ਗੁਰਮਤਿ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤਿ [ਨਾਂਇ] ਸਿੱਖ ਗੁਰੂਆਂ ਦੇ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਮਤਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਗੁਰਮਤਿ ਸੰਗ੍ਯਾ—ਗੁਰੁਸੰਮਤਿ. ਗੁਰੂ ਦੀ ਰਾਇ। ੨ ਸਤਿਗੁਰੂ ਦੀ ਇੱਛਾ । ੩ ਗੁਰੂ ਦੀ ਨਸੀਹ਼ਤ. “ਗੁਰਮਤਿ ਲੇਹੁ ਤਰਹੁ ਭਵ ਦੁਤਰੁ.” (ਮਾਰੂ ਸੋਲਹੇ ਮ: ੧) ੪ ਗੁਰੁਮਤ ਦ੍ਵਾਰਾ. “ਗੁਰਮਤਿ ਪਾਇਆ ਸਹਜਿ ਮਿਲਾਇਆ.” (ਸੂਹੀ ਛੰਤ ਮ: ੩) “ਗੁਰਮਤੀ ਮਨੁ ਨਿਜਘਰਿ ਵਸਿਆ.” (ਮ: ੩ ਵਡ ਛੰਤ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਮਤਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮਤਿ (ਸੰ.। ਸੰਸਕ੍ਰਿਤ) ੧. ਗੁਰਾਂ ਦੇ ਉਪਦੇਸ਼ ਨਾਲ। ਯਥਾ-‘ਗੁਰਮਤਿ ਮਨੁ ਸਮਝਾਈਆ’।

੨. ਉਹ ਮਾਰਗ , ਯਾ ਉਹ ਧਾਰਨਾ ਤੇ ਰਹੁੑਰੀਤ ਜੋ ਦਸਾਂ ਗੁਰੂ ਸਾਹਿਬਾਂ ਦੇ ਦੱਸੇ ਗ੍ਯਾਨ ਉਪਦੇਸਾਂ ਤੋਂ ਕਾਇਮ ਹੋਈ ਹੈ।

          ਦੇਖੋ , ‘ਗੁਰਮਤਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੁਰਮਤਿ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

          ਗੁਰਮਤਿ : ਵੇਖੋ ‘ਗੁਰਬਾਣੀ’

ਗੁਰਬਾਣੀ :  ਸ੍ਰੀ ਗੁਰੂ ਨਾਨਕ ਦੇਵ ਜੀ ਤ ਹੋਰਨਾ ਸਿੱਖ ਗੁਰੂ ਸਾਹਿਬਾਨ ਦੁਆਰਾ ਰਚਿਤ ਕਾਵਿ ਨੂੰ ਗੁਰਬਾਣੀ, ਆਖਿਆ ਜਾਂਦਾ ਹੈ। ਸਿੱਖਾਂ ਵਿਚ ਗੁਰਬਾਣੀ ਨੂੰ ਹੀ ਸੱਚੀ ਬਾਣੀ, ਅਕਾਲੀ ਬਾਣੀ, ਧੁਰ ਕੀ ਬਾਣੀ, ਰੱਬੀ ਬਾਣੀ, ਬਾਣੀਆਂ ਸਿਰ ਬਾਣੀ, ਆਖਣ ਦਾ ਰਿਵਾਜ ਹੈ। ਸੱਚੀ ਬਾਣੀ ਤੋਂ ਮੁਰਾਦ ਸੱਚ ਦਾ ਪ੍ਰਕਾਸ਼ ਦੇਣ ਵਾਲੇ ਉੱਤਮ ਵਚਨ ਹਨ। ਉਹ ਵਚਨ ਜੋ ਝੂਠ ਦਾ ਖੰਡਨ ਕਰਨ ਵਾਲੇ ਤੇ ਸੱਚ ਨੂੰ ਰੁਪਮਾਨ ਕਰਨ ਵਾਲੇ ਹੋਣ, ਸੱਚੀ ਬਾਣੀ ਦੇ ਘੇਰੇ ਵਿਚ ਆ ਜਾਂਦੇ ਹਨ। ਸਿੱਖਾਂ ਲਈ ਇਸ ਸੱਚ ਦੀ ਬਾਣੀ ਨੂੰ ਗਾਉਣ ਅਥਵਾ ਕਮਾਉਣ ਦੀ ਹਦਾਇਤ ਹੈ :

                   ਆਵਹੁ ਸਿਖਹੁ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ।

                   ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ।               ––(ਰਾਮਕਲੀ , ਆਨੰਦੁ ਮ. ੩)

ਸੱਚੀ ਬਾਣੀ ਹੀ ‘ ਧੁਰ ਕੀ ਬਾਣੀ’ ਜਾਂ ਰੱਬੀ ਬਾਣੀ ਹੈ ਜਿਸ ਬਾਰੇ ਗੁਰੂ ਅਰਜਨ ਸਾਹਿਬ ਫ਼ੁਰਮਾਉਂਦੇ ਹਨ :

                   ਧੁਰ ਕੀ ਬਾਣੀ ਆਈ। ਜਿਨ ਸਗਲੀ ਚਿੰਤ ਮਿਟਾਈ।   ––( ਸੋਰਠ, ਮ. ੫)

ਗੁਰਬਾਣੀ ਦੇ ਲਫ਼ਜ਼ੀ ਅਰਥ ਗੁਰੂ ਜਾਂ ਗੁਰੂਆਂ ਦੀ ਬਾਣੀ ਹਨ ਅਥਵਾ ਗੁਰਬਾਣੀ ਉਹ ਬਾਣੀ ਹੈ ਜੋ ਗੁਰੂ ਦੀ ਕ੍ਰਿਪਾਲਤਾ ਤੇ ਪ੍ਰਸਾਦਿ ਦੁਆਰਾ ਸਿੱਖ ਨੂੰ ਪ੍ਰਾਪਤ ਹੋਈ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਬਾਣੀ ਵੰਲ ਸੰਕੇਤ ਕਰਦੇ ਹੌਏ ਆਖਦੇ ਹਨ :

                   ਗੁਰਬਾਣੀ ਇਸੁ ਜਗ ਮਹਿ ਚਾਨੁਣ ।                             ––(ਸਿਰੀ ਰਾਗ, ਅਸਟਪਦੀਆਂ, ਮ.੩)

ਬਿਲਕੁਲ ਇਹੀ ਵਿਚਾਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਹੈ :

                   ਗੁਰਬਾਣੀ ਹਰਿ ਨਾਮ ਸਮਾਇਆ।                      ––(ਗਾਉੜੀ ਮ. ੪)

ਗੁਰਬਾਣੀ ਲਿਖਤੀ ਜਾਂ ਵਰਣਨਾਤਮਕ ਵੀ ਹੋ ਸਕਦੀ ਹੈ ਤੇ ਮੌਖਿਕ ਜਾਂ ਧ੍ਵਨੀ–ਆਤਮਕ ਵੀ । ਗੁਰੂ ਸਾਹਿਬਾਨ ਦੇ ਮੌਖਿਕ ਜਾਂ ਅਲਿਖਤੀ ਵਚਨ ਵੀ ਗੁਰਬਾਣੀ ਦੇ ਨਾਉਂ ਨੂੰ ਪ੍ਰਾਪਤ ਹੁੰਦੇ ਹਨ, ਜਿਵੇਂ :

                   ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਰੈ।   ––(ਨਟ , ਅਸਟਪਦੀਆਂ , ਮ. ੪)

ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦੀ ਮਹਿਮਾ ਵਿਚ ਆਪਣੇ ਵਿਚਾਰ ਇੰਜ ਪ੍ਰਗਟ ਕੀਤੇ ਹਨ :

ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ,

ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।

ਕਿਥੌਂ ਯਹਿ ਹੰਸਨੀ ਸੀ ਮਾਨਸਵੰਤਸਨੀ ਹੈ,

ਗੁਨਿਨ ਪ੍ਰਸੰਨਨੀ ਸਰਬ ਜਗ ਜਾਨੀ ਹੈ।

ਕਿਥੌਂ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ,

ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।

ਪ੍ਰੇਮ ਪਟਰਾਨੀ ਸਯਾਨੀ ਗਯਾਨ ਕੀ ਜਨਿਨ ਜਾਨੀ,

ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।

          ਗੁਰਬਾਣੀ ਤੇ ਗੁਰਮਤ ਨੂੰ ਕਈ ਵਾਰ ਪਰਿਆਇਵਾਚੀ ਸ਼ਬਦਾਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਤੇ ਗੁਰਬਾਣੀ ਤੋਂ ਗੁਰੂ ਦੇ ਸਿਧਾਂਤ ਜਾਂ ਗੁਰੂ ਦੇ ਮੱਤ ਜਾਂ ਉਪਦੇਸ਼ ਆਦਿ ਦੇ ਅਰਥ ਵੀ ਲਏ ਜਾਂਦੇ ਹਨ। ਗੁਰਮਤ ਦੇ ਲਫ਼ਜ਼ੀ ਅਰਥ ਵੀ ਗੁਰੂ ਸਾਹਿਬਾਨ ਦੁਆਰਾ ਥਾਪੇ ਸਿਧਾਂਤ ਜਾਂ ਧਾਰਮਿਕ ਨਿਯਮ ਹਨ। ਗੁਰੂ ਦੀ ਇੱਛਾ, ਗੁਰੂ ਦੁਆਰਾ ਦਿੱਤੀ ਗਈ ਸਿੱਖਿਆ, ਦੀਖਿਆ, ਨਸੀਹਤ ਆਦਿ ਵੀ ਗੁਰਬਾਣੀ ਜਾਂ ਗੁਰਮਤ ਦੇ ਅਰਥ ਦੇਣ ਵਾਲੇ ਹੋਰ ਸ਼ਬਦ ਹਨ। ਮਿਸਾਲ ਦੇ ਤੌਰ ਤੇ ‘ਗੁਰਮਤਿ ਲੇਹੁ ਤਰਹੁ ਭਵ ਦੁਤਰੁ’ (ਮਾਰੂ ਸੋਲਹੇ, ਮ. ੧) ਵਿਚ ਗੁਰਮਤ ਦੇ ਅਰਥ ਗੁਰਬਾਣੀ ਜਾਂ ਉਪਦੇਸ਼, ਸਿੱਖਿਆ, ਨਸੀਹਤ ਆਦਿ ਹਨ। ਇਸ ਸ਼ਬਦ ਦੇ ਇਨ੍ਹਾਂ ਹੀ ਅਰਥਾਂ ਦੀਆਂ ਸੂਚਕ ਹੋਰ ਤੁਕਾਂ ਹੇਠਾਂ ਅੰਕਿਤ ਹਨ :

                   ਗੁਰਮਤ ਪਾਇਆ ਸਹਿਜ ਮਿਲਾਇਆ।                                    ––ਸੂਹੀ,ਛੰਤ, ਮ. ੜ

          ਗੁਰਮਤ–ਦਰਸ਼ਨ ਵਿਚ ਬਾਣੀ ਤੇ ਗੁਰੂ ਸਮਰੂਪ ਤੇ ਪਰਿਆਇਵਾਚੀ ਸ਼ਬਦ ਹਨ, ਅਰਥਾਤ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ :
                   ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ।

                   ਗੁਰਬਾਣੀ ਕਹੈ ਸੇਵੁਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।              ––(ਨਟ, ਮ. ੪)

                                                [ਸਹਾ. ਗ੍ਰੰਥ––ਭਾਈ ਜੋਧ ਸਿੰਘ : ‘ਗੁਰਮਤਿ ਨਿਰਯਣ’]


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੁਰਮਤਿ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਮਤਿ : ‘ਗੁਰਮਤ’ ਸ਼ਬਦ ‘ਗੁਰ’ ਅਤੇ ‘ਮਤ’ ਮਤਿ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਗੁਰੂ ਵੱਲੋਂ ਸਿੱਖ ਨੂੰ ਦਿੱਤੀ ਗਈ ਮਤ। ਇਹ ਗੁਰੂ ਦਾ ਦਿੱਤਾ ਉਪਦੇਸ਼ ਗਿਆਨ ਹੈ। ਗਿਆਨ ਤਾਂ ਮਿਲਦਾ ਹੀ ਗੁਰੂ ਤੋਂ ਹੈ। ਹਰ ਵਿਸ਼ੇ ਜਾਂ ਕਸਬ ਦਾ ਕੋਈ ਨਾ ਕੋਈ ਵਿਸ਼ੇਸ਼ਗ ਜਾਂ ਗੁਰੂ ਜ਼ਰੂਰ ਹੁੰਦਾ ਹੈ ਜੋ ਜਗਿਆਸੂ ਨੂੰ ਗਿਆਨ ਦੇਣ ਦੇ ਸਮਰੱਥ ਹੁੰਦਾ ਹੈ ਪਰ ਗੁਰਮਤ ਸ਼ਬਦ ਦੀ ਵਰਤੋਂ ਵਿਸ਼ੇਸ਼ ਤੌਰ ਤੇ ਅਧਿਆਤਮਕ ਗਿਆਨ ਲਈ ਹੁੰਦੀ ਹੈ। ਪ੍ਰਾਚੀਨ ਭਾਰਤ ਦੇ ਵੈਦਿਕ ਸਾਹਿਤ ਵਿਚ ਰਚੇ ਗਏ ਉਪਨਿਸ਼ਦਾਂ ਤੋਂ ਉਸ ਸਮੇਂ ਦੇ ਗੁਰੂ-ਸ਼ਿਸ਼ ਦੇ ਅਧਿਆਤਮਕ ਸਬੰਧਾਂ ਦਾ ਪਤਾ ਲਗਦਾ ਹੈ। ਗੁਰੂ ਦੇ ਨੇੜੇ ਹੋ ਕੇ ਬੈਠਣ ਨੂੰ ਹੀ ਉਪਨਿਸ਼ਦ ਕਿਹਾ ਗਿਆ ਹੈ। ਇਸ ਲਈ ਉਪਨਿਸ਼ਦਾਂ ਵਿਚ ਦਿਤੇ ਗਿਆਨ ਨੂੰ ‘ਪ੍ਰਾਚੀਨ ਗੁਰਮਤ’ ਜਾਂ ‘ਵੈਦਿਕ ਗੁਰਮਤ’ ਕਿਹਾ ਜਾ ਸਕਦਾ ਹੈ। ਅਸਲ ਵਿਚ ਗੁਰਮਤ ਸ਼ਬਦ ਆਧੁਨਿਕ ਕਾਲ ਵਿਚ ‘ਗੁਰੂ ਗ੍ਰੰਥ ਸਾਹਿਬ’ ਦੇ ਦਿਤੇ ਉਪਦੇਸ਼ਾਂ ਨੂੰ ਕਿਹਾ ਜਾਂਦਾ ਹੈ। ਮੁੱਖ ਉਪਦੇਸ਼ ਤਾਂ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਹੀ ਕਾਵਿ-ਬੱਧ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿਚ ‘ਆਦਿ ਗ੍ਰੰਥ’ ਵਿਚ ਬਾਣੀ ਦਾ ਸੰਕਲਨ ਕੀਤਾ ਜਿਸ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੋਂ ਛੁੱਟ ਕੁਝ ਭਗਤਾਂ ਦੀ ਬਾਣੀ ਵੀ ਸ਼ਾਮਲ ਸੀ। ਇਸ ‘ਆਦਿ ਗ੍ਰੰਥ’ ਜੀ ਨੂੰ ਦਸਮ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕਰਕੇ ਸੰਪੂਰਨਤਾ ਬਖਸ਼ੀ। ਇਸ ਸੰਪੂਰਨ ਗੁਰਬਾਣੀ ਸੰਗ੍ਰਹਿ ਨੂੰ ਦਸਮ ਗੁਰੂ ਨੇ ਜੋਤੀ-ਜੋਤ ਸਮਾਉਣ ਸਮੇਂ ਗੁਰੂ-ਪਦਵੀ ਉਤੇ ਸੁਸ਼ੋਭਿਤ ਕੀਤਾ। ਇਉਂ ਆਧੁਨਿਕ ਕਾਲ ਵਿਚ ‘ਗੁਰੂ ਗ੍ਰੰਥ ਸਾਹਿਬ’ ਗੁਰਮਤ ਦਾ ਖ਼ਜਾਨਾ ਹਨ। ਗੁਰੂ ਸਾਹਿਬਾਨ ਤੋਂ ਪਹਿਲਾਂ ਹੋ ਚੁੱਕੇ ਜਿਨ੍ਹਾਂ ਭਗਤਾਂ ਦੀ ਬਾਣੀ ਨੂੰ ਸਮ-ਭਾਵੀ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਗਿਆ, ਉਹ ਹਨ ਭਗਤ ਜੈ ਦੇਵ, ਸ਼ੇਖ ਫ਼ਰੀਦ, ਭਗਤ ਰਾਮਾਨੰਦ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ, ਭਗਤ ਸਦਨਾ, ਭਗਤ ਧੰਨਾ, ਭਗਤ ਪੀਪਾ, ਭਗਤ ਬੇਣੀ, ਭਗਤ ਨਾਮਦੇਵ, ਭਗਤ ਤ੍ਰਿਲੋਚਨ ਅਤੇ ਭਗਤ ਪਰਮਾਨੰਦ।

          ਗੁਰਸਿੱਖ ਗੁਰਮਤ ਅਨੁਸਰ ਆਪਣਾ ਜੀਵਨ ਬਿਤਾਉਂਦਾ ਹੋਇਆ ਅਧਿਆਤਮਕ ਉੱਚਤਾ ਨੂੰ ਪ੍ਰਾਪਤ ਕਰਦਾ ਹੈ। ਗੁਰਮਤ ਦੇ ਪ੍ਰਭਾਵ ਨਾਲ ਚੰਚਲ ਮਨ ਅਚਲ ਹੋ ਜਾਂਦਾ ਹੈ, ਮਹਾਂ ਮਲੀਨ ਪ੍ਰਾਣੀ ਨਿਰਮਲ ਹੋ ਜਾਂਦਾ ਹੈ। ਚੌਰਾਸੀ ਲੱਖ ਜੂਨਾਂ ਦੀ ਭਟਕਣ ਮੁੱਕ ਜਾਂਦੀ ਹੈ, ਹਊਮੈ ਦਾ ਨਾਸ਼ ਹੋ ਜਾਂਦਾ ਹੈ, ਆਪੇ ਦੀ ਪਛਾਣ ਹੋ ਜਾਂਦੀ ਹੈ, ਜਾਤ, ਵਰਣ ਅਤੇ ਭਰਮ-ਭੈ ਦਾ ਅੰਤ ਹੋ ਜਾਂਦਾ ਹੈ।

          ਗੁਰਮਤਿ ਬਾਰੇ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :––

          ਗੁਰਮਤਿ ਲੇਵਹੁ ਹਰਿ ਲਿਵ ਤਰੀਐ।

          ਅਕਲੁ ਗਾਇ ਜਮ ਕੇ ਕਿਆ ਡਰੀਐ।

          ਜਤ ਜਤ ਦੇਖਉ ਤਤ ਤਤ ਤੁਮ ਹੀ,

          ਅਵਰੁ ਨ ਦੁਤੀਆ ਗਾਇਆ। ੩।…..

          ਸਚ ਬਿਨੁ ਭਵਜਲੁ ਜਾਇ ਨਾ ਤਰਿਆ।

          ਏਹੁ ਸੁਮੁੰਦ ਅਥਾਹੁ ਮਹਾ ਬਿਖੁ ਭਰਿਆ;

          ਰਹੈ ਅਤੀਤੁ ਗੁਰਮਤਿ ਲੈ ਉਪਰਿ ਹਰਿ,

          ਨਿਰਭਾਉ ਕੈ ਘਰਿ ਪਾਇਆ । ੬।………   

          ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ।

          ਬਿਨੁ ਗੁਰ ਰਾਮ ਨਾਮ ਕਿਉ ਧਿਆਈਐ।

          ਗੁਰਮਤਿ ਲੇਹ ਪਰਮੁ ਭਵ ਦੁਤਰੁ,

          ਮੁਕਤਿ ਭਏ ਸੁਖ ਪਾਇਆ । ੮।

          ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ।

          ਗੁਰਮਤਿ ਸਾਇਰਿ ਪਾਹਣ ਤਾਰੇ।

          ਗੁਰਮਤਿ ਲੇਹੁ ਪਰਮ ਪਦੁ ਪਾਈਐ,

          ਨਾਨਕ ਗੁਰਿ ਭਰਮੁ ਚੁਕਾਇਆ। ੧੦।

          ਗੁਰਮਤਿ ਲੇਹੁ ਤਰਹੁ ਸਚੁ ਤਾਰੀ।

          ਆਤਮ ਚੀਨਹੁ ਰਿਦੈ ਮੁਰਾਰੀ।

          ਜਮ ਕੇ ਫਾਹੇ ਕਾਟਹਿ ਹਰਿ ਜਪਿ,

          ਅਕੁਲ ਨਿਰੰਜਨ ਪਾਇਆ ।੧੧।

          ਗੁਰਮਤਿ ਪੰਚ ਸਖੇ ਗੁਰ ਭਾਈ।

          ਗੁਰਮਤਿ ਅਗਨਿ ਨਿਵਾਰਿ ਸਮਾਈ।

          ਮਨਿਮੁਖਿ ਨਾਮੁ ਜਪਹੁ ਜਗਜੀਵਨ,

          ਰਿਦ ਅੰਤਰਿ ਅਲਖੁ ਲਖਾਇਆ। ੧੨।…..

          ਗੁਰਮਤਿ ਬੋਲਹੁ ਹਰਿ ਜਸੁ ਸੂਚਾ।

          ਗੁਰਮਤਿ ਆਖੀ ਦੇਖਹੁ ਊਚਾ।

          ਸ੍ਰਵਣੀ ਨਾਮ ਸੁਣੈ ਹਰਿ ਬਾਣੀ,

          ਨਾਨਕ ਹਰਿ ਰੰਗ ਰੰਗਾਇਆ।੧੫।

                                      (ਮਾਰੂ ਮ. ੧, ੧੦੪੦-੧੦੪੨)

          ਉਪਰੋਕਤ ਬਾਣੀ ਵਿਚੋਂ ਗੁਰਮਤਿ ਸਬੰਧੀ ਸਪਸ਼ਟ ਮਤ ਮਿਲਦਾ ਹੈ। ਗੁਰਮਤਿ ਧਾਰਨ ਕਰਨ ਨਾਲ ਹਰੀ ਨਾਲ ਲਿਵ ਜੁੜਦੀ ਹੈ ਅਤੇ ਸੰਸਾਰ ਤੋਂ ਤਰ ਜਾਈਦਾ ਹੈ, ਭਾਵੇਂ ਇਹ ਸਾਗਰ ਤਰਨਾ ਬਹੁਤ ਕਠਨ ਹੈ। ਗੁਰਮਤਿ ਧਾਰਨ ਕਰਨ ਨਾਲ ਹੀ ਗੁਰੂ ਪਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਤ੍ਰਿਸ਼ਨਾ ਅਗਨੀ ਕਾ ਖਾਤਮਾ ਹੋ ਜਾਂਦਾ ਹੈ। ਅਧਿਆਤਮੀ ਮਹਾਂ ਪੁਰਖਾਂ ਵਿਚ ਗੁਰਮਤਿ ਕਾਰਣ ਹੀ ਸਾਂਝ ਹੁੰਦੀ ਹੈ। ਗੁਰਮਤਿ ਧਾਰਨ ਕਰਨ ਨਾਲ ਹਰੀਂ ਦੇ ਨਾਮ ਦਾ ਜਾਪ ਹੁੰਦਾ ਹੈ, ਨੇਤਰਾਂ ਨਾ ਉਚਤਮ ਪ੍ਰਭੂ ਨੂੰ ਦੇਖ ਸਕੀਦਾ ਹੈ ਅਤੇ ਕੰਨਾਂ ਨਾਲ ਰੱਬੀ ਬਾਣੀ ਅਥਵਾ ਨਾਮ ਨੂੰ ਸੁਣ ਸਕੀਦਾ ਹੈ।

          ਗੁਰਮਤਿ ਵਿਚ ਨਾਮ-ਸਿਮਰਨ ਉਤੇ ਬਲ ਦਿੱਤਾ ਗਿਆ ਹੈ। ਸਰੀਰ ਸਰੋਵਰ ਵਿਚ ਹਰੀ ਦਾ ਨਾਮ ਹੀਰਾ ਹੈ, ਰਤਨ ਜਵਾਹਰ ਅਤੇ ਲਾਲ ਹੈ। ਜਿਨ੍ਹਾਂ ਦੇ ਮਸਤਕ ਦੇ ਭਾਗ ਹਨ, ਉਹ ਹੀ ਗੁਰਮਤਿ ਦੁਆਰਾ ਇਸ ਅਮੁਲ ਧੰਨ ਦੀ ਪ੍ਰਾਪਤੀ ਕਰਦੇ ਹਨ। ਗੁਰੂ ਰਾਮਦਾਸ ਜੀ ਦਾ ਫੁਰਮਾਨ ਹੈ :––

          ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਿਗੁਰੂ ਸੇਵਾ ਲਾਏ।

          ਨਾਨਕ ਰਤਨ ਜਵੇਹਰ ਪਾਵੇ ਧਨੁ ਧਨੁ ਗੁਰਮਤਿ ਹਰਿ ਪਾਏ।

                                                (ਰਾਮਕਲੀ ਮ : ੪,੮੮੦) ਸੁਰਿੰਦਰ ਸਿੰਘ ਕੋਹਲੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਰਮਤਿ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਮਤਿ : ‘ਗੁਰਮਤਿ’ ਸ਼ਬਦ ‘ਗੁਰ’ ਅਤੇ ‘ਮਤ’ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਗੁਰੂ ਵੱਲੋਂ ਸਿੱਖ ਨੂੰ ਦਿੱਤੀ ਗਈ ਮਤ। ਇਹ ਗੁਰੂ ਦਾ ਦਿੱਤਾ ਉਪਦੇਸ਼ ਗਿਆਨ ਹੈ। ਗਿਆਨ ਤਾਂ ਮਿਲਦਾ ਹੀ ਗੁਰੂ ਤੋਂ ਹੈ। ਹਰ ਵਿਸ਼ੇ ਜਾਂ ਕਸਬ ਦਾ ਕੋਈ ਨਾ ਕੋਈ ਮਾਹਰ ਜਾਂ ਗੁਰੂ ਜ਼ਰੂਰ ਹੁੰਦਾ ਹੈ ਜੋ ਜਗਿਆਸੂ ਨੂੰ ਗਿਆਨ ਦੇਣ ਦੇ ਸਮਰਥ ਹੁੰਦਾ ਹੈ ਪਰ ਗੁਰਮਤਿ ਸ਼ਬਦ ਦੀ ਵਰਤੋਂ ਵਿਸ਼ੇਸ਼ ਤੌਰ ਤੇ ਅਧਿਆਤਮਕ ਗਿਆਨ ਲਈ ਹੁੰਦੀ ਹੈ।ਪ੍ਰਾਚੀਨ ਭਾਰਤ ਦੇ ਵੈਦਿਕ ਸਾਹਿਤ ਵਿਚ ਰਚੇ ਗਏ ਉਪਨਿਸ਼ਦਾਂ ਤੋਂ ਉਸ ਸਮੇਂ ਦੇ ਗੁਰੂ-ਚੇਲੇ ਦੇ ਅਧਿਆਤਮਕ ਸਬੰਧਾਂ ਦਾ ਪਤਾ ਲਗਦਾ ਹੈ। ਗੁਰੂ ਦੇ ਨੇੜੇ ਹੋ ਕੇ ਬੈਠਣ ਨੂੰ ਹੀ ਉਪਨਿਸ਼ਦ ਕਿਹਾ ਗਿਆ ਹੈ। ਇਸ ਲਈ ਉਪਨਿਸ਼ਦਾਂ ਵਿਚ ਦਿੱਤੇ ਗਿਆਨ ਨੂੰ ‘ਪ੍ਰਾਚੀਨ ਗੁਰਮਤਿ’ ਜਾਂ ‘ਵੈਦਿਕ ਗੁਰਮਤਿ’ ਕਿਹਾ ਜਾ ਸਕਦਾ ਹੈ। ਅਸਲ ਵਿਚ ਗੁਰਮਤਿ ਸ਼ਬਦ ਆਧੁਨਿਕ ਕਾਲ ਵਿਚ ‘ਗੁਰੂ ਗ੍ਰੰਥ ਸਾਹਿਬ’ ਦੇ ਦਿੱਤੇ ਉਪਦੇਸ਼ਾਂ ਨੂੰ ਕਿਹਾ ਜਾਂਦਾ ਹੈ। ਮੁੱਖ ਉਪਦੇਸ਼ ਤਾਂ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਹੀ ਕਾਵਿ-ਬੱਧ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ‘ਆਦਿ ਗ੍ਰੰਥ’ ਵਿਚ ਬਾਣੀ ਦਾ ਸੰਕਲਨ ਕੀਤਾ ਜਿਸ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੋਂ ਛੁੱਟ ਕੁੱਝ ਭਗਤਾਂ ਦੀ ਬਾਣੀ ਵੀ ਸ਼ਾਮਲ ਸੀ। ਇਸ ‘ਆਦਿ ਗ੍ਰੰਥ’ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕਰ ਕੇ ਸੰਪੂਰਨਤਾ ਬਖਸ਼ੀ। ਇਸ ਸੰਪੂਰਨ ਗੁਰਬਾਣੀ ਸੰਗ੍ਰਹਿ ਨੂੰ ਦਸਮ ਗੁਰੂ ਨੇ ਜੋਤੀ-ਜੋਤਿ ਸਮਾਉਣ ਸਮੇਂ ਗੁਰੂ-ਪਦਵੀ ਉੱਤੇ ਸੁਸ਼ੋਭਿਤ ਕੀਤਾ। ਇਉਂ ਆਧੁਨਿਕ ਕਾਲ ਵਿਚ ‘ਗੁਰੂ ਗ੍ਰੰਥ ਸਾਹਿਬ’ ਗੁਰਮਤਿ ਦਾ ਖ਼ਜਾਨਾ ਹਨ। ਗੁਰੂ ਸਾਹਿਬਾਨ ਤੋਂ ਪਹਿਲਾਂ ਹੋ ਚੁੱਕੇ ਜਿਨ੍ਹਾਂ ਭਗਤਾਂ ਦੀ ਬਾਣੀ ਨੂੰ ਸਮ-ਭਾਵੀ ਹੋਣ ਕਰ ਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਗਿਆ, ਉਹ ਹਨ ਭਗਤ ਜੈ ਦੇਵ, ਸ਼ੇਖ ਫ਼ਰੀਦ, ਭਗਤ ਰਾਮਾਨੰਦ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ, ਭਗਤ ਸਾਧਨਾ, ਭਗਤ ਧੰਨਾ, ਭਗਤ ਪੀਪਾ, ਭਗਤ ਬੇਣੀ, ਭਗਤ ਨਾਮਦੇਵ, ਭਗਤ ਤ੍ਰਿਲੋਚਨ ਅਤੇ ਭਗਤ ਪਰਮਾਨੰਦ।

ਗੁਰਸਿੱਖ ਗੁਰਮਤਿ ਅਨੁਸਾਰ ਆਪਣਾ ਜੀਵਨ ਬਿਤਾਉਂਦਾ ਹੋਇਆ ਅਧਿਆਤਮਕ ਉੱਚਤਾ ਨੂੰ ਪ੍ਰਾਪਤ ਕਰਦਾ ਹੈ। ਗੁਰਮਤਿ ਦੇ ਪ੍ਰਭਾਵ ਨਾਲ ਚੰਚਲ ਮਨ ਅਚਲ ਹੋ ਜਾਂਦਾ ਹੈ, ਮਹਾਂ ਮਲੀਨ ਪ੍ਰਾਣੀ ਨਿਰਮਲ ਹੋ ਜਾਂਦਾ ਹੈ। ਚੌਰਾਸੀ ਲੱਖ ਜੂਨਾਂ ਦੀ ਭਟਕਣ ਮੁੱਕ ਜਾਂਦੀ ਹੈ, ਹਉਮੈ ਦਾ ਨਾਸ਼ ਹੋ ਜਾਂਦਾ ਹੈ, ਆਪੇ ਦੀ ਪਛਾਣ ਹੋ ਜਾਂਦੀ ਹੈ, ਜਾਤ, ਵਰਣ ਅਤੇ ਭਰਮ-ਭੈ ਦਾ ਅੰਤ ਹੋ ਜਾਂਦਾ ਹੈ।

    ਗੁਰਮਤਿ ਬਾਰੇ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :–

     ਗੁਰਮਤਿ ਲੇਵਹੁ ਹਰਿ ਲਿਵ ਤਰੀਐ ।

      ਅਕਲੁ ਗਾਇ ਜਮ ਤੇ ਕਿਆ ਡਰੀਐ ।

       ਜਤ ਜਤ ਦੇਖਉ ਤਤ ਤਤ ਤੁਮ ਹੀ

       ਅਵਰੁ ਨ ਦੁਤੀਆ ਗਾਇਆ ‖ ੩ ‖

        .....................................

          ਸਚ ਬਿਨੁ ਭਵਜਲੁ ਜਾਇ ਨ ਤਰਿਆ ‖

          ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ‖

           ਰਹੈ ਅਤੀਤੁ ਗੁਰਮਤਿ ਲੇ ਊਪਰਿ

            ਹਰਿ ਨਿਰਭਉ ਕੈ ਘਰਿ ਪਾਇਆ ‖੬‖

              ...................................

             ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ‖

             ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ‖

             ਗੁਰਮਤਿ ਲੇਹ ਭਰਹੁ ਭਵ ਦੁਤਰੁ

              ਮੁਕਤਿ ਭਏ ਸੁਖ ਪਾਇਆ ‖ ੯ ‖

              ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ‖

              ਗੁਰਮਤਿ ਸਾਇਰਿ ਪਾਹਣ ਤਾਰੇ ‖

              ਗੁਰਮਤਿ ਲੇਹੁ ਪਰਮ ਪਦੁ ਪਾਈਐ

              ਨਾਨਕ ਗੁਰਿ ਭਰਮੁ ਚੁਕਾਇਆ ‖ ੧੦ ‖

              ਗੁਰਮਤਿ ਲੇਹੁ ਤਰਹੁ ਸਚੁ ਤਰੀ ‖

              ਆਤਮ ਚੀਨਹੁ ਰਿਦੈ ਮੁਰਾਰੀ ‖

              ਜਮ ਕੇ ਫਾਹੇ ਕਾਟਹਿ ਹਰਿ ਜਪਿ

              ਅਕੁਲ ਨਿਰੰਜਨੁ ਪਾਇਆ ‖ ੧੧‖

              ਗੁਰਮਤਿ ਪੰਚ ਸਖੇ ਗੁਰ ਭਾਈ ‖

              ਗੁਰਮਤਿ ਅਗਨਿ ਨਿਵਾਰਿ ਸਮਾਈ ‖

              ਮਨਿ ਮੁਖਿ ਨਾਮੁ ਜਪਹੁ ਜਗਜੀਵਨ

               ਰਿਦ ਅੰਤਰਿ ਅਲਖੁ ਲਖਾਇਆ ।‖੧੨‖

                .............................................

                ਗੁਰਮਤਿ ਬੋਲਹੁ ਹਰਿ ਜਸੁ ਸੂਚਾ ‖

                ਗੁਰਮਤਿ ਆਖੀ ਦੇਖਹੁ ਊਚਾ ‖

                ਸ੍ਰਵਣੀ ਨਾਮ ਸੁਣੈ ਹਰਿ ਬਾਣੀ

                ਨਾਨਕ ਹਰਿ ਰੰਗਿ ਰੰਗਾਇਆ ‖ ੧੫ ‖

                                       (ਮਾਰੂ ਮ. ੧, ਪੰਨਾ ੧੦੪੦-੧੦੪੧)

ਉਪਰੋਕਤ ਸ਼ਬਦ ਵਿਚੋਂ ਗੁਰਮਤਿ ਸਬੰਧੀ ਸਪਸ਼ਟ ਮਤ ਮਿਲਦਾ ਹੈ। ਗੁਰਮਤਿ ਧਾਰਨ ਕਰਨ ਨਾਲ ਹਰੀ ਨਾਲ ਲਿਵ ਜੁੜਦੀ ਹੈ ਅਤੇ ਸੰਸਾਰ ਤੋਂ ਤਰ ਜਾਈਦਾ ਹੈ, ਭਾਵੇਂ ਇਹ ਸਾਗਰ ਤਰਨਾ ਬਹੁਤ ਕਠਿਨ ਹੈ। ਗੁਰਮਤਿ ਧਾਰਨ ਕਰਨ ਨਾਲ ਹੀ ਗੁਰੂ ਪਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਤ੍ਰਿਸ਼ਨਾ ਅਗਨੀ ਦਾ ਖ਼ਾਤਮਾ ਹੋ ਜਾਂਦਾ ਹੈ। ਅਧਿਆਤਮੀ ਮਹਾਂ ਪੁਰਖਾਂ ਵਿਚ ਗੁਰਮਤਿ ਕਾਰਣ ਹੀ ਸਾਂਝ ਹੰਦੀ ਹੈ। ਗੁੁਰਮਤਿ ਧਾਰਨ ਕਰਨ ਨਾਲ ਹਰੀ ਦੇ ਨਾਮ ਦਾ ਜਾਪ ਹੁੰਦਾ ਹੈ ਅਤੇ ਕੰਨਾਂ ਨਾਲ ਰੱਬੀ ਬਾਣੀ ਅਥਵਾ ਨਾਮ ਨੂੰ ਸੁਣ ਸਕੀਦਾ ਹੈ।

ਗੁਰਮਤਿ ਵਿਚ ਨਾਮ-ਸਿਮਰਨ ਉੱਤੇ ਬਲ ਦਿੱਤਾ ਗਿਆ ਹੈ। ਸਰੀਰ ਸਰੋਵਰ ਵਿਚ ਹਰੀ ਦਾ ਨਾਮ ਹੀਰਾ ਹੈ, ਰਤਨ ਜਵਾਹਰ ਅਤੇ ਲਾਲ ਹੈ । ਜਿਨ੍ਹਾਂ ਦੇ ਮਸਤਕ ਦੇ ਭਾਗ ਹਨ, ਉਹ ਹੀ ਗੁਰਮਤਿ ਦੁਆਰਾ ਇਸ ਅਮੁਲ ਧਨ ਦੀ ਪ੍ਰਾਪਤੀ ਕਰਦੇ ਹਨ। ਗੁਰੂ ਰਾਮਦਾਸ ਜੀ ਦਾ ਫੁਰਮਾਨ ਹੈ :–

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ‖

ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ‖

                                         (ਰਾਮਕਲੀ ਮ : ੪, ਪੰਨਾ ੮੮੦)


ਲੇਖਕ : -ਡਾ. ਸੁਰਿੰਦਰ ਸਿੰਘ ਕੋਹਲੀ ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-10-04-41-37, ਹਵਾਲੇ/ਟਿੱਪਣੀਆਂ:

ਗੁਰਮਤਿ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਰਮਤਿ, ਪੁਲਿੰਗ : ਗੁਰਮਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-03-30-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.