ਗੋਸ਼ਟਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੋਸ਼ਟਾਂ : ਗੋਸ਼ਟਿ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ , ਗੋ + ਸ਼ਟਿ ਤੋਂ ਬਣਿਆ ਹੈ , ਜਿਸ ਦੇ ਅਰਥ ਹਨ : ਗਊਆਂ ਦੇ ਠਹਿਰਨ ਦੀ ਥਾਂ ਜਾਂ ਗਊਸ਼ਾਲਾਪਰ ਸਮੇਂ ਨਾਲ ਇਹ ਇਕੱਠੇ ਬੈਠੇ ਹੋਏ ਲੋਕਾਂ ਦਰਮਿਆਨ ਆਪਸੀ ਗੱਲ-ਬਾਤ ਜਾਂ ਵਿਚਾਰ ਚਰਚਾ ਲਈ ਵਰਤਿਆ ਜਾਣ ਲੱਗ ਪਿਆ ਅਤੇ ਇਸ ਦੇ ਲਿਖਤੀ ਰੂਪ ਨੂੰ ਗੋਸ਼ਟਿ ਕਿਹਾ ਜਾਣ ਲੱਗਾ । ਗੋਸ਼ਟਿ ਦਾ ਮੂਲ ਰੂਪ ਗੱਲ-ਬਾਤ ਜਾਂ ਵਾਰਤਾਲਾਪ ਹੈ । ਇਕੱਠਿਆਂ ਹੋ ਕੇ ਗੱਲ-ਬਾਤ ਜਾਂ ਵਾਰਤਾਲਾਪ ਕਰਨ ਦਾ ਸਿਲਸਿਲਾ ਕਾਫ਼ੀ ਪੁਰਾਣਾ ਹੈ , ਪਰ ਜਦ ਧਰਮ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਤਾਂ ਧਾਰਮਿਕ ਵਿਚਾਰ ਚਰਚਾ ਲਈ ਇਹ ਰੂਪ ਵਧੇਰੇ ਪ੍ਰਸਿੱਧ ਹੋਣ ਲੱਗਾ । ਉਂਞ ਸੰਸਾਰ ਵਿੱਚ ਧਰਮ ਵੀ ਮਨੁੱਖ ਜਿੰਨਾ ਹੀ ਪੁਰਾਣਾ ਹੈ , ਬੇਸ਼ੱਕ ਇਸ ਦੇ ਰੂਪ ਵੱਖਰੇ-ਵੱਖਰੇ ਰਹੇ ਹਨ । ਲਗਪਗ ਸਾਰੀਆਂ ਜ਼ਬਾਨਾਂ ਦੇ ਸਾਹਿਤ ਦਾ ਅਰੰਭ ਧਾਰਮਿਕ ਵਿਸ਼ਿਆਂ ਵਾਲੇ ਗ੍ਰੰਥਾਂ ਦੇ ਰੂਪ ਵਿੱਚ ਹੋਇਆ ਹੈ । ਭਾਰਤੀ ਅਤੇ ਯੂਨਾਨੀ ਸਾਹਿਤ ਵਿੱਚ ਗੋਸ਼ਟਿ ਰੂਪ ਖ਼ਾਸ ਤੌਰ `ਤੇ ਵਿਕਸਿਤ ਹੋਇਆ । ਕੋਈ ਜਿਗਿਆਸੂ ਸਵਾਲ ਕਰਦਾ ਹੈ ਤੇ ਗੁਰੂ ਉਸ ਦਾ ਉੱਤਰ ਦਿੰਦਾ ਹੈ । ਇਸ ਦਾ ਇੱਕ ਹੋਰ ਨਾਂ ਪ੍ਰਸ਼ਨੋਤਰੀ ਵੀ ਹੈ । ਅੱਜ-ਕੱਲ੍ਹ ਵਿੱਦਿਅਕ ਜਗਤ ਵਿੱਚ ਅੰਗਰੇਜ਼ੀ ਸ਼ਬਦ Seminar ਲਈ ਵੀ ਗੋਸ਼ਟਿ ਪਦ ਵਰਤ ਲਿਆ ਜਾਂਦਾ ਹੈ , ਕਿਉਂਕਿ ਸੈਮੀਨਾਰ ਵਿੱਚ ਵੀ ਸਵਾਲਾਂ-ਜਵਾਬਾਂ ਦਾ ਬਹਿਸ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ।

        ਨਿਰਸੰਦੇਹ ਗੋਸ਼ਟਿ ਵਾਰਤਾਲਾਪ ਦੇ ਰੂਪ ਵਿੱਚ ਹੁੰਦੀ ਹੈ । ਪਰ ਇਹ ਸਧਾਰਨ ਵਾਰਤਾਲਾਪ ਨਹੀਂ ਹੁੰਦੀ , ਸਗੋਂ ਇਹ ਇੱਕ ਹੀ ਵਿਸ਼ੇ ਦੁਆਲੇ ਘੁੰਮਦੀ ਹੈ । ਗੋਸ਼ਟਿ ਵਿੱਚ ਦੋ ਵਿਰੋਧੀ ਵਿਚਾਰਾਂ ਬਾਰੇ ਚਰਚਾ ਹੁੰਦੀ ਹੈ ਅਤੇ ਇਹ ਗਹਿਰ ਗੰਭੀਰ , ਰਹੱਸਮਈ ਅਤੇ ਸੂਖਮ ਹੁੰਦੇ ਹਨ । ਬਹੁਤੀ ਵਾਰੀ ਇਹ ਮੱਧਮ ਪੁਰਖ ਵਿੱਚ ਲਿਖੀ ਗਈ ਹੁੰਦੀ ਹੈ , ਗੋਸ਼ਟਿ ਦੇ ਪਾਤਰ ਆਪਸ ਵਿੱਚ ਗੱਲ-ਬਾਤ ਕਰਦੇ ਹਨ । ਵਧੇਰੇ ਕਰ ਕੇ ਗਿਆਨਵਾਨ ਪਾਤਰ ਇਸ ਦਾ ਨਾਇਕ ਬਣਦਾ ਹੈ , ਜਦ ਕਿ ਦੂਜਾ ਜਿਗਿਆਸੂ । ਗੋਸ਼ਟਿ ਲੇਖਕ ਟਾਕਰੇ ਨਾਲ ਜਿਸ ਵਿਚਾਰ ਨੂੰ ਉੱਤਮ ਸਮਝਦਾ ਹੈ , ਉਸ ਦੀ ਜਿੱਤ ਕਰਵਾਉਂਦਾ ਹੈ । ਇਸੇ ਲਈ ਇਸ ਵਿੱਚ ਨਾਟਕੀ ਰੰਗ ਆ ਜਾਂਦਾ ਹੈ ਅਤੇ ਕਈ ਥਾਂਈਂ ਵਿਅੰਗ ਵੀ ਕੀਤਾ ਗਿਆ ਮਿਲਦਾ ਹੈ । ਗੁਰੂ ਨਾਨਕ ਦੇਵ ਦੀਆਂ ਜੋਗੀਆਂ ਨਾਲ ਕੀਤੀਆਂ ਗੋਸ਼ਟਾਂ ਵਿੱਚ ਇਹ ਰੰਗ ਵਧੇਰੇ ਮਿਲਦਾ ਹੈ । ਗੋਸ਼ਟਾਂ ਦੇ ਪਾਤਰਾਂ ਦਾ ਸਮਕਾਲੀ ਹੋਣਾ ਵੀ ਜ਼ਰੂਰੀ ਨਹੀਂ , ਇੱਕ ਇਤਿਹਾਸਿਕ ਹੋ ਸਕਦਾ ਹੈ ਜਦ ਕਿ ਦੂਜਾ ਮਿਥਿਹਾਸਿਕ । ਏਸੇ ਲਈ ਗੋਸ਼ਟਾਂ ਦੇ ਸਮੇਂ ਸਥਾਨ ਬਾਰੇ ਪੱਕੇ ਤੌਰ `ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਦੋਂ ਅਤੇ ਕਿੱਥੇ ਹੋਈ । ਕਈ ਵਾਰੀ ਪਾਤਰ ਸੂਖਮ ਹੁੰਦੇ ਹਨ , ਜਿਵੇਂ ਆਤਮਾ ਤੇ ਪਰਮਾਤਮਾ ਆਦਿ । ਵਧੇਰੇ ਮਹੱਤਵ ਵਿਚਾਰ ਜਾਂ ਸੰਕਲਪ ਨੂੰ ਪ੍ਰਾਪਤ ਹੈ , ਇਤਿਹਾਸਿਕਤਾ ਅਤੇ ਸਥਾਨਿਕਤਾ ਨੂੰ ਨਹੀਂ । ਕੋਈ ਵੀ ਨਵਾਂ ਵਿਚਾਰ ਆਪਣੇ ਪ੍ਰਚਾਰ ਅਤੇ ਮਾਨਤਾ ਲਈ ਪੁਰਾਣੇ ਵਿਚਾਰਾਂ ਦੀਆਂ ਕਮਜ਼ੋਰੀਆਂ ਨੂੰ ਉਘਾੜ ਕੇ ਉਹਨਾਂ ਉਪਰ ਆਪਣੀ ਉੱਚਤਾ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜਿਹਾ ਕਰਨ ਲਈ ਗੋਸ਼ਟਿ ਸਭ ਤੋਂ ਉੱਤਮ ਅਤੇ ਸਰਲ ਮਾਧਿਅਮ ਹੈ । ਪੁਰਾਣੇ ਸੰਸਕ੍ਰਿਤ ਗ੍ਰੰਥਾਂ ਜਿਵੇਂ ਉਪਨਿਸ਼ਦਾਂ , ਪੌਰਾਣਾਂ ਆਦਿ ਵਿੱਚ ਇਸ ਤਰ੍ਹਾਂ ਦੀਆਂ ਗੋਸ਼ਟਾਂ ਦੇ ਲਿਖਤੀ ਵੇਰਵੇ ਮਿਲਦੇ ਹਨ । ਮਗਰੋਂ ਮਹਾਤਮਾ ਬੁੱਧ ਦੀਆਂ ਆਪਣੇ ਚੇਲਿਆਂ ਨਾਲ ਹੋਈਆਂ ਗੋਸ਼ਟਾਂ ਮਿਲਦੀਆਂ ਹਨ ।

        ਪੰਜਾਬੀ ਵਿੱਚ ਵੀ ਗੋਸ਼ਟਾਂ ਦੀ ਇੱਕ ਭਰਪੂਰ ਪਰੰਪਰਾ ਮਿਲਦੀ ਹੈ । ਇਹ ਕਵਿਤਾ ਅਤੇ ਵਾਰਤਕ ਦੋਹਾਂ ਰੂਪਾਂ ਵਿੱਚ ਹੀ ਮਿਲਦੀਆਂ ਹਨ । ਪੰਜਾਬੀ ਦੇ ਸਭ ਤੋਂ ਪੁਰਾਣੇ ਸਮਝੇ ਜਾਂਦੇ ਗ੍ਰੰਥ ਏਕਾਦਸ਼ੀ ਮਹਾਤਮ ਵਿੱਚ ਗੋਸ਼ਟਿ ਵਿਧਾ ਨੂੰ ਯੁਧਿਸ਼ਟਰ ਨਾਲ ਅਤੇ ਬ੍ਰਹਮਾ ਤੇ ਨਾਰਦਮੁਨੀ ਨਾਲ ਵਾਰਤਾਲਾਪ ਰਾਹੀਂ ਮਿਥਿਹਾਸਿਕ ਘਟਨਾਵਾਂ ਦਾ ਵਰਣਨ ਕਰ ਕੇ ਇਕਾਦਸ਼ੀ ਦਾ ਵਰਤ ਰੱਖਣ ਦਾ ਫਲ ਉਘਾੜਿਆ ਗਿਆ ਹੈ । ਪਰ ਗੋਸ਼ਟਿ ਸਾਹਿਤ ਦਾ ਅਸਲ ਅਰੰਭ ਗੁਰੂ ਨਾਨਕ ਦੇਵ ਦੀ ਰਚਿਤ ਸਿਧ ਗੋਸ਼ਟਿ ਨਾਲ ਹੋਇਆ ਮੰਨਿਆ ਜਾ ਸਕਦਾ ਹੈ । ਸਿਧ ਗੋਸ਼ਟਿ ਕਵਿਤਾ ਵਿੱਚ ਹੈ , ਜਿਸ ਵਿੱਚ ਗੁਰੂ ਨਾਨਕ ਦੇਵ ਨਾਥਾਂ ਜੋਗੀਆਂ ਦੇ ਮਤ ਵਿਚਲੀਆਂ ਊਣਤਾਈਆਂ ਦਰਸਾ ਕੇ ਗੁਰਮਤਿ ਦੀ ਵਡਿਆਈ ਸਾਬਤ ਕਰਦੇ ਹਨ । ਪੰਜਾਬੀ ਵਾਰਤਕ ਵਿੱਚ ਗੋਸ਼ਟਿ ਦਾ ਅਰੰਭ ਜਨਮ-ਸਾਖੀਆਂ ਤੋਂ ਹੁੰਦਾ ਹੈ । ਗੁਰੂ ਨਾਨਕ ਦੇਵ ਨੇ ਇੱਕ ਨਵਾਂ ਧਰਮ ਚਲਾਇਆ , ਜਿਸ ਦੇ ਵਿਚਾਰ ( ਦਰਸ਼ਨ ) ਪਹਿਲੇ ਧਰਮਾਂ ਨਾਲੋਂ ਭਿੰਨ ਸਨ । ਗੁਰੂ ਨਾਨਕ ਦੇਵ ਵੇਲੇ ਪੰਜਾਬ ਵਿੱਚ ਨਾਥਾਂ ਜੋਗੀਆਂ ਅਤੇ ਇਸਲਾਮ ਦਾ ਸਭ ਤੋਂ ਵੱਧ ਜ਼ੋਰ ਸੀ ਅਤੇ ਇਹਨਾਂ ਨੂੰ ਤੁੱਛ ਦਰਸਾ ਕੇ ਹੀ ਗੁਰੂ ਨਾਨਕ ਦੇਵ ਦੇ ਧਰਮ ਦੀ ਵਡਿਆਈ ਕਾਇਮ ਕੀਤੀ ਜਾ ਸਕਦੀ ਸੀ । ਜਨਮ- ਸਾਖੀਆਂ ਵਿੱਚ ਗੁਰੂ ਨਾਨਕ ਦੇਵ ਦੀਆਂ ਗੋਸ਼ਟਾਂ ਵਧੇਰੇ ਕਰ ਕੇ ਨਾਥਾਂ ਜੋਗੀਆਂ ਨਾਲ ਹਨ ਜਾਂ ਸੂਫ਼ੀ ਦਰਵੇਸ਼ਾਂ ਤੇ ਇਸਲਾਮ ਦੇ ਹੋਰ ਧਰਮ ਆਗੂਆਂ ਨਾਲ । ਗੋਸ਼ਟਿ ਲੇਖਕਾਂ ਜਾਂ ਜਨਮ ਸਾਖੀਕਾਰਾਂ ਨੂੰ ਸਧਾਰਨ ਲੋਕਾਂ ਉਪਰ ਮਜ਼ਬੂਤ ਪਕੜ ਤੋੜਨ ਲਈ ਗੁਰੂ ਨਾਨਕ ਦੀਆਂ ਦੋਹਾਂ ਤਰ੍ਹਾਂ ਦੇ ਧਰਮ ਆਗੂਆਂ ਨਾਲ ਗੋਸ਼ਟਾਂ ਕਰਵਾਉਣੀਆਂ ਜ਼ਰੂਰੀ ਸਨ ਅਤੇ ਉਹਨਾਂ ਨੇ ਇਹ ਕੰਮ ਬਖ਼ੂਬੀ ਕੀਤਾ ਹੈ । ਜਨਮ-ਸਾਖੀਆਂ ਵਿੱਚੋਂ ਇੱਕ ਮਸ਼ਹੂਰ ਜਨਮ-ਸਾਖੀ ਦਾ ਨਾਂ ਮਿਹਰਬਾਨ ਵਾਲੀ ਜਨਮ-ਸਾਖੀ ਹੈ , ਜੋ ਸਾਖੀਆਂ ਦੀ ਥਾਂ ਗੋਸ਼ਟਾਂ ਵਿੱਚ ਹੈ । ਗੋਸ਼ਟਾਂ ਮਿਹਰਵਾਨ ਦੀਆਂ ਵੱਖਰੇ ਗ੍ਰੰਥ ਦੇ ਰੂਪ ਵਿੱਚ ਵੀ ਮਿਲਦੀਆਂ ਹਨ । ਜਨਮ- ਸਾਖੀਆਂ ਵਿਚਲੀਆਂ ਗੋਸ਼ਟਾਂ ਵਿੱਚੋਂ ਕੁਝ ਗੋਸ਼ਟਾਂ ਏਨੀਆਂ ਪ੍ਰਸਿੱਧ ਅਤੇ ਪ੍ਰਚਲਿਤ ਹੋਈਆਂ ਕਿ ਉਹ ਵੱਖਰੇ ਅਤੇ ਸੁਤੰਤਰ ਰੂਪ ਵਿੱਚ ਵੀ ਲਿਖੀਆਂ ਜਾਣ ਲੱਗੀਆਂ , ਜਿਵੇਂ ਮੱਕੇ ਮਦੀਨੇ ਦੀ ਗੋਸ਼ਟਿ , ਅਜਿਤੇ ਰੰਧਾਵੇ ਦੀ ਗੋਸ਼ਟਿ ਅਤੇ ਕਾਰੂ ਨਾਲ ਗੋਸ਼ਟਿ ਆਦਿ ।

        ਗੋਸ਼ਟਾਂ ਦਾ ਇੱਕ ਹੋਰ ਵਰਗ ਅਜਿਹਾ ਹੈ , ਜਿਸ ਦਾ ਸੰਬੰਧ ਸੰਤਾਂ ਭਗਤਾਂ ਨਾਲ ਹੈ । ਆਪਣੀ ਬਣਤਰ ਅਤੇ ਸ਼ੈਲੀ ਪੱਖੋਂ ਇਹ ਉਪਰਲੀਆਂ ਗੋਸ਼ਟਾਂ ਵਰਗੀਆਂ ਹੀ ਹਨ । ਫ਼ਰਕ ਕੇਵਲ ਇਹ ਹੈ ਕਿ ਇਹਨਾਂ ਵਿੱਚ ਗੋਸ਼ਟਿ ਦਾ ਨਾਇਕ ਕਿਸੇ ਗੁਰੂ ਸਾਹਿਬ ਦੀ ਥਾਂ ਸੰਤ ਭਗਤ ਬਣ ਜਾਂਦਾ ਹੈ , ਜਿਨ੍ਹਾਂ ਸੰਤਾਂ ਭਗਤਾਂ ਦੀਆਂ ਗੋਸ਼ਟਾਂ ਮਿਲਦੀਆਂ ਹਨ , ਉਹਨਾਂ ਵਿੱਚ ਕਬੀਰ , ਧੰਨਾ , ਨਾਮਦੇਵ , ਰਵਿਦਾਸ ਆਦਿ ਭਗਤ ਪ੍ਰਮੁੱਖ ਹਨ । ਤੀਜੀ ਭਾਂਤ ਦੀਆਂ ਗੋਸ਼ਟਾਂ ਹਿੰਦੂ ਮਿਥਿਹਾਸ ਦੇ ਪਾਤਰਾਂ ਵਿਚਕਾਰ ਹਨ , ਜਿਨ੍ਹਾਂ ਰਾਹੀਂ ਭਾਰਤੀ ਦਰਸ਼ਨ ਦੀ ਵਿਆਖਿਆ ਕੀਤੀ ਗਈ ਹੈ ਜਿਵੇਂ ਗੋਸ਼ਟਿ ਸ੍ਰੀ ਰਾਮ ਚੰਦਰ ਤੇ ਲਛਮਣ ਦੀ ਆਦਿ ।

        ਇਹਨਾਂ ਗੋਸ਼ਟਾਂ ਦਾ ਮਹੱਤਵ ਬਹੁਪੱਖੀ ਹੈ । ਕਈ ਗੋਸ਼ਟਾਂ ਦੋ ਬਿਲਕੁਲ ਸਮਕਾਲੀ ਪਾਤਰਾਂ ਵਿੱਚ ਕਰਵਾਈਆਂ ਗਈਆਂ ਹਨ , ਜੋ ਇਤਿਹਾਸ ਦੇ ਇੱਕ ਕਾਲ-ਖੰਡ ਵਿੱਚ ਵਿਚਰੇ । ਜਨਮ-ਸਾਖੀਆਂ ਵਿੱਚ ਗੁਰੂ ਨਾਨਕ ਦੇਵ ਦੀਆਂ ਗੋਸ਼ਟਾਂ ਜਿਨ੍ਹਾਂ ਸੰਤਾਂ , ਭਗਤਾਂ ਅਤੇ ਸੂਫ਼ੀਆਂ ਨਾਲ ਕਰਵਾਈਆਂ ਗਈਆਂ ਹਨ , ਉਹਨਾਂ ਵਿੱਚੋਂ ਕਈ ਇਤਿਹਾਸਿਕ ਪਾਤਰ ਹਨ । ਜਨਮ-ਸਾਖੀਆਂ ਗੁਰੂ ਨਾਨਕ ਦੇਵ ਦੇ ਪੰਜਾਬ ਦੇ ਇਤਿਹਾਸ ਉਪਰ ਪਏ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੀਆਂ ਹਨ । ਗੋਸ਼ਟਾਂ ਮਿਹਰਬਾਨ ਦੀਆਂ ਵਿਚ ਹਰਿ ਜੀ ਨੇ ਆਪਣੇ ਗੁਰੂ ਪਿਤਾ ਮਿਹਰਬਾਨ ਦੀ ਜੀਵਨ ਗਾਥਾ ਦਰਜ ਕੀਤੀ ਹੈ । ਦਾਰਸ਼ਨਿਕ ਤੌਰ `ਤੇ ਇਹਨਾਂ ਵਿੱਚ ਜੇਤੂ ਧਿਰ ਦੇ ਵਿਚਾਰਾਂ ਦੀ ਵਿਆਖਿਆ ਹੈ । ਗੋਸ਼ਟਾਂ ਦੇ ਰੂਪ ਵਿੱਚ ਪੰਜਾਬੀ ਵਾਰਤਕ ਵਿੱਚ ਇੱਕ ਅਜਿਹੀ ਵਿਧਾ ਪ੍ਰਫੁਲਿਤ ਹੋਈ , ਜਿਸਨੇ ਜਿੱਥੇ ਇੱਕ ਪਾਸੇ ਇਸ ਨੂੰ ਅਮੀਰੀ ਬਖ਼ਸ਼ੀ , ਉੱਥੇ ਇਹ ਪੰਜਾਬੀਆਂ ਦੇ ਬੌਧਿਕ ਵਿਕਾਸ ਦੀ ਸੂਚਕ ਵੀ ਬਣੀ । ਪੰਜਾਬੀ ਭਾਸ਼ਾ ਦੀ ਇਤਿਹਾਸ ਰੇਖਾ ਉਲੀਕਣ ਵਿੱਚ ਗੋਸ਼ਟਾਂ ਭਰਪੂਰ ਸਮਗਰੀ ਪ੍ਰਦਾਨ ਕਰਦੀਆਂ ਹਨ । ਜੋ ਗੋਸ਼ਟਾਂ ਨਾਥਾਂ , ਜੋਗੀਆਂ , ਸੰਤਾਂ ਭਗਤਾਂ ਅਤੇ ਹੋਰ ਭਾਰਤੀ ਮੂਲ ਦੇ ਪਾਤਰਾਂ ਵਿਚਕਾਰ ਹਨ , ਉਹਨਾਂ ਵਿੱਚ ਜੋਗ ਮਤ , ਹਿੰਦੂ ਸ਼ਬਦਾਵਲੀ ਆ ਗਈ ਹੈ , ਜਦ ਕਿ ਮੁਸਲਮਾਨ ਪਾਤਰਾਂ ਰਾਹੀਂ ਆਈ ਇਸਲਾਮੀ ਸ਼ਬਦਾਵਲੀ ਪੰਜਾਬੀ ਭਾਸ਼ਾ ਨੂੰ ਹੋਰ ਅਮੀਰੀ ਬਖ਼ਸ਼ਦੀ ਹੈ । ਗੋਸ਼ਟਾਂ ਦੀ ਮੂਲ ਭਾਸ਼ਾ ਤਾਂ ਪੰਜਾਬੀ ਹੀ ਰਹਿੰਦੀ ਹੈ , ਪਰ ਵੱਖ- ਵੱਖ ਕਾਰਨਾਂ ਕਰ ਕੇ ਬ੍ਰਜ ਤੇ ਫ਼ਾਰਸੀ , ਅਰਬੀ ਦਾ ਅਸਰ ਵੀ ਮਿਲਦਾ ਹੈ । ਵਧੇਰੇ ਗੋਸ਼ਟਾਂ ਜਨਮ-ਸਾਖੀਆਂ ਦਾ ਭਾਗ ਹਨ , ਜਿਸ ਕਰ ਕੇ ਸਾਖੀ ਜਾਂ ਕਹਾਣੀ ਵਾਲਾ ਤੱਤ ਵੀ ਇਸ ਵਿੱਚ ਮੌਜੂਦ ਰਹਿੰਦਾ ਹੈ । ਭਾਸ਼ਾ ਵਿਭਾਗ ਪੰਜਾਬ , ਪਟਿਆਲਾ ਵੱਲੋਂ ਇੱਕ ਪੁਸਤਕ ਗੋਸ਼ਟੀਆਂ ਦੇ ਨਾਂ ਥੱਲੇ ਛਪੀ ਹੋਈ ਮਿਲਦੀ ਹੈ ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.