ਗਜਪਤਿ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਜਪਤਿ ਸਿੰਘ. ਫੂਲਵੰਸ਼ੀ ਸੁਖਚੈਨ ਦਾ ਦੂਜਾ ਪੁਤ੍ਰ, ਜਿਸ ਦਾ ਜਨਮ ਸਨ ੧੭੩੮ ਵਿੱਚ ਹੋਇਆ. ਇਸ ਦੀ ਸੁਪੁਤ੍ਰੀ ਰਾਜਕੌਰਿ ਦਾ ਵਿਆਹ ਮਹਾਂਸਿੰਘ ਸੁਕ੍ਰਚੱਕੀਏ ਨਾਲ ਸਨ ੧੭੭੪ ਵਿੱਚ ਵਡੀ ਧੂਮਧਾਮ ਨਾਲ ਹੋਇਆ. ਮਹਾਰਾਜਾ ਰਣਜੀਤ ਸਿੰਘ ਜੇਹਾ ਪ੍ਰਤਾਪੀ ਰਾਜਕੁਮਾਰ ਕੁੱਖੋਂ ਪੈਦਾ ਕਰਨ ਤੋਂ ਬੀਬੀ ਰਾਜਕੌਰ ਦਾ ਨਾਉਂ ਫੂਲਵੰਸ਼ ਵਿੱਚ ਸਾਰਥਿਕ ਸਮਝਿਆ ਗਿਆ. ਰਾਜਾ ਗਜਪਤਿ ਸਿੰਘ ਨੇ ਸਨ ੧੭੬੩ ਵਿੱਚ ਮੁਲਕ ਮੱਲਕੇ ਜੀਂਦ ਨਗਰ ਤੇ ਕਬਜਾ ਕੀਤਾ. ਇਸ ਨੇ ਆਪਣੇ ਨਾਉਂ ਦਾ ਸਿੱਕਾ ਚਲਾਇਆ. ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ਦਾ ਦੇਹਾਂਤ ਸਫੀਦੋਂ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਜਪਤਿ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗਜਪਤ/ਗਜਪਤਿ ਸਿੰਘ, ਰਾਜਾ (1738-1789 ਈ.): ਪੰਜਾਬ ਦੀ ਜੀਂਦ ਰਿਆਸਤ ਦਾ ਸੰਸਥਾਪਕ ਰਾਜਾ ਗਜਪਤ ਸਿੰਘ , ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਲੜਕੇ ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੀ ਕੁੱਖੋਂ ਸੰਨ 1738 ਈ. ਵਿਚ ਪੈਦਾ ਹੋਇਆ। ਸੰਨ 1751 ਈ. ਵਿਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਦ ਆਪਣੀ ਜਾਗੀਰ ਦੀ ਜ਼ਿੰਮੇਵਾਰੀ ਇਸ ਦੇ ਸਿਰ ਉਤੇ ਆ ਪਈ। 17 ਵਰ੍ਹਿਆਂ ਦੀ ਉਮਰ ਵਿਚ ਇਸ ਨੇ ਜੀਂਦ ਅਤੇ ਸਫ਼ੀਦੋਂ ਸਮੇਤ ਬਹੁਤ ਸਾਰਾ ਇਲਾਕਾ ਜਿਤ ਲਿਆ। ਸੰਨ 1764 ਈ. ਵਿਚ ਇਹ ਦਲ ਖ਼ਾਲਸਾ ਵਿਚ ਸ਼ਾਮਲ ਹੋ ਗਿਆ ਅਤੇ ਸ. ਜੱਸਾ ਸਿੰਘ ਦੀ ਕਮਾਨ ਹੇਠ ਸਰਹਿੰਦ ਨੂੰ ਜਿਤਣ ਵਿਚ ਕਾਮਯਾਬ ਹੋਇਆ। ਇਸ ਤੋਂ ਬਾਦ ਇਸ ਨੇ ਕਰਨਾਲ ਅਤੇ ਪਾਨੀਪਤ ਨੂੰ ਲਤਾੜਿਆ। ਇਸ ਤਰ੍ਹਾਂ ਕਈ ਹੋਰ ਇਲਾਕੇ ਵੀ ਜਿਤ ਕੇ ਇਸ ਨੇ ਜੀਂਦ ਨੂੰ ਆਪਣੀ ਰਾਜਧਾਨੀ ਬਣਾਇਆ। ਫਿਰ ਸੰਗਰੂਰ ਦਾ ਇਲਾਕਾ ਨਾਭਾਪਤਿ ਤੋਂ ਖੋਹ ਕੇ ਉਥੇ ਇਸ ਨੇ ਆਪਣੀ ਰਾਜਧਾਨੀ ਨੂੰ ਬਦਲ ਲਿਆ, ਪਰ ਰਿਆਸਤ ਦਾ ਨਾਂ ‘ਜੀਂਦ’ ਹੀ ਪ੍ਰਚਲਿਤ ਰਿਹਾ।

            ਇਸ ਨੇ ਦਿੱਲੀ ਦੀ ਮੁਗ਼ਲ ਸਰਕਾਰ ਪ੍ਰਤਿ ਆਪਣੀ ਅਧੀਨਗੀ ਬਰਕਰਾਰ ਰਖੀ ਅਤੇ ਖ਼ਿਰਾਜ ਵੀ ਦਿੰਦਾ ਰਿਹਾ। ਸੰਨ 1774 ਈ. ਵਿਚ ਇਸ ਨੇ ਆਪਣੀ ਪੁੱਤਰੀ ਰਾਜ ਕੌਰ ਦਾ ਵਿਆਹ ਸੁਕਰਚਕੀਆ ਮਿਸਲ ਦੇ ਸ. ਮਹਾਂ ਸਿੰਘ ਨਾਲ ਕੀਤਾ। ਕਾਲਾਂਤਰ ਵਿਚ ਇਸ ਦੰਪਤੀ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਇਸ ਦੇ ਪਟਿਆਲਾ-ਪਤਿ ਰਾਜਾ ਅਮਰ ਸਿੰਘ ਨਾਲ ਮਿਤਰਾਨਾ ਸੰਬੰਧ ਸਨ ਅਤੇ ਉਸ ਦੇ ਪੁੱਤਰ ਰਾਜਾ ਸਾਹਿਬ ਸਿੰਘ ਨੂੰ ਵੀ ਹਰ ਔਕੜ ਸਮੇਂ ਸਹਾਇਤਾ ਦਿੰਦਾ ਰਿਹਾ। ਸੰਨ 1789 ਈ. ਵਿਚ ਅੰਬਾਲਾ ਨੇੜੇ ਇਕ ਸੈਨਿਕ ਮੁਹਿੰਮ ਵੇਲੇ ਇਹ ਬੀਮਾਰ ਹੋ ਗਿਆ ਅਤੇ ਸਫ਼ੀਦੋਂ ਵਿਚ 11 ਨਵੰਬਰ 1789 ਈ. ਨੂੰ ਚਲਾਣਾ ਕਰ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.