ਗੰਢਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ ( ਨਾਂ , ਪੁ ) ਭੋਂਏਂ ਤੋਂ ਉੱਪਰ ਨਾਲੀਦਾਰ ਭੂਕ ਲੈ ਕੇ ਜ਼ਮੀਨ ਵਿੱਚ ਪੱਲ੍ਹਰਨ ਵਾਲਾ ਗੰਢ ਦੇ ਅਕਾਰ ਦਾ ਕੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ [ ਨਾਂਪੁ ] ਪਿਆਜ਼ , ਗਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ . ਸੰਗ੍ਯਾ— ਗਠਾ. ਪਿਆਜ. ਜ਼ਮੀਨ ਵਿੱਚੋਂ ਉਪਜਿਆ ਗੱਠ ਦੇ ਆਕਾਰ ਦਾ ਇੱਕ ਕੰਦ. ਦੇਖੋ , ਗਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੰਢਾ : ਇਹ ਗੱਠਦਾਰ ਸਬਜ਼ੀਆਂ ਦੀ ਅਮੇਰੀਲੀਡੇਸੀ ਕੁਲ ਨਾਲ ਸਬੰਧਤ ਹੈ । ਇਸ ਦਾ ਵਿਗਿਆਨਕ ਨਾਂ ਅਲੀਅਮ ਸੈਪਾ ਹੈ ।

ਗੰਢਾ , ਸਾਰੇ ਭਾਰਤ ਵਿਚ ਪ੍ਰਮੁੱਖ ਵਪਾਰਕ ਸਬਜ਼ੀ ਦੇ ਤੌਰ ਤੇ ਉਗਾਇਆ ਜਾਂਦਾ ਹੈ । ਮਹਾਰਾਸ਼ਟਰ , ਤਾਮਿਲਨਾਡੂ , ਆਂਧਰਾ-ਪ੍ਰਦੇਸ਼ , ਬਿਹਾਰ ਅਤੇ ਪੰਜਾਬ ਵਿਚ ਇਸ ਦੀ ਕਾਸ਼ਤ ਵਧੇਰੇ ਕੀਤੀ ਜਾਂਦੀ ਹੈ । ਇਕ ਖ਼ਾਸ ਕਿਸਮ ਦੇ ਸੁਆਦ ਅਤੇ ਮਹਿਕ ਕਾਰਨ ਇਹ ਬਹੁਤ ਪਸੰਦ ਕੀਤਾ ਜਾਂਦਾ ਹੈ । ਇਹ ਬਹੁਤ ਲਾਹੇਵੰਦ ਸਮਝਿਆ ਜਾਂਦਾ ਹੈ । ਸਬਜ਼ੀਆਂ ਬਣਾਉਣ ਅਤੇ ਤੜਕਾ ਲਾਉਣ ਲਈ ਰੋਜਾਨਾ ਵਰਤਿਆ ਜਾਂਦਾ ਹੈ । ਇਹ ਅਚਾਰਾਂ ਵਿਚ ਵੀ ਵਰਤਿਆ ਜਾਂਦਾ ਹੈ । ਛੋਟੇ ਛੋਟੇ ਗੰਢੇ ਵਧੇਰੇ ਪੌਸ਼ਟਿਕ ਹੁੰਦੇ ਹਨ । ਗੰਢਿਆਂ ਦੀ ਕੁੜੱਤਣ ਇਕ ਵਾਸ਼ਪਸ਼ੀਲ ਤੇਲ ( ਅਲਿਨ ਪ੍ਰੋਪਿਲ ਡਾਈਸਲਫ਼ਾਈਡ ) ਕਾਰਨ ਹੁੰਦੀ ਹੈ ।

ਕਿਸਮਾਂ – ਗੰਢਿਆਂ ਦੀਆਂ ਅਨੇਕ ਕਿਸਮਾਂ ਹਨ । ਵਪਾਰਕ ਤੌਰ ਤੇ ਉਗਾਈਆਂ ਜਾਣ ਵਾਲੀਆ ਕਿਸਮਾਂ ਦਾ ਵਰਗੀਕਰਨ ਇਸ ਤਰ੍ਹਾਂ ਹੈ : –

                  ( ੳ ) ਆਮ ਗੰਢੇ ( ਅ ) ਗੰਢੇਲਾਂ , ਐਵਰਰੈਡੀ ਤੇ ਸ਼ੋਲੌਟ

ਆਮ ਗੰਢਿਆਂ ਵਿਚ ਪਟਨਾ ਰੈੱਡ , ਪਟਨਾ ਵ੍ਹਾਈਟ , ਪੂਨਾ ਰੈੱਡ , ਨਾਸਿਕ ਰੈੱਡ ਤੇ ਬੇਲਾਰੀ ਰੈੱਡ ਸ਼ਾਮਲ ਹਨ । ਇਕ ਹੋਰ ਕਿਸਮ ਅਰਲੀ ਗਰੈਨੋ ਸੰਯੁਕਤ ਰਾਜ ਅਮਰੀਕਾ ਤੋਂ ਲਿਆਂਦੀ ਗਈ ਹੈ । ਇਸ ਦੇ ਗੰਢੇ ਵੱਡੇ ਵੱਡੇ ਗੋਲ ਅਤੇ ਪੀਲੇ ਰੰਗ ਦੇ ਹੁੰਦੇ ਹਨ । ਇਹ ਬਹੁਤੇ ਕੌੜੇ ਨਹੀਂ ਹੁੰਦੇ । ਪੂਨਾ ਰੈੱਡ ਦੇ ਗੰਡੇ ਵਿਚਕਾਰਲੇ ਮੇਲ ਦੇ ਤੇ ਲਾਲ-ਰੰਗ ਦੇ ਹੁੰਦੇ ਹਨ । ਇਹ ਕਾਫ਼ੀ ਚਿਰ ਤੱਕ ਰੱਖੇ ਜਾ ਸਕਦੇ ਹਨ ।

ਪੌਣ– ਪਾਣੀ ਤੇ ਭੂਮੀ – ਇਹ ਠੰਢੇ ਮੌਸਮ ਦੀ ਫ਼ਸਲ ਹੈ । ਦਿਨਾਂ ਦੇ ਲੰਮੇ ਛੋਟੇ ਹੋਣ ਦਾ ਵੀ ਇਨ੍ਹਾਂ ਤੇ ਅਸਰ ਪੈਂਦਾ ਹੈ । ਇਹ ਫ਼ਸਲ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਕਾਫ਼ੀ ਮੱਲੜ੍ਹ ਵਾਲੀ ਜ਼ਮੀਨ ਜ਼ਿਆਦਾ ਫ਼ਸਲ ਦਿੰਦੀ ਹੈ । ਬਹੁਤੀ ਖਾਰੀ ਭੋਂ ਇਨ੍ਹਾਂ ਲਈ ਠੀਕ ਨਹੀਂ  ਰਹਿੰਦੀ ।

ਰੂੜ੍ਹੀ ਤੇ ਰਸਾਇਣਿਕ ਖਾਦਾਂ – ਭਾਰਤ ਦੀਆਂ ਜ਼ਮੀਨਾਂ ਵਿਚ ਪੋਟਾਸ਼ ਪਹਿਲਾਂ ਹੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ । ਇਸ ਲਈ ਪੋਟਾਸ਼ ਦੀ ਮਾਤਰਾ ਘੱਟ ਅਤੇ ਨਾਈਟ੍ਰੋਜਨ ਫ਼ਾੱਸਫੋਰਸ ਆਦਿ ਦੀ ਮਾਤਰਾ ਹਿਸਾਬ ਸਿਰ ਪਾਈ ਜਾਂਦੀ ਹੈ । ਗਲੀ-ਸੜੀ ਰੂੜੀ 20 ਕੁ ਪ੍ਰਤੀ ਏਕੜ ਭੋਂ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ।

ਬਿਜਾਈ – ਆਮ ਤੌਰ ਤੇ ਪਹਿਲਾਂ ਗੰਢਿਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਪਰ ਕਈ ਵਾਰੀ ਖੇਤਾਂ ਵਿਚ ਬੀਜ ਵੀ ਬੀਜੇ ਜਾਂਦੇ ਹਨ । ਪਨੀਰੀ ਲਾਉਣ ਦਾ ਕੰਮ ਆਮ ਤੌਰ ਤੇ ਦਸੰਬਰ ਤੇ ਜਨਵਰੀ ‘ ਚ ਕੀਤਾ ਜਾਂਦਾ ਹੈ । ਅਗੇਤੀ ਫ਼ਸਲ ਤੋਂ ਝਾੜ ਚੰਗਾ ਮਿਲਦਾ ਹੈ ਪਰ ਗੰਢੇ ਪਾਟ ਬਹੁਤ ਜਾਂਦੇ ਹਨ । ਗੰਢਿਆਂ ਦਾ ਚੰਗਾ ਝਾੜ ਲੈਣ ਲਈ ਖੇਤ ‘ ਚੋਂ ਫਾਲਤੂ ਘਾਹ-ਫੂਸ ਤੇ ਨਦੀਨ ਆਦਿ ਦਾ ਨਾਸ਼ ਕਰਨਾ ਬਹੁਤ ਜ਼ਰੂਰੀ ਹੈ । ਗੰਢੇ ਜ਼ਮੀਨ ਵਿਚ ਬਹੁਤ ਡੂੰਘੇ ਨਹੀ ਜਾਂਦੇ ਇਸ ਲਈ ਗੁਡਾਈ ਵੇਲੇ ਜੜ੍ਹਾਂ ਦਾ ਖ਼ਾਸ ਧਿਆਲ ਰੱਖਣਾ ਚਾਹੀਦਾ ਹੈ । ਨਦੀਨ-ਨਾਸ਼ਕ ਦੁਆਇਆ ‘ ਚੋਂ ਕਲੋਰੋ ਆਈ. ਪੀ. ਜੀ. ਆਮ ਵਰਤੀ ਜਾਂਦੀ ਹੈ । ਗੰਢਿਆਂ ਦੀ ਫ਼ਸਲ ਨੂੰ ਬਹੁਤ ਵਾਰ ਸਿੰਜਾਈ ਦੀ ਲੋੜ ਪੈਂਦੀ ਹੈ । ਇਸ ਦਾ ਨਿਰਭਰ ਬਹੁਤ ਸਾਰੀਆਂ ਗੱਲਾਂ ਤੇ ਹੈ ਜਿਵੇਂ ਕਿ ਭੂਮੀ ਦੀ ਕਿਸਮ ਤੇ ਪੌਣ-ਪਾਣੀ ਆਦਿ । ਜ਼ਮੀਨ ਵਿਚ ਹਰ ਵੇਲੇ ਕਾਫ਼ੀ ਨਮੀ ਰਹਿਣੀ ਚਾਹੀਦੀ ਹੈ । ਲੰਮੇ ਸੋਕੇ ਪਿੱਛੋਂ ਇਕ ਦਮ ਪਾਣੀ ਦੇਣ ਨਾਲ ਗੰਢਿਆਂ ਦੀ ਬਾਹਰਲੀ ਛਿੱਲ ਪਾਟ ਜਾਂਦੀ ਹੈ । ਹਰੇ ਗੰਢੇ ਛੋਟੀਆਂ ਛੋਟੀਆਂ ਗੱਠੀਆਂ ਬਣਨ ਤੇ ਪੁੱਟ ਲੈਣੇ ਚਾਹੀਦੇ ਹਨ । ਗੰਢੇ ਜੇ ਸੁਕਾ ਕੇ ਰੱਖਣੇ ਹੋਣ ਤਾਂ ਉਹ ਚੰਗੀ ਤਰ੍ਹਾਂ ਪੱਕ ਜਾਣ ਪਿਛੋਂ ਹੀ ਪੁੱਟਣੇ ਚਾਹੀਦੇ ਹਨ । ਜਦੋਂ ਗੰਢਿਆਂ ਦੀਆਂ ਭੂਕਾਂ ਥੱਲੇ ਨੂੰ ਡਿਗਣੀਆਂ ਸ਼ੁਰੂ ਹੋ ਜਾਣ ਤਾਂ ਪੁਟਾਈ ਕਰ ਲੈਣੀ ਚਾਹੀਦੀ ਹੈ । ਪੱਕੇ ਹੋਏ ਗੰਢਿਆਂ ਨੂੰ ਜੇ ਜ਼ਮੀਨ ਬਹੁਤ ਸੁੱਕੀ ਤੇ ਸਖ਼ਤ ਨਾ ਹੋਵੇ ਤਾਂ ਹੱਥ ਨਾਲ ਹੀ ਪੁੱਟ ਲਿਆ ਜਾਂਦਾ ਹੈ । ਕਈ ਵਾਰੀ ਪੁਟਾਈ ਖੁਰਪੇ , ਬੇਲਚੇ ਜਾਂ ਕਹੀ ਨਾਲ ਕੀਤੀ ਜਾਂਦੀ ਹੈ । ਜੇ ਗੰਢਿਆਂ ਨੂੰ ਟੋਕਰੀਆਂ ਜਾ ਪੇਟੀਆਂ ਵਿਚ ਸੰਭਾਲ ਕੇ ਰੱਖਣਾ ਹੋਵੇ ਤਾਂ ਉਨ੍ਹਾਂ ਨੂੰ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ ਹੈ । ਸੁਕਾਉਣ ਲਈ ਕਿੰਨਾ ਸਮਾਂ ਚਾਹੀਦਾ ਹੈ , ਇਸ ਦਾ ਨਿਰਭਰ ਮੌਸਮ ਤੇ ਹੈ । ਆਮ ਤੌਰ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਉਣ ਲਈ ਤਿੰਨ ਚਾਰ ਹਫ਼ਤੇ ਲੱਗ ਜਾਂਦੇ ਹਨ ।

ਗੰਢਿਆਂ ਦੀ ਫ਼ਸਲ ਨੂੰ ਆਮ ਤੌਰ ਤੇ ਲੂੰਦਾਰ ਉੱਲੀ , ਵੈਂਗਣੀ ਧੱਬੇ , ਗੰਢਾ-ਕਾਂਗਿਆਰੀ , ਕੀਟਾਣੂ-ਸਾੜਾ ਤੇ ਗਿੱਲਾ ਸਾੜਾ ਜਾਂ ਪੀਲਾਪਣ ਤੋਂ ਛੁੱਟ ਦੂਜੀਆਂ ਬੀਮਾਰੀਆਂ ਵੀ ਲਗਦੀਆਂ ਹਨ । ਇਨ੍ਹਾਂ ਨੂੰ ਰੋਕਣ ਲਈ ਬੋਰਡੋ ਮਿਸ਼ਰਣ ਜਾਂ ਹੋਰ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ।

ਬੀਮਾਰੀਆਂ ਤੋਂ ਇਲਾਵਾ ਗੰਢਿਆਂ ਨੂੰ ਗੰਢਾ-ਥਰਿਪਸ ਅਤੇ ਗੰਢਾ ਕੀਟ ਆਦਿ ਕੀੜੇ ਵੀ ਨੁਕਸਾਨ ਪਹੁੰਚਾਉਂਦੇ ਹਨ । ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਡੀ.ਡੀ. ਟੀ. ਜਾਂ ਐਲਡਰਿਨ ਦਾ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ । ਬੋਰਡੋ ਮਿਸ਼ਰਣ ਵੀ ਕਾਫ਼ੀ ਲਾਭਵੰਦ ਸਿੱਧ ਹੋ ਸਕਦਾ ਹੈ ।

ਹ. ਪੁ. – ਸਬਜ਼ੀਆਂ – ਚੌਧਰੀ : 110


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.