ਗਿੱਲ ਲਛਮਣ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਿੱਲ, ਲਛਮਣ ਸਿੰਘ : ਪੰਜਾਬ ਦੇ ਇਸ ਪ੍ਰਸਿੱਧ ਮੁੱਖ ਮੰਤਰੀ, ਉਚ ਕੋਟੀ ਦੇ ਸਿਆਸਤਦਾਨ, ਸਖ਼ਤ ਪ੍ਰਬੰਧਕ ਅਤੇ ਪੰਜਾਬੀ ਭਾਸ਼ਾ ਦੇ ਵੱਡੇ ਮੁੱਦਈ ਦਾ ਜਨਮ 18 ਜੂਨ, 1917 ਨੂੰ ਹੋਇਆ। ਇਹ ਕਈ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਤੇ ਸੰਨ 1937 ਤੋਂ ਕੇਂਦਰੀ ਨਿਰਮਾਣ ਵਿਭਾਗ ਦਾ ਸਰਕਾਰੀ ਠੇਕੇਦਾਰ ਰਿਹਾ। ਅਖੀਰ ਠੇਕੇਦਾਰੀ ਦਾ ਕੰਮ ਛੱਡ ਕੇ ਇਹ ਪੰਜਾਬ ਦੇ ਸਿਆਸੀ ਮੈਦਾਨ ਵਿਚ ਆ ਨਿੱਤਰਿਆ। ਸੰਨ 1962 ਦੀਆਂ ਆਮ ਚੋਣਾਂ ਵਿਚ ਇਹ ਅਕਾਲੀ ਟਿਕਟ ਤੇ ਜਗਰਾਓਂ ਚੋਣ-ਖੇਤਰ ਤੋਂ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ। ਇਸ ਤੋਂ ਪਿਛੋਂ 1967 ਦੀਆਂ ਆਮ ਚੋਣਾਂ ਵਿਚ ਅਕਾਲੀ ਦਲ (ਸੰਤ) ਵੱਲੋਂ ਧਰਮ ਕੋਟ ਚੋਣ ਖੇਤਰ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਲੜੀ ਅਤੇ ਦੂਸਰੀ ਵਾਰ ਫਿਰ ਚੁਣ ਲਿਆ ਗਿਆ। ਸੰਨ 1967 ਦੀਆਂ ਚੋਣਾਂ ਦੇ ਨਤੀਜੇ ਵਜੋਂ 8 ਮਾਰਚ, 1967 ਨੂੰ ਪੰਜਾਬ ਵਿਚ ਯੂਨਾਇਟੀਡ ਫਰੰਟ ਗੋਰਮਿੰਟ ਬਣੀ ਅਤੇ ਸ਼ਿਰੋਮਣੀ ਅਕਾਲੀ ਦਲ (ਸੰਤ ਫਤਹਿ ਸਿੰਘ ਗਰੁੱਪ) ਦਾ ਨੇਤਾ ਸਰਦਾਰ ਗੁਰਨਾਮ ਸਿੰਘ ਪੰਜਾਬ ਦਾ ਮੁੱਖ-ਮੰਤਰੀ ਬਣਿਆ। ਗੁਰਨਾਮ ਸਿੰਘ ਵਜ਼ਾਰਤ ਵਿਚ ਇਹ ਸਿੰਜਾਈ ਅਤੇ ਬਿਜਲੀ ਦਿਹਾਤੀ, ਬਿਜਲੀਕਰਨ, ਸ਼ਹਿਰੀ ਤੇ ਦਿਹਾਤੀ-ਯੋਜਨਾਬੰਦੀ, ਸ਼ਹਿਰੀ ਮਿਲਖਾਂ, ਸਿੱਖਿਆ ਤੇ ਭਾਸ਼ਾ ਆਦਿ ਮੰਤਰੀ ਬਣਿਆ। ਇਸ ਅਹੁਦੇ ਤੇ ਰਹਿੰਦੀਆਂ ਇਸ ਦੇ ਆਪਣੇ ਅਕਾਲੀ ਹਾਈ ਕਮਾਂਡ ਤੇ ਮੁੱਖ ਮੰਤਰੀ ਨਾਲ ਮਤ-ਭੇਦ ਹੋ ਗਏ।

          ਵਿਰੋਧੀ ਪਾਰਟੀ ਕਾਂਗਰਸ ਨਾਲ ਨਵੀਂ ਵਜ਼ਾਰਤ ਬਣਾਉਣ ਸਬੰਧੀ ਇਹ ਅੰਦਰੋ-ਅੰਦਰੀ ਗਠਜੋੜ ਕਰਨ ਲੱਗ ਪਿਆ। ਇਸ ਨੇ ਅਕਾਲੀ ਪਾਰਟੀ (ਸੰਤ ਫਤਹਿ ਸਿੰਘ ਗਰੁੱਪ) ਦੇ ਥੋੜ੍ਹੇ ਜਿਹੇ ਐਮ. ਐਲ. ਏ ਅਤੇ ਕੁਝ ਹੋਰ ਐਮ. ਐਲ. ਏ. ਆਪਣੇ ਨਾਲ ਰਲਾ ਕੇ ਪੰਜਾਬ ਵਿਚ ਨਵੀਂ ਸਿਆਸੀ ਪਾਰਟੀ ‘ਜੰਤਾ ਪਾਰਟੀ’ ਦੀ ਸਥਾਪਨਾ ਕੀਤੀ ਅਤੇ ਆਪ ਇਸ ਪਾਰਟੀ ਦਾ ਪ੍ਰਧਾਨ ਬਣ ਗਿਆ। ਅਕਾਲੀ ਪਾਰਟੀ ਵਿਚੋਂ ਇਸ ਦੇ ਦਲ-ਬਦਲੀ ਕਰ ਲੈਣ ਕਰਕੇ 22 ਨਵੰਬਰ, 1967 ਨੂੰ ਗੁਰਨਾਮ ਸਿੰਘ ਦੀ ਵਜ਼ਾਰਤ ਟੁੱਟ ਗਈ। ਕਾਂਗਰਸ ਦੇ ਮੈਂਬਰਾਂ ਦੀ ਹਮਾਇਤ ਨਾਲ ਇਸ ਨੇ 25 ਨਵੰਬਰ, 1967 ਨੂੰ ਪੰਜਾਬ ਵਿਚ ਜੰਤਾ ਪਾਰਟੀ ਦੀ ਨਵੀਂ ਸਰਕਾਰ ਕਾਇਮ ਕੀਤੀ ਅਤੇ ਆਪ ਮੁੱਖ-ਮੰਤਰੀ ਬਣਿਆ। ਇਹ ਪੰਜਾਬ ਰਾਜ ਵਿਚ ਦੂਜੀ ਵਾਰ ਬਣੀ ਗੈਰਕਾਂਗਰਸੀ ਸਰਕਾਰ ਸੀ।

          ਪਹਿਲੀ ਨਵੰਬਰ 1966 ਨੂੰ ਬੋਲੀ ਦੇ ਆਧਾਰ ਤੇ ਨਵੇਂ ਇਕ-ਭਾਸ਼ੀ ਰਾਜ ਪੰਜਾਬ ਦਾ ਜਨਮ ਹੋਇਆ ਪਰ ਇਕ ਸਮੇਂ ਦੀ ਸਰਕਾਰ ਲੋੜੀਂਦਾ ਰਾਜ-ਭਾਸ਼ਾ ਐਕਟ ਬਣਾਉਣ ਦਾ ਹੀਆ ਨਾ ਕਰ ਸਕੀ ਅਤੇ ਪੰਜਾਬ ਰਾਜ ਦੀ ਮਾਤ-ਭਾਸ਼ਾ ਪੰਜਾਬੀ ਨੂੰ ਰਾਜ ਦੀ ਇਕੋ ਇਕ ਭਾਸ਼ਾ ਕਰਾਰ ਨਾ ਕਰਵਾ ਸਕੀ। ਗਿੱਲ ਸਰਕਾਰ ਨੇ ਇਸ ਇਤਿਹਾਸਕ ਕੰਮ ਨੂੰ ਨੇਪਰੇ ਚਾੜ੍ਹਨ ਦਾ ਬੀੜਾ ਚੁੱਕਿਆ। ਇਸ ਨੇ ਵਿਧਾਨ ਸਭਾ ਵਿਚ ਆਪ ਹੀ ਭਾਸ਼ਾ-ਬਿੱਲ ਪੇਸ਼ ਕੀਤਾ ਅਤੇ ਬੜੀ ਸੁਚੱਜਤਾ ਅਤੇ ਸਿਆਣਪ ਨਾਲ ਦੋਹਾਂ ਸਦਨਾ ਦੇ ਇਜਲਾਸਾਂ ਵਿਚੋਂ ਸਰਬ-ਸੰਮਤੀ ਨਾਲ ਪਾਸ ਕਰਵਾਉਣ ਦਾ ਮਾਣ ਪ੍ਰਾਪਤ ਕੀਤਾ। 29 ਦਸੰਬਰ, 1967 ਵਾਲੇ ਦਿਨ ਇਸ ਐਕਟ ਨੂੰ ਪੰਜਾਬ ਦੇ ਰਾਜ ਪਾਲ ਦੀ ਪ੍ਰਵਾਨਗੀ ਪ੍ਰਾਪਤ ਹੋਈ। ਇਸ ਤਰ੍ਹਾਂ ਪੰਜਾਬੀ ਦੇ ਪਿਆਰਿਆਂ ਨੂੰ ਇਕ ਹਜ਼ਾਰ ਸਾਲ ਤੋਂ ਚੱਲੀ ਆ ਰਹੀ ਲੰਬੀ ਲੜਾਈ ਪਿਛੋਂ ਵੱਡੀ ਫਤਹਿ ਪ੍ਰਾਪਤ ਹੋਈ।

          ਪੰਜਾਬ ਸਰਕਾਰ ਨੇ 1 ਜਨਵਰੀ, 1968 ਤੋਂ ਜ਼ਿਲ੍ਹਾ ਪੱਧਰ ਤੇ ਪੰਜਾਬੀ ਲਾਗੂ ਕਰਨੀ ਸ਼ੁਰੂ ਕਰ ਦਿੱਤੀ। 14 ਜਨਵਰੀ, 1968 ਨੂੰ ਪੰਜਾਬੀ ਸਰਕਾਰੀ ਭਾਸ਼ਾ ਬਣਾਉਣ ਦਾ ਦਿਨ ਮਨਾਇਆ ਗਿਆ। ਐਪਰ 13 ਅਪ੍ਰੈਲ, 1968 ਨੂੰ ਵਿਸਾਖੀ ਵਾਲੇ ਦਿਹਾੜੇ ਤੇ ਪੰਜਾਬ ਵਿਚ ਸਾਰਾ ਸਰਕਾਰੀ ਕੰਮ-ਕਾਜ ਪੰਜਾਬੀ ਮਾਤ-ਭਾਸ਼ਾ ਵਿਚ ਸ਼ੁਰੂ ਕੀਤਾ। ਇਸ ਤਰ੍ਹਾਂ ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ ਦੇ ਸਿਰ ਤੇ ਮੁਕਟ ਰੱਖਣ ਦਾ ਸਿਹਰਾ ਇਸ ਦੇ ਸਿਰ ਬੱਝਾ।

          ਆਪਣੇ ਅਲਪਕਾਲੀ ਰਾਜ ਵਿਚ ਇਸ ਦੀ ਕਾਂਗਰਸ ਪਾਰਟੀ ਨਾਲ ਵੀ ਅਣਬਣ ਹੋ ਗਈ। ਆਪਣੇ ਭਾਸ਼ਣਾਂ ਵਿਚ ਇਹ ‘ਗਿੱਲ ਜਾਂ ਨਿਲ’ ਦੇ ਸ਼ਬਦ ਅਕਸਰ ਕਹਿਣ ਲੱਗ ਪਿਆ। 20 ਅਗਸਤ, 1968 ਨੂੰ ਕਾਂਗਰਸ ਪਾਰਟੀ ਨੇ ਆਪਣੀ ਹਮਾਇਤ ਵਾਪਸ ਲੈ ਲਈ ਜਿਸ ਨਤੀਜੇ ਵਜੋਂ 21 ਅਗਸਤ, 1968 ਨੂੰ ਗਿੱਲ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ। 23 ਅਗਸਤ 1968 ਨੂੰ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋ ਗਿਆ। ਇਸ ਦੇ ਕਹੇ ਸ਼ਬਦ ਹੂਬਹੂ ਠੀਕ ਉੱਤਰੇ।

          ਇਸ ਨੇ ਆਪਣੇ ਅਲਪਕਾਲੀ ਰਾਜ-ਕਾਲ (ਲਗਭਗ ਨੌਂ ਮਹੀਨੇ) ਦੌਰਾਨ ਦਿਹਾਤੀ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਸਰਬਪੱਖੀ ਸਹੂਲਤਾਂ ਮੁਹੱਈਆ ਕੀਤੀਆਂ। ਇਸ ਨੇ ਖੁਲ੍ਹੇ ਦਰਬਾਰ ਲਾਏ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਦੁੱਖ ਤਕਲੀਫ਼ਾਂ ਮੌਕੇ ਤੇ ਸੁਣੀਆਂ। ਉਨ੍ਹਾਂ ਨੂੰ ਦੂਰ ਕਰਨ ਲਈ ਉਸੇ ਸਮੇਂ ਹੁਕਮ ਜਾਰੀ ਕੀਤੇ। ਇਸ ਤੋਂ ਇਲਾਵਾ ਇਸਨੇ ਕਈ ਹੋਰ ਮਹੱਤਵਪੂਰਨ ਕੰਮ ਵੀ ਕੀਤੇ। ਪਿੰਡ ਪਿੰਡ ਨੂੰ ਸੜਕਾਂ ਨਾਲ ਮਿਲਾ ਦਿੱਤਾ, ਕਿਸਾਨਾਂ ਲਈ ਬਿਜਲੀ ਦੇ ਫ਼ਲੈਟ ਰੇਟ ਲਾਗੂ ਕੀਤੇ ਅਤੇ ਮੰਡੀਆਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਸਹੀ ਸਲਾਮਤ ਤੇ ਚੰਗੀ ਦਰ ਤੇ ਵੇਚਣ ਦੀਆਂ ਸਹੂਲਤਾਂ ਮੁਹੱਈਆਂ ਕੀਤੀਆਂ। ਭਾਵੇਂ ਗਿੱਲ ਦੀ ਵਜ਼ਾਰਤਾ ਤਾਂ ਗਿਣਵੇਂ ਅੱਠ-ਨੌਂ ਮਹੀਨੇ ਹੀ ਚੱਲੀ ਪਰ ਪੰਜਾਬ ਤੇ ਮੁੱਖ ਮੰਤਰੀਆਂ ਵਿਚ ਲਛਮਣ ਸਿੰਘ ਗਿੱਲ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।

          ਹ. ਪੁ.––ਟਾਈਮਜ਼. ਆਫ. ਇੰਡੀਆ ਡਾਇਰੈਕਟਰੀ ਐਂਡ ਯੀਅਰ ਬੁੱਕ–1968.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗਿੱਲ ਲਛਮਣ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਿੱਲ, ਲਛਮਣ ਸਿੰਘ  : ਪੰਜਾਬ ਦੇ ਇਸ ਸਾਬਕਾ ਮੁੱਖਮੰਤਰੀ, ਉੱਚ-ਕੋਟੀ ਦੇ ਸਿਆਸਤਦਾਨ, ਸੁਯੋਗ ਪ੍ਰਬੰਧਕ ਅਤੇ ਪੰਜਾਬੀ ਭਾਸ਼ਾ ਦੇ ਮੁਦੱਈ ਦਾ ਜਨਮ ਮੋਗੇ ਜ਼ਿਲ੍ਹੇ ਦੇ ਪਿੰਡ ਚੂਹੜ ਚੱਕ ਵਿਖੇ 18 ਜੂਨ, 1917 ਨੂੰ ਇਕ ਰੱਜੇ ਪੁੱਜੇ ਜੱਟ ਸਿੱਖ ਪਰਿਵਾਰ ਵਿਚ ਹੋਇਆ। ਇਹ ਬਚਪਨ ਤੋਂ ਹੀ ਖਾੜਕੂ ਸੁਭਾਅ ਦਾ ਸੀ। ਜਦ ਇਹ ਰਾਧਾ ਕ੍ਰਿਸ਼ਨਨ ਹਾਈ ਸਕੂਲ, ਜਗਰਾਉਂ ਵਿਚ ਨੌਵੀਂ ਦਾ ਵਿਦਿਆਰਥੀ ਸੀ ਤਾਂ ਇਸ ਨੇ ਲਾਲਾ ਲਾਜਪਤ ਰਾਇ ਦੇ ਸ਼ਹੀਦੀ ਦਿਵਸ ਤੇ ਇਕ ਬਹੁਤ ਭੜਕੀਲੀ ਤਕਰੀਰ ਕੀਤੀ ਜਿਸ ਕਾਰਨ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕਾਲਜ ਦੀ ਵਿਦਿਆ ਪੂਰੀ ਕਰਨ ਤੋਂ ਬਾਅਦ ਜਦ ਇਹ ਕਿਸੇ ਅੰਗਰੇਜ਼ ਸਿਵਲ ਅਧਿਕਾਰੀ ਕੋਲ ਨੌਕਰੀ ਲਈ ਇੰਟਰਵਿਊ ਦੇ ਰਿਹਾ ਸੀ ਤਾਂ ਭਾਰਤੀ ਨੇਤਾਵਾਂ ਦੀ ਨੁਕਤਾਚੀਨੀ ਨੁੂੰ ਨਾ ਸਹਾਰਦੇ ਹੋਏ ਇਹ ਇੰਟਰਵਿਊ ਵਿਚੋਂ ਉਠ ਕੇ ਬਾਹਰ ਆ ਗਿਆ।

ਇਹ 1937 ਈ. ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ। ਉਸ ਸਮੇਂ ਇਹ ਠੇਕੇਦਾਰ ਦਾ ਕੰਮ ਕਰਦਾ ਸੀ। ਆਜ਼ਾਦੀ ਅੰਦੋਲਨ ਦੌਰਾਨ ਇਹ ਤਿੰਨ ਵਾਰੀ ਜੇਲ੍ਹ ਗਿਆ।

ਦੇਸ਼-ਵੰਡ ਸਮੇਂ ਇਸ ਨੇ ਸੈਂਕੜੇ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ। ਇਹ ਕਈ ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਜੋ ਉਸ ਵੇਲੇ ਪੰਜਾਬ ਅਤੇ ਦਿੱਲੀ ਵਿਚ ਸਰਗਰਮ ਸਨ ਨਾਲ ਵੀ ਸਬੰਧਤ ਸੀ। ਇਹ ਕੁਝ ਸਮਾਂ ਪੋਸਟ ਅਤੇ ਟੈਲੀਗ੍ਰਾਫ਼ ਕਾਮਿਆਂ ਦੀ ਯੂਨੀਅਨ ਦੀ ਦਿੱਲੀ ਇਕਾਈ ਦਾ ਵੀ ਮੁਖੀ ਰਿਹਾ। ਇਹ ਸੋਸ਼ਲਿਸਟ ਪਾਰਟੀ ਦਾ ਸਰਗਰਮ ਮੈਂਬਰ ਅਤੇ ਐਂਟੀ ਕਮਿਊਨਲ ਅਤੇ ਐਂਟੀ-ਕੁਰਪਸ਼ਨ ਬੋਰਡ ਦਾ ਵੀ ਮੈਂਬਰ ਰਿਹਾ। ਇਸ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਸੇਵਾ ਕੀਤੀ। ਇਹ ਚੈਰੀਟੇਬਲ ਅਤੇ ਵਲੰਟਰੀ ਸੰਸਥਾਵਾਂ ਨੂੰ ਖੁਲ੍ਹਦਿਲੀ ਨਾਲ ਸਹਿਯੋਗ ਦਿੰਦਾ ਰਿਹਾ। ਇਸ ਨੇ ਬਹੁਤ ਸਾਰੇ ਕਾਲਜ ਅਤੇ ਸਕੂਲ ਬਣਾਉਣ ਵਿਚ ਵਧ ਚੜ੍ਹ ਕੇ ਹਿੱਸਾ ਲਿਆ।

ਸੰਨ 1962 ਦੀਆਂ ਆਮ ਚੋਣਾਂ ਵਿਚ ਇਹ ਅਕਾਲੀ ਦਲ ਦੀ ਟਿਕਟ ਤੇ ਜਗਰਾਉਂ ਖੇਤਰ ਤੋਂ ਵਿਧਾਨ ਸਭਾ ਦੇ ਮੈਂਬਰ ਚੁਣਿਆ ਗਿਆ। ਇਸ ਤੋਂ ਬਾਅਦ 1967 ਈ. ਦੀਆਂ ਆਮ ਚੋਣਾਂ ਵਿਚ ਵੀ ਇਹ ਅਕਾਲੀ ਦਲ (ਸੰਤ) ਦੀ ਟਿਕਟ ਤੋਂ ਫ਼ਿਰ

ਵਿਧਾਨ ਸਭਾ ਲਈ ਚੁਣਿਆ ਗਿਆ। ਇਸੇ ਸਾਲ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਚੁਣਿਆ ਗਿਆ। 8 ਮਾਰਚ, 1967 ਨੂੰ ਪੰਜਾਬ ਵਿਚ ਯੂਨਾਈਟਿਡ ਫ਼ਰੰਟ ਸਰਕਾਰ (ਮੁੱਖੀ ਮੰਤਰੀ ਸ. ਗੁਰਨਾਮ ਸਿੰਘ ) ਵਿਚ ਇਹ ਸਿੰਜਾਈ, ਯੋਜਨਾਬੰਦੀ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਬਣਿਆ। ਕੁਝ ਸਮੇਂ ਉਪਰੰਤ ਉਪਰੋਕਤ ਮੰਤਰੀ ਮੰਡਲ ਅਸਥਿਰ ਹੋ ਗਿਆ ਤਾਂ ਇਸ ਦੇ ਧੜੇ ਵੱਲੋਂ ਗੁਰਨਾਮ ਸਿੰਘ ਮੁੱਖੀ ਮੰਤਰੀ ਦੀ ਹਮਾਇਤ ਨਾ ਕਰਨ ਕਾਰਨ ਸਰਕਾਰ ਟੁੱਟ ਗਈ। 22 ਨਵੰਬਰ, 1967 ਨੂੰ ਪੰਜਾਬ ਵਿਚ ਜਨਤਾ ਪਾਰਟੀ ਦੀ ਨਵੀਂ ਸਰਕਾਰ ਕਾਇਮ ਹੋਈ ਅਤੇ ਇਹ ਇਸ ਦਾ ਮੁੱਖ ਮੰਤਰੀ ਬਣਿਆ। ਇਸ ਦੇ ਰਾਜ ਕਾਲ ਵੇਲੇ ਪੰਜਾਬੀ ਬੋਲੀ ਨੂੰ ਰਾਜ ਭਾਸ਼ਾ ਬਣਨ ਦਾ ਮਾਣ ਪ੍ਰਾਪਤ ਹੋਇਆ। 29 ਦਸੰਬਰ, 1967 ਨੂੰ ਰਾਜ ਭਾਸ਼ਾ ਐਕਟ ਜੋ ਪਹਿਲਾਂ ਇਸ ਵੱਲੋਂ ਸਦਨ ਵਿਚੋਂ ਪਾਸ ਕਰਵਾਇਆ ਜਾ ਚੁੱਕਾ ਸੀ, ਨੂੰ ਰਾਜਪਾਲ ਦੀ ਪ੍ਰਵਾਨਗੀ ਪ੍ਰਾਪਤ ਹੋਈ। ਇਸ ਤਰ੍ਹਾਂ ਪੰਜਾਬ ਸਰਕਾਰ ਨੇ 1 ਜਨਵਰੀ, 1968 ਤੋਂ ਜ਼ਿਲ੍ਹਾ ਪੱਧਰ ਤੇ ਪੰਜਾਬੀ ਲਾਗੂ ਕਰ ਦਿੱਤੀ। 13 ਅਪ੍ਰੈਲ 1968 ਨੂੰ ਵਿਸਾਖੀ ਵਾਲੇ ਦਿਨ ਪੰਜਾਬ ਵਿਚ ਸਾਰਾ ਸਰਕਾਰੀ ਕੰਮ ਕਾਜ ਮਾਤ-ਭਾਸ਼ਾ ਪੰਜਾਬੀ ਵਿਚ ਸ਼ੁਰੂ ਕੀਤਾ ਗਿਆ। ਇਸ ਨੇ ਆਪਣੇ ਬਹੁਤ ਥੋੜ੍ਹੇ (ਲਗਭਗ ਨੌਂ ਮਹੀਨੇ) ਰਾਜ ਪ੍ਰਬੰਧ ਸਮੇਂ ਦਿਹਾਤੀ ਵਿਕਾਸ ਵੱਲ ਵਿਸ਼ੇਸ਼ ਜ਼ੋਰ ਦਿੱਤਾ । ਲਿੰਕ ਸੜਕਾਂ ਦਾ ਜਾਲ ਵਿਛਾਉਣਾ, ਬਿਜਲੀ ਦੇ ਫ਼ਲੈਟ ਰੇਟ, ਪੰਜਾਬੀ ਨੂੰ ਸਰਕਾਰੀ ਕੰਮ ਕਾਜਾਂ ਲਈ ਵਰਤੋਂ ਵਿਚ ਲਿਆਉਣਾ ਆਦਿ ਇਸ ਵੱਲੋਂ ਚੁਕੇ ਗਏ ਅਹਿਮ ਕਦਮ ਸਨ। 20 ਅਗਸਤ, 1968 ਨੂੰ ਕਾਂਗਰਸ ਪਾਰਟੀ ਨੇ ਗਿੱਲ ਸਰਕਾਰ ਨੂੰ ਦਿੱਤੀ ਹਮਾਇਤ ਵਾਪਸ ਲੈ ਲਈ ਜਿਸ ਦੇ ਨਤੀਜੇ ਵੱਜੋਂ 21 ਅਗਸਤ, 1968 ਨੂੰ ਇਸ ਅਸਤੀਫ਼ਾ ਦੇਣਾ ਪਿਆ।

ਸੰਨ 1969 ਵਿਚ ਇਹ ਸਵਰਗ ਸਿਧਾਰ ਗਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-00-10, ਹਵਾਲੇ/ਟਿੱਪਣੀਆਂ: ਹ. ਪੁ. –ਹੂ ਜ਼ ਹੂ (1900-1980); ਦੀ ਟਾਈਮਜ਼ ਆਫ਼ ਇੰਡੀਆ ਡਾਇਰੈਕਟਰੀ ਐਂਡ ਈਅਰ ਬੁਕ-1968

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.