ਗੁਆਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਆਰਾ (ਨਾਂ,ਪੁ) ਫਲੀਦਾਰ ਚਾਰੇ ਦੀ ਫ਼ਸਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁਆਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਆਰਾ : ਭਾਰਤ ਨੂੰ ਅਰਬ ਦੁਆਰਾ ਗੁਆਰਾ ਵਰਗੀ ਫ਼ਸਲ ਦਾ ਤੋਹਫਾ 9 ਵੀਂ ਤੋਂ 13ਵੀਂ ਸਦੀ ਵਿਚਕਾਰ ਮਿਲਿਆ ਹੋਵੇਗਾ। ਘੋੜਿਆਂ ਦੇ ਵਪਾਰ ਦੇ ਸਮੇਂ, ਜੋ ਅਰਬਾਂ ਅਤੇ ਭਾਰਤੀਆਂ ਵਿਚ ਉਸ ਸਮੇਂ ਪ੍ਰਚੱਲਤ ਸੀ, ਇਹ ਫ਼ਸਲ ਭਾਰਤ ਵਿਚ ਸ਼ਾਮਲ ਕੀਤੀ ਗਈ। ਅਰਬ ਲੋਕ ਗੁਆਰੇ ਨੂੰ ਆਪਣੇ ਘੋੜਿਆਂ ਦੇ ਦਾਣੇ ਚਾਰਨ ਵਾਸਤੇ ਰਖਿਆ ਕਰਦੇ ਸਨ। ਜੋ ਕੁਝ ਬਚ ਜਾਇਆ ਕਰਦਾ ਸੀ, ਉਸ ਨੂੰ ਉਹ ਬੀਜ ਵਜੋਂ ਵਰਤਦੇ ਸਨ। ਉਨ੍ਹਾਂ ਸਮਿਆਂ ਵਿਚ ਗੁਆਰਾ ਇਕ ਸਬਜ਼ੀ ਵਜੋਂ ਦੱਖਣੀ ਭਾਰਤ, ਬਰਮਾ ਅਤੇ ਲੰਕਾ ਵਿਚ ਬੀਜਿਆ ਜਾਂਦਾ ਸੀ।
ਗੁਆਰਾ (‘Cyamopsis tetragonoloba’) ਇਕ ਝਾੜੀਨੁਮਾ, ਸਿੱਧਾ ਖੜ੍ਹਾ ਹੋਣ ਵਾਲਾ ਇਕ-ਸਾਲੀ ਪੌਦਾ ਹੈ ਅਤੇ ਇਹ ਖੁਸ਼ਕ ਜਾਂ ਅਰਧ-ਖੁਸ਼ਕ ਹਾਲਤਾਂ ਵਿਚ ਬਹੁਤ ਚੰਗੀ ਤਰ੍ਹਾਂ ਉਗ ਸਕਦਾ ਹੈ। ਆਮ ਕਰਕੇ ਇਸ ਦੀ ਕਾਸ਼ਤ ਰੇਤਲੀ ਮੈਰਾ ਜ਼ਮੀਨ ਤੇ ਕੀਤੀ ਜਾਂਦੀ ਹੈ ਅਤੇ ਇਹ ਫ਼ਸਲ ਕਾਫ਼ੀ ਹੱਦ ਤਕ ਜ਼ਮੀਨ ਦਾ ਤੇਜ਼ਾਬੀ ਪਣ ਸਹਿ ਸਕਦੀ ਹੈ। ਪੱਕੀ ਹੋਈ ਫ਼ਸਲ ਦੇ ਪੌਦੇ 1.5-2.5 ਮੀ. ਤਕ ਪੁਜ ਜਾਂਦੇ ਹਨ। ਇਸ ਦੀਆਂ ਸ਼ਾਖਾਵਾਂ ਵੀ ਸਿਧੀਆਂ ਹੁੰਦੀਆਂ ਹਨ ਅਤੇ ਇਹ ਚਿੱਟੇ ਜਿਹੇ ਵਾਲਾਂ ਨਾਲ ਢਕੀਆਂ ਹੋਈਆਂ ਹੁੰਦੀਆਂ ਹਨ। ਗੁਆਰੇ ਦੀਆਂ ਕੁਝ ਕਿਸਮਾਂ ਦੇ ਪੌਦਿਆਂ ਦੀਆਂ ਸ਼ਾਖਾ ਨਹੀਂ ਹੁੰਦੀਆਂ ਸਗੋਂ ਇਕ ਇਕੱਲਾ ਪੌਦਾ ਹੀ ਸਿੱਧਾ ਉਪਰ ਤਕ ਜਾਂਦਾ ਹੈ ਜਿਵੇਂ ਚਿਤਰ (1) ਵਿਚ। ਇਸ ਦਾ ਤਣਾ ਕੋਣਾਕਾਰ ਅਤੇ ਝਰੀਆਂ ਵਾਲਾ ਹੁੰਦਾ ਹੈ ਜਿਸ ਉਪਰ ਚਿੱਟੇ ਜਾਂ ਗੁਲਾਬੀ ਰੰਗ ਦੇ ਫੁੱਲ ਲਗਦੇ ਹਨ। ਸਵੈ-ਪਰਾਗਣ ਤੋਂ ਬਾਅਦ ਫੁੱਲ ਕੁਝ ਕਸੀਆਂ ਹੋੲਆਂ ਲੰਬੀਆਂ ਸਿਧੀਆਂ ਫਲੀਆਂ ਵਿਚ ਬਦਲ ਜਾਂਦੇ ਹਨ। ਇਹ ਫਲੀਆਂ 9 ਸੈਂ. ਮੀ. ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ 5-12 ਤਕ ਚਿੱਟੇ ਤੋਂ ਸਲੇਟੀ ਜਾਂ ਕਾਲੇ ਰੰਗ ਦੇ ਬੀਜ ਹੁੰਦੇ ਹਨ। ਖੁਸ਼ਕ ਹਾਲਤਾਂ ਵਿਚ ਇਕ ਹੈਕਟੇਅਰ ਲਈ 10 ਤੋਂ 25 ਕਿ. ਗ੍ਰਾ ਬੀਜ ਦੀ ਲੋੜ ਪੈਂਦੀ ਹੈ। ਉੱਤਰੀ ਭਾਰਤ ਵਿਚ ਜਿਥੇ ਇਸ ਨੂੰ ਹੋਰ ਫਲੀਦਾਰ ਫ਼ਸਲਾਂ ਤੋਂ ਪਹਿਲ ਦਿਤੀ ਜਾਂਦੀ ਹੈ, ਇਹ ਤਿੰਨ ਮਹੀਨਿਆਂ ਵਿਚ ਹੀ ਪੱਕ ਜਾਂਦੀ ਹੈ।
ਆਰਥਕ ਮਹੱਤਤਾ––ਇਸ ਫਸਲ ਦੀ ਬਹੁਤ ਆਰਥਕ ਮਹੱਤਤਾ ਹੈ। ਅਮਰੀਕਨ ਲੋਕਾਂ ਨੇ ਇਸ ਦੀ ਮਹੱਤਤਾ ਦੂਜੀ ਸੰਸਾਰ ਜੰਗ ਦੌਰਾਨ ਮਹਿਸੂਸ ਕੀਤੀ। ਇਸ ਜੰਗ ਦੌਰਾਨ ਰੂਮ ਸਾਗਰ ਦੇ ਰਸਤੇ ਕੈਰੋਬ ਦੀ ਆਮਦ ਬੰਦ ਹੋ ਗਈ ਤਾਂ ਇਸ ਦੇ ਬਦਲ ਦੀ ਖੋਜ ਸ਼ੁਰੂ ਹੋਈ ਜੋ ਕਿਸੇ ਘਰੇਲੂ ਸੋਮੇਂ ਤੋਂ ਹੀ ਪ੍ਰਾਪਤ ਹੋ ਸਕਦੀ ਹੁੰਦੀ ਅਤੇ ਇਸ ਤੋਂ ਕੈਰੋਬ ਗੂੰਦ ਦਾ ਬਦਲ ਬਣ ਸਕਦਾ ਹੁੰਦਾ। ਸੰਨ 1949 ਵਿਚ ਇਕ ਅਮਰੀਕਨ ਸਾਇੰਸਦਾਨ ਈ. ਐਂਡਰਸਨ ਨੇ ਇਸ ਦਾ ਬਦਲ ਪੈਦਾ ਕਰ ਵਿਖਾਇਆ ਅਤੇ ਗੁਆਰੇ ਦੇ ਪੌਦੇ ਦੇ ਬੀਜਾਂ ਤੋਂ ਇਹ ਗੂੰਦ ਤਿਆਰ ਕਰ ਕੇ ਵਿਖਾਈ। ਇਹ ਪੌਦਾ ਭਾਰਤ ਤੋਂ ਅਮਰੀਕਾ ਵਿਚ 1906 ਵਿਚ ਦਾਖ਼ਲ ਕੀਤਾ ਗਿਆ।
ਫਿਰ ਇਸ ਗੱਲ ਦਾ ਪਤਾ ਲਗਾਇਆ ਗਿਆ ਕਿ ਗੁਆਰੇ ਦੇ ਹਰੇਕ ਬੀਜ ਤੋਂ, ਵਪਾਰ ਸੋਮੇ ਜਿਨ੍ਹਾਂ ਵਿਚ ਕੈਰੋਬ ਗੂੰਦ ਵੀ ਸ਼ਾਮਲ ਸੀ, 15-20 ਪ੍ਰਤਿਸ਼ਤ ਜ਼ਿਆਦਾ ਅਤੇ ਚੰਗੀ ਕਿਸਮ ਦੀ ਜ਼ਿਆਦਾ ਗੂੰਦ ਪ੍ਰਾਪਤ ਹੁੰਦੀ ਹੈ। ਅੱਜਕਲ੍ਹ ਸੰਯੁਕਤ ਰਾਜ ਅਮਰੀਕਾ ਦੇ ਉਦਯੋਗ ਦੀ ਸਥਾਨਕ ਪੈਦਾਵਾਰ ਤੋਂ ਕੋਈ 10 ਗੁਣਾਂ ਜ਼ਿਆਦਾ ਦੀ ਲੋੜ ਹੈ। ਇਹ ਘਾਟਾ ਬਾਹਰਲੇ ਦੇਸ਼ਾਂ ਵਿਚੋਂ ਗੁਆਰਾ ਮੰਗਵਾ ਕੇ ਪੂਰਾ ਕੀਤਾ ਜਾਂਦਾ ਹੈ। ਭਾਰਤ ਹਰ ਸਾਲ ਲਗਭਗ 15 ਕਰੋੜ ਰੁਪਏ ਦਾ ਗੁਆਰਾ ਬਾਹਰਲੇ ਦੇਸ਼ਾਂ ਨੂੰ ਭੇਜਦਾ ਹੈ ; ਸਭ ਤੋਂ ਜ਼ਿਆਦਾ ਗੁਆਰਾ ਅਮਰੀਕਾ ਨੂੰ ਭੇਜਿਆ ਜਾਂਦਾ ਹੈ। ਭਾਰਤ ਵਿਚ ਗੁਆਰਾ ਬੀਜਣ ਵਾਲੇ ਰਾਜਾਂ ਵਿਚੋਂ ਰਾਜਸਥਾਨ ਸਭ ਤੋਂ ਅੱਗੇ ਹੈ।
ਗੁਆਰੇ ਦੀ ਵਰਤੋਂ––ਗੁਆਰੇ ਤੋਂ ਨਾਂ ਕੇਵਲ ਗੂੰਦ ਹੀ ਮਿਲਦੀ ਹੈ ਸਗੋਂ ਇਸ ਦੀ ਕਈ ਹੋਰ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਮਨੁੱਖੀ ਖ਼ੁਰਾਕ, ਦਵਾਈਆਂ, ਪਸ਼ੂਆਂ ਦੀ ਖੁਰਾਕ, ਫਸਲ ਅਤੇ ਭੋਂ ਸੁਧਾਰ ਆਦਿ ਕੰਮਾਂ ਲਈ ਵੀ ਕੀਤੀ ਜਾਂਦੀ ਹੈ।
ਮਨੁੱਖੀ ਵਰਤੋਂ ਲਈ ਅਣ-ਪੱਕੀਆਂ ਹੋਈਆਂ ਫਲੀਆਂ ਨੂੰ ਸੁਕਾ ਕੇ ਲੂਣ ਲਗਾ ਕੇ ਵਰਤੋਂ ਲਈ ਸਾਂਭ ਲਿਆ ਜਾਂਦਾ ਹੈ। ਇਨ੍ਹਾਂ ਨੂੰ ਸੁਕਾ ਕੇ ਆਲੂ-ਚਿਪਸ ਵਾਂਗ ਵੀ ਤਲ ਲਿਆ ਜਾਂਦਾ ਹੈ। ਹਰੀਆਂ ਫਲੀਆਂ ਨੂੰ ਫਰਾਂਸ-ਬੀਨ ਵਾਂਗ ਹੀ ਸਬਜ਼ੀ ਵਿਚ ਵਰਤ ਲਿਆ ਜਾਂਦਾ ਹੈ।
ਪੌਦਿਆਂ ਨੂੰ ਕੱਟ ਕੇ ਪਸ਼ੂਆਂ ਨੂੰ ਚਾਰ ਦਿਤਾ ਜਾਂਦਾ ਹੈ। ਇਨ੍ਹਾਂ ਪੌਦਿਆਂ ਵਿਚ ਪ੍ਰੋਟੀਨ ਕਾਫ਼ੀ ਮਾਤਰਾ (16%) ਵਿਚ ਹੁੰਦੀ ਹੈ। ਫ਼ਲੀਆਂ ਨੂੰ ਇਕ ਵੱਡੇ ਸਾਰੇ ਬਰਤਨ ਵਿਚ ਉਬਾਲ ਕੇ ਵੀ ਪਸ਼ੂਆਂ ਨੂੰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਣਨ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਬਹੁਤ ਮਾਤਰਾ (31%) ਹੁੰਦੀ ਹੈ।
ਦਵਾਈਆਂ ਵਿਚ ਵਰਤਣ ਲਈ ਪੌਦਿਆਂ ਨੂੰ ਸਾੜ ਕੇ ਸੁਆਹ ਬਣਾ ਲਈ ਜਾਂਦੀ ਹੈ ਅਤੇ ਇਸ ਨੂੰ ਤੇਲ ਨਾਲ ਮਿਲਾਕੇ ਪਸ਼ੂਆਂ ਦੇ ਜ਼ਖ਼ਮਾਂ ਤੇ ਪੁਲਟਸ ਵਾਂਗ ਲਗਾਇਆ ਜਾਂਦਾ ਹੈ। ਬੀਜਾਂ ਦੀ ਵਰਤੋਂ ਕਾਲੀ ਮਾਤਾ ਵਿਚ ਵੀ ਕੀਤੀ ਜਾਂਦੀ ਹੈ। ਵਧੇ ਹੋਏ ਜਿਗਰ ਅਤੇ ਟੁੱਟੇ ਹੋਏ ਹੱਡਾਂ ਤੇ ਗੁਆਰੇ ਦੇ ਬੀਜਾਂ ਨੂੰ ਉਬਾਲ ਕੇ ਪੁਲਟਸ ਵਜੋਂ ਵਰਤਿਆਂ ਜਾਂਦਾ ਹੈ। ਬੀਜ ਚੰਗੇ ਦਸਤਾਵਾਰ ਵੀ ਹਨ।
ਗੁਆਰੇ ਦੇ ਪੌਦਿਆਂ ਦੀ ਵਰਤੋਂ ਅਧਰਕ ਦੇ ਬੂਟਿਆਂ ਨੂੰ ਛਾਂ ਕਰਨ ਲਈ ਅਤੇ ਇਸ ਨੂੰ ਹਰੀ ਖਾਦ ਜਾਂ ਜ਼ਮੀਨ ਢਕਣ ਵਾਲੀ ਫ਼ਸਲ ਵਜੋਂ ਵੀ ਕੀਤੀ ਜਾਂਦੀ ਹੈ। ਪੂਰੇ ਬੀਜ ਜਾਂ ਦਲੇ ਹੋਏ ਬੀਜ ਬਾਹਰ ਭੇਜੇ ਜਾਂਦੇ ਹਨ। ਬੀਜਾਂ ਦੇ ਛਿਲੜ ਅਤੇ ਬੀਜ-ਪੱਤਰ ਪਸ਼ੂਆਂ ਦੀ ਖੁਰਾਕ, ਜਿਨ੍ਹਾਂ ਵਿਚ ਪ੍ਰੋਟੀਨ ਕਾਫ਼ੀ ਮਾਤਰਾ ਵਿਚ ਹੁੰਦੀ ਹੈ ਵਜੋਂ ਦਿੱਤੇ ਜਾਂਦੇ ਹਨ। ਟਾਂਡਿਆਂ ਨੂੰ ਸੰਕਟ ਵੇਲੇ ਬਾਲਣ ਦੀ ਥਾਂ ਵਰਤਿਆਂ ਜਾਂਦਾ ਹੈ ਜਦੋਂ ਕਿ ਬਾਲਣ ਜਾਂ ਗੋਹਾ ਘਟ ਮਿਲਦਾ ਹੋਵੇ।
ਹ. ਪੁ.––ਸਾ. ਰਿ. ਮਈ. 1979 : 337
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਗੁਆਰਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਆਰਾ : ਗੁਆਰਾ ਪੰਜਾਬ ਵਿਚ ਚਾਰੇ ਦੀਆਂ ਫਲੀਦਾਰ ਮੁੱਖ ਫ਼ਸਲਾਂ ਵਿਚੋਂ ਇਕ ਹੈ ਜਿਸ ਦੀ ਬਿਜਾਈ ਰੋਪੜ, ਸੰਗਰੂਰ, ਬਠਿੰਡਾ, ਮਾਨਸਾ, ਫ਼ਰੀਦਕੋਟ, ਮੋਗਾ ਆਦਿ ਜ਼ਿਲ੍ਹਿਆਂ ਵਿਚ ਵਧੇਰੇ ਕੀਤੀ ਜਾਂਦੀ ਹੈ। ਇਹ ਫ਼ਸਲ ਸੋਕਾ ਸਹਾਰ ਸਕਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਹਾਲ ਰਖਦੀ ਹੈ। ਹਲਕੀ ਰੇਤਲੀ ਅਤੇ ਕਛਾਰੀ ਭੌਂ ਲਈ ਇਹ ਫ਼ਸਲ ਬਹੁਤ ਚੰਗੀ ਹੈ। ਵਧੇਰੇ ਨਮੀ ਅਤੇ ਸੇਮ ਵਾਲੀ ਜ਼ਮੀਨ ਇਸ ਫ਼ਸਲ ਲਈ ਲਾਭਦਾਇਕ ਨਹੀਂ। ਇਕ ਦੋ ਵਾਰ ਹਲ ਵਾਹੁਣ ਨਾਲ ਹੀ ਇਸ ਲਈ ਭੌਂ ਤਿਆਰ ਹੋ ਜਾਂਦੀ ਹੈ। ਇਸ ਦੀ ਬਿਜਾਈ 30 ਤੋਂ 45 ਸੈਂ. ਮੀ. ਦੀਆਂ ਕਤਾਰਾਂ ਤੇ 28 ਤੋਂ 45 ਕਿ. ਗ੍ਰਾ. ਪ੍ਰਤੀ ਹੈਕਟੇਅਰ ਦੀ ਦਰ ਨਾਲ ਬਰਾਬਰ ਦੀ ਮਿਕਦਾਰ ਵਿਚ ਕੀਤੀ ਜਾਂਦੀ ਹੈ। ਪੰਜਾਬ ਲਈ ਗੁਆਰਾ ਨੰ. 2 ਦੀ ਵਿਕਸਿਤ ਕਿਸਮ ਯੋਗ ਮੰਨੀ ਜਾਂਦੀ ਹੈ।
ਇਹ ਫ਼ਸਲ ਦੋ ਢਾਈ ਮਹੀਨੇ ਵਿਚ ਤਿਆਰ ਹੋ ਜਾਂਦੀ ਹੈ। ਇਸ ਦੀਆਂ ਫਲੀਆਂ ਦੀ ਸਬਜ਼ੀ ਵੀ ਬਣਾਈ ਜਾ ਸਕਦੀ ਹੈ। ਇਸ ਦਾ ਚਾਰਾ ਆਮ ਤੌਰ ਤੇ ਵਾਹੀ ਦਾ ਕੰਮ ਕਰਨ ਵਾਲੇ ਪਸ਼ੂਆਂ ਦੇ ਕੰਮ ਆਉਂਦਾ ਹੈ। ਗੁਆਰੇ ਦਾ ਬੀਜ ਘੋੜਿਆਂ ਤੋਂ ਬਿਨਾਂ ਹੋਰ ਸਾਰੇ ਪਸ਼ੂਆਂ ਨੂੰ ਵੰਡ ਦੇ ਰੂਪ ਵਿਚ ਵੀ ਖੁਆਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-05-01, ਹਵਾਲੇ/ਟਿੱਪਣੀਆਂ: ਹ. ਪੁ. -ਪ. ਇ. ਇੰ. ਪੰ. -ਡਾ. ਸ਼ਰਮਾ
ਵਿਚਾਰ / ਸੁਝਾਅ
Please Login First