ਖੰਘ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਘ (ਨਾਂ,ਇ) ਗਲੇ ਵਿੱਚੋਂ ਨਿਕਲੀ ਖਉਂ-ਖਉਂ ਦੀ ਅਵਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੰਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਘ [ਨਾਂਇ] ਸਾਹ ਦਾ ਇੱਕ ਰੋਗ , ਖਾਂਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਘ. ਦੇਖੋ, ਖਾਂਸੀ । ੨ ਕੰਠ. ਹਲਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੰਘ : ਖੰਘ ਇਕ ਰੋਗ ਨਹੀਂ ਸਗੋ ਇਹ ਕਈ ਰੋਗਾਂ ਦਾ ਲੱਛਣ ਹੈ। ਇਹ ਸਾਹ-ਪ੍ਰਣਾਲੀ ਦਾ ਆਮ ਮੁਹਾਰਾ ਹੋਣ ਵਾਲਾ ਇਕ ਪ੍ਰਤੀਕਰਮ ਹੈ। ਫੇਫੜੇ ਅੰਦਰੋਂ ਜ਼ੋਰ ਤੇ ਉੱਚੀ ਆਵਾਜ਼ ਨਾਲ ਸਾਹ ਬਾਹਰ ਨਿਕਲਦਾ ਹੈ। ਰੋਗੀ ਦੀ ਆਵਾਜ਼ ਸੋਜ ਕਾਰਨ ਘੱਗੀ ਜਾਂ ਚੀਕਵੀਂ ਹੋ ਜਾਂਦੀ ਹੈ। ਖੰਘ ਨੱਕ, ਗਲੇ, ਘੰਡੀ ਤੇ ਸਾਹ-ਨਲੀਆਂ ਵਿਚੋਂ ਅਦਿੱਖ ਧੂੜ ਤੇ ਰੇਸ਼ੇ ਦੇ ਕਿਣਕੇ ਕੱਢਣ ਦਾ ਇਕ ਕੁਦਰਤੀ ਸਾਧਨ ਹੈ। ਸੋਜ ਨਾਲ ਸਾਹ ਪ੍ਰਣਾਲੀ ਦਾ ਰੇਸ਼ਾ ਵੱਧ ਜਾਂਦਾ ਹੈ। ਇਸ ਲਈ ਉਦੋਂ ਖੰਘ ਵੱਧ ਆਉਂਦੀ ਹੈ।

          ਸੁੱਕੇ ਅਤੇ ਲਾਲ ਹੋਏ ਗਲੇ ਵਿਚ ਖਰਖਰੀ ਹੁੰਦੀ ਹੈ ਅਤੇ ਰੋਗੀ ਸੁੱਕਾ ਹੀ ਖੰਘੀ ਜਾਂਦਾ ਹੈ। ਰੇਸ਼ਾ ਵਧਣ ਨਾਲ ਸੁੱਕੀ ਖੰਘ, ਬਲਗ਼ਮ ਵਾਲੀ ਬਣ ਜਾਂਦੀ ਹੈ ਅਤੇ ਕਈ ਵੇਰੀ ਖੰਘਦਿਆਂ ਛਾਤੀ ਵੀ ਪੀੜ ਕਰਦੀ ਹੈ। ਫੇਫੜੇ ਦੀ ਪਲੂਰਾ ਝਿੱਲੀ ਜੇ ਸੁੱਜੀ ਹੋਵੇ ਤਾਂ ਪੀੜ ਤਿੱਖੀ ਤੇ ਚੁਭਵੀਂ ਹੁੰਦੀ ਹੈ।

          ਬੱਚੇ ਦੀ ਸਾਹ ਪ੍ਰਣਾਲੀ ਇਸ ਦੇ ਸਰੀਰ ਵਾਂਗ ਛੋਟੀ ਤੇ ਕੋਮਲ ਹੁੰਦੀ ਹੈ ਤੇ ਬਾਲ ਸਰੀਰ ਵਿਚ ਰੋਗ ਦਾ ਮੁਕਾਬਲਾ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ। ਇਸ ਵਿਚ ਲਾਗ ਛੇਤੀ ਆਣ ਵੜਦੀ ਹੈ। ਨੱਕ, ਮੂੰਹ, ਗਲ, ਘੰਡੀ ਵਿਚੋਂ ਤੁਰਦੀ ਸੋਜ ਛੇਤੀ ਹੀ ਫੇਫੜੇ ਅੰਦਰ ਪਹੁੰਚ ਜਾਂਦੀ ਹੈ। ਬੱਚਿਆਂ ਨੂੰ ਖੰਘ ਬਹੁਤੀ ਵਾਰ ਲਗਦੀ ਹੈ ਤੇ ਇਹ ਲੰਮੇ ਸਮੇਂ ਤੱਕ ਠੀਕ ਨਹੀਂ ਹੁੰਦੀ। ਵਡੇਰੇ ਤੇ ਕਮਜ਼ੋਰ ਸਰੀਰ ਨੂੰ ਵੀ ਖੰਘ ਵਧੇਰੇ ਤੰਗ ਕਰਦੀ ਹੈ।

          ਖਸਰੇ ਵਰਗੀਆਂ ਕੁਝ-ਕੁ ਛੂਤ ਦੀਆਂ ਬੀਮਾਰੀਆਂ ਦਾ ਮੁੱਢਲਾ ਲੱਛਣ ਖੰਘ ਤੇ ਜ਼ੁਕਾਮ ਹੁੰਦਾ ਹੈ (ਵਿਸਥਾਰ ਲਈ ਵੇਖੋ ਖਸਰਾ)। ਖੰਘ ਅਕਸਰ ਗਲੇ ਦੀ ਸੋਜ ਨਾਲ ਸ਼ੁਰੂ ਹੁੰਦੀ ਹੈ। ਕਈ ਪ੍ਰਕਾਰ ਦੇ ਬੈਕਟੀਰੀਆ ਤੇ ਵਾਇਰਸ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ਨੂੰ ਸੁਜਾਂਦੇ ਹਨ। ਗਲੇ ਦੇ ਸ਼ੁਰੂ ਤੇ ਮੂੰਹ ਦੇ ਅਖੀਰ ਉੱਤੇ ਦੋ ਟਾਂਸਲ ਹਨ। ਇਹ ਸਾਹ ਪ੍ਰਣਾਲੀ ਦੇ ਪਹਿਰੇਦਾਰ ਹਨ। ਹਵਾ ਤੇ ਭੋਜਨ ਰਾਹੀਂ ਲੰਘ ਆਏ ਕੀਟਾਣੂਆਂ ਨੂੰ ਟਾਂਸਲ ਰੋਕ ਲੈਂਦਾ ਹੈ। ਇਸ ਦੇ ਲਿੰਫ ਸੈੱਲ ਬਾਹਰੋਂ ਆਏ ਵੈਰੀਆਂ ਨਾਲ ਲੜਦੇ ਹਨ ਜਿਸ ਨਾਲ ਟਾਂਸਲ ਤੇ ਇਸ ਦੇ ਦੁਆਲੇ ਹੀ ਮਿਊਕਸ ਝਿੱਲੀ ਸੁਜਦੀ ਹੈ। ਤੇਜ਼ ਲਾਗ ਦੀ ਸੋਜ ਬੜੀ ਛੇਤੀ ਨੱਕ, ਗਲ ਤੇ ਕੰਠ ਝਿੱਲੀ ਉੱਤੇ ਪਸਰ ਜਾਂਦੀ ਹੈ।

          ਇਸ ਰੋਗ ਨਾਲ ਬੁਖ਼ਾਰ ਚੜ੍ਹਦਾ ਹੈ, ਅੱਖਾਂ ਲਾਲ ਹੁੰਦੀਆਂ ਹਨ ਤੇ ਨੱਕ ਵਗਦਾ ਹੈ। ਕਦੇ ਸਾਹ ਘਟਦਾ ਹੈ। ਠੋਡੀ ਤੇ ਜਬਾੜੇ ਹੇਠਲੀਆਂ ਗਰਦਨ ਦੀਆਂ ਲਿੰਫ ਗਿਲਟੀਆਂ ਸੁਜਦੀਆਂ ਹਨ। ਸੁੱਜੀ ਹੋਈ ਸਾਹ ਪ੍ਰਣਾਲੀ ਦੇ ਝਿੱਲੀ ਗਲੈਂਡ ਤੇਜ਼ ਰਫਤਾਰ ਨਾਲ ਰੇਸ਼ਾ ਕੱਢਦੇ ਹਨ। ਟਾਂਸਲ ਗਿਲਟੀ ਦੇ ਦੁਆਲੇ ਛੋਟਾ ਜਾਂ ਵੱਡਾ ਫੋੜਾ ਵੀ ਬਣ ਜਾਂਦਾ ਹੈ।

          ਕਾਲੀ ਖੰਘ ਇਕ ਵਖਰੀ, ਲੰਮੀ ਤੇ ਲਾਗ ਵਾਲੀ ਬਿਮਾਰੀ ਹੈ (ਵਿਸਥਾਰ ਲਈ ਵੇਖੋ ਕਾਲੀ ਖਾਂਸੀ)।

          ਫਲੂ (ਇੰਨਫਲੂਐਂਜਾ), ਖੰਘ-ਜ਼ੁਕਾਮ ਦਾ ਰੋਗ ਹੈ। ਇਸ ਦਾ ਕਾਰਨ ਇਕ ਖਾਸ ਵਾਇਰਸ ਹੈ। ਇਸ ਨਾਲ ਤੇਜ਼ ਬੁਖ਼ਾਰ ਚੜ੍ਹਦਾ ਹੈ ਤੇ ਹੱਡ ਪੈਰ ਦੁਖਦੇ ਹਨ। ਫਲੂ ਆਪੇ ਰਾਜ਼ੀ ਹੋਣ ਵਾਲੀ ਬੀਮਾਰੀ ਹੈ ਪਰ ਇਸ ਨਾਲ ਰੋਗੀ ਦੀ ਸ਼ਕਤੀ ਘਟਦੀ ਹੈ ਤੇ ਕਈ ਹੋਰ ਰੋਗਾਣੂ ਨਿਤਾਣੇ ਸਰੀਰ ਅੰਦਰ ਦਾਖ਼ਲ ਹੋ ਕੇ ਇਸ ਨੂੰ ਰਾਜ਼ੀ ਨਹੀਂ ਹੋਣ ਦਿੰਦੇ। ਫਲੂ ਵਾਇਰਸ ਨਾਲ ਕਦੇ ਕਦਾਈਂ ਦਿਮਾਗ਼ ਤੇ ਇਸ ਦੀ ਝਿੱਲੀ ਵੀ ਸੁੱਜ ਜਾਂਦੀ ਹੈ। ਇਸ ਤਰ੍ਹਾਂ ਫਲੂ ਰੋਗ ਬੜਾ ਖ਼ਤਰਨਾਕ ਬਣ ਜਾਂਦਾ ਹੈ।

          ਸਿਗਰਟ, ਬੀੜੀ ਪੀਣ ਵਾਲੇ ਦਾ ਗਲਾ ਪੱਕਿਆ ਰਹਿੰਦਾ ਹੈ ਅਤੇ ਸਾਹ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਕਿਸੇ ਰੋਗਾਣੂ ਦੀ ਹੋਂਦ ਨਾਲ ਇਥੇ ਹਰ ਵੇਲੇ ਹਲਕੀ ਸੋਜ ਰਹਿੰਦੀ ਹੈ। ਇਸ ਲਈ ਅਜਿਹੇ ਵਿਅਕਤੀ ਦੀ ਖੰਘ ਕਦੇ ਨਹੀਂ ਹਟਦੀ। ਠੰਢ ਲਗਣ ਨਾਲ ਇਹ ਹੋਰ ਵੀ ਵਧਦੀ ਹੈ। ਇਥੇ ਜੜ੍ਹਾਂ ਵਾਲੀ ਰਸੌਲੀ ਵੀ ਹੋ ਸਕਦੀ ਹੈ।

          ਅਲਰਜੀ ਖੰਘ ਦਾ ਕਾਰਨ ਹੋ ਸਕਦੀ ਹੈ। ਫੁੱਲਾਂ ਦਾ ਬੂਰ ਤੇ ਕਈ ਪ੍ਰਕਾਰ ਦੀ ਧੂੜ ਸਾਹ ਪ੍ਰਣਾਲੀ ਵਿਚ ਜਲੂਣ ਛੇੜਦੀ ਹੈ ਤੇ ਖੰਘ ਪੈਦਾ ਕਰਦੀ ਹੈ। ਐਸਪਰੀਨ ਤੇ ਸਲਫਾਨੇਮਾਈਡ ਵਰਗੀਆਂ ਦਵਾਈਆਂ ਨਾਲ ਅਲਰਜੀ ਹੋ ਜਾਣੀ ਸੰਭਵ ਹੈ। ਇਸ ਤੋਂ ਛਿੜੀ ਖੰਘ ਦਵਾਈ ਨੂੰ ਛੱਡਣ ਮਗਰੋਂ ਹੀ ਹਟਦੀ ਹੈ। ਦੁੱਧ ਤੇ ਅੰਡੇ ਵਰਗੀ ਗੁਣਕਾਰੀ ਵਸਤੂ ਵੀ ਕਈਵਾਰੀ ਕਿਸੇ ਵਿਅਕਤੀ ਨੂੰ ਮੁਆਫ਼ਕ ਨਹੀਂ ਆਂਦੀ ਤੇ ਉਸ ਨੂੰ ਖੰਘ ਲੱਗ ਜਾਂਦੀ ਹੈ। ਅਲਰਜੀ ਵਾਲੀ ਖੰਘ ਆਮ ਤੌਰ ਤੇ ਦਮੇਂ ਦਾ ਰੂਪ ਧਾਰਨ ਕਰ ਲੈਂਦੀ ਹੈ।

          ਮਿੱਟੀ ਘੱਟੇ ਵਾਲੀ ਫ਼ੈਕਟਰੀ ਜਾਂ ਕੋਲੇ ਦੇ ਧਾਤਾਂ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਬੰਦੇ ਨੂੰ ਖੰਘ ਲਗਣ ਦਾ ਖ਼ਤਰਾ ਵਧ ਹੁੰਦਾ ਹੈ। ਖਣਿਜ ਪਦਾਰਥ ਦੇ ਅਦਿੱਖ ਕਿਣਕੇ ਸਾਹ ਰਾਹੀਂ ਕਾਮੇ ਅੰਦਰ ਜਾ ਕੇ ਉਸ ਦੀਆਂ ਬਰੀਕ ਬਰੌਂਕਾਈ ਅੰਦਰ ਅੜਕੇ ਜਲੂਣ ਕਰਦੇ ਹਨ ਤੇ ਉਸ ਨਾਲ ਖੰਘ ਆਉਂਦੀ ਹੈ। ਬੀਤਦੇ ਸਮੇਂ ਨਾਲ ਫੇਫੜੇ ਵਿਗੜਦੇ ਤੇ ਖੰਘ ਵਧਦੀ ਹੈ।

          ਆਂਦਰਾਂ ਦੇ ਕੀੜਿਆਂ (ਮਲੱਪਾਂ) ਨਾਲ ਵੀ ਅਲਰਜੀ ਹੋ ਕੇ ਖੰਘ ਛਿੜ ਜਾਂਦੀ ਹੈ। ਟੱਟੀ ਟੈਸਟ ਕੀਤਿਆਂ ਹੀ ਇਸ ਬੀਮਾਰੀ ਦੀ ਸਮਝ ਆਉਂਦੀ ਹੈ। ਭਾਰਤ ਦੇ ਦੱਖਣੀ ਤੇ ਪੂਰਬੀ ਹਿੱਸੇ ਵਿਚ ਫ਼ਲੇਰੀਆ ਬੁਖ਼ਾਰ ਆਮ ਹੁੰਦਾ ਹੈ। ਇਸ ਦੇ ਕੀਟਾਣੂ-ਮਾਇਕ੍ਰੋਫ਼ਲੇਰੀਆ-ਲਹੂ ਵਿਚ ਤਰਦੇ ਹਨ। ਇਸ ਦੀ ਅਲਰਜੀ ਨਾਲ ਫੇਫੜਿਆਂ ਵਿਚ ਤਬਦੀਲੀ ਆਉਂਦੀ ਹੈ। ਇਸ ਨਾਲ ਸੁੱਕੀ ਖੰਘ ਲਗਦੀ ਹੈ। ਖੰਘ ਕਦੇ ਬਲਗ਼ਮ ਵਾਲੀ ਵੀ ਹੁੰਦੀ ਹੈ। ਰਾਤ ਨੂੰ ਖੰਘ ਦੇ ਦੌਰੇ ਬੜਾ ਤੰਗ ਕਰਦੇ ਹਨ। ਹਲਕਾ ਬੁਖ਼ਾਰ ਵੀ ਚੜ੍ਹਦਾ ਹੈ। ਲਹੂ ਟੈੱਸਟ ਤੇ ਛਾਤੀ ਦੇ ਐਕਸ-ਰੇ ਰਾਹੀਂ ਇਸ ਬੀਮਾਰੀ ਦੀ ਪਛਾਣ ਹੋ ਸਕਦੀ ਹੈ।

          ਖੰਘ ਦਾ ਕਾਰਨ ਕਈ ਵਾਰੀ ਦਿਲ ਦੀ ਬੀਮਾਰੀ ਵੀ ਹੁੰਦਾ ਹੈ। ਇਸ ਲਈ ਖੰਘ ਦਾ ਇਲਾਜ ਕਿਸੇ ਡਾਕਟਰ ਪਾਸੋਂ ਕਰਵਾਉਣਾ ਜ਼ਰੂਰੀ ਹੈ। ਡਾਕਟਰ ਸਾਰੇ ਸਰੀਰ ਦੀ ਪੜਤਾਲ ਕਰਕੇ ਇਸ ਖੰਘ ਦਾ ਅਸਲੀ ਕਾਰਨ ਲਭ ਸਕਦਾ ਹੈ। ਤਪਦਿਕ ਤੇ ਦਿਲ ਦੀ ਬੀਮਾਰੀ ਨਾਲ ਖੰਘਾਰ ਵਿਚ ਲਹੂ ਵੀ ਆਉਂਦਾ ਹੈ। ਥੁੱਕ ਟੈੱਸਟ ਕੀਤਿਆਂ ਕਈ ਵਾਰ ਕੈਂਸਰ ਦੀ ਪਛਾਣ ਵੀ ਹੋ ਜਾਂਦੀ ਹੈ।

          ਖੰਘ ਦੇ ਰੋਗੀ ਨੂੰ ਠੰਢੇ, ਗੰਦੇ ਤੇ ਧੂੜ ਵਾਲੇ ਵਾਤਾਵਰਣ ਤੋਂ ਬਚਣਾ ਚਾਹੀਦਾ ਹੈ। ਉਹ ਸਰਦੀਆਂ ਵਿਚ ਨਿੱਘੇ ਕਪੜੇ ਪਾਵੇ ਤੇ ਸਦਾ ਹੀ ਸਾਫ਼ ਸੁਥਰਾ ਸੰਤੁਲਿਤ ਭੋਜਨ ਖਾਵੇ। ਚਟਨੀਆਂ, ਅਚਾਰ, ਖੱਟੀਆਂ, ਤਲੀਆਂ ਚੀਜ਼ਾਂ ਤੇ ਮਿਰਚ ਮਸਾਲੇ ਦੀ ਵਰਤੋਂ ਉਸ ਲਈ ਠੀਕ ਨਹੀਂ। ਗਰਮ ਦੁੱਧ ਤੇ ਅੰਡੇ ਸੁੱਜੇ ਗਲੇ ਲਈ ਲਾਭਦਾਇਕ ਹਨ। ਲੂਣੇ ਗਰਮ ਪਾਣੀ ਦੇ ਗਰਾਰੇ ਤੇ ਉਬਲਦੇ ਪਾਣੀ ਦੀ ਭਾਫ, ਸੁੱਜੀ ਹੋਈ ਸਾਹ ਪ੍ਰਣਾਲੀ ਨੂੰ ਆਰਾਮ ਦਿੰਦੀ ਹੈ। ਖੰਘ ਨੂੰ ਘਟਾਉਂਦੀ ਹੈ। ਖੰਘ ਵਾਲੇ ਹਰ ਰੋਗੀ ਨੂੰ ਚਾਹੀਦਾ ਹੈ ਕਿ ਉਹ ਨਿੱਛਣ ਤੇ ਖੰਘਣ ਵੇਲੇ ਆਪਣੇ ਨੱਕ ਅਤੇ ਮੂੰਹ ਅਗੇ ਰੁਮਾਲ ਰਖੇ।


ਲੇਖਕ : ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.