ਗੌਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੌਣ [ਨਾਂਪੁ] ਅਪ੍ਰਮੁੱਖ, ਘੱਟ ਮਹੱਤਵਪੂਰਨ, ਜਾਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੌਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੌਣ. ਦੇਖੋ, ਗਉਣ। ੨ ਸੰ. ਵਿ—ਸਾਮਾਨ੍ਯ. ਸਾਧਾਰਣ. ਜੋ ਮੁੱਖ ਨਾ ਹੋਵੇ। ੩ ਸਹਾਇਕ। ੪ ਗੌਣੀ ਲੱਛਣਾਂ ਕਰਕੇ ਜਿਸ ਅਰਥ ਦਾ ਗ੍ਯਾਨ ਹੋਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੌਣ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਗੌਣ : ਹਰ ਵਪਾਰ ਨੂੰ ਕੁਝ ਜੋਖਮ ਬਰਦਾਸ਼ਤ ਕਰਨੇ ਪੈਂਦੇ ਹਨ। ਕੁਦਰਤੀ ਜੋਖਮ ਜਿਵੇਂ ਕਿ ਵਪਾਰ ਚਲਾਉਣ ਦਾ ਜੋਖਮ, ਨਿਵੇਸ਼ ਦਾ ਜੋਖਮ ਅਤੇ ਉਧਾਰ ਦੇ ਜੋਖਮ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਜੋਖਮ ਵੀ ਵਪਾਰ ਨੂੰ ਬਰਦਾਸ਼ਤ ਕਰਨੇ ਪੈਂਦੇ ਹਨ ਜਿਹੜੇ ਉਸ ਦੇ ਨਿਯੰਤਰਨ ਤੋਂ ਬਾਹਰ ਹੁੰਦੇ ਹਨ ਜਿਵੇਂ ਕਿ ਵਸਤੂਆਂ ਅਤੇ ਮੁਦਰਾ, ਬਜ਼ਾਰ ਦੇ ਉਤਰਾਅ-ਚੜ੍ਹਾਅ ਆਦਿ। ਇਹ ਉਤਰਾਅ-ਚੜ੍ਹਾਅ ਕਾਫ਼ੀ ਵੱਡੇ ਪੱਧਰ ’ਤੇ ਵਪਾਰ ਦੀ ਆਮਦਨ ਅਤੇ ਖ਼ਰਚਿਆਂ ਨੂੰ ਪ੍ਰਭਾਵਿਤ ਕਰਦੇ ਹਨ, ਇੱਥੇ ਤੱਕ ਕਿ ਵਪਾਰ ਦੇ ਅਸਤਿਤਵ ਨੂੰ ਵੀ ਖ਼ਤਰੇ ਵਿੱਚ ਪਾ ਸਕਦੇ ਹਨ। ਵਿਅਕਤੀਗਤ ਅਤੇ ਸੰਸਥਾਨ ਦੇ ਤੌਰ ’ਤੇ ਹਰ ਵਪਾਰ ਇਹ ਜੋਖਮ ਘਟਾਉਣਾ ਚਾਹੁੰਦਾ ਹੈ। ਗੌਣ ਬਜ਼ਾਰ ਇਸ ਜੋਖਮ ਨੂੰ ਘਟਾਉਣ ਲਈ ਵਪਾਰ ਦੀ ਮਦਦ ਕਰਦਾ ਹੈ।

ਇਹ ਗੌਣ ਜਿਹੜੇ ਕਿ ਕਿਸੇ ਜ਼ਮਾਨਤੀ ਪੱਤਰ ਤੇ ਨਿਰਭਰ ਹੁੰਦੇ ਹਨ, ਇਹਨਾਂ ਨੂੰ ਨਿਵੇਸ਼ ਬਜ਼ਾਰ ਵਿੱਚ ਜੋਖਮ ਦੇ ਸੰਚਾਲਨ ਲਈ ਵਰਤਿਆਂ ਜਾਂਦਾ ਹੈ। ਇਹ ਸ਼ਬਦ ਗੌਣ (Derivative) ਗਣਿਤ ਦੀ ਉਤਪਤੀ ਹੈ। ਗਣਿਤ ਵਿੱਚ ਇਸ ਦਾ ਮਤਲਬ ਇੱਕ ਇਸ ਤਰ੍ਹਾਂ ਦੇ ਪਰਿਵਰਤਨ ਸ਼ੀਲ (ਅੰਕ ਜਾਂ ਵਸਤੂ) ਤੋਂ ਹੈ ਜੋ ਕਿਸੇ ਦੂਸਰੇ ਪਰਿਵਰਤਸ਼ੀਲ (ਅੰਕ) ਤੋਂ ਪ੍ਰਾਪਤ ਕੀਤਾ ਗਿਆ ਹੈ। ਪਰ ਵਿੱਤ ਦੇ ਨਜ਼ਰੀਏ ਤੋਂ ਗੌਣ ਦਾ ਮਤਲਬ ਇੱਕ ਵਿੱਤ ਉਤਪਾਦ ਤੋਂ ਹੈ ਜੋ ਕਿਸੇ ਦੂਜੇ ਵਿੱਤ ਉਤਪਾਦ ਦੇ ਲਈ ਬਜ਼ਾਰ ਵਿੱਚੋਂ ਪ੍ਰਾਪਤ ਕੀਤਾ ਹੁੰਦਾ ਹੈ। ਗੌਣ ਦੀ ਕੀਮਤ ਅਤੇ ਕੰਮ ਬਜ਼ਾਰ ਵਿੱਚ ਪ੍ਰਚਲਿਤ ਉਸ ਵਿੱਤੀ ਜ਼ਮਾਨਤੀ ਪੱਤਰ ਜਾਂ ਵਿਦੇਸ਼ੀ ਮੁਦਰਾ ਜਾਂ ਵਸਤੂ ਤੇ ਨਿਰਭਰ ਕਰਦੀ ਹੈ ਜਿਸ ਦੇ ਲਈ ਇਸ ਦੀ ਉਤਪਤੀ ਹੋਈ। ਇਸ ਲਈ ਗੌਣ-ਕਿਸੇ ਦੂਜੇ ਵਿੱਤੀ ਜ਼ਮਾਨਤੀ ਪੱਤਰ ਤੋਂ ਉਤਪੰਨ ਹੋਣ ਵਾਲਾ ਇੱਕ ਵਿੱਤੀ ਉਤਪਾਦ ਹੈ, ਇਹ ਇੱਕ ਏਦਾਂ ਦਾ ਕਨੂੰਨੀ ਦਸਤਾਵੇਜ਼ ਹੈ ਜੋ ਬਜ਼ਾਰ ਦੇ ਅਨ-ਉਚਿਤ ਉਤਰਾਅ-ਚੜ੍ਹਾਅ ਦੇ ਜੋਖਮ ਨੂੰ ਘਟਾਉਂਦਾ ਹੈ। ਇਸ ਤਰੀਕੇ ਨਾਲ ਗੌਣ ਇੱਕ ਇਸ ਤਰ੍ਹਾਂ ਦਾ ਵਿੱਤੀ ਉਤਪਾਦਨ ਹੈ ਜੋ ਬਾਹਰਲੇ ਖ਼ਤਰਿਆਂ ਨੂੰ ਸੰਚਾਲਨ ਕਰਦਾ ਹੈ। ਗੌਣ ਬਜ਼ਾਰ ਦੇ ਤਿੰਨ ਮੁੱਖ ਸਤੰਭ ਹਨ:

1.        ਜੋਖਮ ਨੂੰ ਘਟਾਉਣ ਵਾਲਾ (Hedger)

2.       ਸੱਟੇਬਾਜ਼ (Speculator)

3.       ਸਾਲਸ (Arbitrator)

ਜੋਖਮ ਨੂੰ ਘਟਾਉਣ ਵਾਲੇ ਉਹ ਵਿਅਕਤੀ ਹੁੰਦੇ ਹਨ ਜਿਹੜੇ ਜੋਖਮ ਨੂੰ ਪਸੰਦ ਨਹੀਂ ਕਰਦੇ ਅਤੇ ਜੋਖਮ ਨੂੰ ਸੰਚਾਲਿਤ ਕਰਨਾ ਚਾਹੁੰਦੇ ਹਨ।

ਸੱਟੇ-ਬਾਜ਼ ਉਹ ਦਲ ਜਾਂ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਦਿਲਸਚਪੀ ਉਸ ਖ਼ਾਸ ਕਾਰਵਾਈ ਵਿੱਚ ਸਿੱਧੇ ਤੌਰ ’ਤੇ ਨਹੀਂ ਹੁੰਦੀ ਪਰ ਉਹ ਇਨਾਮ ਦੀ ਪ੍ਰਾਪਤੀ ਲਈ ਕੁਝ ਜੋਖਮ ਲੈਣ ਲਈ ਤਿਆਰ ਹੁੰਦੇ ਹਨ।

ਹਾਲਾਂਕਿ ਇਹਨਾਂ ਦੋ ਸਤੰਭਾਂ ਤੋਂ ਬਿਨਾਂ ਤਾਂ ਗੌਣ ਬਜ਼ਾਰ ਬਿਲਕੁਲ ਹੀ ਨਹੀਂ ਚੱਲ ਸਕਦਾ ਪਰ ਜੇ ਤੀਜਾ ਸਤੰਭ “ਸਾਲਸ” ਵੀ ਮੌਜੂਦ ਹੋਵੇ ਤਾਂ ਗੌਣ ਬਜ਼ਾਰ ਵਿੱਚ ਸਥਿਰਤਾ ਆਏਗੀ। “ਸਾਲਸ” ਉਹ ਵਿਅਕਤੀ ਜਾਂ ਸੰਗਠਨ ਹੁੰਦੇ ਹਨ ਜਿਹੜੇ ਇਸ ਗੱਲ ਨੂੰ ਪੱਕਾ ਬਣਾਉਂਦੇ ਹਨ ਕਿ ਸੰਬੰਧਿਤ ਬਜ਼ਾਰਾਂ ਦੇ ਵਿੱਚ ਕੀਮਤਾਂ ਸੰਬੰਧੀ ਕੋਈ ਵਿਸੰਗਤੀ ਜਾਂ ਭਿੰਨਤਾ ਨਹੀਂ ਹੈ। ਲਗਪਗ ਸਾਰੇ ਹੀ ਗੌਣਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ :

1.        ਭਾਵੀ ਜਾਂ ਅਗਾਮੀ (Future) ਗੌਣ

2.       ਵਿਕਲਪ (Option) ਗੌਣ

ਇਹਨਾਂ ਦੋ ਤਰ੍ਹਾਂ ਦੇ ਗੌਣਾਂ ਤੋਂ ਇਲਾਵਾ ਅਗਾਮੀ ਤੇ ਵਿਕਲਪ ਗੌਣ ਨੂੰ ਮਿਸ਼ਰਿਤ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇੱਕ ਅਗਾਮੀ ਸਮਝੌਤਾ ਕਿਸੇ ਵਸਤੂ ਜਾਂ ਵਿੱਤੀ ਉਤਪਾਦ ਦੀ ਨਿਸ਼ਚਿਤ ਮਾਤਰਾ ਨੂੰ ਇੱਕ ਖ਼ਾਸ ਕੀਮਤ ਤੇ ਪਹਿਲਾਂ ਤੋਂ ਹੀ ਨਿਰਧਾਰਿਤ ਮਿਤੀ ਨੂੰ ਖ਼ਰੀਦ ਕਰਨ ਜਾਂ ਵੇਚਣ ਦਾ ਸਮਝੌਤਾ ਹੈ। ਅਗਾਮੀ ਸਮਝੌਤਾ ਖ਼ਰੀਦਦਾਰ ਨੂੰ ਵਸਤੂ ਜਾਂ ਵਿੱਤੀ ਉਤਪਾਦ ਨੂੰ ਖ਼ਰੀਦਣ ਦੇ ਲਈ ਪਾਬੰਦ ਕਰਦਾ ਹੈ ਜਾਂ ਵੇਚਣ ਵਾਲੇ ਨੂੰ ਵੇਚਣ ਲਈ ਪਾਬੰਦ ਕਰਦਾ ਹੈ। ਦੂਜੇ ਪਾਸੇ ਵਿਕਲਪ ਗੌਣ ਕਿਸੇ ਪਾਬੰਦੀ ਨੂੰ ਨਹੀਂ ਬਲਕਿ ਖ਼ਰੀਦਣ ਜਾਂ ਵੇਚਣ ਵਾਲੇ ਦੇ ਹੱਕ ਦਾ ਪ੍ਰਤੀਕ ਹਨ, ਜਿਨ੍ਹਾਂ ਅਨੁਸਾਰ ਉਹ ਕਿਸੇ ਵਸਤੂ ਜਾਂ ਵਿੱਤੀ ਉਤਪਾਦ ਦੀ ਖ਼ਾਸ ਮਾਤਰਾ ਇੱਕ ਖ਼ਾਸ ਕੀਮਤ ਤੇ ਇੱਕ ਮਿਥੀ ਹੋਈ ਮਿਤੀ ਤੱਕ ਖ਼ਰੀਦ ਜਾਂ ਵੇਚ ਸਕਦੇ ਹਨ। ਜਿਵੇਂ ਕਿ ਵਸਤੂ ਜਾਂ ਵਿੱਤੀ ਉਤਪਾਦ ਦੀ ਕੀਮਤ ਵਿਕਲਪ ਦੇ ਵਿੱਚ ਪਹਿਲਾਂ ਹੀ ਨਿਰਧਾਰਿਤ ਕਰ ਲਈ ਜਾਂਦੀ ਹੈ, ਇਸ ਲਈ ਵਿਕਲਪ ਦਾ ਮੁੱਲ ਸਮਾਂ ਘੱਟ-ਵੱਧ ਜਾਂ ਸਥਿਰ ਹੋ ਸਕਦਾ ਹੈ।

ਵਿਕਲਪ ਗੌਣਾਂ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ :

1.        ਕਾਲਸ (Calls)

2.       ਪੁੱਟ (Put)

ਪੁੱਟ ਵਿਕਲਪ ਕਿਸੇ ਨਿਵੇਸ਼ ਨੂੰ ਕਿਸੇ ਖ਼ਾਸ ਵਸਤੂ ਜਾਂ ਵਿੱਤੀ ਉਤਪਾਦ ਦੀ ਨਿਰਧਾਰਿਤ ਮਾਤਰਾ ਨੂੰ ਕਿਸੇ ਮਿੱਥੀ ਹੋਈ ਮਿਤੀ ਤੋਂ ਪਹਿਲਾਂ ਵੇਚਣ ਦਾ ਅਧਿਕਾਰ ਦਿੰਦਾ ਹੈ। ਜਦਕਿ ਦੂਜੇ ਪਾਸੇ ਕਾਲ ਵਿਕਲਪ ਨਿਵੇਸ਼ਕ ਨੂੰ ਕਿਸੇ ਖ਼ਾਸ ਵਸਤੂ ਜਾਂ ਵਿੱਤੀ ਉਤਪਾਦ ਦੀ ਨਿਰਧਾਰਿਤ ਮਾਤਰਾ ਨੂੰ ਮਿੱਥੀ ਹੋਈ ਮਿਤੀ ਤੋਂ ਪਹਿਲਾਂ ਨਿਰਧਾਰਿਤ ਕੀਮਤ ਤੇ ਖ਼ਰੀਦਣ ਦਾ ਅਧਿਕਾਰ ਦਿੰਦਾ ਹੈ। ਉਹ ਵਿਅਕਤੀ ਜਿਹੜਾ ਪੁੱਟ ਵਿਕਲਪ ਖ਼ਰੀਦਦਾ ਹੈ ਉਸ ਨੂੰ ਕੀਮਤਾਂ ਦੇ ਡਿੱਗਣ ਦੀ ਉਮੀਦ ਹੁੰਦੀ ਹੈ, ਤਾਂ ਕਿ ਉਹ ਬਜ਼ਾਰ ਵਿੱਚ ਘੱਟ ਕੀਮਤਾਂ ਤੇ ਵਿੱਤੀ ਉਤਪਾਦ ਖ਼ਰੀਦ ਕੇ ਅੱਗੇ ਉਸ ਨੂੰ ਵੱਧ ਕੀਮਤ ਜਿਹੜੀ ਕਿ ਵਿਕਲਪ ਵਿੱਚ ਲਿਖੀ ਹੁੰਦੀ ਹੈ ਤੇ ਵੇਚ ਸਕੇ ਅਤੇ ਇਸ ਤਰੀਕੇ ਨਾਲ ਲਾਭ ਕਮਾ ਸਕੇ। ਇਸ ਤੋਂ ਉਲਟ ਕਾਲ ਵਿਕਲਪ ਉਹ ਵਿਅਕਤੀ ਖ਼ਰੀਦਦਾ ਹੈ ਜਿਸ ਨੂੰ ਕੀਮਤਾਂ ਦੇ ਵਧਣ ਦੀ ਉਮੀਦ ਹੁੰਦੀ ਹੈ ਤਾਂ ਕਿ ਉਹ ਵਿਕਲਪ ਦੇ ਵਿੱਚ ਮਿੱਥੀ ਗਈ ਕੀਮਤ ਤੇ ਵਿੱਤੀ ਉਤਪਾਦ ਜਾਂ ਵਸਤੂਆਂ ਪ੍ਰਾਪਤ ਕਰ ਸਕੇ ਜਦੋਂ ਕਿ ਬਜ਼ਾਰ ਦੇ ਵਿੱਚ ਇਸ ਦੀ ਕੀਮਤ ਜ਼ਿਆਦਾ ਹੋਵੇ।

ਗੌਣ ਸੰਬੰਧੀ ਇੱਕ ਹੋਰ ਗੱਲ ਯਾਦ ਰੱਖਣ ਯੋਗ ਇਹ ਹੈ ਕਿ ਜਿਸ ਬਜ਼ਾਰ ਦੇ ਵਿੱਚੋਂ ਵਿਕਲਪ ਅਤੇ ਅਗਾਮੀ ਗੌਣ ਪ੍ਰਾਪਤ ਕੀਤੇ ਜਾਂਦੇ ਹਨ, ਉਸੇ ਬਜ਼ਾਰ ਦੀਆਂ ਪਰਿਸਥਿਤੀਆਂ ਹੀ ਇਹਨਾਂ ਗੌਣਾਂ ਦੇ ਮੁੱਲ ਅਤੇ ਕਾਰਗੁਜ਼ਾਰੀ ਨੂੰ ਨਿਰਧਾਰਿਤ ਕਰਦੀਆਂ ਹਨ। ਮੁੱਲ ਅਤੇ ਕਾਰਗੁਜ਼ਾਰੀ ਨੂੰ ਨਿਰਧਾਰਿਤ ਕਰਨ ਦੇ ਤੱਤਾਂ ਦੇ ਵਿੱਚ ਉਸ ਸੰਪਤੀ ਦਾ ਅੰਤਰੀਵ ਮੁੱਲ, ਸਮਾਪਤੀ ਤੋਂ ਪਹਿਲਾਂ ਦਾ ਸਮਾਂ, ਪ੍ਰਚਲਿਤ ਵਿਆਜ਼ ਦੀਆਂ ਦਰਾਂ, ਲਾਭ ਅੰਸ਼, ਸੰਕਲਿਤ ਕੂਪਨ ਅਤੇ ਬਜ਼ਾਰ ਦੇ ਉਤਰਾਅ-ਚੜ੍ਹਾਅ ਮੁੱਖ ਹਨ।

ਆਧੁਨਿਕ ਗੌਣ ਬਜ਼ਾਰ, ਵਿੱਤੀ ਅਤੇ ਵਪਾਰਿਕ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਨਾਲ ਜੁੜੇ ਹੋਏ ਕਾਫ਼ੀ ਜ਼ਿਆਦਾ ਗੌਣ ਉਤਪਾਦ ਪ੍ਰਦਾਨ ਕਰਦੇ ਹਨ। ਇਹਨਾਂ ਤੱਤਾਂ ਦੇ ਵਿੱਚ ਵਿਆਜ਼ ਦਰ, ਵਿਦੇਸ਼ੀ ਮੁਦਰਾ, ਅੰਸ਼ ਮੁੱਲ ਅਤੇ ਵਸਤੂਆਂ ਦੀਆਂ ਕੀਮਤਾਂ ਮੁੱਖ ਹਨ। ਗੌਣ ਉਤਪਾਦ ਦਾ ਸੰਖੇਪ ਵਿਵਰਨ ਇਸ ਪ੍ਰਕਾਰ ਹੈ।

1.        ਵਿਆਜ਼ ਦਰਾਂ ਦੀ ਅਦਲਾ-ਬਦਲੀ : ਬਜ਼ਾਰ ਵਿੱਚ ਵਪਾਰਿਕ ਇਕਾਈਆਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਜਿਸ ਕਰਕੇ ਉਹ ਸਥਿਰ ਤੇ ਘੱਟ ਰੇਟਾਂ ਤੇ ਬਜ਼ਾਰ ਦੇ ਵਿੱਚੋਂ ਵਿੱਤ ਉਧਾਰ ਉੱਤੇ ਲੈਣ ਵਿੱਚ ਸਫਲ ਹੁੰਦੇ ਹਨ। ਪਰ ਦੂਜੇ ਪਾਸੇ ਕੁਝ ਵਪਾਰਿਕ ਇਕਾਈਆਂ ਦੀ ਸਥਿਤੀ ਬਜ਼ਾਰ ਵਿੱਚ ਚੰਗੀ ਨਹੀਂ ਹੁੰਦੀ ਜਿਸ ਕਰਕੇ ਉਹਨਾਂ ਨੂੰ ਵੱਧ ਅਤੇ ਪਰਿਵਰਤਨਸ਼ੀਲ ਦਰਾਂ ਤੇ ਵਿੱਤ ਉਪਲਬਧ ਹੁੰਦਾ ਹੈ। ਵਿਆਜ਼ ਦੀ ਦਰਾਂ ਦੇ ਅਦਲਾ-ਬਦਲੀ ਵਾਲੇ ਗੌਣ ਦੀ ਮਦਦ ਦੇ ਨਾਲ ਇਹ ਦੋਵੇਂ ਤਰ੍ਹਾਂ ਦੀਆਂ ਇਕਾਈਆਂ ਭੁਗਤਾਣ ਦੀਆਂ ਪਾਬੰਦੀਆਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ। ਜਿਸ ਦੇ ਸਿੱਟੇ ਵੱਜੋਂ ਦੋਵੇਂ ਹੀ ਤਰ੍ਹਾਂ ਦੀਆਂ ਇਕਾਈਆਂ ਨੂੰ ਘੱਟ ਦਰਾਂ ਤੇ ਵਿੱਤ ਉਪਲਬਧ ਹੋ ਸਕਦਾ ਹੈ।

2.       ਵਿਦੇਸ਼ੀ ਮੁਦਰਾ ਸੰਬੰਧੀ ਗੌਣ : ਵਿਦੇਸ਼ੀ ਮੁਦਰਾ ਸੰਬੰਧੀ ਗੌਣ ਦੇ ਵਿੱਚ ਮੁਦਰਾ ਗੌਣ ਅਦਲਾ-ਬਦਲੀ ਦੇ ਗੌਣ, ਲੰਮੇ ਸਮੇਂ ਦੇ ਅਗਾਮੀ ਗੌਣ, ਮੁਦਰਾ ਵਿਕਲਪ ਜਾਂ ਇਹਨਾਂ ਦਾ ਮਿਸ਼ਰਨ ਹੋ ਸਕਦੇ ਹਨ। ਖ਼ਰੀਦਣ ਵਾਲੇ ਵਾਸਤੇ ਮੁਦਰਾ ਗੌਣ ਤੱਕ ਪਹੁੰਚ ਦਾ ਮਤਲਬ, ਉਸ ਨੂੰ ਸੰਸਾਰ ਭਰ ਦੇ ਪੂੰਜੀ ਬਜ਼ਾਰਾਂ ਵਿੱਚੋਂ ਘੱਟ ਕੀਮਤ ਤੇ ਵਿੱਤ ਉਪਲਬਧ ਹੋਣਾ ਹੈ। ਇਹਨਾਂ ਵਿਦੇਸ਼ੀ ਮੁਦਰਾ ਸੰਬੰਧੀ ਗੌਣ ਦੇ ਨਾਲ ਅੰਤਰਰਾਸ਼ਟਰੀ ਪੂੰਜੀ ਬਜ਼ਾਰ ਆਪਸ ਵਿੱਚ ਜੋੜੇ ਜਾ ਸਕਦੇ ਹਨ ਅਤੇ ਮੁਕਾਬਲੇ ਵਾਲੀ ਪੂੰਜੀ ਦੀ ਕੀਮਤ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿਸ਼ਚਿਤ ਵਪਾਰਿਕ ਅਤੇ ਵਿੱਤੀ ਉਦੇਸ਼ ਨੂੰ ਇਹਨਾਂ ਗੌਣਾਂ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ।

3.       ਅੰਸ਼ ਪੂੰਜੀ ਨਾਲ ਸੰਬੰਧਿਤ ਗੌਣ : ਅੰਸ਼ ਪੂੰਜੀ ਗੌਣ, ਅੰਸ਼ ਨਿਵੇਸ਼ ਨਾਲ ਸੰਬੰਧਿਤ ਜੋਖਮ ਨੂੰ ਸੰਚਾਲਿਤ ਕਰਦੇ ਹਨ ਅਤੇ ਅੰਸ਼ ਪੂੰਜੀ ਨੂੰ ਰਿਣ ਪੂੰਜੀਪੱਤਰ ਦੀ ਪ੍ਰਤਿਦ੍ਵੰਧਤਾ ਵਿੱਚ ਰੱਖਦੇ ਹਨ। ਕਿਉਂਕਿ ਰਿਣ ਪੂੰਜੀ ਪੱਤਰ ਨਿਵੇਸ਼ਕ ਨੂੰ ਇੱਕ ਸਥਿਰ ਆਮਦਨ ਦਿੰਦੇ ਹਨ। ਇਸ ਲਈ ਅੰਸ਼ ਪੂੰਜੀ ਸੰਬੰਧਿਤ ਗੌਣਾਂ ਦਾ ਬਜ਼ਾਰ ਦੇ ਵਿੱਚ ਆਉਣਾ ਲਾਜ਼ਮੀ ਹੈ ਤਾਂਕਿ ਅੰਸ਼ ਪੂੰਜੀ ਨਿਵੇਸ਼ਕ ਆਪਣੀਆਂ ਜ਼ਰੂਰਤਾਂ ਦੇ ਢਾਂਚੇ ਨੂੰ ਬਜ਼ਾਰ ਦੀ ਕੀਮਤ ਅਤੇ ਪੂੰਜੀ ਤੋਂ ਹੋਣ ਵਾਲੇ ਜੋਖਮ ਜਾਂ ਇਨਾਮ ਦੀ ਰੂਪ-ਰੇਖਾ ਅਨੁਸਾਰ ਢਾਲ ਸਕਣ।

4.       ਵਸਤੂਆਂ ਸੰਬੰਧੀ ਗੌਣ : ਵਸਤੂਆਂ ਸੰਬੰਧੀ ਗੌਣ ਸੰਸਾਰ ਦੀਆਂ ਵਸਤੂਆਂ ਸੰਬੰਧੀ ਉਤਪਾਦਨ ਅਤੇ ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਬਣਾਏ ਗਏ ਹਨ। ਇਹ ਗੌਣ ਇਹਨਾਂ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਕੀਮਤ ਸੰਬੰਧੀ ਜੋਖਮ ਨੂੰ ਸੰਚਾਲਿਤ ਕਰਦੇ ਹਨ।

ਲਗਪਗ ਪਿਛਲੇ 15 ਸਾਲਾਂ ਦੇ ਵਿੱਚ ਜੋਖਮ ਨੂੰ ਸੰਚਾਲਨ ਕਰਨ ਦੇ ਵਿੱਚ ਗੌਣਾਂ ਦੀ ਵਰਤੋਂ ਕਰਨ ਸੰਬੰਧੀ ਕਾਫ਼ੀ ਵੱਡੇ ਪੱਧਰ ’ਤੇ ਬਦਲਾਅ ਆਇਆ ਹੈ। ਏਨੇ ਵੱਡੇ ਪੱਧਰ ’ਤੇ ਗੌਣਾਂ ਦੀ ਵਰਤੋਂ ਹੋਣ ਪਿਛੇ ਬਜ਼ਾਰ ਦੇ ਵਧਦੇ ਉਤਰਾਅ-ਚੜ੍ਹਾਅ ਸੁਧਰੀ ਹੋਈ ਤਕਨੀਕ ਅਤੇ ਬਜ਼ਾਰ ਦਾ ਅਨਿਯੰਤਰੀਕਰਨ ਹੋਣਾ ਵੀ ਮੁੱਖ ਹਨ। ਭਾਰਤ ਦੇ ਵਿੱਚ ਵੀ ਕਨੂੰਨ ਦੀ ਤਬਦੀਲੀ ਕਰਕੇ ਵਿਕਲਪ (Option) ਦੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜੀ ਵੱਡੀ ਤਬਦੀਲੀ ਗੌਣ ਬਜ਼ਾਰ ਦੇ ਵਿੱਚ ਹੋਈ ਹੈ ਉਹ ਹੈ ਪ੍ਰਤਿ-ਬਜ਼ਾਰ (Countermarket) ਦਾ ਹੋਂਦ ਵਿੱਚ ਆਉਣਾ ਅਤੇ ਪਰਪੱਕ (Mature) ਹੋਣਾ। ਹੁਣ ਕਿਸੇ ਵੀ ਤਰ੍ਹਾਂ ਦੀ ਖ਼ਾਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਨਵੇਂ ਵਿੱਤੀ ਉਤਪਾਦਾਂ ਨੂੰ ਹੋਂਦ ਵਿੱਚ ਲਿਆਇਆ ਜਾ ਸਕਦਾ ਹੈ।

ਭਵਿਖ ਦੇ ਵਿੱਚ ਇਹਨਾਂ ਗੌਣਾਂ ਦਾ ਸਭ ਤੋਂ ਵੱਡਾ ਵਿਕਾਸ ਸਿਰਫ਼ ਤਾਂ ਹੀ ਮੰਨਿਆ ਜਾਵੇਗਾ ਜਦੋਂ ਵੱਡੀ ਪੱਧਰ ਤੇ ਵਪਾਰਿਕ ਸਮਾਜ ਇਹਨਾਂ ਦੀ ਵਰਤੋਂ ਕਰੇ ਅਤੇ ਇਹਨਾਂ ਨੂੰ ਪ੍ਰਵਾਨਗੀ ਦੇਵੇ।


ਲੇਖਕ : ਕਰਮਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 12101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-02-55-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.