ਗਹਿਣੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jewellary_ਗਹਿਣੇ: ਜਿਉਲਰੀ ਆਮ ਬੋਲ-ਚਾਲ ਦੀ ਭਾਸ਼ਾ ਵਿਚ ਗਹਿਣਿਆਂ ਲਈ ਵਰਤਿਆ ਜਾਂਦਾ ਸ਼ਬਦ ਹੈ, ਪਰ ਇਸ ਦਾ ਸਹੀ ਅਰਥ ਜੜ੍ਹੇ ਹੋਏ ਹੀਰਿਆਂ ਤੋਂ ਹੈ। ਸੋਨੇ ਚਾਂਦੀ ਦੇ ਗਹਿਣੇ ਇਸ ਦਾ ਸਹੀ ਸਮਾਨਰਥਕ ਨਹੀਂ ਹਨ। ਕਮਿਸ਼ਨਰ ਔਫ਼ ਵੈਲਥ ਟੈਕਸ ਬਨਾਮ ਸੋਨਾਲ ਕੇ.ਅਮੀਨ (1980 ਜਬਲ. ਲ.ਜ. 307) ਅਨੁਸਾਰ ਜਿਉਲਰੀ ਦੇ ਸਾਧਾਰਨ ਅਰਥਾਂ ਵਿਚ ਸੋਨੇ ਚਾਂਦੀ ਦੇ ਅਜਿਹੇ ਗਹਿਣੇ ਨਹੀਂ ਆਉਂਦੇ ਜਿਨ੍ਹਾਂ ਵਿਚ ਕੀਮਤੀ ਹੀਰੇ ਆਦਿ ਜੜ੍ਹੇ ਹੋਏ ਨ ਹੋਣ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗਹਿਣੇ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਹਿਣੇ : ਗਹਿਣੇ ਪਹਿਨਣ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸਜਾਵਟ ਤੋਂ ਇਲਾਵਾ ਕਈ ਪੱਥਰਾਂ ਨੂੰ ਗਹਿਣਿਆਂ ਵਿਚ ਉਨ੍ਹਾਂ ਦੇ ਪ੍ਰਭਾਵ ਲਈ ਪਹਿਨਿਆ ਜਾਂਦਾ ਰਿਹਾ ਹੈ। ਅਰਬ, ਈਰਾਨ ਅਤੇ ਚੀਨ ਵਿਚ ਮੁਰਦੇ ਦੇ ਮੂੰਹ ਵਿਚ ਹਰੇ ਪੱਥਰ ਇਸ ਵਿਸ਼ਵਾਸ ਨਾਲ ਰੱਖੇ ਜਾਂਦੇ ਸਨ ਕਿ ਇਨ੍ਹਾਂ ਪੱਥਰਾਂ ਵਿਚ ਮੁਰਦੇ ਨੂੰ ਜਿਉਂਦਾ ਕਰਨ ਦੀ ਸ਼ਕਤੀ ਹੈ। ਈਰਾਨ ਅਤੇ ਭਾਰਤ ਵਿਚ ਜੇਡ ਰਤਨ ਦਿਲ ਦੀਆਂ ਬਿਮਾਰੀਆਂ ਰੋਕਣ ਲਈ ਪਹਿਨਿਆ ਜਾਂਦਾ ਰਿਹਾ ਹੈ। ਖ਼ਤਰੇ ਨੂੰ ਟਾਲਨ ਦੇ ਵਿਸਵਾਸ਼ ਨਾਲ ਫ਼ਿਰੋਜਾ ਪਾਇਆ ਜਾਂਦਾ ਹੈ। ਸਮਾਂ ਬੀਤਣ ਨਾਲ ਇਨ੍ਹਾਂ ਪੱਥਰਾਂ ਦੀ ਮਹੱਤਤਾ ਤਾਰਿਆਂ (ਗ੍ਰਹਿਆਂ) ਨਾਲ ਜੁੜਦੀ ਗਈ । ਇਸ ਤਰ੍ਹਾਂ ਸੋਨੇ ਅਤੇ ਹੋਰ ਧਾਤਾਂ ਨੂੰ ਵੀ ਮਾਨਤਾ ਮਿਲਣ ਲੱਗੀ ਜਿਵੇਂ ਸੋਨੇ ਦੇ ਗਹਿਣੇ ਪਹਿਨਣ ਵਾਲਾ ਜ਼ਿਆਦਾ ਦੇਰ ਤੱਕ ਸਵਰਾਂ ਵਿਚ ਰਹਿੰਦਾ ਹੈ। ਮਿਸਰ ਅਤੇ ਸੁਮੇਰ ਦੇ ਲੋਕ ਸੋਨੇ-ਚਾਂਦੀ ਦੇ ਗਹਿਣਿਆਂ ਵਿਚ ਜਾਦੂ ਦੀ ਸ਼ਕਤੀ ਕਾਰਨ ਇਨ੍ਹਾਂ ਨੂੰ ਪਹਿਨਦੇ ਸਨ। ਆਦਮੀ ਅਤੇ ਔਰਤਾਂ ਦੋਨੋਂ ਹੀ ਗਹਿਣੇਪਹਿਨਦੇ ਰਹੇ ਹਨ।

ਮਿਸਰ–– ਮਿਸਰ ਵਿਚ ਆਦਮੀ ਤੇ ਔਰਤਾਂ ਦੋਨੋ ਗਹਿਣੇ ਪਹਿਨਦੇ ਸਨ। ਸੁਰਦਿਆਂ ਨੂੰ ਵੀ ਵੱਖਰੀ ਕਿਸਮ ਦੇ ਗਹਿਣੇ ਪਾਏ ਜਾਂਦੇ ਹਨ। ਆਮ ਤੌਰ ਤੇ ਗਹਿਣੇ ਸੋਨੇ ਦੇ ਅਤੇ ਸਸਤੇ ਪੱਥਰ ਜੜ੍ਹ ਕੇ ਬਣਾਏ ਜਾਂਦੇ ਸਨ।

ਮੁਕਟ (ਜਿਹੜਾ ਸ਼ਾਹੀ ਘਰਾਣੇ ਜਾਂ ਉੱਚੇ ਰੁਤਬੇ ਵਾਲੇ ਲੋਕ ਪਹਿਨਦੇ ਸਨ), ਕਾਂਟੇ, ਗਾਨੀਆਂ, ਗਜਰੇ, ਛਾਪਾਂ, ਪੇਟੀਆਂ ਆਦਿ ਪ੍ਰਚੱਲਤ ਗਹਿਣੇ ਸਨ।

ਪੂਰਬ – 4000 ਤੋਂ 3000 ਈ. ਪੂ. ਦੌਰਾਨ ਹੋਰ ਵੀ ਚੰਗੇ ਗਹਿਣੇ ਬਣਨ ਲੱਗੇ ਜਿਨ੍ਹਾਂ ਵਿਚ ਬਾਰੀਕੀ ਦਾ ਕੰਮ ਕੀਤਾ ਹੁੰਦਾ ਸੀ ਅਤੇ ਇਨ੍ਹਾਂ ਦੀ ਮਹੱਤਤਾ ਧਾਰਮਿਕ ਰਸਮਾਂ-ਰਿਵਾਜਾਂ ਨਾਲ ਜੁੜ ਗਈ। ਮੁਕਟ, ਗਾਨੀਆਂ (ਜਿਨ੍ਹਾਂ ਵਿਚ ਪੈਂਡਲ ਹੁੰਦੇ ਹਨ), ਕਾਂਟੇ, ਵਾਲਾਂ ਵਿਚ ਲਗਾਉਣ ਲਈ ਸੂਈਆਂ, ਗਜਰੇ ਆਦਿ ਪ੍ਰਮੁੱਖ ਗਹਿਣਿਆਂ ਵਿਚੋਂ ਸਨ। ਇਸ ਸਮੇਂ ਦੌਰਾਨ ਸੋਨੇ ਤੇ ਚਾਂਦੀ ਦੀਆਂ ਤਾਰਾਂ ਦੇ ਗਹਿਣੇ ਬਣਨ ਲੱਗ ਪਏ ਸਨ।

ਇਸਲਾਮੀ ਗਹਿਣੇ – ਇਸ ਕਿਸਮ ਦੇ ਗਹਿਣਿਆਂ ਵਿਚ ਬਹੁ-ਮੁੱਲੇ ਅਤੇ ਘੱਟ ਕੀਮਤੀ ਦੋਨੋਂ ਤਰ੍ਹਾਂ ਦੇ ਪੱਥਰ ਜੜੇ ਜਾਂਦੇ ਸਨ। ਮੰਗੋਲ ਅਤੇ ਤੈਮੂਰ ਦੇ ਸਮਿਆਂ ਵਿਚ ਔਰਤਾਂ ਵਿਚ ਸੂਈਆਂ ਤੇ ਕਲਿੱਪਾਂ ਨਾਲ ਵਾਲਾਂ ਨੂੰ ਸੰਵਾਰਨ ਅਤੇ ਆਦਮੀਆਂ ਵਿਚ ਮੁਕਟ ਪਾਉਣ ਦਾ ਰਿਵਾਜ ਸੀ। ਇਥੇ ਪੱਗਾਂ ਲਈ ਜੜਾਊ ਕਲਗੀ, ਕਾਂਟੇ, ਛਾਪਾਂ, ਗਾਨੀਆਂ, ਬਾਜ਼ੂਬੰਦ ਆਦਿ ਪ੍ਰਚੱਲਤ ਸਨ। ਉੱਤਰੀ ਅਫ਼ਰੀਕਾ ਵਿਚ ਸਿਰ ਦੀ ਪੱਟੀ, ਬਰੋਚ, ਪੈਂਡਲ, ਇਕ ਖ਼ਾਸ ਤਿਕੋਨੀ ਸ਼ਾਲ-ਪਿੰਨ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ।

ਚੀਨ – ਚੀਨ ਵਿਚ ਆਪਣੇ ਨਾਲੋਂ ਪੁਸ਼ਾਕ ਨੂੰ ਸ਼ਿੰਗਾਰਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਗਾਨੀਆਂ, ਗਜਰਿਆਂ, ਕਾਂਟਿਆਂ ਆਦਿ ਦਾ ਰਿਵਾਜ਼ ਘੱਟ ਹੈ ਪਰ ਸਿਰ ਦੇ ਗਹਿਣੇ ਅਤੇ ਵੱਡੀਆਂ ਵੱਡੀਆਂ ਸੂਈਆਂ ਆਮ ਪ੍ਰਚੱਲਤ ਹਨ।

ਜਾਪਾਨ – ਜਾਪਾਨ ਵਿਚ ਗਹਿਣੇ ਬਹੁਤ ਘੱਟ ਪ੍ਰਚੱਲਤ ਰਹੇ ਹਨ ਅਤੇ ਪੁਸ਼ਾਕ ਨੂੰ ਹੀ ਇਤਨਾ ਸਜਾਉਂਦੇ ਸਨ ਕਿ ਗਹਿਣੇ ਪਹਿਨਣ ਦੀ ਕੋਈ ਖ਼ਾਸ ਲੋੜ ਨਹੀਂ ਰਹਿੰਦੀ ਸੀ। ਸੰਨ 1616-1868 ਦੌਰਾਨ ਹਾਥੀ ਦੰਦ ਦੇ ਗਹਿਣਿਆਂ ਦਾ ਰਿਵਾਜ਼ ਸ਼ੁਰੂ ਹੋਇਆ।

ਅਮਰੀਕਾ, (ਕੋਲੰਬਸ ਤੋਂ ਪਹਿਲਾਂ) – ਧਾਤਾਂ, ਘੱਟ ਕੀਮਤੀ ਪੱਥਰਾਂ, ਸ਼ੈਲਾਂ ਆਦਿ ਦੇ ਗਹਿਣੇ ਜਿਵੇਂ ਨੱਕ ਦੀ ਤੀਲੀ, ਮੁਕਟ, ਤੜਾਗੀ, ਗਾਨੀਆਂ ਆਦਿ ਦਾ ਰਿਵਾਜ ਸੀ। ਸੋਨੇ ਦੇ ਪੈਂਡਲ, ਸਟੱਡ, ਟਾਪਸ ਆਦਿ ਵੀ ਬਣਾਏ ਜਾਂਦੇ ਸਨ। ਇਕ ਦੋ ਜ਼ਿਆਦਾ ਧਾਤਾਂ ਨੂੰ ਮਿਲਾ ਕੇ ਵੀ ਗਹਿਣੇ ਬਣਦੇ ਰਹੇ ਹਨ।

ਭਾਰਤ – ਭਾਰਤ ਵਿਚ ਗਹਿਣੇ ਪਹਿਨਣ ਦਾ ਰਿਵਾਜ ਬਹੁਤ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਹੈ। ਵੱਖ ਵੱਖ ਸਭਿਆਤਵਾਂ ਦੇ ਸਮੇਂ ਵੱਖ ਵੱਖ ਕਿਸਮ ਦੇ ਗਹਿਣੇ ਪਹਿਨੇ ਜਾਂਦੇ ਰਹੇ ਹਨ। ਨੀਲ ਘਾਟੀ ਦੀ ਸਭਿਅਤਾ (2500-1500ਈ. ਪੂ. ) ਦੇ  ਸਮੇਂ ਸੋਨੇ, ਹਾਥੀ-ਦੰਦ, ਹੱਡੀਆਂ, ਤਾਂਬੇ ਆਦਿ ਦੇ ਬਹੁਤ ਸੁਹਣੇ ਗਹਿਣਿਆਂ ਦਾ ਰਿਵਾਜ ਸੀ ਅਤੇ ਕਾਰੀਗਰ ਬਹੁਤ ਨਿਪੁੰਨ ਸਨ। ਮੋਰੀਆ ਯੁੱਗ ਵਿਚ ਆਦਮੀ ਅਤੇ ਔਰਤਾਂ ਦੋਨੋਂ ਭਾਰੇ-ਗਹਿਣੇ ਪਹਿਨਦੇ ਸਨ।

ਇਹ ਰਿਵਾਜ ਸੁੰਗ-ਕਾਲ ਵਿਚ ਵੀ ਚਲਦਾ ਰਿਹਾ। ਕੁਸ਼ਾਨ-ਕਾਲ ਵਿਚ ਸ਼ਿੰਗਾਰਪੱਟੀ ਨਾਲ ਜੁੜੀਆਂ ਗੋਲ ਡਿਸਕਾਂ ਲੰਮੇ ਲਟਕਦੇ ਕਾਂਟਿਆਂ, ਕਈ ਤਰ੍ਹਾਂ ਦੇ ਮਣਕਿਆਂ ਵਾਲੀਆਂ ਗਾਨੀਆਂ, ਚੌੜੇ ਬਾਜ਼ੂਬੰਦ, ਚੂੜੀਆਂ, ਛਾਪਾਂ, ਪੌਟੇ, ਗਿਟਕੜੇ, ਪੰਜੇਬਾਂ ਆਦਿ ਦਾ ਰਿਵਾਜ ਸੀ। ਗੁਪਤ-ਕਾਲ ਵਿਚ ਹਲਕੇ ਗਹਿਣੇ ਪਹਿਨਣ ਦਾ ਰਿਵਾਜ ਸ਼ੁਰੂ ਹੋ ਗਿਆ ਅਤੇ ਮੱਧ-ਕਾਲ ਵਿਚ ਲੰਬੇ ਕਾਟਿਆਂ ਦਾ ਰਿਵਾਜ ਸੀ।

ਮੁਸਲਮਾਨ ਗਹਿਣੇ ਪਹਿਨਣ ਦੇ ਖ਼ਿਲਾਫ਼ ਸਨ ਪਰ ਹੌਲੀ ਹੌਲੀ ਸਮਾਂ ਬੀਤਣ ਨਾਲ ਸਾਰੀ ਕਿਸਮ ਦੇ ਗਹਿਣੇ ਪਹਿਨਣ ਲੱਗੇ। ਮੁਸਲਮਾਨ ਬਾਦਸ਼ਾਹ ਸੁੱਚੇ ਮੋਤੀ, ਹੀਰੇ ਆਦਿ ਪਹਿਨਦੇ ਸਨ। ਸ਼ਾਹੀ ਘਰਾਣਿਆਂ ਦੀਆਂ ਔਰਤਾਂ ਚਾਂਦੀ ਅਤੇ ਸਸਤੇ ਪੱਥਰਾਂ ਦੇ ਬਣੇ ਗਹਿਣੇ ਜਿਵੇਂ ਮੱਥੇ ਉੱਤੇ ਟਿੱਕਾ, ਕੰਨਾਂ ਉਪਰ ਵਾਲਾਂ ਵਿਚ ਲਟਕਦੀਆਂ ਮੋਤੀਆਂ ਦੀਆਂ ਲੜੀਆਂ, ਕਾਂਟੇ, ਕੋਕਾ, ਮਾਲਾ, ਹਾਥੀ ਤੇ ਮਗਰਮੱਛ ਦੇ ਮੂੰਹ ਵਾਲੇ ਸਿਰਿਆਂ ਵਾਲੀਆਂ ਚੂੜੀਆਂ, ਛਾਪਾਂ, ਤੜਾਗੀਆਂ, ਝਾਂਜਰਾਂ ਆਦਿ ਪਹਿਨਦੀਆਂ ਸਨ। 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦਾ ਸ਼ੁਰੂ ਵਿਚ ਹਲਕੇ ਹਲਕੇ ਸੁਹਣੇ ਅਤੇ ਸਾਧਾਰਨ ਗਹਿਣੇ ਬਣਨ ਲੱਗੇ ਪਰ 20ਵੀਂ ਸਦੀ ਦੇ ਮੱਧ ਵਿਚ ਮੁੜ ਕੇ ਪੁਰਾਣੇ ਡਿਜਾਇਨ ਪ੍ਰਚੱਲਤ ਹੋਣ ਲੱਗੇ। ਮਰਦਾਂ ਨੇ ਛਪਾਂ, ਟਾਈਪਿਨ ਆਦਿ ਤੋਂ ਬਿਨਾਂ ਹੋਰ ਗਹਿਣੇ ਪਹਿਨਣੇ ਛੱਡ ਦਿੱਤੇ।

ਪੰਜਾਬ ਦਾ ਗਹਿਣੇ

ਪੰਜਾਬ ਦੇ ਗਹਿਣੇ ਬਹੁਤਾ ਕਰਕੇ ਹੀਰੇ, ਮੋਤੀ ਜੜੇ ਸੋਨੇ ਜਾ ਚਾਂਦੀ ਦੇ ਹੁੰਦੇ ਹਨ। ਸ਼ੀਸ਼ੇ ਅਤੇ ਲਾਖ ਦੇ ਕੜੇ, ਹਾਥੀ-ਦੰਦ, ਘੋਗਿਆਂ ਆਦਿ ਦੇ ਗਹਿਣੇ ਵੀ ਪ੍ਰਚੱਲਤ ਹਨ। ਮੁਗ਼ਲ-ਕਾਲ ਦੌਰਾਨ ਉੱਤਰ ਵਿਚ ਪ੍ਰਚੱਲਤ ਪੱਥਰ, ਸ਼ੀਸ਼ੇ, ਧਾਤ ਤੇ ਲੱਕੜੀ ਦੇ ਮਣਕੇ ਇਸਨੂੰ ਬਾਬਲ, ਮਿਸਰ, ਈਰਾਨ ਦੀਆਂ ਸਭਿਅਤਾਵਾਂ ਨਾਲ ਜੋੜਦੇ ਹਨ।

ਮੁਗ਼ਲ-ਰਾਜ ਤੋਂ ਪਹਿਲਾਂ ਗਹਿਣਿਆਂ ਉੱਤੇ ਆਮ ਤੌਰ ਤੇ ਚੰਦ, ਸੂਰਜ ਆਦਿ ਉੱਕਰੇ ਜਾਂਦੇ ਸਨ ਪਰ ਮੁਸਲਮਾਨਾਂ ਦੇ ਵੇਲੇ ਇਨ੍ਹਾਂ ਦੀ ਥਾਂ ਵੇਲਾ-ਬੂਟਿਆਂ ਤੇ ਜੀਵ-ਜੀਤੂਆਂ ਨੇ ਲੈ ਲਈ। ਚੰਪਾਕਲੀ ਹਾਰ, ਸ਼ੇਰਾਂ, ਹਾਥੀਆਂ ਵਾਲੇ ਕੜੇ, ਮੋਰ-ਨੁਮਾ ਝੁਮਕੇ, ਮਛਲੀ ਵਾਲੇ ਟਿੱਕੇ ਇਸੇ ਸਮੇਂ ਦੀ ਕਾਢ ਹਨ।

ਪੰਜਾਬ ਵਿਚ ਧਾਰਮਿਕ ਮਰਯਾਦਾ ਅਤੇ ਆਰਥਿਕ ਸਮਰੱਥਾ ਅਨੁਸਾਰ ਗਹਿਣੇ ਪਹਿਨੇ ਜਾਂਦੇ ਹਨ। ਸਿਰ ਉੱਤੇ ਪਹਿਨਣ ਵਾਲੇ ਗਹਿਣਿਆਂ ਵਿਚ ਸੱਗੀ ਫੁੱਲ, ਚੌਂਕ ਚੰਦ, ਬੋਰਲਾ, ਬਘਿਆੜੀ, ਸ਼ਿੰਗਾਰਪੱਟੀ, ਟਿੱਕਾ (ਜੇ ਭਾਰਾ ਹੋਵੇ ਤਾਂ ਛਾਂਗਲੀ, ਦਾਉਣੀ ਕਹਾਉਂਦੇ ਹਨ) ਕਲਿੱਪ, ਝੁੰਮਰ ਸੂਈ ਤੇ ਝੁੰਮਰ ਆਉਂਦੇ ਹਨ। ਕੁਆਰੀਆਂ ਕੁੜੀਆਂ ਗੁੱਤ ਨਾਲ ਛੱਬਾ ਵੀ ਬੰਨ੍ਹਦੀਆਂ ਹਨ।

ਕੰਨਾਂ ਦੀ ਪੇਪੜੀ ਵਿਚ ਕਾਂਟੇ, ਬੁੰਦੇ, ਲੋਟਣ, ਪਿੱਪਲ-ਪੱਤੀਆਂ, ਤੁੰਗਲ, ਸੋਨ-ਚਿੜੀਆਂ, ਬੁਜਲੀਆਂ, ਟੌਪਸ ਆਦਿ ਅਤੇ ਉਪਰ ਵਾਲੇ, ਵਾਲੀਆਂ, ਕੋਕਰੂ, ਝੁਮਕੇ , ਡੰਡੀਆਂ, ਰੇਲਾਂ, ਬਹਾਦਰਨੀਆਂ ਤੇ ਮਾਮੇ-ਮੁਰਕੀਆਂ ਪਹਿਨੀਆਂ ਜਾਂਦੀਆਂ ਹਨ। ਲਗਭਗ ਤੇਰਾਂ ਛੇਕ ਕੰਨ ਦੇ ਬਾਹਰਲੇ ਵਿਚ ਕੀਤੇ ਜਾਂਦੇ ਹਨ। ਆਖ਼ਰੀ ਛੇਕ ਵਿਚ ਛੋਟਾ ਜਿਹਾ ਕੋਕਰੂ ਤੇ ਉਸ ਤੋਂ ਅਗਲੇ ਛੇਕ ਵਿਚ ਸਭ ਤੋਂ ਵੱਡੀ ਡੰਡੀ ਪਾਉਂਦੇ ਹਨ। ਉਸ ਤੋਂ ਬਾਅਦ ਦੀਆਂ ਡੰਡੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ। ਕਈ ਬਾਣੀਏ ਤੇ ਖੱਤਰੀ ਅਤੇ ਸੁਨਿਅਰ ਮਰਦ ਵੀ ਕੰਨਾ ਵਿਚ ਨੱਤੀਆਂ ਪਹਿਨਦੇ ਹਨ।

ਨੱਕ ਵਿਚ ਤੀਲੀ, ਲੌਂਗ, ਕੋਕਾ, ਰੇਖ, ਨੱਥ, ਮਛਲੀ (ਬੁਲਾਕ ਜਾਂ ਬੋਹਰ) ਤੇ ਠੁਕਰਾ ਪਹਿਨੇ ਜਾਂਦੇ ਹਨ।

ਗਰਦਨ ਦੇ ਦੁਆਲੇ ਤੰਦੀਰੇ (ਹੱਸ), ਕੰਢੀ(ਕੰਠੀ), ਗੁਲੂਬੰਦ-ਮਾਲਾ, ਗਾਨੀ ਤੇ ਹਾਰ ਪਾਏ ਜਾਂਦੇ ਹਨ। ਗਰਦਨ ਦੇ ਬਾਕੀ ਗਹਿਣੇ ਰੇਸ਼ਮੀ ਡੋਰੀ ਜਾਂ ਸੋਨੇ-ਚਾਂਦੀ ਦੀ ਜ਼ੰਜੀਰੀ ਵਿਚ ਤਵੀਤ, ਟਿੱਕੇ, ਮਣਕੇ ਆਦਿ ਪਰੋ ਕੇ ਬਣਾਏ ਜਾਂਦੇ ਹਨ। ਤੱਗਾ, ਹਮੇਲ, ਇਨਾਮ ਨਾਮੀਆਂ, ਤਵੀਤ ਚੰਪਾਕਲੀ, ਚੋਕੀ, ਹੌਲੀਦਿਲੀ, ਚਟਾਲਾ, ਲੌਕਟ, ਪੈਂਡਲ, ਢੋਲਣੇ, ਤਵੀਤ, ਸਿੰਘ ਤਵੀਤ, ਬੁਘਤੀਆਂ, ਰਾਣੀਹਾਰ, ਚੰਦਰਸੈਨੀ ਹਾਰ, ਟਿਉਂਟਾ, ਜ਼ੰਜੀਰੀ ਆਦਿ ਇਨ੍ਹਾਂ ਦੇ ਕੁਝ ਉਦਾਹਰਣ ਹਨ।

ਬਾਗੜੀ, ਬਿਸ਼ਨੋਈ ਤੇ ਕੁਮਹਾਰ ਔਰਤਾਂ ਲੱਕ ਦੇ ਦੁਆਲੇ ਚਾਂਦੀ ਦੀ ਤਾਗੜੀ (ਤੜਾਗੀ) ਪਹਿਨਦੀਆਂ ਹਨ।

ਬਾਗੜੀ ਔਰਤਾਂ ਕੂਹਣੀ ਦੇ ਉਪਰਲੇ ਪਾਸੇ ਸ਼ੇਰ ਦੇ ਮੂੰਹ ਵਾਲੀਆਂ ਚਾਂਦੀ ਦੀਆਂ ਨਿਗਰ ਟਾਡਾਂ ਜਾਂ ਅਨੰਤ ਪਾਉਂਦੀਆਂ ਹਨ। ਕਈ ਔਰਤਾਂ ਇਸ ਦੀ ਥਾਂ ਬਾਜੂਬੰਦ ਪਾਉਂਦੀਆਂ ਹਨ। ਕੂਹਣੀ ਤੋਂ ਬਾਂਹ ਵੰਲ ਨੁੰ ਪਹਿਲਾਂ ਕੰਗਣ, ਫਿਰ ਦੋ-ਤਿੰਨ ਚੂੜੀਆਂ, ਘੁੰਗਰੂਆਂ ਵਾਲਾ ਪਰੀਬੰਦ, ਫਿਰ ਕਈ ਚੂੜੀਆਂ ਦਾ ਚੂੜਾ, ਗਜਰੇ ਤੇ ਬੰਦ ਪਾਏ ਜਾਂਦੇ ਹਨ। ਗੋਖੜੂ ਸਿੰਘਾੜੇ ਲੱਛੇ ਘੜੀ ਚੂੜੀ, ਬਾਂਕਾਂ ਕੰਗਣ ਤੇ ਪਹੁੰਚੀ ਗੁੱਟ ਉੱਤੇ ਪਾਏ ਜਾਂਦੇ ਹਨ।

ਹੱਥ ਦੇ ਉਪਰਲੇ ਪਾਸੇ ਪੰਜ-ਅੰਗਲਾ, ਰਤਨਚੌਂਕ ਜਾਂ ਹੱਥ-ਫ਼ੁੱਲ ਪਾਏ ਜਾਂਦੇ ਹਨ। ਇਸ ਨਾਲ ਜ਼ੰਜੀਰਾਂ ਰਾਹੀਂ ਉਂਗਲਾਂ ਦੀਆਂ ਛਾਪਾਂ ਜੁੜੀਆਂ ਹੁੰਦੀਆਂ ਹਨ। ਵਿਆਹ ਪਿਛੋਂ ਅੰਗੂਠੇ ਵਿਚ ਸ਼ੀਸ਼ੇ ਵਾਲੀ ਆਰਸੀ ਵੀ ਪਾਈ ਜਾਂਦੀ ਹੈ। ਉੱਗਲਾਂ ਵਿਚ ਨਗਾਂ ਵਾਲੀਆਂ ਛਾਪਾਂ, ਕਲੀਚੜੀਆਂ, ਮੁੰਦਰੀਆਂ ਜਾਂ ਛੱਲੇ ਪਾਏ ਜਾਂਦੇ ਹਨ।

ਪੈਰਾਂ ਵਿਚ ਜ਼ੰਜ਼ੀਰਾਂ ਨਾਲ ਜੁੜੀਆਂ ਪਟੜੀਆਂ, ਗੁਸਲਪੱਟੀ, ਸ਼ਕੁੰ–ਤਲਾ–ਚੈਨ ਤੇ ਪੰਜੇਬਾਂ, ਕੁੰਡਲੀਦਾਰ ਤੋੜੇ, ਵਿੰਗੇ ਜਿਹੇ ਠੋਸ ਕੜੇ ਤੇ ਬਾਂਕਾਂ, ਖੋਖਲੇ ਬੋਰਾਂ ਵਾਲੀਆਂ ਝਾਂਜਰਾਂ ਆਦਿ ਪਾਈਆਂ ਜਾਂਦੀਆਂ ਹਨ। ਪੈਰਾਂ ਦੀਆਂ ਉਂਗਲਾਂ ਵਿਚ ਗੂਠੜੇ, ਬਿਛੂਏ ਤੇ ਛੱਲੇ ਪਾਏ ਜਾਂਦੇ ਹਨ।

ਹਰਿਆਣੇ ਵਿਚ ਸਿਰ ਤੋਂ ਪੈਰਾਂ ਤੱਕ ਕੋਈ ਹਿੱਸਾ ਗਹਿਣਿਆਂ ਤੋਂ ਖ਼ਾਲੀ ਨਹੀਂ ਛੱਡਿਆ ਜਾਂਦਾ। ਹਿਮਾਚਲ ਅਤੇ ਪੰਜਾਬ ਦੇ ਗਹਿਣਿਆਂ ਵਿਚ ਥੋੜ੍ਹਾ ਹੀ ਫ਼ਰਕ ਹੁੰਦਾ ਹੈ। ਮਰਦ ਬਹੁਤ ਘੱਟ ਗਹਿਣੇ ਪਹਿਨਦੇ ਹਨ। ਹੁਣ ਔਰਤਾਂ ਵੀ ਘੱਟ ਗਹਿਣੇ ਪਹਿਨਣ ਲੱਗ ਪਈਆਂ ਹਨ। ਸੋਨੋ-ਚਾਂਦੀ ਦੀ ਥਾਂ ਹੁਣ ਝਾਲ ਜਾਂ ਮੁਲੰਮੇ ਵਾਲੇ, ਰੋਲਡ ਗੋਲਡ ਦੇ ਜਾਂ ਨਕਲੀ ਗਹਿਣੇ ਪਹਿਨਣ ਦਾ ਰਿਵਾਜ ਵੀ ਵਧ ਗਿਆ ਹੈ। ਹੱਥ ਦੇ ਬਣੇ ਗਹਿਣਿਆਂ ਨਾਲੋਂ ਮਸ਼ੀਨੀ ਗਹਿਣੇ ਜ਼ਿਆਦਾ ਪ੍ਰਚੱਲਤ ਹੋ ਰਹੇ ਹਨ।

ਹ. ਪੁ. – ਐਨ. ਬ੍ਰਿ. 12 : 1030; ਪੰਜਾਬ : 96


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਗਹਿਣੇ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਹਿਣੇ : ਪੁਸ਼ਾਕ ਅਤੇ ਗਹਿਣੇ ਸ਼ਿੰਗਾਰ ਦੇ ਸਭ ਤੋਂ ਵੱਡੇ ਸਾਧਨ ਹਨ ਜਿਸ ਨਾਲ ਪ੍ਰਕ੍ਰਿਤੀ ਅਤੇ ਮਨੁੱਖ ਦੋਹਾਂ ਨੂੰ ਪਿਆਰ ਹੈ। ਸੋਨੇ, ਚਾਂਦੀ ਤੋਂ ਇਲਾਵਾ ਕਈ ਹੋਰ ਧਾਤਾਂ, ਬੀਜਾਂ, ਸ਼ੀਸ਼ੇ ਅਤੇ ਫੁੱਲਾਂ ਦੇ ਗਹਿਣੇ ਵੀ ਬਣਾਏ ਅਤੇ ਵਰਤੇ ਜਾਂਦੇ ਹਨ। ਪੰਜਾਬ ਦੇ ਲੋਕ ਆਪਣੀ ਧਾਰਮਕ ਮਰਿਯਾਦਾ ਅਤੇ ਆਰਥਕ ਪਹੁੰਚ ਅਨੁਸਾਰ ਗਹਿਣੇ ਪਹਿਨਦੇ ਹਨ। ਸਿਰ ਤੋਂ ਲੈ ਕੇ ਪੈਰਾਂ ਦੀਆਂ ਉਂਗਲੀਆਂ ਤਕ ਸਰੀਰ ਦੇ ਹਰ ਅੰਗ ਨੂੰ ਸਜਾਉਣ ਲਈ ਗਹਿਣੇ ਪਹਿਨੇ ਜਾਂਦੇ ਹਨ। ਸਜਾਵਟ ਨਾਲੋਂ ਇਨ੍ਹਾਂ ਦੀ ਕੀਮਤ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਠੋਸ ਕੜੇ ਅਤੇ ਕੰਠੇ ਆਦਿ ਦਾ ਕਦੇ ਆਮ ਰਿਵਾਜ ਸੀ।

ਪੰਜਾਬ ਦੇ ਗਹਿਣਿਆਂ ਦੇ ਸਹੀ ਵੇਰਵਿਆਂ ਦਾ ਅਧਿਐਨ ਇਸ ਵੰਡ ਅਨੁਸਾਰ ਕੀਤਾ ਜਾਂਦਾ ਹੈ– ਕੇਂਦਰੀ ਪੰਜਾਬ, ਹਰਿਆਣਾ ਅਤੇ ਕਾਂਗੜਾ । ਕੇਂਦਰੀ ਪੰਜਾਬ ਅਧੀਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੁਕਤਸਰ, ਮੋਗਾ ਅਤੇ ਪਟਿਆਲਾ ਦੇ ਇਲਾਕੇ ਆਉਂਦੇ ਹਨ। ਹਰਿਆਣੇ ਵਿਚ ਕਰਨਾਲ, ਹਿਸਾਰ, ਰੋਹਤਕ ਅਤੇ ਗੁੜਗਾਉਂ ਦੇ ਇਲਾਕੇ ਅਤੇ ਕਾਂਗੜਾ ਵਿਚ ਉਹ ਪਹਾੜੀ ਇਲਾਕੇ ਹਨ ਜਿਨ੍ਹਾਂ ਦੀ ਸਭਿਅਤਾ ਹਿਮਾਚਲ ਪ੍ਰਦੇਸ਼ ਵਾਲੀ ਹੈ। ਸਿਰ ਦੇ ਸ਼ਿੰਗਾਰ ਲਈ ਕੇਂਦਰੀ ਪੰਜਾਬ ਵਿਚ ਸੱਗੀ ਫੁੱਲ, ਚੌਕ ਚੰਦ, ਬੋਰਲਾ, ਬਘਿਆੜੀ, ਸ਼ਿੰਗਾਰ ਪੱਟੀ, ਟਿੱਕਾ, ਕਲਿੱਪ, ਝੂੰਮਰਸੂਈ ਤੇ ਝੂੰਮਰ ਵਰਤੇ ਜਾਂਦੇ ਹਨ। ਵਿਆਹ ਸਮੇਂ ਸੱਗੀ ਫੁੱਲ ਅਤੇ ਚੌਕ ਚੰਦ ਵਾਲਾਂ ਵਿਚ ਗੁੰਦ ਕੇ ਪਹਿਨੇ ਜਾਂਦੇ ਹਨ। ਬਾਗੜੀ, ਬਿਸ਼ਨੋਈ ਤੇ ਘੁਮਿਆਰ ਲੋਕ ਇਸ ਦੀ ਥਾਂ ਕੋਕਾ, ਬੋਰ, ਬੋਰਲਾ ਪਹਿਨਦੇ ਹਨ। ਜੱਟੀਆਂ, ਰੇਸ਼ਮ ਅਤੇ ਵਾਲਾਂ ਦੀ ਗੁੱਤ ਜਿਹੀ ਗੁੰਦ ਕੇ ਉੱਪਰ ਬਘਿਆੜੀ ਪਹਿਨਦੀਆਂ ਹਨ। ਖੱਤਰਾਣੀਆਂ, ਬਨਿਆਣੀਆਂ ਇਸ ਦੀ ਥਾਂ ਚਿੜਾ ਪਹਿਨਦੀਆਂ ਹਨ। ਮਖ਼ਮਲ ਦੀ ਸ਼ਿੰਗਾਰ-ਪੱਟੀ ਸਿਰ ਦੇ ਬਾਹਰੋਂ ਬਾਹਰ ਲੈ ਕੇ ਗੁੱਤ ਨਾਲ ਬੰਨ੍ਹੀ ਜਾਂਦੀ ਹੈ ਤੇ ਇਸ ਦੇ ਵਿਚਕਾਰ ਮੱਥੇ ਉੱਪਰ ਚੰਦਨੁਮਾ ਸੋਨੇ ਦਾ ਟਿੱਕਾ ਲਟਕਦਾ ਹੈ। ਜੇਕਰ ਟਿੱਕਾ ਭਾਰਾ ਅਤੇ ਜੜਾਊ ਹੋਵੇ ਤਾਂ ਇਸ ਨੂੰ ਛੰਗਲੀ, ਦਾਉਣੀ ਜਾਂ ਖਿੰਗਰੂ ਕਹਿੰਦੇ ਹਨ। ਕੰਨ ਦੇ ਪਿੱਛੇ ਵਾਲਾਂ ਵਿਚ ਕਲਿੱਪ, ਝੂੰਮਰਸੂਈ ਤੇ ਝੂੰਮਰ ਲਾਇਆ ਜਾਂਦਾ ਹੈ। ਗੁੱਤ ਵਿਚ ਪਰਾਂਦੇ ਬੰਨ੍ਹੇ ਜਾਂਦੇ ਹਨ। ਇਹ ਰੰਗ-ਬਰੰਗੇ ਧਾਗਿਆਂ ਤੋਂ ਤਿਆਰ ਕੀਤੇ ਜਾਂਦੇ ਹਨ। ਗੁੱਤ ਨਾਲ ਛੱਬਾ ਬੰਨ੍ਹਣ ਦਾ ਵੀ ਰਿਵਾਜ ਹੈ।

ਕੰਨਾਂ ਨੂੰ ਸ਼ਿੰਗਾਰਣ ਲਈ ਕਾਂਟੇ, ਬੁੰਦੇ, ਲੋਟਨ, ਪਿੱਪਲ ਪੱਤੀਆਂ, ਤੁੰਗਲ, ਸੋਨ ਚਿੜੀਆਂ, ਬੁਰਜੀਆਂ, ਟਾੱਪਸ ਆਦਿ ਅਨੇਕ ਗਹਿਣੇ ਪਹਿਨੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਕੰਨਾਂ ਦੀ ਪੇਪੜੀ ਉੱਪਰ ਤੇਰ੍ਹਾਂ ਤੇਰ੍ਹਾਂ ਛੇਕ ਕੀਤੇ ਜਾਂਦੇ ਸਨ ਅਤੇ ਇਨ੍ਹਾਂ ਵਿਚ ਵਾਲੇ, ਵਾਲੀਆਂ, ਝੁਮਕੇ, ਡੰਡਲੀਆਂ, ਰੇਲਾਂ, ਬਹਾਦਰਨੀਆਂ ਅਤੇ ਮਾਮੇ ਮੁਰਕੀਆਂ ਪਹਿਨੀਆਂ ਜਾਂਦੀਆਂ ਸਨ। ਵੱਡੀਆਂ ਡੰਡੀਆਂ ਨੂੰ ਰੇਲਾਂ ਕਹਿੰਦੇ ਹਨ। ਭਾਰੀ ਝੁਮਕੇ ਅਤੇ ਡੰਡੀਆਂ ਨੂੰ ਸਹਾਰਾ ਦੇ ਕੇ ਪਹਿਨਿਆ ਜਾਂਦਾ ਹੈ ਤਾਂ ਜੋ ਕੰਨਾਂ ਨੂੰ ਭਾਰ ਮਹਿਸੂਸ ਨਾ ਹੋਵੇ। ਇਹ ਸਹਾਰੇ ਸੋਨੇ ਦੀਆਂ ਜੰਜੀਰੀਆਂ ਜਾਂ ਧਾਗੇ ਦੇ ਬਣਾਏ ਹੁੰਦੇ ਹਨ। ਪੇਪੜੀ ਦੇ ਅੰਦਰ ਕੰਨ ਉੱਪਰ ਹੋਰ ਛੇਕ ਹੁੰਦੇ ਸਨ ਜਿਨ੍ਹਾਂ ਵਿਚ ਛੋਟੀਆਂ ਮਾਮੇ ਮੁਰਕੀਆਂ ਪਹਿਨੀਆਂ ਜਾਂਦੀਆਂ ਸਨ। ਬਾਣੀਏ ਅਤੇ ਖੱਤਰੀ ਮਰਦ ਵੀ ਕੰਨਾਂ ਵਿਚ ਨੱਤੀਆਂ ਪਹਿਨਦੇ ਸਨ। ਅਜਿਹੇ ਗਹਿਣਿਆਂ ਦਾ ਕੁਝ ਰਿਵਾਜ ਅਜੇ ਵੀ ਪ੍ਰਚਲਿਤ ਹੈ।

ਨੱਕ ਦੇ ਸ਼ਿੰਗਾਰ ਲਈ ਪਾਸਿਆਂ ਤੇ ਦੋ ਛੇਕ ਅਤੇ ਵਿਚਕਾਰ ਇਕ ਛੇਕ ਕੀਤਾ ਜਾਂਦਾ ਸੀ। ਪਾਸਿਆਂ ਵੱਲ ਤੀਲੀ, ਲੌਂਗ, ਕੋਕਾ, ਰੇਖ, ਨੱਥ, ਮੱਛਲੀ ਜਾਂ ਬੋਹਰ ਅਤੇ ਨੁਕਰਾ ਪਹਿਨਿਆ ਜਾਂਦਾ ਸੀ। ਵਿਚਕਾਰਲੇ ਛੇਕ ਵਿਚ ਮਛਲੀ ਪਹਿਨੀ ਜਾਂਦੀ ਸੀ ਅਤੇ ਵਿਆਹ ਸਮੇਂ ਨੱਥ ਜੋ ਸਾਦਾ ਜਾਂ ਜੜਾਊ ਹੋਵੇ, ਪਹਿਨਣ ਦਾ ਰਿਵਾਜ ਸੀ। ਗ਼ਰੀਬ ਲੋਕ ਮੱਛਲੀ ਦੀ ਥਾਂ ਛੋਟਾ ਜਿਹਾ ਛੱਲਾ ਨੁਕਰਾ ਪਹਿਨਦੇ ਸਨ। ਕੁਆਰੀਆਂ ਕੁੜੀਆਂ ਨੁਕਰਾ ਅਤੇ ਰੇਖ ਜਾਂ ਕੋਕਾ ਪਹਿਨਦੀਆਂ ਸਨ। ਅੱਜਕੱਲ੍ਹ ਨੱਕ ਦੇ ਕੇਵਲ ਖੱਬੇ ਪਾਸ ਛੇਕ ਕੀਤਾ ਜਾਂਦਾ ਹੈ ਅਤੇ ਇਸ ਵਿਚ ਤੀਲੀ, ਕੋਕਾ ਜਾਂ ਨੱਥ ਪਹਿਨੀ ਜਾਂਦੀ ਹੈ। ਗਰਦਨ ਦੇ ਸ਼ਿੰਗਾਰ ਵਿਚ ਤੰਦੀਰੇ ਜਾਂ ਹੱਸ, ਕੰਢੀ ਜਾਂ ਕੰਠੀ, ਗੁਲੂਬੰਦ, ਮਾਲਾ, ਗਾਨੀ ਅਤੇ ਹਾਰ ਪਹਿਨੇ ਜਾਂਦੇ ਸਨ। ਮਟਰਮਾਲਾ ਠੋਸ ਸੋਨੇ ਦੇ ਮਣਕਿਆਂ ਨਾਲ ਬਣਾਈ ਜਾਂਦੀ ਸੀ। ਰੇਸ਼ਮੀ ਧਾਗੇ ਵਿਚ ਪਰੋ ਕੇ ਟਿੱਕਾ ਵੀ ਪਹਿਨਿਆ ਜਾਂਦਾ ਸੀ। ਟਿੱਕੇ ਦੀਆਂ ਅਨੇਕ ਕਿਸਮਾਂ ਵਿਚ ਤੱਗਾ, ਹਮੇਲ, ਇਨਾਮ ਨਾਮੀਆਂ, ਤਵੀਤ, ਚੰਪਾਕਲੀ, ਚੌਂਕੀ, ਹੌਲ-ਦਿਲੀ, ਚਟਾਲਾ, ਲਾੱਕਟ, ਪੌਂਡ, ਢੋਲਣ ਤਵੀਤ, ਸਿੰਗ ਤਵੀਤ, ਨੌਰਤਨਾ, ਬੁਘਤੀਆਂ, ਰਾਣੀ ਹਾਰ, ਚੰਦਰਸੈਨੀ ਹਾਰ, ਟਿਉਂਟਾ ਜ਼ੰਜੀਰੀ ਆਦਿ ਹਨ।

ਬਾਗੜੀ, ਬਿਸ਼ਨੋਈ ਅਤੇ ਘੁਮਿਆਰ ਇਸਤਰੀਆਂ ਲੱਕ ਦੁਆਲੇ ਚਾਂਦੀ ਦੀਆਂ ਤਾਗੜੀਆਂ (ਤੜਾਗੀ) ਪਹਿਨਦੀਆਂ ਹਨ। ਬਾਹਾਂ ਅਤੇ ਹੱਥਾਂ ਲਈ ਵੀ ਅਨੇਕ ਕਿਸਮ ਦੇ ਗਹਿਣੇ ਹਨ। ਬਾਗੜੀ ਇਸਤਰੀਆਂ ਸ਼ੇਰ ਦੇ ਮੂੰਹ ਵਾਲੀਆਂ ਚਾਂਦੀ ਦੀਆਂ ਠੋਸ ਟਾਂਡਾਂ ਜਾਂ ਨੰਤ ਕੂਹਣੇ ਦੇ ਉਪਰਲੇ ਪਾਸੇ ਪਹਿਨਦੀਆਂ ਹਨ। ਬਾਕੀ ਸਭ ਜ਼ਾਤਾਂ ਦੀਆਂ ਔਰਤਾਂ ਮਖ਼ਮਲ ਦੀ ਸੋਨੇ ਜੜ੍ਹੀ ਪੱਟੀ ਜਾਂ ਬਾਜੂਬੰਦ ਇਸ ਥਾਂ ਪਹਿਨਦੀਆਂ ਹਨ। ਹੱਥ ਨੇੜੇ ਬਾਂਹ ਉੱਪਰ ਕੰਗਣ, ਕੂੜੀਆਂ ਗਜਰੇ ਤੇ ਬੰਦ ਪਹਿਨੇ ਜਾਂਦੇ ਹਨ। ਪਰੀਬੰਦ, ਗੋਖੜੂ, ਸਿੰਘਾੜੇ, ਲੱਛੇ, ਘੜੀ ਚੂੜੀ, ਬਾਂਕਾ, ਕੰਗਣ, ਪਹੁੰਚੀ ਸਭ ਗੁੱਟ ਦੇ ਗਹਿਣੇ ਹਨ।

ਹੱਥ ਉੱਪਰ ਪੰਜ-ਉਂਗਲਾਂ, ਰਤਨਚੌਕ ਜਾਂ ਹੱਥ-ਫੁਲ ਪਹਿਨਦੇ ਹਨ। ਇਹ ਗਹਿਣੇ ਜ਼ੰਜੀਰਾਂ ਨਾਲ ਹੱਥ ਦੀਆਂ ਉਂਗਲੀਆਂ ਵਿਚ ਪਹਿਨੀਆਂ ਛਾਪਾਂ ਜਾਂ ਮੁੰਦਰੀਆਂ ਨਾਲ ਜੁੜੇ ਹੁੰਦੇ ਹਨ। ਅੰਗੂਠੇ ਵਿਚ ਸ਼ੀਸ਼ੇ ਵਾਲੀ ਆਰਸੀ ਅਤੇ ਉਂਗਲੀਆਂ ਵਿਚ ਜੜਾਊ ਛਾਪਾਂ, ਕਲੀਚੜੀਆਂ, ਮੁੰਦਰੀਆਂ ਜਾਂ ਛੱਲੇ ਪਹਿਨੇ ਜਾਂਦੇ ਹਨ।

ਪੈਰਾਂ ਲਈ ਜ਼ੰਜੀਰਾਂ ਨਾਲ ਫੱਟੀਆਂ ਜਿਹੀਆਂ ਜੋੜ ਕੇ ਪਟੜੀਆਂ ਜ਼ੰਜੀਰੀਆਂ ਵਾਲੇ ਲੱਛੇ, ਕੀਮਤੀ ਗੁਸਲਪੱਟੀ, ਸ਼ਕੁੰਤਲਾ-ਚੇਨ ਅਤੇ ਪੰਜੇਬਾਂ, ਕੁੰਡਲੀਦਾਰ, ਤੋੜੇ, ਵਿੰਗੇ ਪਰ ਠੋਸ ਕੜੇ, ਬਾਂਕਾਂ, ਬੋਰਾਂ ਵਾਲੀਆਂ ਖੁਖਲੀਆਂ ਅਤੇ ਝਾਂਜਰਾਂ ਪਹਿਨੀਆਂ ਜਾਂਦੀਆਂ ਹਨ। ਪੈਰ ਦੀਆਂ ਉਂਗਲਾਂ ਵਿਚ ਗੂਠੜੇ, ਬਿਛੂਏ ਤੇ ਛੱਲੇ ਛੱਲੀਆਂ ਪਹਿਨੇ ਜਾਂਦੇ ਹਨ। ਬੱਚਿਆਂ ਦੇ ਗਿੱਟਿਆਂ ਵਿਚ ਪੌਟੇ (ਸਫਾਲੇ) ਪਹਿਨਾਏ ਜਾਂਦੇ ਸਨ।

ਮਰਦ ਬਹੁਤ ਘੱਟ ਗਹਿਣੇ ਪਹਿਨਦੇ ਸਨ। ਮੁਸਲਮਾਨ ਕੜਿਆਂ ਤੋਂ ਬਿਨਾ ਕੋਈ ਕਹਿਣਾ ਨਹੀਂ ਪਹਿਨਦੇ। ਬਾਕੀ ਜ਼ਾਤਾਂ ਦੇ ਮਰਦ, ਕੰਠਾ, ਮਾਲਾ, ਤਵੀਤੜੀਆਂ, ਕੰਗਣ, ਵਾਲੇ, ਨੱਤੀਆਂ, ਮੁੰਦਰਾਂ ਅਤੇ ਛਾਪਾਂ ਪਹਿਨਦੇ ਸਨ। ਅਜੋਕੇ ਸਮੇਂ ਵਿਚ ਮਰਦ ਬਹੁਤ ਘੱਟ ਗਹਿਣੇ ਪਹਿਨਦੇ ਹਨ। ਬਾਗੜੀ ਔਰਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਾਤਾਂ ਦੀਆਂ ਔਰਤਾਂ ਵੀ ਲਗਭਗ ਤਿੰਨ-ਚੌਥਾਈ ਗਹਿਣੇ ਪਹਿਨਣਾ ਛੱਡ ਗਈਆਂ ਹਨ।

ਪੱਛਮੀ ਪੰਜਾਬ ਦੇ ਲੋਕ ਵੀ ਕੇਂਦਰੀ-ਪੰਜਾਬ ਨਾਲ ਮਿਲਦੇ ਜੁਲਦੇ ਗਹਿਣੇ ਪਹਿਨਦੇ ਹਨ। ਹਰਿਆਣੇ ਦੇ ਮਰਦ ਮੇਲੇ ਜਾਂ ਤਿਉਹਾਰ ਸਮੇਂ ਕੰਨਾ ਵਿਚ ਗੋਖੜੂ, ਬਾਹਾਂ ਵਿਚ ਕੰਗਣ ਜਾਂ ਤੋਦਰ, ਗਲ ਵਿਚ ਮਾਲਾ ਜਾਂ ਕੰਠਾ ਅਤੇ ਉਂਗਲਾਂ ਵਿਚ ਅੰਗੂਠੀ ਪਹਿਨਦੇ ਹਨ। ਮੁੰਡੇ ਚਾਂਦੀ ਦੀ ਤੜਾਗੀ ਅਤੇ ਕੰਨਾਂ ਵਿਚ ਮੁਰਕੀਆਂ, ਸੱਜੇ ਗਿੱਟੇ ਉੱਪਰ ਚਾਂਦੀ ਦਾ ਕੜਾ ਵੀ ਪਹਿਨਦੇ ਸਨ। ਨੰਬਰਦਾਰ ਮੋਹਰ ਵਾਲੀ ਮੁਰਕੀ ਪਹਿਨਦੇ ਹਨ। ਹਰਿਆਣੇ ਦੀਆਂ ਔਰਤਾਂ ਸੱਗੀ ਦੀਆਂ ਕੌਡੀਆਂ ਦੀ ਪਟੜੀ, ਕੰਨ ਦੀ ਪੇਪੜੀ ਵਿਚ ਸਾਦਾ ਬੁਜਨੀ (ਸਟੱਡ) ਤੇ ਡਾਂਡਾ (ਛੱਲਾ), ਨੱਕ ਵਿਚ ਨੱਥ, ਗਲ ਵਿਚ ਚੌਦਾਂ ਰੁਪਏ ਪਰੋ ਕੇ ਬਣਾਇਆ ਝਾਲਰਾ ਜਾਂ ਹੰਸਲਾ ਤੇ ਮੋਹਰਾਂ ਵਾਲਾ ਬੋਹਰ ਜਾਂ ਟਕਵਾਲਾ, ਬਾਹਾਂ ਵਿਚ ਪਛੇਲੀ, ਛੰਨ ਕੰਗਣੀ, ਚੂੜਾ, ਬਾਜੂਬੰਦ, ਬਾਜੂ-ਚੌਕ, ਬਾਜੂ ਫੁੱਲ, ਤੇ ਟਾਡ ਅਤੇ ਜ਼ੰਜੀਰੀ ਪਹਿਨਦੀਆਂ ਹਨ।

ਕਾਂਗੜੇ ਦੀਆਂ ਇਸਤਰੀਆਂ ਨੱਥ, ਵਾਲੇ ਅਤੇ ਝੁਮਕੇ ਪਹਿਨਦੀਆਂ ਹਨ। ਸਿਰ ਉੱਪਰ ਚੌਕ ਅਤੇ ਮੱਥੇ ਤੇ ਬਿੰਦੀ, ਨੱਕ ਵਿਚ ਚੁਟਕੀ, ਬੁਲਾਕ ਲਟਕਣ ਜਾਂ ਬਾਲੂ, ਗਲ ਵਿਚ ਮਾਲਾ ਤੇ ਚੰਪਾਕਲੀ ਤੇ ਚੂੜਾ, ਅੰਗੂਠੇ ਵਿਚ ਆਰਸੀ ਅਤੇ ਉਂਗਲ ਵਿਚ ਛੱਲੇ ਵੀ ਪਹਿਨਦੀਆਂ ਹਨ। ਮਰਦ ਵੀ ਕੰਠੇ, ਕੰਗਣ, ਬਾਲਾ (ਮੁਰਕੀ), ਛੱਲਾ ਅਤੇ ਮਾਲਾ ਪਹਿਨਦੇ ਹਨ।

ਦੰਦਾਂ ਉੱਤੇ ਸੋਨੇ ਦਾ ਖੋਲ ਜਾਂ ਦੰਦ ਵਿਚ ਸੋਨੇ ਦੀ ਮੇਖ ਜੜਾਉਣ ਨੂੰ ਵੀ ਸ਼ਿੰਗਾਰ ਸਮਝਿਆ ਜਾਂਦਾ ਹੈ। ਪੰਜਾਬ ਦੇ ਗਹਿਣੇ ਸੋਨੇ ਅਤੇ ਚਾਂਦੀ ਦੇ ਹੁੰਦੇ ਹਨ। ਇਨ੍ਹਾਂ ਵਿਚ ਹੀਰੇ ਮੋਤੀ ਅਤੇ ਨਗ ਜੜ੍ਹੇ ਹੁੰਦੇ ਹਨ। ਸ਼ੀਸ਼ੇ ਜੜ੍ਹੇ ਲਾਖ ਦੇ ਕੜੇ ਵੀ ਕਈ ਥਾਵਾਂ ਤੇ ਪਹਿਨੇ ਜਾਂਦੇ ਹਨ। ਮਹਿੰਜੋਦੜੋ ਅਤੇ ਹੜੱਪਾ ਦੀ ਖੁਦਾਈ ਵਿਚੋਂ ਮਿਲੇ ਗਹਿਣੇ ਇਸ ਤੱਥ ਦਾ ਪ੍ਰਮਾਣ ਹਨ ਕਿ ਸ਼ੀਸ਼ੇ ਤੇ ਲਾਖ ਦੇ ਗਹਿਣੇ ਸਿੰਧ-ਘਾਟੀ ਦੀ ਸਭਿਅਤਾ ਵਿਚ ਪ੍ਰਚਲਿਤ ਸਨ। ਹਾਥੀ ਦੰਦ ਅਤੇ ਘੋਗੇ ਵੀ ਆਮ ਵਰਤੇ ਜਾਂਦੇ ਹਨ। ਪੱਥਰ, ਸ਼ੀਸ਼ੇ, ਧਾਤ ਅਤੇ ਲੱਕੜੀ ਦੇ ਵਰਤੇ ਜਾਣ ਵਾਲੇ ਮੋਤੀ ਪੰਜਾਬ ਨੂੰ ਬਾਬਲ, ਮਿਸਰ, ਈਰਾਨ ਤੇ ਮੁਗ਼ਲ ਕਾਲ ਦੀ ਭਾਰਤੀ ਸਭਿਅਤਾ ਨਾਲ ਜੋੜਦੇ ਹਨ। ਅਜੋਕੇ ਸਮੇਂ ਵਿਚ ਗਹਿਣਿਆਂ ਦੀ ਵਰਤੋਂ ਘੱਟ ਗਈ ਹੈ। ਮਹਿੰਗਾਈ ਕਾਰਨ ਸੋਨੇ-ਚਾਂਦੀ ਦੇ ਗਹਿਣੇ ਘੱਟ ਪਹਿਨੇ ਜਾਂਦੇ ਹਨ। ਸੁਨਿਆਰਾਂ ਦੀਆਂ ਹੱਥ ਘੜਤਾਂ ਦੀ ਥਾਂ ਮਸ਼ੀਨੀ ਘੜਤਾਂ ਨੇ ਲੈ ਲਈ ਹੈ। ਇਸਤਰੀਆਂ ਤੇ ਮਰਦ ਇਨ੍ਹਾਂ ਸਭ ਸਮੱਸਿਆਵਾਂ ਦੇ ਬਾਵਜੂਦ ਸ਼ਿੰਗਾਰ ਲਈ ਗਹਿਣੇ ਪਹਿਨਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-22-33, ਹਵਾਲੇ/ਟਿੱਪਣੀਆਂ: ਹ. ਪੁ. -ਪੰ. -ਰੰਧਾਵਾ : 96.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.