ਗੁਰਚਰਨ ਸਿੰਘ ਡਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਚਰਨ ਸਿੰਘ, ਡਾ. : ਇਹ ਪੰਜਾਬ ਦਾ ਉੱਘਾ ਕਵੀ ਅਤੇ ਵਾਰਤਕ ਲੇਖਕ ਹੈ। ਜਿਸ ਨੇ ਕਵਿਤਾ, ਨਾਟਕ, ਗਲਪ, ਜੀਵਨੀ ਅਤੇ ਆਲੋਚਨਾ ਉਤੇ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ। ਇਸ ਦੀਆਂ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਬਦਲੇ ਭਾਸ਼ਾ ਵਿਭਾਗ, ਪੰਜਾਬ ਨੇ ਇਸ ਨੂੰ 1975 ਦਾ ਸ਼ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਦਾਨ ਕੀਤਾ।

          ਡਾ. ਗੁਰਚਰਨ ਸਿੰਘ ਦਾ ਜਨਮ 8 ਫਰਵਰੀ, 1917 ਨੂੰ ਹੋਇਆ। ਇਸ ਦਾ ਜੱਦੀ ਪਿੰਡ ਰਾਵੀ ਪੁਰ ਜ਼ਿਲ੍ਹਾ ਕਪੂਰਥਲਾ (ਪੰਜਾਬ) ਹੈ ਇਸ ਨੇ ਖੂਬ ਵਿਦਿਆ ਪ੍ਰਾਪਤ ਕੀਤੀ। ਐੱਮ. ਏ. ਅੰਗਰੇਜ਼ੀ ਅਤੇ ਐੱਮ. ਏ. ਪੰਜਾਬੀ (ਫ਼ਸਟ ਕਲਾਸ ਫ਼ਸਟ) ਤੋਂ ਇਲਾਵਾ 1964 ਵਿਚ ਇਸ ਨੇ ਪੀ. ਐੱਚ. ਡੀ. ਵੀ ਕੀਤੀ 1947 ਵਿਚ ਸਹਾਇਕ ਜ਼ਿਲ੍ਹਾ ਮੁੜ ਉਸਾਰੀ ਅਫ਼ਸਰ ਤੋਂ ਸ਼ੁਰੂ ਕਰਕੇ ਇਸ ਨੇ ਕਿੰਨੇ ਹੀ ਸਰਕਾਰੀ ਅਤੇ ਗ਼ੈਰ-ਸਰਕਾਰੀ ਉੱਚ-ਅਹੁਦਿਆਂ ਤੇ ਸੇਵਾ ਕੀਤੀ। ਸੰਨ 1954 ਵਿਚ ਸੂਚਨਾ ਅਫ਼ਸਰ ਪੈਪਸੂ ਲੋਕ ਸੰਪਰਕ ਵਿਭਾਗ ਦੀ ਨੌਕਰੀ ਕਰਦੇ ਹੋਏ ਇਹ ਸਿੱਖਿਆ ਵਿਭਾਗ ਵਿਚ ਆ ਗਿਆ ਅਤੇ ਮਹਿੰਦਰਾ ਕਾਲਜ ਪਟਿਆਲਾ ਵਿਚ ਸੀਨੀਅਰ ਲੈਕਚਰਾਰ ਨਿਯੁਕਤ ਹੋਇਆ। ਫਿਰ 1966 ਵਿਚ ਰੀਡਰ, ਪੰਜਾਬੀ ਯੂਨੀਵਰਸਿਟੀ ਅਤੇ ਕੁਝ ਸਮੇਂ ਲਈ ਪ੍ਰਿੰਸੀਪਲ, ਖਾਲਸਾ ਕਾਲਜ, ਪਟਿਆਲਾ ਰਿਹਾ। ਜੁਲਾਈ, 1972 ਵਿਚ ਕੁਝ ਸਾਲਾਂ ਲਈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਬਣਿਆ।

          ਡਾ. ਗੁਰਚਰਨ ਸਿੰਘ ਇਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਉਸ ਨੇ ਸਰੋਦੀ ਗੀਤਾਂ ਤੋਂ ਲੈ ਕੇ ਮਹਾਂਕਾਵਿ ਤੱਕ, ਨਿੱਕੀ ਕਹਾਣੀ ਤੋਂ ਲੈ ਕੇ ਨਾਵਲ ਤੱਕ, ਇਕਾਂਗੀ ਤੋਂ ਲੈ ਕੇ ਪੂਰੇ ਨਾਟਕ ਤੱਕ ਅਤੇ ਜੀਵਨੀਆਂ ਤੋਂ ਲੈ ਕੇ ਆਲੋਚਨਾ ਤੱਕ ਸਾਹਿਤ ਦੇ ਸਾਰੇ ਰੂਪਾਂ ਤੇ ਕਲਮ-ਅਜ਼ਮਾਈ ਕੀਤੀ ਹੈ। ਅਲੈਗਜ਼ੈਂਡਰ ਪੋਪ ਦੀ ਜਗਤ ਪ੍ਰਸਿੱਧ ਕਵਿਤਾ ‘ਦੀ ਰੇਪ ਆੱਫ਼ ਦੀ ਲਾਕ’ ਦਾ ਕਾਵਿ ਅਨੁਵਾਦ ‘ਗੁਤਨੀ ਹਰਨ’ ਇਕ ਮੌਲਿਕ ਰਚਨਾ ਹੀ ਜਾਪਦੀ ਹੈ। ਇਸ ਦੀਆਂ ਮੌਲਿਕ ਕਾਵਿ ਰਚਨਾਵਾਂ ਵਿਚ ਅਗਨਾਰਵਿੰਦ, ਤਿਖਾਵੰਤ, ਗੀਤ ਮੇਰੇ ਗੀਤ, ਧਰਤੀ ਦਾ ਸੰਧੂਰ (ਮਹਾਂਕਾਵਿ), ਤਿੰਨ ਅੰਗੀ, ਗੁਰਚਰਨ ਗਜ਼ਲ ਘਰ, ਖੰਡੇ ਦੀ ਬੇਲਾ, ਭਗਤ ਸਿੰਘ ਦੀ ਵਾਰ ਅਤੇ ਬੈਂਤਾਂ ਊਧਮ ਸਿੰਘ ਦੀਆਂ ਸ਼ਾਮਲ ਹਨ। ‘ਵਗਦੀ ਸੀ ਰਾਵੀ’ ਇਸ ਦਾ ਇਕੋ ਇਕ ਮਨੋਵਿਗਿਆਨਕ ਨਾਵਲ ਹੈ। ‘ਵਣ ਤੇ ਕਰੀਰ’, ‘ਦੁਨੀਆ ਤੋਂ ਬਾਹਰੀ ਗੱਲ’, ‘ਕੱਚੀਆਂ ਅੰਬੀਆਂ’ ਅਤੇ ‘ਗਊ ਦਾ ਜਾਇਆ’ ਇਸ ਦੇ ਚਾਰ ਕਹਾਣੀ ਸੰਗ੍ਰਹਿ ਅਤੇ ‘ਸਮੇਂ ਦੀ ਹਵਾ’, ‘ਸਰਗਮ’ ਤੇ ‘ਗੁਰੂ ਤੇਗ਼ ਬਹਾਦਰ’ ਤਿੰਨ ਨਾਟਕ ਹਨ।

          ਡਾ. ਗੁਰਚਰਨ ਸਿੰਘ ਦੀ ਬਹੁਤੀ ਪ੍ਰਸਿੱਧੀ ਇਸ ਨੂੰ ਆਲੋਚਨਾ ਖੇਤਰ ਨੂੰ ਬਹੁ-ਮੁੱਲੀ ਦੇਣ ਕਰਕੇ ਹੋਈ। ਪੰਜਾਬੀ ਨਾਟਕਕਾਰ, ਪੰਜਾਬੀ ਗਲਪਕਾਰ, ਮੋਹਨ ਸਿੰਘ ਤੇ ਉਸ ਦੀ ਕਵਿਤਾ, ਪੰਜਾਬੀ ਗਲਪ ਦਾ ਵਿਕਾਸ, ਪੰਜਾਬੀ ਗਲਪ ਦਾ ਇਤਿਹਾਸ, ਸਾਹਿਤ ਦੀ ਰੂਪ-ਰੇਖਾ, ਪੰਜਾਬੀ ਕਾਵਿ ਦਾ ਕਲਾ ਪੱਖ, ਸਾਹਿਤ ਸਮੱਸਿਆ ਤੇ ਸਿਧਾਂਤ, ਸਾਹਿਤ ਖੋਜ ਤੇ ਇਤਿਹਾਸ ਅਤੇ ਪੰਜਾਬੀ ਕਿੱਸਾ ਕਾਵਿ ਆਦਿ ਇਸ ਦੀਆਂ ਅਨੇਕਾਂ ਹੀ ਉੱਤਮ ਰਚਨਾਵਾਂ ਹਨ। ‘ਮਹਾਂ ਬਲੀ ਗੁਰੂ ਤੇਗ਼ ਬਹਾਦਰ’ ਅਤੇ ‘ਸੁਨਾਮ ਦਾ ਸੂਰਮਾ ਸ. ਊਧਮ ਸਿੰਘ’ ਇਸ ਨੇ ਦੋ ਜੀਵਨੀਆਂ ਵੀ ਲਿਖੀਆਂ ਹਨ। ਡਾ. ਗੁਰਚਰਨ ਸਿੰਘ ਨੇ ਅੰਗਰੇਜ਼ੀ ਵਿਚ ਵੀ ਤਿੰਨ ਚੰਗੀਆਂ ਪੁਸਤਕਾਂ ਲਿਖੀਆਂ ਹਨ––‘ਹਿਸਟਰੀ ਆੱਫ਼ ਪੰਜਾਬੀ ਡਰਾਮਾ’, ‘ਗੁਰੂ ਗੋਬਿੰਦ ਸਿੰਘ ਐਂਡ ਹਿਜ਼ ਮਿਸ਼ਨ’ ਅਤੇ ਪਿਲਗ੍ਰਿਮਜ਼ ਪ੍ਰਾੱਗ੍ਰੈਸ ਟੂ ਚਾਂਦਨੀ ਚੌਕ’।

          ਆਪਣੀਆਂ ਲਿਖਤਾਂ ਰਾਹੀਂ ਡਾ. ਗੁਰਚਰਨ ਸਿੰਘ ਨੇ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦੇ ਵਿਕਾਸ ਲਈ ਭਰਪੂਰ ਯਤਨ ਕੀਤੇ ਹਨ। ਇਸ ਨੇ ਕਿੰਨੀਆਂ ਹੀ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੀ ਅਗਵਾਈ ਕੀਤੀ ਹੈ। ਪੰਜਾਬੀ ਪਾਠਕ ਅਤੇ ਆਲੋਚਕ ਇਸ ਦੇ ਵਿਸ਼ੇਸ਼ ਕਰਕੇ ਰਿਣੀ ਹਨ।

          ਹ. ਪੁ.––ਸ਼੍ਰੋਮਣੀ ਸਾਹਿਤਕਾਰ (1975-76) ਸੁਵੀਨਰ––ਭਾ. ਵਿ. ਪੰ.; ਪੰ. ਸਾ. ਇੰ.––ਭਾ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.