ਗੁਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਣ [ਨਾਂਪੁ] ਸਿਫ਼ਤ, ਖ਼ਾਸੀਅਤ, ਵਿਸ਼ੇਸ਼ਤਾ, ਖ਼ੂਬੀ, ਵਡਿਆਈ; ਆਦਤ , ਸੁਭਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਣ (ਸੰ.। ਸੰਸਕ੍ਰਿਤ। ਇਸ ਦੇ ਧਾਤੂ ਅਰਥ ਹਨ, ੧. ਸਦਣਾ, ੨. ਸਿਖਾਉਣਾ, ੩. ਜ਼ਰਬ ਦੇਣੀ (ਵਾਧਾ ਕਰਨਾ) ੪. ਗੁਣਾਂ ਇਕ ਘਾਸ ਦਾ ਨਾਂ ਹੈ ਜਿਸ ਦੀ ਛਿੱਲ ਤੋਂ ਕਮਾਨ ਦੀ ਰੱਸੀ ਬਣਦੀ ਸੀ। ਇਸ ਤੋਂ ਆਮ ਤੌਰ ਤੇ ਸੰਸਕ੍ਰਿਤ ਵਿਚ ਗੁਣ ਦਾ ਅਰਥ ਹੈ, ਰੱਸੀ, ਤਾਗਾ) ੧. ਖੂਬੀ, ਪਰ ਗ੍ਯਾਨੀ ਜਨ ‘ਹਰਿ ਬਿਸਰਤ ਤੇਰੇ ਗੁਣ ਗਲਿਆ’ ਵਿਚ ਗੁਣਾਂ ਦਾ ਅਰਥ ਰੱਸੀ ਬੀ ਕਰ ਲਿਆ ਕਰਦੇ ਹਨ, ਕਿ ਹਰੀ ਦੇ ਬਿਸਰਨ ਨਾਲ ਤੇਰੇ ਗਲ ਵਿਚ (ਜਮਾਂ ਦੀ) ਰਸੀ ਪੈਂਦੀ ਹੈ।

੨. ਗੁਣ ਪਦ ਜਦ ਗੇਣਤੀ ਦੇ ਪਦਾਂ ਨਾਲ ਲਗੇ ਤਾਂ ਅਰਥ ਹੁੰਦਾ ਹੈ ‘ਵਾਰੀ’। ਜਿਕੁਰ ਦੁਗੁਣ, ਤ੍ਰਿਗੁਣ ਯਾ ਦੁਗੁਣਾ, ਤ੍ਰਿਗੁਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਯਾ ਹੈ ‘ਉਨ ਤੇ ਦੁਗੁਣ ਦਿੜੀ ਉਨ ਮਾਏ’।

੩. ਗਣਤ ਵਿਦ੍ਯਾ ਵਿਚ ਦੋ ਅੰਕਾਂ ਦੀ ਜ਼ਰਬ ਨੂੰ ਕਹਿੰਦੇ ਹਨ ਜਿਕੂੰ ਦੋ ਦੂਣੀ ਚਾਰ।

੪. ਫਿਰ ਇਸ ਦੇ ਅਰਥ ਹਨ, ਖਾਸੀਅਤ, ਉਹ ਹਿੱਸਾ ਹਰ ਸ਼ੈ ਦਾ ਜੋ ਉਸ ਦੀ ਪਛਾਣ ਕਰਾਵੇ ਤੇ ਹੋਰਨਾਂ ਤੋਂ ਉਸ ਦੇ ਵਖਰੇ ਹੋਣ ਦਾ ਪਤਾ ਦੇਵੇ। ਪੰਜਾਂ ਤਤਾਂ ਦੇ ਅਪਣੇ ਅਪਣੇ ਗੁਣ ਮੰਨੇ ਹਨ। ਜਿਹਾਕੁ ੧. ਅਕਾਸ਼ ਦਾ ਗੁਣ ਹੈ ਸ਼ਬਦ , ਤੇ ਕੰਨ ਇਸ ਦਾ ਇੰਦ੍ਰਾ ਹੈ। ੨. ਵਾਯੂ ਦਾ ਗੁਣ ਹੈ ਸਪਰਸ਼ ਤੇ ਸ਼ਬਦ ਤੇ ਤ੍ਵਚਾ (ਖਲੜੀ) ਇਸਦਾ ਇੰਦ੍ਰਾ ਹੈ। ੩. ਅਗਨੀ (ਯਾ ਪ੍ਰਕਾਸ਼) ਦਾ ਗੁਣ ਹੈ ਰੂਪ , ਸਪਰਸ਼, ਸਬਦ ਤੇ ਅੱਖਾਂ ਇਸ ਦਾ ਇੰਦ੍ਰਾ ਹੈ। ੪. ਪਾਣੀ ਦਾ ਗੁਣ ਹੈ ਰਸ , ਰੂਪ, ਸਪਰਸ ਤੇ ਸਬਦ। ਇਸ ਦਾ ਇੰਦ੍ਰਾ ਹੈ ਜੀਭ। ੫. ਪ੍ਰਿਥਵੀ ਦਾ ਗੁਣ ਹੈ ਗੰਧ ਤੇ ਸਬਦ, ਸਪਰਸ ਰੂਪ ਤੇ ਰਸ। ਇੰਦ੍ਰਾ ਇਸਦਾ ਹੈ ਨਕ

੫. ਕੁਦਰਤ ਯਾ ਕੁਦਰਤ ਦੇ ਸਮਾਨਾਂ ਦਾ ਅਸਲੀ ਹਿੱਸਾ ਯਾ ਹਾਲਤ ਏਹ ਸਾਂਖ ਮਤ ਨੇ ਤ੍ਰੈ ਗੁਣ ਮੰਨੇ ਹਨ, ਸਤ , ਰਜ , ਤੇ ਤਮ, ਇਨ੍ਹਾਂ ਤਿੰਨਾਂ ਦੇ ਇਅਤਦਾਲ ਨਾਲ ਜਗਤ ਹੈ, ਏ ਤ੍ਰੈਏ ਪ੍ਰਕ੍ਰਿਤੀ ਹਨ, ਪੁਰਖ ਅਪਣੇ ਕੈਵਲ ਵਿਚ ਤ੍ਰੈ ਗੁਣਾਂ ਤੋਂ ਅਤੀਤ ਹੈ। ਸਤ ਗੁਣ ਨੇਕੀ ਹੈ, ਇਸ ਨੂੰ ਪ੍ਰਕਾਸ਼ ਕਰਨੇ ਵਾਲਾ ਮੰਨਿਆ ਹੈ। ਰਜੋ ਗੁਣ ਚੰਚਲ ਹੈ ਅਰ ਇਹ ਜੋਸ਼ ਰੂਪ ਹੈ। ਤਮੋ ਗੁਣ ਹਨੇਰਾ ਹੈ, ਇਹ ਰੋਕਣ ਵਾਲਾ ਹੈ। ਗੁੱਸਾ, ਆਲਸ, ਦਰਿਦ੍ਰ ਤਮੋ ਗੁਣ ਹਨ। ਹੁਕਮ , ਜ਼ੋਰ , ਪ੍ਰਵਿਰਤੀ ਰਜੋ ਗੁਣ ਹੈ। ਸ਼ਾਂਤਿ, ਟਿਕਾਉ, ਨੇਕੀ ਸਤੋ ਗੁਣ ਹੈ।

੬. ਇਸੀ ਤਰ੍ਹਾਂ ਨ੍ਯਾਯ ਵਿਚ ਗੁਣ ਹੈ ; ਉਹ ਸੁਭਾਵ ਜੋ ਸਾਰੀਆ ਰਚੀਆਂ ਚੀਜ਼ਾਂ ਦੀ ਖਸਲਤ ਹੈ। ਇਨ੍ਹਾਂ ਨੇ ਗੁਣ ੨੪ ਮੰਨੇ ਹਨ- ਰੂਪ, ਰਸ, ਗੰਧ, ਸਪਰਸ਼, ਸੰਖ੍ਯਾ, ਪ੍ਰੀਮਾਣ, ਪ੍ਰਿਥਕਤ੍ਵ, ਸੰਯੋਗ, ਵਿਭਾਗ , ਪ੍ਰਤਵ, ਅਪ੍ਰਤਵ, ਗੁਰਤ੍ਵ, ਦ੍ਰਵਤ੍ਵ, ਸਨੇਹ , ਸਬਦ, ਬੁਧੀ , ਸੁਖ , ਦੁਖ , ਇੱਛਾ , ਦ੍ਵੈਸ਼, ਪ੍ਰਯਤਨ, ਧਰਮ , ਅਧਰਮ, ਸੰਸਕਾਰ , ਇਸੀ ਪ੍ਰਕਾਰ ਸ਼ਾਸਤ੍ਰਕਾਰਾਂ ਨੇ ਇਸ ਪਦ ਨੂੰ ਵਰਤਿਆ ਹੈ।

੭. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਜ ਤਮ ਸਤ ਵਾਸਤੇ -ਮਾਯਾ ਯਾ ਪ੍ਰਕ੍ਰਿਤੀ ਅਰਥਾਂ ਵਿਚ- ਗੁਣ ਪਦ ਵਰਤਿਆ ਹੈ। ਯਥਾ-‘ਸਰਗੁਣ ਨਿਰਗੁਣ ਥਾਪੈ ਨਾਉ’।

੮. ਨੀਤੀ ਵਾਲਿਆਂ ਦੇ ਰਾਜ ਦੇ ਛੇ ਗੁਣ।

੯. ਇਸੀ ਤਰ੍ਹਾਂ ਵ੍ਯਾਕਰਣ ਵਿਚ ਆ.ਏ.ਓ ਦੇ ਗੁਣ ਕਹਿੰਦੇ ਹਨ।

੧੦. ਸੁਭਾਵ ਅਰਥਾਂ ਵਿਚ ਬੀ ਗੁਣ ਪਦ ਵਰਤੀਂਦਾ ਹੈ। ਖੂਬੀ, ਕੋਈ ਖਾਸ ਤ੍ਰੀਕੇ ਯਾ ਸਿਫਤ ਦੀ ਗਲ। ਯਥਾ-‘ਹਰਿ ਬਿਸਰਤ ਤੇਰੇ ਗੁਣ ਗਲਿਆ’।

੧੧. ਵਾਹਿਗੁਰੂ ਦੀਆਂ ਖੂਬੀਆਂ ਯਾ ਉਨ੍ਹਾਂ ਗੁਣਾਂ ਨੂੰ ਜੋ ਕਰਤਾਰ ਹੋਣ ਤੋਂ ਉਸ ਵਿਚ ਕਹੇ ਜਾ ਸਕਦੇ ਹਨ, ਬੀ ਗੁਣ ਕਹਿਲਾਉਂਦੇ ਹਨ। ਸਿਫਤ। ਵੈਸੇ ਵਾਹਿਗੁਰੂ ਨੂੰ ਨਿਰਗੁਣ ਲਿਖਿਆ ਹੈ, ਜਿਸ ਵਿਚ ਰਜ, ਤਮ, ਸਤ ਯਾ ਹੋਰ ਕੋਈ ਇਸ ਪ੍ਰਕਾਰ ਦੇ ਗੁਣ ਨਹੀਂ ਜੋ ਪ੍ਰਕ੍ਰਿਤੀ ਯਾ ਮਾਯਾ ਦੇ ਹਨ। ਪਰ ਉਸਦਾ ਸਿਰਜਣਹਾਰ ਹੋਣਾ, ਦਿਆਲੂ, ਪਤਿਤ ਪਾਵਨ ਆਦਿ ਸਿਫਤਾਂ ਨੂੰ ਗੁਣ ਕਿਹਾ ਹੈ। ਯਥਾ-‘ਸਚੇ ਕੇ ਗੁਣ ਸਾਰਿ’ ਸਚੇ ਦੇ ਗੁਣਾਂ ਨੂੰ ਸੰਭਾਲਿਆ ਹੈ। ਤਥਾ-‘ਸਭਿ ਗੁਣ ਤੇਰੇ ਮੈ ਨਾਹੀ ਕੋਇ’।

੧੨. ਕਿਸੇ ਪ੍ਰਕਾਰ ਦੀ ਪ੍ਰਾਪਤੀ ਯਾ ਪ੍ਰਬੀਨਤਾ, ਖੂਬੀ, ਹੁਨਰ, ਕਾਰੀਗਰੀ, ਚਿਤ੍ਰਕਾਰੀ, ਕਵਿਤਾ, ਕਿਸੇ ਪ੍ਰਕਾਰ ਦੇ ਸ਼ਿਲਪ ਦੀ ਲ੍ਯਾਕਤ ਨੂੰ ਬੀ ਗੁਣ ਬੋਲ ਦੇਂਦੇ ਹਨ। ਇਸ ਸਿਲਸਿਲੇ ਵਿਚ ਪਰਮਾਰਥਿਕ ਖੂਬੀਆਂ ਨੂੰ ਬੀ ਗੁਣ ਕਹਿ ਦੇਂਦੇ ਹਨ। ‘ਸਤ ਸੰਤੋਖ ’ ਆਦਿ ਸਾਰੇ ਦੈਵੀ ਸੰਪਦਾ ਦੇ ਸਾਮਾਨ ਬੀ ਇਸੇ ਅਰਥ ਵਿਚ ਆਉਂਦੇ ਹਨ*

ਯਥਾ-‘ਵਿਣੁ ਗੁਣ ਕੀਤੇ ਭਗਤਿ ਨਾ ਹੋਇ’।

ਤਥਾ-‘ਗੁਣ ਵੀਚਾਰੇ ਗਿਆਨੀ ਸੋਇ’।

੧੩. ਗੁਣ ਤੋਂ ਭਾਵ ਨਾਮ ਦੀ ਵਿਦ੍ਯਾ ਬੀ ਹੈ। ਯਥਾ-‘ਵਿਣੁ ਗਾਹਕ ਗੁਣੁ ਵੇਚੀਐ’।

੧੪. ਲਾਭ , ਫਾਇਦਾ।        ਦੇਖੋ, ‘ਗੁਨ ੨’

੧੫. (ਕ੍ਰਿ.) ਵਿਚਾਰ। ਦੇਖੋ, ‘ਗੁਣੀਐ’ ‘ਗੁਨੀਐ’

ਗੁਣ ਦੇ ਮਿਲਵੇਂ ਅਰਥਾਂ ਲਈ। ਦੇਖੋ, ‘ਗੁਣ ਅੰਗਾ ’ ‘ਗੁਣ ਸਾਖੀ

‘ਗੁਣ ਸੰਘਰੈ’ ‘ਗੁਣ ਕਾਮਣ

‘ਗੁਣ ਕਾਰੀ’ ‘ਗੁਣ ਗੀਤ

‘ਗੁਣ ਗਾਮ’ ‘ਗੁਣਗੵ’

‘ਗੁਣ ਤਾਸ’ ‘ਗੁਣ ਬਾਦ’ ‘ਗੁਣ ਰਾਸ

----------

* ਦੈਵੀ ਸੰਪਦਾ ਤੇ ਆਸੁਰੀ ਸੰਪਦਾ ਦੀ ਥਾਵੇਂ ਕਈ ਵੈਰੀ ਦੈਵੀ ਗੁਣ ਤੇ ਆਸੁਰੀ ਗੁਣ ਬੀ ਬੋਲ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੁਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਣ : ਇਸ ਸ਼ਬਦ ਨੂੰ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸਾਂਖ ਸ਼ਾਸਤਰ ਵਿਚ ਇਹ ਸ਼ਬਦ ਪ੍ਰਾਕਿਰਤੀ ਦੇ ਤਿੰਨ ਅੰਸ਼ਾਂ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਪ੍ਰਕਿਰਤੀ ਸਤੋ, ਰਜੋ ਅਤੇ ਤਮੋ ਇਨ੍ਹਾਂ ਤਿੰਨਾਂ ਗੁਣਾਂ ਤੇ ਆਧਾਰਤਿ ਹੈ। ਇਨ੍ਹਾਂ ਗੁਣਾਂ ਤੋਂ ਵੱਖਰੀ ਪ੍ਰਕਿਰਤੀ ਕੁਝ ਵੀ ਨਹੀਂ ਹੈ। ਪ੍ਰਕਿਰਤੀ ਦੀ ਹਰ ਵਸਤੂ ਵਿਚ ਇਨ੍ਹਾਂ ਤਿੰਨਾਂ ਗੁਣਾਂ ਦੀ ਸਥਿਤੀ ਹੈ ਪਰ ਕਦੇ ਕੋਈ ਗੁਣ ਪ੍ਰਧਾਨ ਹੁੰਦਾ ਹੈ ਅਤੇ ਕਦੇ ਕੋਈ। ਸਤੋ ਦੀ ਪ੍ਰਧਾਨਤਾ ਹੋਣ ਨਾਲ ਚੜ੍ਹਦੀ ਕਲਾ ਗਿਆਨ, ਧਰਮ, ਐਸ਼ਵਰਜ ਆਦਿ ਉਤਪੰਨ ਹੁੰਦੇ ਹਨ। ਰਜੋ ਚਲ ਹੈ ਅਤੇ ਗੀਤ ਦਾ ਕਾਰਨ ਹੈ। ਤਮੋ ਗਤੀ ਨੂੰ ਰੋਕਣ ਵਾਲਾ ਅਤੇ ਅਧਰਮ, ਅਗਿਆਨ ਆਦਿ ਦਾ ਕਾਰਨ ਹੈ। ਇਸੇ ਕਾਰਨ ਪ੍ਰਕਿਰਤੀ ਨੂੰ ਗੁਣਾਤਮਕ ਕਿਹਾ ਜਾਂਦਾ ਹੈ। ਇਨ੍ਹਾਂ ਗੁਣਾਂ ਵਿਚ ਪ੍ਰਧਾਨਤਾ ਦੇ ਆਧਾਰ ਤੇ ਵਿਅਕਤੀਆਂ ਦੀ ਪ੍ਰਕਿਰਤੀ ਅਤੇ ਆਹਾਰ ਆਦਿ ਦੀ ਵੰਡ ਕੀਤੀ ਜਾਂਦੀ ਹੈ। ਸਾਂਖ ਅਨੁਸਾਰ ਪੁਰਸ਼ ਜਾਂ ਆਤਮਾ ਗੁਣਾਂ ਤੋਂ ਅਤੀਤ ਹੈ। ਯੋਗ ਅਨੁਸਾਰ ਈਸ਼ਵਰ ਵੀ ਇਨ੍ਹਾਂ ਗੁਣਾਂ ਤੋਂ ਪਰੇ ਹੈ। ਸਾਰੇ ਕਲੇਸ਼ਾਂ, ਸੰਸਾਰਕ ਅਨੰਦ ਆਦਿ ਦਾ ਅਨੁਭਵ ਇਨ੍ਹਾਂ ਗੁਣਾਂ ਕਾਰਨ ਹੀ ਹੁੰਦਾ ਹੈ ਅਤੇ ਤ੍ਰੈਗੁਣ ਅਵਸਥਾ ਨੂੰ ਯੋਗ ਦਾ ਚਰਮ ਲਕਸ਼ ਮੰਨਿਆ ਗਿਆ ਹੈ।

          ਨਿਆਂ ਵੈਸੇਸ਼ਿਕ ਦਰਸ਼ਨ ਵਿਚ ਗੁਣ ਦ੍ਰਵ ਦੀ ਉਹ ਵਿਸ਼ੇਸ਼ਤਾ ਹੈ ਜਿਹੜੀ ਦ੍ਰਵ ਤੋਂ ਅਲੱਗ ਹੈ ਪਰ ਦ੍ਰਵ ਨਾਲ ਹੀ ਸਬੰਧਤ ਰਹਿੰਦੀ ਹੈ। ਇਨ੍ਹਾਂ ਦੀ ਗਿਣਤੀ 24 ਹੈ––ਬੁੱਧੀ, ਸੁਖ-ਦੁਖ, ਇੱਛਾ, ਯਤਨ, ਗੁਰੂਤਵ, ਸਨੇਰਤਵ, ਦ੍ਰਵਤਵ, ਸੰਖਿਆ, ਮਾਣ, ਵੱਖਰਾਪਣ, ਸੰਜੋਗ, ਵਿਭਾਗ, ਪਰਤਵ, ਆਪਰਤਵ, ਰੂਪ, ਰਸ, ਗੰਧ, ਸਪਰਸ਼, ਸ਼ਬਦ, ਧਰਮ, ਅਧਰਮ ਅਤੇ ਸੰਸਾਰਕ ਇਹ ਸਾਰੇ ਗੁਣ ਅਲੱਗ ਅਲੱਗ ਦ੍ਰਵਾਂ ਦੇ ਹਨ।

          ਸਾਹਿਤ ਸ਼ਾਸਤਰ ਵਿਚ ਦਸ ਸ਼ਬਦ-ਗੁਣ ਅਤੇ ਦਸ ਹੀ ਅਰਥ-ਗੁਣ ਮੰਨੇ ਗਏ ਹਨ। ਇਨ੍ਹਾਂ ਦੋਹਾਂ ਦੇ ਗੁਣਾਂ ਦਾ ਨਾਂ ਇਕੋ ਜਿਹਾ ਹੈ ਇਨ੍ਹਾਂ ਦੇ ਲੱਛਣ ਅਲੱਗ ਅਲੱਗ ਹਨ। ਸਲੇਸ਼, ਪ੍ਰਸਾਦ, ਸਮਤਾ, ਸੁਕੁਮਾਰਤਾ, ਉਦਾਰਤਾ, ਕਾਂਤੀ ਸਮਾਧੀ, ਮਧੁਰਤਾ, ਅਰਥਵਿਅਕਤੀ ਅਤੇ ਓਜਸ, ਮੰਮਟ, ਵਿਸ਼ਵਨਾਥ, ਜਗਨਨਾਥ ਵਰਗੇ ਸਾਹਿਤ ਸ਼ਾਸਤਰੀਆਂ ਨੇ ਮਧੁਰਤਾ, ਓਜਸ ਅਤੇ ਪ੍ਰਸਾਦ ਨੂੰ ਹੀ ਪ੍ਰਮੁੱਖ ਗੁਣ ਮੰਨਿਆ ਹੈ। ਉਨ੍ਹਾਂ ਅਨੁਸਾਰ ਬਾਕੀ ਸਾਰੇ ਗੁਣ ਇਨ੍ਹਾਂ ਗੁਣਾਂ ਵਿਚ ਹੀ ਆ ਜਾਂਦੇ ਹਨ।

          ਹ. ਪੁ.––ਹਿੰ. ਵਿ. ਕੋ. 3 : 455


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.