਰ ਹੋਣਾ, ਕੰਮ ਦਾ ਵਧ ਜਾਣਾ, ਵਣਜ ਵਿੱਚ ਵਧੇਰੇ ਲਾਭ ਹੋਣਾ

–ਕੰਮ ਚਲ ਜਾਣਾ, ਮੁਹਾਵਰਾ :੧. ਕਾਰੋਬਾਰ ਠੀਕ ਤੌਰ ਤੇ ਜਾਰੀ ਹੋ ਜਾਣਾ; ੨. ਵੇਲਾ ਨਿਭ ਜਾਣਾ, ਵਕਤ ਲੰਘ ਜਾਣਾ, ਬੁੱਤਾ ਸਰ ਜਾਣਾ

–ਕੰਮ ’ਚ ਲਠੰਮ, (ਪੋਠੋਹਾਰੀ), ਪੁਲਿੰਗ : ਕੰਮ ’ਚ ਘੜੰਮ

–ਕੰਮ ਚਲ ਨਿਕਲਣਾ, ਮੁਹਾਵਰਾ : ਕਾਰ ਵਿਹਾਰ ਦਾ ਕਾਮਯਾਬੀ ਨਾਲ ਟੁਰ ਪੈਣਾ, ਕੰਮ ਚਮਕ ਪੈਣਾ

–ਕੰਮ ਚਲਣਾ, ਮੁਹਾਵਰਾ :  ਬੁੱਤਾ ਸਰਨਾ, ਡੰਗ ਸਰਨਾ, ਗੁਜ਼ਾਰਾ ਹੋਣਾ, ਆਈ ਚਲਾਈ ਹੋਣਾ, ਕੰਮ ਜਾਰੀ ਰਹਿਣਾ, ਨਿਰਬਾਹ ਹੋਣਾ, ਹੱਥ ਤੰਗ ਨਾ ਰਹਿਣਾ, ਚੰਗੇ ਗੁਜ਼ਾਰੇ ਵਿੱਚ ਹੋਣਾ; ਕਿਸੇ ਵਿਹਾਰ ਜਾਂ ਕਾਰੋਬਾਰ ਤੋਂ ਗੁਜ਼ਾਰਾ ਚਲਦਾ ਰਹਿਣਾ

–ਕੰਮ ਚਲਾਉਣਾ, ਮੁਹਾਵਰਾ : ੧. ਕੰਮ ਨੂੰ ਜਾਰੀ ਰੱਖਣਾ, ਕੰਮ ਤੋਰਨਾ, ਕੰਮ ਨੂੰ ਚਲਦਾ ਕਰਨਾ ਜਾਂ ਕਾਮਯਾਬ ਬਣਾਉਣਾ, ਬੰਦੋਬਸਤ ਕਰਨਾ; ੨. ਜਿਵੇਂ ਤਿਵੇਂ ਕਰ ਕੇ ਕੰਮ ਪੂਰਾ ਕਰਨਾ, ਬੁੱਤਾ ਸਾਰਨਾ

–ਕੰਮ ਚਲਾਊ, ਵਿਸ਼ੇਸ਼ਣ : ਕੰਮ ਦੇਣ ਯੋਗ, ਜਿਸ ਨਾਲ ਕੰਮ ਚਲ ਜਾਏ, ਕੰਮ ਸਾਰਨ ਵਾਲਾ. ਆਰਜ਼ੀ, ਟੈਂਪਰੇਰੀ

–ਕੰਮ ਚਲਾਊ ਸਰਕਾਰ, ਇਸਤਰੀ ਲਿੰਗ : ਐਸੀ ਸਰਕਾਰ ਜੇਹੜੀ ਥੋੜੇ ਚਿਰ ਲਈ ਬਣਾਈ ਜਾਵੇ, ਅੰਤਰਮ ਸਰਕਾਰ (Interim Govt.)

–ਕੰਮ ਚੜ੍ਹਾਉਣਾ, ਮੁਹਾਵਰਾ : ੧. ਕਿਸੇ ਕਲ ਜਾਂ ਮਸ਼ੀਨ ਆਦਿ ਤੇ ਕੰਮ ਚਾਲੂ ਕਰਨਾ; ੨. ਕਾਰੋਬਾਰ ਨੂੰ ਤਰੱਕੀ ਦੇਣਾ

–ਕੰਮ ਚਾਣਾ,  (ਪੋਠੋਹਾਰੀ), ਮੁਹਾਵਰਾ :ਕੰਮ ਸਿਰ ਲੈਣਾ, ਜ਼ੁੰਮੇਵਾਰੀ ਆਪਣੇ ਸਿਰ ਲੈਣਾ

–ਕੰਮ ਚੋਰ, ਕੰਮ ਚੋਰਟਾ, ਵਿਸ਼ੇਸ਼ਣ : ਕੰਮ ਤੋਂ ਜੀ ਚੁਰਾਉਣ ਵਾਲਾ, ਹੱਡ ਭੰਨ ਕੇ ਕੰਮ ਨਾ ਕਰਨ ਵਾਲਾ, ਕੰਮ ਕੋਸ਼, ਆਲਸੀ, ਕੰਮ ਖੁੰਝਾਈ ਕਰਨ ਵਾਲਾ

–ਕੰਮ ਚੌਪਟ ਹੋਣਾ,   ਮੁਹਾਵਰਾ :  ਕੰਮ ਵਿਗੜਨਾ ਜਾਂ ਦੌੜ ਹੋਣਾ, ਕੰਮ ਫੇਲ੍ਹ ਹੋਣਾ
 
–ਕੰਮ ਛੱਡ ਜਾਣਾ, ਮੁਹਾਵਰਾ : ਕੰਮ ਕਰਦਿਆਂ ਹੋਇਆਂ ਵਿਚੋਂ ਛੱਡ ਕੇ ਚਲੇ ਜਾਣਾ, ਕਿੱਤਾ ਤਿਆਗ ਦੇਣਾ

–ਕੰਮ ਛੱਡ ਜਾਣਾ (ਵਿਚਕਾਰ ਵਿਚੇ), ਮੁਹਾਵਰਾ : ਕੰਮ ਨੂੰ ਪੂਰਾ ਕੀਤੇ ਬਿਨਾਂ ਹਟ ਜਾਣਾ, ਅਧੂਰਾ ਛੱਡ ਜਾਣਾ

–ਕੰਮ ਛੱਡਣਾ, ਕਿਰਿਆ ਸਕਰਮਕ : ਕੰਮ ਨਾ ਕਰਨਾ, ਕੰਮ ਕਰਦੇ ਕਰਦੇ ਵਿਚਕਾਰੋਂ ਹੀ ਹਟ ਜਾਣਾ, ਕੰਮੋਂ ਹਟ ਜਾਣਾ, ਕਿੱਤਾ ਤਿਆਗ ਦੇਣਾ, ਕੰਮ ਤਰਕ ਕਰਨਾ

–ਕੰਮ ਛੱਡ ਦੇਣਾ, ਕਿਰਿਆ ਸਕਰਮਕ : ੧. ਪਹਿਲੇ ਰੁਜ਼ਗਾਰ ਜਾਂ ਕਿੱਤੇ ਨੂੰ ਛੱਡ ਦੇਣਾ; ੨. ਕੰਮ ਨੂੰ ਪੂਰਾ ਕੀਤੇ ਬਿਨਾਂ ਹੀ ਉਸ ਦੇ ਕਰਨ ਤੋਂ ਹਟ ਜਾਣਾ

–ਕੰਮ ਛੱਡ ਬਹਿਣਾ,  ਮੁਹਾਵਰਾ :੧. ਕੰਮ ਕਰਨੋਂ ਇਨਕਾਰੀ ਹੋ ਜਾਣਾ; ੨. ਕਿੱਤਾ ਤਿਆਗ ਦੇਣਾ


–ਕੰਮ ਛਿਕਣਾ, (ਲਹਿੰਦੀ) / ਮੁਹਾਵਰਾ : ਬਹੁਤਾ ਕੰਮ ਕਰਨਾ, ਕੰਮ ਖਿੱਚਣਾ
 
–ਕੰਮ ਛਿੜਨਾ, ਮੁਹਾਵਰਾ : ਕੰਮ ਸ਼ੁਰੂ ਹੋਣਾ, ਉਸਾਰੀ ਲੱਗਣਾ

–ਕੰਮ ਛੇੜਨਾ, ਮੁਹਾਵਰਾ :ਕੰਮ ਸ਼ੁਰੂ ਕਰਨਾ

–ਕੰਮ ਛੋਹਨਾ, ਮੁਹਾਵਰਾ : ਕੰਮ ਸ਼ੁਰੂ ਕਰਨਾ, ਕੰਮ ਅਰੰਭਣਾ
 
–ਕੰਮ ਜਾਰੀ ਹੋਣਾ, ਕਿਰਿਆ ਸਕਰਮਕ : ਕੰਮ ਚਾਲੂ ਹੋਣਾ

–ਕੰਮ ਜਾਰੀ ਕਰਨਾ, ਕਿਰਿਆ ਸਕਰਮਕ : ਕੰਮ ਚਾਲੂ ਕਰਨਾ, ਕੰਮ ਆਰੰਭ ਕਰਨਾ
 
–ਕੰਮ ਟਿਚਨ ਹੋਣਾ, ਮੁਹਾਵਰਾ : ਕੰਮ ਤਿਆਰ ਬਰ ਤਿਆਰ ਹੋਣਾ

–ਕੰਮ ਟਿਚਨ ਮਿਲਣਾ, ਮੁਹਾਵਰਾ : ਕੰਮ ਤਿਆਰ ਬਰ ਤਿਆਰ ਮਿਲਣਾ

–ਕੰਮ ਟਿਚਨ ਰੱਖਣਾ, ਮੁਹਾਵਰਾ : ਕੰਮ ਨੂੰ ਠੀਕ ਠਾਕ ਕਰ ਕੇ ਤਿਆਰ ਬਰ ਤਿਆਰ ਰੱਖਣਾ
 
–ਕੰਮ ਟੁਰਨਾ, ਮੁਹਾਵਰਾ : ਕੰਮ ਜਾਰੀ ਹੋਣਾ, ਕੰਮ ਚੱਲਣਾ

–ਕੰਮ ਟੋਰਨਾ,    ਮੁਹਾਵਰਾ :    ਕੰਮ ਜਾਰੀ ਕਰਨਾ, ਕੰਮ ਚਲਾਉਣਾ

–ਕੰਮ ਟੋਲਣਾ,    ਮੁਹਾਵਰਾ :  ਮਜ਼ਦੂਰੀ ਲੱਭਣਾ, ਰੁਜ਼ਗਾਰ ਦੀ ਤਲਾਸ਼ ਕਰਨਾ

–ਕੰਮ ਠਹਿਰ ਜਾਣਾ,   ਮੁਹਾਵਰਾ :    ਕੰਮ ਅਟਕ ਜਾਣਾ

–ਕੰਮ ਠੱਪਣਾ,   ਮੁਹਾਵਰਾ :  ਕੰਮ ਬੰਦ ਕਰਨਾ, ਕੰਮ ਦਾ ਭੋਗ ਪਾ ਦੇਣਾ, ਕੰਮ ਸਮਾਪਤ ਕਰਨਾ

–ਕੰਮ ਠੇਲ੍ਹਣਾ,ਮੁਹਾਵਰਾ : ਕੰਮ ਧੱਕਣਾ, ਕੰਮ ਆਰੰਭ ਕਰਨਾ, ਬੁੱਤਾ ਪੂਰਾ ਕਰਨਾ

–ਕੰਮ ਢੰਗ, ਪੁਲਿੰਗ : ਰੁਜ਼ਗਾਰ, ਕਿੱਤਾ

–ਕੰਮ ਢਾਹੁਣਾ, ਮੁਹਾਵਰਾ : ਬਣਿਆ ਹੋਇਆ ਕੰਮ ਖਰਾਬ ਕਰ ਦੇਣਾ, ਵਿਗਾੜ ਦੇਣਾ

–ਕੰਮ ਤਜਣਾ, ਮੁਹਾਵਰਾ :  ਕੰਮ ਤਿਆਗਣਾ, ਤਿਆਗ ਧਾਰਨਾ

–ਕੰਮ ਤਮਾਮ ਹੋਣਾ, ਮੁਹਾਵਰਾ : ੧. ਕੰਮ ਮੁੱਕਣਾ; ੨. ਮਰ ਜਾਣਾ
 
–ਕੰਮ ਤਮਾਮ ਕਰਨਾ, ਮੁਹਾਵਰਾ : ੧. ਕੰਮ ਸਿਰੇ ਚਾੜ੍ਹਨਾ; ੨. ਮਾਰ ਦੇਣਾ, ਖਤਮ ਕਰ ਦੇਣਾ, ਧੰਧਾ ਕਰ ਦੇਣਾ

–ਕੰਮ ਤ੍ਰੰਗੜਨਾ, ਮੁਹਾਵਰਾ : ਜਿਹੋ ਜਿਹਾ ਕੰਮ ਹੋ ਸਕੇ ਉਹੋ ਜਿਹਾ ਕਰਕੇ ਹਵਾਲੇ ਕਰਨਾ, ਕੰਮ ਦਾ ਤੁੱ ਮੁੱਥ ਕਰ ਕੇ ਹਵਾਲੇ ਕਰਨਾ

–ਕੰਮ ਤਿਆਗਣਾ, ਮੁਹਾਵਰਾ : ਹੜਤਾਲ (ਸਟਰਾਈਕ) ਕਰਨਾ, ਕੰਮ ਛੱਡ ਦੇਣਾ
 
–ਕੰਮ ਤਿਆਗ ਦੇਣਾ, ਮੁਹਾਵਰਾ : ਕੰਮ ਕਰਨਾ ਛੱਡ ਦੇਣਾ, ਹੜਤਾਲ (ਸਟਰਾਈਕ) ਕਰ ਦੇਣਾ

–ਕੰਮ ਤਿਆਰ ਬਰ ਤਿਆਰ ਹੋਣਾ, ਮੁਹਾਵਰਾ : ਕੰਮ ਦਾ ਟਿਚਨ ਹੋਣਾ


–ਕੰਮ ’ਤੇ ਆਉਣਾ,   ਮੁਹਾਵਰਾ :  ਨੌਕਰੀ ਤੇ ਹਾਜ਼ਰ ਹੋਣਾ, ਕਾਰ ਵਿਹਾਰ ਕਰਨ ਲਈ ਪੁੱਜਣਾ
 
–ਕੰਮ ਤੇ ਹਾਜ਼ਰ ਹੋਣਾ,   ਕਿਰਿਆ ਸਕਰਮਕ :    ਡਿਊਟੀ ਤੇ ਆਉਣਾ, ਕਿਸੇ ਕੰਮ ਤੇ ਨਿਯਤ ਸਮੇਂ ਤੇ ਪੁੱਜਣਾ, ਨੌਕਰੀ ਤੇ ਆ ਲੱਗਣਾ

–ਕੰਮ ਤੇ ਜਾਣਾ,  ਮੁਹਾਵਰਾ :ਕੰਮ ਕਰਨ ਜਾਣਾ, ਮਜੂਰੀ ਤੇ ਜਾਣਾ, ਡਿਊਟੀ ਤੇ ਜਾਣਾ

–ਕੰਮ ਤੇ ਦੀਦਾ ਲੱਗਣਾ, ਮੁਹਾਵਰਾ :ਕੰਮ ਵਿੱਚ ਜੀ ਲੱਗਣਾ, ਕੰਮ ਤੇ ਟਿਕ ਜਾਣਾ

–ਕੰਮ ਤੇ ਦੀਦੇ ਲਾਉਣਾ, ਮੁਹਾਵਰਾ : ਜੀ ਲਾ ਕੇ ਕੰਮ ਕਰਨਾ

–ਕੰਮ ਤੇ ਪਹਿਰਾ ਦੇਣਾ, ਮੁਹਾਵਰਾ : ਡਿਊਟੀ ਤੇ ਖੜੇ ਰਹਿਣਾ, ਫਰਜ਼ ਦਾ ਪਾਲਨ ਕਰਨਾ; ਪੂਰੀ ਡਿਊਟੀ ਦੇਣਾ, ਚੌਕਸ ਰਹਿਣਾ

–ਕੰਮ ਤੇ ਬਹਿਣਾ, ਕੰਮ ਤੇ ਬੈਠਣਾ, ਮੁਹਾਵਰਾ : ਕੰਮ ਸਿੱਖਣਾ, ਸ਼ਗਿਰਦੀ ਕਰਨਾ, ਕੰਮ ਦੇ ਅੱਡੇ ਤੇ ਬਹਿਣਾ
 
–ਕੰਮ ਤੇ ਬੈਠਣਾ, ਮੁਹਾਵਰਾ : ਕੰਮ ਛੋਹਣਾ, ਕੰਮ ਸ਼ੁਰੂ ਕਰਨਾ

–ਕੰਮ ਤੇ ਲੱਗਣਾ, ਮੁਹਾਵਰਾ : ਨੌਕਰ ਹੋਣਾ, ਮਜੂਰੀ ਮਿਲ ਜਾਣਾ, ਦਿਹਾੜੀ ਤੇ ਲੱਗਣਾ

–ਕੰਮ ਤੇ ਲਾਉਣਾ,ਮੁਹਾਵਰਾ : ਨੌਕਰੀ ਜਾਂ ਮਜ਼ਦੂਰੀ ਦੇਣਾ

–ਕੰਮ ਤੋਂ ਜੀ ਚੁਰਾਉਣਾ, ਮੁਹਾਵਰਾ : ਘੇਸਲ ਮਾਰਨਾ, ਕੰਮ ਕਰਨ ਤੋਂ ਟਲਣਾ, ਕੰਮ ਚੋਰ ਹੋਣਾ, ਕੰਮ ਨਾ ਕਰਨ ਲਈ ਬਹਾਨੇ ਬਣਾਉਣਾ

–ਕੰਮ ਤੋਰਨਾ, ਮੁਹਾਵਰਾ : ਕੰਮ ਨੂੰ ਸਫ਼ਲਤਾ ਪੂਰਬਕ ਰੇੜ੍ਹ ਲੈਣਾ, ਕੰਮ ਚਲਾ ਲੈਣਾ

–ਕੰਮ ਦੱਸਣਾ, ਮੁਹਾਵਰਾ :ਕੰਮ ਸਿਖਾਉਣਾ, ਕੰਮ ਕਰਨ ਬਾਰੇ ਹਿਦਾਇਤ ਦੇਣਾ

–ਕੰਮ ਦਾ, ਵਿਸ਼ੇਸ਼ਣ : ਕੰਮ ਆਉਣ ਵਾਲਾ, ਮਤਲਬ ਦਾ, ਲਾਹੇਵੰਦਾ, ਕਾਰ ਆਮਦ, ਮੁਫੀਦ, ਫਾਇਦੇਵੰਦ, ਲਾਭਦਾਇਕ

–ਕੰਮ ਦਾ ਨਾ ਕਾਜ ਦਾ, ਵਿਸ਼ੇਸ਼ਣ : ਨਿਕੰਮਾ, ਕਾਸੇ ਜੋਗਾ ਨਾ, ਨਕਾਰਾ

–ਕੰਮ ਦਾ ਨਾ ਕਾਜ ਦਾ ਸੇਰ ਭਰ ਅਨਾਜ ਦਾ, ਅਖੌਤ :    ਨਕਾਰੇ ਜਾਂ ਕੰਮ-ਚੋਰ ਆਦਮੀ ਵਾਸਤੇ ਕਹਿਣਾ ਜੋ ਵਿਹਲਾ ਖਾਣ ਦਾ ਮਸਲਾ ਹੁੰਦਾ ਹੈ

–ਕੰਮ ਦਾ ਨਾ ਛੱਡਣਾ,ਮੁਹਾਵਰਾ : ਵਿਗਾੜ ਦੇਣਾ, ਖਰਾਬ ਕਰ ਦੇਣਾ, ਨਕਾਰਾ ਬਣਾ ਦੇਣਾ

–ਕੰਮ ਦਾ ਨਾ ਰਹਿਣਾ, ਮੁਹਾਵਰਾ : ਮਤਲਬ ਦਾ ਨਾ ਰਹਿਣਾ; ਅਕਾਰਥ ਹੋ ਜਾਣਾ, ਵਿਗੜ ਜਾਣਾ, ਖਰਾਬ ਹੋ ਜਾਣਾ, ਨਿਕੰਮਾ ਜਾਂ ਬੇਕਾਰ ਹੋ ਜਾਣਾ, ਵਰਤੋਂ ਯੋਗ ਨਾ ਰਹਿਣਾ

–ਕੰਮ ਦਾ ਬਣਾਉਣਾ (ਕਿਸੇ ਸ਼ੈ ਨੂੰ), ਕੰਮ ਦਾ ਬਣਾ ਦੇਣਾ,  ਮੁਹਾਵਰਾ : ਮਤਲਬ ਦਾ ਬਣਾਉਣਾ, ਵਰਤੋਂ ਯੋਗ ਬਣਾ ਦੇਣਾ, ਕਿਸੇ ਲਾਇਕ ਬਣਾ ਦੇਣਾ

–ਕੰਮ ਦਾ ਮੰਦਾ, ਪੁਲਿੰਗ : ਘੱਟ-ਗਾਹਕੀ, ਸਸਤ ਭਾਈ, ਮਜ਼ਦੂਰੀ ਦਾ ਘੱਟ ਹੋਣਾ
 
–ਕੰਮ ਦਿਖਾਉਣਾ, ਮੁਹਾਵਰਾ : ਕੰਮ ਕਰਕੇ ਦੱਸਣਾ, ਆਪਣੀ ਯੋਗਤਾ ਦਾ ਸਬੂਤ ਦੇਣਾ

–ਕੰਮ ਦੀ ਗੱਲ, ਇਸਤਰੀ ਲਿੰਗ : ਯਥਾਰਥ ਬਚਨ ਜਾਂ ਵਾਕ, ਮਤਲਬ ਦੀ ਬਾਤ, ਲਾਭ ਦੀ ਬਾਤ, ਸਬੰਧਤ ਬਾਤ

–ਕੰਮ ਦੇ ਸਿਰ ਹੋਣਾ, ਮੁਹਾਵਰਾ : ਕੰਮ ਖਤਮ ਕਰਨ ਦੀ ਨੀਯਤ ਨਾਲ ਡਟ ਜਾਣਾ

–ਕੰਮ ਦੇਖਣਾ, ਮੁਹਾਵਰਾ : ੧. ਕੰਮ ਵੇਖਣਾ; ੨. ਕਿਸੇ ਦੇ ਕੰਮ ਨੂੰ ਪਰਖਣਾ, ਕਿਸੇ ਦੀ ਕਾਰਗੁਜ਼ਾਰੀ ਦੇਖਣਾ

–ਕੰਮ ਦੇਣਾ, ਮੁਹਾਵਰਾ : ੧. ਵਰਤੋਂ ਯੋਗ ਹੋਣਾ; ੨. ਕੰਮ ਕਰਕੇ ਦੇਣਾ; ੩. ਕਾਰੀਗਰ ਨੂੰ ਕਰਨ ਲਈ ਕੰਮ ਦੇਣਾ, ਮਜੂਰ ਨੂੰ ਕੰਮ ਤੇ ਲਾਉਣਾ, ਕੰਮ ਵੰਡ ਕੇ ਨਿਸ਼ਚਿਤ ਕਰਨਾ

–ਕੰਮ ਦੇ ਨਾਂ ਤੇ ਮੌਤ ਪੈਣਾ,ਮੁਹਾਵਰਾ : ਕਿਸੇ ਕੰਮ-ਚੋਰ ਦਾ ਉੱਕਾ ਹੀ ਕੋਈ ਕੰਮ ਨਾ ਕਰਨਾ

–ਕੰਮ ਧੱਕਣਾ, ਮੁਹਾਵਰਾ : ਬੁੱਤਾ ਪੂਰਾ ਕਰਨਾ, ਕੰਮ ਠੇਲ੍ਹਣਾ

–ਕੰਮ ਧੰਧਾ, ਪੁਲਿੰਗ : ਕੰਮ ਕਾਰ, ਵਿਹਾਰ ਕਾਰ. ਸ਼ੁਗਲ, ਵਣਜ-ਵਪਾਰ

–ਕੰਮ ਨਾ ਕਾਰ ਕਰਮਾਂ ਦੀ ਮਾਰ, ਅਖੌਤ : ਬੇਕਾਰੀ ਬਦਕਿਸਮਤੀ ਦਾ ਦੂਜਾ ਨਾਂ ਹੈ


–ਕੰਮ ਨਾਲ ਕੰਮ ਰੱਖਣਾ,ਮੁਹਾਵਰਾ : ਮਤਲਬ ਨਾਲ ਮਤਲਬ ਰੱਖਣਾ
 
–ਕੰਮ ਨਾਲ ਜੀ ਲਾਉਣਾ, ਮੁਹਾਵਰਾ : ੧. ਜੀ ਲਾ ਕੇ ਕੰਮ ਕਰਨਾ; ੨. ਕੰਮ ਨਾਲ ਜੀ ਪਰਚਾਉਣਾ
 
–ਕੰਮ ਨਿਕਲਣਾ, ਮੁਹਾਵਰਾ :੧. ਮਤਲਬ ਪੂਰਾ ਹੋਣਾ; ੨. ਕੰਮ ਦਰਪੇਸ਼ ਹੋਣਾ; ੩. ਕਿਸੇ ਕੰਮ ਦੀ ਜ਼ਰੂਰਤ ਪੇਸ਼ ਆਉਣਾ; ੪. ਮਜ਼ਦੂਰੀ ਖੁਲ੍ਹਣਾ, ਠੇਕੇ ਦਾ ਕੰਮ ਸ਼ੁਰੂ ਹੋਣਾ; ੫. ਕੰਮ ਬਣਨਾ

–ਕੰਮ ਨਿਬੜ ਜਾਣਾ,ਕੰਮ ਨਿਬੜਨਾ,  ਮੁਹਾਵਰਾ : ਕੰਮ ਖਤਮ ਹੋ ਜਾਣਾ, ਕੰਮ ਪੂਰਾ ਹੋ ਜਾਣਾ, ਕੰਮ ਸਮੇਟਿਆ ਜਾਣਾ

–ਕੰਮ ਨੂੰ ਆਹਾਂ ਖਾਣ ਨੂੰ ਹੂੰ, ਅਖੌਤ : ਕੰਮਚੋਰ ਤੇ ਆਲਸੀ ਲਈ ਵਰਤਦੇ ਹਨ, ਜਿਹੜਾ ਕੰਮ ਤੋਂ ਜੀ ਚੁਰਾਵੇ ਪਰ ਖਾਣ ਨੂੰ ਮੂਹਰੇ ਹੋਵੇ, ਜਿਹੜਾ ਵਿਹਲਾ ਰੋਟੀਆਂ ਪਾੜੇ ਤੇ ਕੰਮ ਨਾ ਕਰੇ


–ਕੰਮ ਨੂੰ ਹੱਥ ਪਾਉਣਾ,ਕੰਮ ਨੂੰ ਹੱਥ ਵਿੱਚ ਲੈਣਾ,   ਮੁਹਾਵਰਾ : ਕੰਮ ਸ਼ੁਰੂ ਕਰਨਾ, ਕੰਮ ਆਪਣੀ ਨਿਗਰਾਣੀ ਅਤੇ ਜ਼ਿੰਮੇਵਾਰੀ ਹੇਠ ਲੈਣਾ

–ਕੰਮ ਨੂੰ ਲੰਮਾਂ ਕਰ ਦੇਣਾ,ਮੁਹਾਵਰਾ: ਕੰਮ ਨੂੰ ਛੇਤੀ ਨਾ ਮੁਕਾਉਣਾ, ਕੰਮ ਖੱਟੇ ’ਚ ਪਾਈ ਰੱਖਣਾ
 
–ਕੰਮ ਪਏ ਜਾਣੀਏ ਜਾਂ ਰਾਹ ਪਏ ਜਾਣੀਏ, ਅਖੌਤ :  ਵਾਹ ਪਏ ਜਾਣੀਏ ਜਾ ਰਾਹ ਪਏ ਜਾਣੀਏ


–ਕੰਮ ਪਾਉਣਾ, ਮੁਹਾਵਰਾ : ਫਰਮਾਇਸ਼ ਪਾਉਣਾ, ਕੰਮ ਲਈ ਆਖਣਾ, ਖਾਸ ਪਰਯੋਜਨ ਲਈ ਕਹਿਣਾ, ਕੋਈ ਮਤਲਬ ਪੂਰਾ ਕਰਨ ਨੂੰ ਕਹਿਣਾ, ਬੇਗਾਰ ਪਾਉਣਾ

–ਕੰਮ ਪਿਆ ਰਹਿਣਾ, ਮੁਹਾਵਰਾ :੧. ਕੰਮ ਦਾ ਨਾਮੁਕੰਮਲ ਹਾਲਤ ਵਿੱਚ ਰੱਖਿਆ ਰਹਿਣਾ; ੨. ਹਰ ਵੇਲੇ ਕਿਸੇ ਨਾ ਕਿਸੇ ਦਾ ਕੰਮ ਗਲ ਪਿਆ ਰਹਿਣਾ, ਕਿਸੇ ਲਈ ਕੁਝ ਕਰਦੇ ਰਹਿਣਾ, ਪਰਾਈ ਬੇਗਾਰ ਕਰਦੇ ਰਹਿਣਾ

–ਕੰਮ ਪਿਆਰਾ ਚੰਮ ਪਿਆਰਾ ਨਹੀਂ, ਅਖੌਤ : ਆਦਮੀ ਦੀ ਕਦਰ ਕੰਮ ਕਰ ਕੇ ਹੀ ਹੁੰਦੀ ਹੈ, ਉਸ ਦੀ ਬਾਹਰਲੀ ਟੀਪ ਟਾਪ ਕੇ ਨਹੀਂ

–ਕੰਮ ਪਿੱਛੇ ਪੈ ਜਾਣਾ, ਮੁਹਾਵਰਾ : ੧. ਕੰਮ ਪਿੱਛੇ ਰਹਿ ਜਾਣਾ, ਕੰਮ ਬਕਾਇਆ ਰਹਿ ਜਾਣਾ; ੨. ਹੱਥ ਧੋ ਕੇ ਕੰਮ ਦੇ ਮਗਰ ਪੈ ਜਾਣਾ

–ਕੰਮ ਪੂਰਾ ਹੋਣਾ, ਮੁਹਾਵਰਾ :੧. ਮਤਲਬ ਪੂਰਾ ਹੋਣਾ, ਗਰਜ਼ ਨਿਕਲ ਜਾਣਾ; ੨. ਕੰਮ ਸਮਾਪਤ ਜਾਂ ਖਤਮ ਹੋਣਾ

–ਕੰਮ ਪੂਰਾ ਕਰ ਦੇਣਾ, ਮੁਹਾਵਰਾ : ੧. ਫਸਤਾ ਵੱਢ ਦੇਣਾ (ਕਿਸੇ ਦਾ), ੨. ਕੰਮ ਸਾਰ ਦੇਣਾ, ਮੁਰਾਦ ਪੂਰੀ ਕਰ ਦੇਣਾ; ੩. ਕੰਮ ਨੂੰ ਸਿਰੇ ਲਾ ਦੇਣਾ, ਕੰਮ ਸੰਪੂਰਨ ਕਰ ਦੇਣਾ

–ਕੰਮ ਪੈ ਜਾਣਾ, ਮੁਹਾਵਰਾ :  ੧. ਕਿਸੇ ਨਾਲ ਕੋਈ ਮਤਲਬ ਹੋਣਾ, ਕਿਸੇ ਗੋਚਰੇ ਕੋਈ ਗਰਜ਼ ਨਿਕਲ ਆਉਣੀ, ਵਾਹ ਪੈਣਾ, ਵਾਸਤਾ ਪੈਣਾ; ੨. ਕਿਸੇ ਕੰਮ ਲਈ ਕਿਸੇ ਥਾਂ ਜਾਣ ਦੀ ਲੋੜ ਪੈ ਜਾਣੀ

–ਕੰਮ ਬਣ ਜਾਣਾ, ਕੰਮ ਬਣਨਾ, ਕੰਮ ਬਣ ਪੈਣਾ,  ਮੁਹਾਵਰਾ : ਕੰਮ ਠੀਕ ਹੋ ਜਾਣਾ, ਮੁਰਾਦ ਪੂਰੀ ਹੋਣਾ, ਮਤਲਬ ਸਰ ਜਾਣਾ, ਕੋਈ ਕੰਮ ਸਿਰੇ ਚੜ੍ਹਨਾ, ਢੋ ਜਾਂ ਸਬੱਬ ਲੱਗਣਾ

–ਕੰਮ ਬਣਾਉਣਾ, ਮੁਹਾਵਰਾ : ੧. ਕੰਮ ਬਣਾ ਦੇਣਾ, ਕੰਮ ਨੇਪਰੇ ਚਾੜ੍ਹ ਦੇਣਾ, ੧. ਗਰਜ਼ ਜਾਂ ਲੋੜ ਪੂਰੀ ਕਰ ਦੇਣਾ

–ਕੰਮ ਬਣਾ ਲੈਣਾ, ਮੁਹਾਵਰਾ : ਮਤਲਬ ਹਾਸਲ ਕਰ ਲੈਣਾ, ਜਿਵੇਂ ਕਿਵੇਂ ਕੰਮ ਕਢਾ ਲੈਣਾ

–ਕੰਮ ਬੰਦ ਹੋ ਜਾਣਾ, ਕੰਮ ਬੰਦ ਹੋਣਾ, ਮੁਹਾਵਰਾ : ਕੰਮ ਦਾ ਖਤਮ ਹੋ ਕੇ ਠੱਪ ਹੋ ਜਾਣਾ, ਦਿਹਾੜੀਦਾਰਾਂ ਲਈ ਮਜੂਰੀ ਦਾ ਕੰਮ ਨਾ ਰਹਿਣਾ, ਕੰਮ ਖਤਮ ਹੋ ਜਾਣਾ

–ਕੰਮ ਬੰਦ ਕਰਨਾ, ਮੁਹਾਵਰਾ :ਕੰਮ ਰੋਕ ਦੇਣਾ, ਕੰਮ ਸਮਾਪਤ ਕਰਨਾ

–ਕੰਮ ਬੰਦ ਰਹਿਣਾ, ਮੁਹਾਵਰਾ : ਕੰਮ ਨਾ ਹੋਣਾ, ਕੰਮ ਰੁਕਿਆ ਰਹਿਣਾ, ਕਾਰ ਵਿਹਾਰ ਦਾ ਬੰਦ ਰਹਿਣਾ

–ਕੰਮ ਭੁਗਤ ਜਾਣਾ, ਕੰਮ ਭੁਗਤਣਾ, ਮੁਹਾਵਰਾ : ੧. ਕੰਮ ਹੋਣਾ, ਕੰਮ ਪੂਰਾ ਜਾਂ ਮੁਕੰਮਲ ਹੋ ਜਾਣਾ; ੨. ਕੰਮ ਸਰ ਜਾਣਾ; ੩. ਭੋਗ ਕਰ ਹਟਣਾ

–ਕੰਮ ਭੁਗਤਾਉਣਾ, : ਬੁੱਤਾ ਸਾਰਨਾ, ਕੰਮ ਕਰਾਉਣਾ, ਵੇਸ਼ਿਆ ਦਾ ਆਪਣੀ ਕ੍ਰਿਤ ਨਿਪਟਾਉਣਾ, ਵੇਲਾ ਟਪਾ ਲੈਣਾ (ਦੇਣਾ); ੨. ਕੰਮ ਸਿਰੇ ਚਾੜ੍ਹਨਾ, ਕਰਤਵ ਪਾਲਨ ਕਰਨਾ; ੩. ਕੰਮ ਸਾਰਨਾ;੪. ਧੰਧਾ ਭੁਗਤਾਉਣਾ

–ਕੰਮ ਮੜ੍ਹਨਾ, (ਕਿਸੇ ਦੇ ਸਿਰ), ਮੁਹਾਵਰਾ : ਵਾਧੂ ਕੰਮ ਕਿਸੇ ਦੇ ਜ਼ਿਮੇ ਲਾ ਦੇਣਾ, ਬਦੋ ਬਦੀ ਕੰਮ ਕਿਸੇ ਦੇ ਗਲ ਮੜ੍ਹ ਦੇਣਾ, ਕਿਸੇ ਤੇ ਕੰਮ ਦਾ ਭਾਰ ਮੱਲੋਮੱਲੀ ਸੁੱਟ ਦੇਣਾ


–ਕੰਮ ਮਿੱਟੀ ਹੋਣਾ, ਮੁਹਾਵਰਾ : ਕੰਮ ਖਰਾਬ ਹੋਣਾ, ਕੰਮ ਨਾਸ ਹੋਣਾ, ਕੰਮ ਗੁੱਗਲ ਹੋਣਾ
 
–ਕੰਮ ਮਿਲਣਾ, ਮੁਹਾਵਰਾ : ਕੰਮ ਲੱਭ ਜਾਣਾ, ਅਹੁਦਾ ਜਾਂ ਨੌਕਰੀ ਮਿਲਣਾ, ਕਿਸੇ ਕਿਸਮ ਦਾ ਕੰਮ ਹਾਸਲ ਹੋਣਾ, ਕੋਈ ਕੰਮ ਸਪੁਰਦ ਹੋਣਾ
 
–ਕੰਮ ਮੁੱਕ ਜਾਣਾ, ਕੰਮ ਮੁੱਕਣਾ, ਕਿਰਿਆ ਸਕਰਮਕ :   ਕੰਮ ਖਤਮ ਹੋਣਾ, ਕੰਮ ਪੂਰਾ ਹੋ ਜਾਣਾ, ਕੰਮ ਸਮਾਪਤ ਹੋਣਾ
 
–ਕੰਮ ਮੁਕਾ ਕੱਢਣਾ, ਮੁਹਾਵਰਾ : ਕੰਮ ਮੁਕਾ ਦੇਣਾ


–ਕੰਮ ਰਹਿ ਜਾਣਾ, ਮੁਹਾਵਰਾ : ੧. ਕੰਮ ਪੂਰਾ ਨਾ ਹੋਣਾ, ਕੰਮ ਵਿਚੇ ਰਹਿ ਜਾਣਾ, ਕੰਮ ਵਿੱਚ ਸਫ਼ਲਤਾ ਨਾ ਹੋਣਾ, ਕੰਮ ਨਾ ਬਣਨਾ; ੨. ਕਾਰੋਬਾਰ ਨਾ ਚੱਲਣਾ


–ਕੰਮ ਰਹਿਣਾ, ਮੁਹਾਵਰਾ : ੧. ਮਤਲਬ ਰਹਿਣਾ, ਵਾਸਤਾ ਬਣਿਆ ਰਹਿਣਾ, ਕਿਸੇ ਗੋਚਰਾ ਕੰਮ ਰਹਿਣਾ; ੨. ਕੰਮ ਧੰਧੇ ਵਿੱਚ ਰੁੱਝੇ ਰਹਿਣਾ, ਕੰਮ ਖਾਸਾ ਰਹਿਣਾ


–ਕੰਮ ਰਿੜ੍ਹ ਪੈਣਾ, ਮੁਹਾਵਰਾ : ਕੰਮ ਰਵਾਂ ਹੋ ਜਾਣਾ

–ਕੰਮ ਰੁਕ ਜਾਣਾ, ਕੰਮ ਰੁਕਣਾ, ਮੁਹਾਵਰਾ : ਕੰਮ ਅਟਕ ਜਾਣਾ
 
–ਕੰਮ ਰੁੜ੍ਹ ਪੈਣਾ, ਕੰਮ ਰੋੜ੍ਹੇ ਪੈ ਜਾਣਾ, ਮੁਹਾਵਰਾ : ਕੰਮ ਚਾਲੂ ਹੋ ਜਾਣਾ, ਕੰਮ ਰਵਾਂ ਹੋ ਜਾਣਾ
 
–ਕੰਮ ਲਈ ਤਿਆਰ ਹੋਣਾ, ਕਿਰਿਆ ਸਕਰਮਕ : ਕੰਮ ਕਰਨ ਲਈ ਕਮਰ ਕਸਾ ਕਰ ਲੈਣਾ, ਕੰਮ ਦੇ ਆਰੰਭਣ ਦੀ ਤਿਆਰੀ ਕਰਨਾ

–ਕੰਮ ਲੱਗਣਾ, ਮੁਹਾਵਰਾ :੧. ਕੰਮ ਧੰਧਾ ਸ਼ੁਰੂ ਕਰਨਾ; ੨. ਕੰਮ ਵਿੱਚ ਰੁੱਝਣਾ; ੩. ਨੌਕਰ ਹੋਣਾ, ਮਜੂਰੀ ਮਿਲਣਾ, ਮਦਦ ਲੱਗੀ ਹੋਣਾ

–ਕੰਮ ਲਗਾਉਣਾ, ਕੰਮ ਲਾਉਣਾ, ਮੁਹਾਵਰਾ : ਕਿਸੇ ਨੂੰ ਨੌਕਰ ਰੱਖਣਾ; ੨. ਕੰਮ ਸ਼ੁਰੂ ਕਰਾਉਣਾ, ੩. ਉਸਾਰੀ ਸ਼ੁਰੂ ਕਰਾਉਣਾ, ਉਸਾਰੀ ਲਵਾਉਣਾ ਜਾਂ ਲਾਉਣਾ

–ਕੰਮ ਲੈਣਾ,ਮੁਹਾਵਰਾ :੧. ਕੰਮ ਕਰਵਾਉਣਾ, ਚਾਕਰੀ ਕਰਵਾਉਣਾ; ੨. ਕਰਨ ਵਾਲਾ ਕੰਮ ਆਪਣੇ ਹੱਥ ਵਿੱਚ ਲੈਣਾ; ੩. ਵਰਤੋਂ ਵਿੱਚ ਲਿਆਉਣਾ. ੪. ਕਿਸੇ ਨੌਕਰੀ ਤੇ ਲੱਗਣਾ

–ਕੰਮ ਲੇਟ ਹੋ ਜਾਣਾ, ਮੁਹਾਵਰਾ : ਕੰਮ ਦਾ ਠੀਕ ਸੂਰਤ ਅਖ਼ਤਿਆਰ ਕਰ ਲੈਣਾ, ਕੰਮ ਦਾ ਠੀਕ ਹੋ ਜਾਣਾ, ਕੰਮ ਰਾਸ ਹੋ ਜਾਣਾ, ਕੰਮ ਦਾ ਸੂਤ ਬੈਠਣਾ

–ਕੰਮ ਲੋਟ ਕਰਨਾ, ਮੁਹਾਵਰਾ : ਕੰਮ ਸੂਤ ਕਰ ਦੇਣਾ, ਕੰਮ ਠੀਕ ਸੂਰਤ ਵਿੱਚ ਕਰ ਦੇਣਾ, ਕੰਮ ਰਾਸ ਕਰ ਦੇਣਾ

–ਕੰਮ ਵੰਡਣਾ, ਮੁਹਾਵਰਾ : ੧. ਕੰਮ ਨੂੰ ਵੱਖੋ ਵੱਖ ਭਾਗਾਂ ਵਿਚ ਕਰ ਦੇਣਾ; ੨. ਵੱਖ ਵੱਖ ਆਦਮੀਆਂ ਨੂੰ ਕੰਮ ਸੌਂਪਣਾ; ੩. ਵਪਾਰ ਦੀ ਭਾਈਵਾਲੀ ਅੱਡ ਅੱਡ ਕਰ ਲੈਣਾ, ਭਾਈਵਾਲਾਂ ਦਾ ਅੱਡ ਅੱਡ ਹੋ ਜਾਣਾ

–ਕੰਮ ਵੰਡਾਉਣਾ,  ਕੰਮ ਵੰਡਾ ਲੈਣਾ, ਮੁਹਾਵਰਾ : ਕਿਸੇ ਦੇ ਕੰਮ ਵਿੱਚ ਸਹਾਇਤਾ ਕਰਨਾ, ਕਿਸੇ ਦਾ ਭਾਰ ਹੌਲਾ ਕਰਨਾ

–ਕੰਮ ਵੱਧ ਜਾਣਾ,ਕੰਮ ਵੱਧਣਾ,   ਮੁਹਾਵਰਾ :     ਕੰਮ ਜ਼ਿਆਦਾ ਹੋ ਜਾਣਾ, ਕੰਮ ਵਿੱਚ ਵਾਧਾ ਹੋ ਜਾਣਾ, ਕਾਰ ਵਿਹਾਰ ਵੱਧ ਜਾਣਾ, ਵਾਧੂ ਕੰਮ ਆ ਪੈਣਾ

–ਕੰਮ ਵਧਾਉਣਾ, ਮੁਹਾਵਰਾ : ਕੰਮ ਜ਼ਿਆਦਾ ਕਰਨਾ, ਕੰਮ ਵਿੱਚ ਵਾਧਾ ਕਰ ਦੇਣਾ, ਕਾਰੋਬਾਰ ਦਾ ਵਿਸਤਾਰ ਕਰਨਾ ਕਾਰੋਬਾਰ ਨੂੰ ਤਰੱਕੀ ਤੇ ਲੈ ਜਾਣਾ

–ਕੰਮ ਵਿਖਾਉਣਾ, ਮੁਹਾਵਰਾ : ੧. ਆਪਣੀ ਕਾਰਗੁਜ਼ਾਰੀ ਦੱਸਣਾ, ਆਪਣਾ ਹੁਨਰ ਜਾਂ ਕਰਤਬ ਵਖਾਉਣਾ; ੨. ਸਕੂਲੀ ਮੁੰਡਿਆਂ ਦਾ ਮਾਸਟਰ ਨੂੰ ਘਰ ਦਾ ਕੰਮ ਵਿਖਾਉਣਾ

–ਕੰਮ ਵਿਗੜਨਾ, ਮੁਹਾਵਰਾ : ਕੰਮ ਖਰਾਬ ਹੋ ਜਾਣਾ, ਕੰਮ ਵਿੱਚ ਵਿਘਨ ਪੈ ਜਾਣਾ

–ਕੰਮ ਵਿਗਾੜਨਾ, ਮੁਹਾਵਰਾ : ਕੰਮ ਖਰਾਬ ਕਰਨਾ, ਵਿਘਨ ਪਾਉਣਾ, ਕਿਸੇ ਦੇ ਹੁੰਦੇ ਕੰਮ ਵਿੱਚ ਭਾਨੀ ਮਾਰਨਾ

–ਕੰਮ ਵਿੱਚ ਅਟਕਾ ਪੈਣਾ, ਮੁਹਾਵਰਾ :ਕੰਮ ਦਾ ਕਿਸੇ ਔਕੜ ਕਰਕੇ ਰੁਕ ਜਾਣਾ, ਕੰਮ ਵਿੱਚ ਰੋਕ ਪੈਣਾ

–ਕੰਮ ਵਿੱਚ ਆਉਣਾ,ਕੰਮ ਵਿਚ ਆ ਜਾਣਾ, ਮੁਹਾਵਰਾ :    ਵਰਤੋਂ ਵਿੱਚ ਆ ਜਾਣਾ, ਇਸਤਿਮਾਲ ਹੋਣਾ

–ਕੰਮ ਵਿੱਚ ਕੰਮ ਆ ਪੈਣਾ, ਕੰਮ ਵਿਚ ਘੜੰਮ, ਕੰਮ ਵਿੱਚ ਘੜੰਮ ਪੈਣਾ, ਮੁਹਾਵਰਾ : ਇੱਕ ਕੰਮ ਖ਼ਤਮ ਹੋਏ ਬਿਨਾਂ ਦੂਜੇ ਦਾ ਵਿੱਚ ਆ ਪੈਣਾ, ਚਲਦੇ ਕੰਮ ਵਿੱਚ ਵਿਘਨ ਆ ਪੈਣਾ

–ਕੰਮ ਵਿੱਚ ਰੁੱਝਣਾ, ਮੁਹਾਵਰਾ : ਕੰਮ ਵਿੱਚ ਲੀਨ ਹੋਣਾ, ਕੰਮ ਵਿਚ ਗਲਤਾਨ ਹੋਣਾ, ਕੰਮ ਵਿੱਚ ਪੂਰੀ ਤਰ੍ਹਾਂ ਨਾਲ ਲੱਗਿਆ ਹੋਣਾ, ਕੰਮ ਵਿੱਚ ਮਸ਼ਗੂਲ ਹੋਣਾ

–ਕੰਮ ਵਿੱਚ ਲੱਗਿਆ ਰਹਿਣਾ, ਮੁਹਾਵਰਾ : ਕੰਮ ਵਿੱਚ ਰੁੱਝਿਆ ਰਹਿਣਾ, ਮਸ਼ਗੂਲ ਰਹਿਣਾ


–ਕੰਮ ਵਿੱਚ ਲੱਤ ਅੜਾਉਣਾ, ਮੁਹਾਵਰਾ : ਚੱਲਦੇ ਕੰਮ ਨੂੰ ਰੋਕ ਪਾਉਣਾ


–ਕੰਮ ਵਿੱਚ ਲੱਤ ਮਾਰਨਾ, ਮੁਹਾਵਰਾ : ਕਿਸੇ ਦਾ ਬਣਦਾ ਕੰਮ ਵਿਗਾੜ ਦੇਣਾ

–ਕੰਮ ਵਿੱਚ ਵਾਧਾ ਹੋ ਜਾਣਾ, ਮੁਹਾਵਰਾ : ਕੰਮ ਵਧ ਜਾਣਾ, ਕੰਮ ਜ਼ਿਆਦਾ ਹੋ ਜਾਣਾ, ਕਾਰ ਵਿਹਾਰ ਬਹੁਤ ਪਸਰ ਜਾਣਾ

–ਕੰਮ ਵਿਚਕਾਰ ਛੱਡ ਦੇਣਾ, ਕੰਮ ਵਿਚਾਲੇ ਛੱਡ ਦੇਣਾ,ਕੰਮ ਵਿੱਚ ਛੱਡ ਦੇਣਾ, ਕੰਮ ਵਿਚੋਂ ਛੱਡ ਜਾਣਾ, ਮੁਹਾਵਰਾ :ਕੰਮ ਅਧੂਰਾ ਛੱਡ ਦੇਣਾ, ਕੰਮ ਪੂਰਾ ਨਾ ਕਰਨਾ
        
–ਕੰਮ ਵੇਖਣਾ, ਮੁਹਾਵਰਾ : ੧. ਪੜਤਾਲ ਕਰ, ਨਿਗਰਾਨੀ ਕਰਨਾ; ੨. ਮਾਸਟਰ ਦਾ ਸਕੂਲੀ ਮੁੰਡਿਆਂ ਦੇ ਘਰੋਂ ਕੀਤੇ ਹੋਏ ਕੰਮ ਨੂੰ ਵੇਖਣਾਨਾ

–ਕੰਮਾਂ ਚੋਂ ਕੰਮ,ਪੁਲਿੰਗ : ਜ਼ਰੂਰੀ ਕੰਮ, ਵਿਸ਼ੇਸ਼-ਕੰਮ, ਖਾਸ ਮਹੱਤਤਾ ਵਾਲਾ ਕੰਮ

–ਕੰਮਾਂ ਜਿਹਾ ਕੰਮ, ਪੁਲਿੰਗ : ਜ਼ਰੂਰੀ ਕੰਮ, ਖਾਸ ਮਹੱਤਤਾ ਵਾਲਾ ਕੰਮ

–ਕੰਮੋਂ ਹਟਾਉਣਾ,ਮੁਹਾਵਰਾ : ਮਜ਼ਦੂਰੀ ਜਾਂ ਨੌਕਰੀ ਤੋਂ ਅੱਡ ਕਰਨਾ

–ਕੰਮੋਂ ਕਾਰੋਂ ਰਹਿ ਜਾਣਾ, ਮੁਹਾਵਰਾ : ਰੁਜ਼ਗਾਰ ਆਦਿ ਨਾ ਕਰ ਸਕਣਾ, ਕੰਮ ਕਰਨ ਦੇ ਯੋਗ ਨਾ ਰਹਿਣਾ, ਸਰੀਰ ਦਾ ਹਾਰ ਜਾਣਾ

–ਕੰਮੋਂ ਗੁਆਉਣਾ, ਮੁਹਾਵਰਾ : ਵਰਤਣ ਯੋਗ ਨਾ ਰਹਿਣ ਦੇਣਾ, ਨਕਾਰਾ ਕਰ ਦੇਣਾ

–ਕੰਮੋਂ ਜਾਣਾ, ਬੇਕਾਰ ਹੋ ਜਾਣਾ, ਨਕਾਰਾ ਹੋ ਜਾਣਾ ਲਾਭਦਾਇਕ ਨਾ ਰਹਿਣਾ, ਮਤਲਬ ਦਾ ਨਾ ਰਹਿਣਾ

–ਕੰਮੋਂ ਰਹਿ ਜਾਣਾ, ਮੁਹਾਵਰਾ : ਕੰਮੋਂ ਕਾਰੋਂ ਰਹਿ ਜਾਣਾ

–ਉਪਰਲਾ ਕੰਮ, ਪੁਲਿੰਗ : ਫਾਲਤੂ ਮਮੂਲੀ ਕੰਮ, ਨਿਕਾ ਮੋਟਾ ਕੰਮ

–ਸੱਜੇ (ਖੱਬੇ) ਹੱਥ ਦਾ ਕੰਮ, ਪੁਲਿੰਗ : ਸੌਖਾ ਕੰਮ, ਸਹਿਜੇ ਕੀਤੇ ਜਾ ਸਕਣ ਵਾਲਾ ਕੰਮ

–ਸਰਕਾਰੀ ਕੰਮ, ਪੁਲਿੰਗ : ੧. ਸਰਕਾਰੀ ਨੌਕਰੀ; ੨. ਗੌਰਮਿੰਟ ਦਾ ਕੰਮ

–ਹੱਥ ਦਾ ਕੰਮ, ਪੁਲਿੰਗ : ੧. ਹੱਥ ਦੀ ਸਲਾਈ (ਦਰਜ਼ੀ); ੨. ਦਸਤਕਾਰੀ

–ਹਥਲਾ ਕੰਮ, ਪੁਲਿੰਗ : ਹੱਥ ਵਿੱਚ ਲਿਆ ਕੰਮ, ਛੋਹਿਆ ਕੰਮ

–ਹਿੱਲ ਜੁੱਲ ਦਾ ਕੰਮ, ਪੁਲਿੰਗ : ੧. ਭੋਗ ਬਿਲਾਸ, ਮੈਥਨ; ੨. ਐਸਾ ਕੰਮ ਜਿਸ ਵਿੱਚ ਸਰੀਰਕ ਸ਼ਕਤੀ ਦੀ ਲੋੜ ਹੋਵੇ

–ਕਾਹਲੀ ਦਾ ਕੰਮ, ਪੁਲਿੰਗ : ਛੇਤੀ ਦਾ ਕੰਮ, ਬਹੁਤ ਜ਼ਰੂਰੀ ਕੰਮ

–ਕੁੱਤਾ ਕੰਮ, ਪੁਲਿੰਗ : ਨੀਚ ਕੰਮ, ਘਟੀਆ ਕੰਮ, ਫਜ਼ੂਲ ਕੰਮ,

–ਕੌੜ੍ਹੀ ਕੰਮ, ਪੁਲਿੰਗ : ਭੈੜਾ ਕੰਮ, ਬੁਰਾ ਕੰਮ, ਨਿਕੰਮਾ ਕੰਮ

–ਘਰ ਦਾ ਕੰਮ, ਪੁਲਿੰਗ : ਘਰੋਗੀ ਕੰਮ, ਨਿਜੀ ਕੰਮ

–ਛੇਤੀ ਦਾ ਕੰਮ, ਪੁਲਿੰਗ : ਬਹੁਤ ਜ਼ਰੂਰੀ ਕੰਮ

–ਛੋਟਾ ਮੋਟਾ ਕੰਮ, ਪੁਲਿੰਗ : ਮਮੂਲੀ ਕੰਮ ਕਾਜ, ਉਤਲਾ ਕੰਮ

–ਜੀ ਲਾ ਕੇ ਕੰਮ ਕਰਨਾ, ਮੁਹਾਵਰਾ: ਦਿਲ ਨਾਲ ਕੰਮ ਕਰਨਾ, ਸ਼ੌਕ ਨਾਲ ਕੰਮ ਕਰਨਾ

–ਤੱਤਾ ਕੰਮ, ਪੁਲਿੰਗ : ਤੇਜ਼ੀ ਦਾ ਕੰਮ

–ਦੌੜ ਭੱਜ ਦਾ ਕੰਮ,  ਪੁਲਿੰਗ : ਬਾਹਰਲਾ ਕੰਮ, ਨੱਸ ਭੱਜ ਦਾ ਕੰਮ

–ਨੱਸ ਭੱਜ ਦਾ ਕੰਮ,  ਪੁਲਿੰਗ :  ਬਾਹਰਲਾ ਕੰਮ, ਦੌੜ ਭੱਜ ਦਾ ਕੰਮ

–ਨਕਿਆਨਾ ਕੰਮ,ਪੁਲਿੰਗ : ਬਹੁਤਾ ਮਹੀਨ ਕੰਮ

–ਨਖੜਮਾ ਕੰਮ, ਪੁਲਿੰਗ : ਵਾਧੂ ਦਾ ਕੰਮ, ਫਾਲਤੂ ਦਾ ਕੰਮ

–ਨਾ ਕੰਮ ਨਾ ਕੰਮੋਂ ਵਿਹਲਾ ਹੋਣਾ, ਮੁਹਾਵਰਾ:ਕੋਈ ਖਾਸ ਕੰਮ ਨਾ ਹੋਣਾ


–ਬਰੀਕ ਕੰਮ, ਪੁਲਿੰਗ : ਮਹੀਨ ਕੰਮ, ਬਹੁਤ ਨੀਝ ਵਾਲਾ ਕੰਮ

–ਬੈਠਣ ਦਾ ਕੰਮ, ਪੁਲਿੰਗ : ਟਿਕ ਕੇ ਕਰਨ ਦਾ ਕੰਮ

–ਭੱਜ ਦੌੜ ਦਾ ਕੰਮ, ਪੁਲਿੰਗ : ਬਾਹਰਲਾ ਕੰਮ, ਨੱਸ ਭੱਜ ਦਾ ਕੰਮ

–ਮਹੀਨ ਕੰਮ, ਪੁਲਿੰਗ : ਬਰੀਕ ਕੰਮ, ਬਹੁਤ ਨੀਝ ਵਾਲਾ ਕੰਮ, ਉਮਦਾ ਕੰਮ

–ਮੰਦਾ ਕੰਮ, ਪੁਲਿੰਗ : ਭੈੜਾ ਕੰਮ, ਮਾੜਾ ਕੰਮ

–ਮਾੜਾ ਕੰਮ, ਪੁਲਿੰਗ : ਮੰਦਾ ਕਰਮ, ਵਿਭਚਾਰ

–ਮਾੜਾ ਮੋਟਾ ਕੰਮ, ਪੁਲਿੰਗ : ਮਮੂਲੀ ਕੰਮ, ਛੋਟਾ ਕੰਮ, ਉਤਲਾ ਕੰਮ

–ਮੋਟਾ ਕੰਮ,ਮੋਟਾ ਮੋਟਾ ਕੰਮ, ਪੁਲਿੰਗ : ਅਜਿਹਾ ਕੰਮ ਜਿਸ ਵਿੱਚ ਬਹੁਤੀ ਸਿਆਣਪ ਜਾਂ ਸਿਖਲਾਈ ਦੀ ਲੋੜ ਨਾ ਹੋਵੇ

–ਰੱਦੀ ਕੰਮ, ਪੁਲਿੰਗ : ਫਜ਼ੂਲ ਕੰਮ, ਘਟੀਆ ਕੰਮ, ਬੁਰਾ ਕੰਮ

–ਰੋਜ਼ ਦਾ ਕੰਮ, ਪੁਲਿੰਗ :  ਨਿੱਤ ਦਾ ਕੰਮ ਕਾਜ

–ਵੇਲੇ ਸਿਰ ਕੰਮ ਆਉਣਾ, ਮੁਹਾਵਰਾ : ਔਖੇ ਵੇਲੇ ਕਿਸੇ ਦੀ ਸਹਾਇਤਾ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-13-01-24-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.