ਘਿਉ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਿਉ ਸੰ. घृत —ਘ੍ਰਿਤ. ਸੰਗ੍ਯਾ—ਘੀ. “ਘਿਉ ਮੈਦਾ ਖਾਣ.” (ਵਾਰ ਰਾਮ ੩) “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮ: ੧) ਘੀ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਿਉ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ghee_ਘਿਉ: ਘਿਉ ਖਾਧ-ਪਦਾਰਥਾਂ ਵਿਚ ਆਉਂਦਾ ਹੈ। ਮੱਖਣ ਨੂੰ ਗਰਮ ਕਰਕੇ ਕੱਢਿਆ ਜਾਂਦਾ ਹੈ ਅਤੇ ਮੱਖਣ ਪਸ਼ੂਆਂ ਦੇ ਦੁੱਧ ਨੂੰ ਰਿੜਕ ਕੇ ਤਿਆਰ ਕੀਤਾ ਜਾਂਦਾ ਹੈ। ਹਾਈਡਰੋਜਨੀ ਕ੍ਰਤਿ ਤੇਲ ਨੂੰ ਘਿਉ ਨਹੀਂ ਕਿਹਾ ਜਾ ਸਕਦਾ (ਤ੍ਰਿਲੋਕੀ ਨਾਥ ਬਨਾਮ ਰਾਜ 1950 ਏ ਐਲ ਜੇ 475)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਘਿਉ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਿਉ (ਸੰ.। ਦੇਖੋ , ਘਿਅ) ਘ੍ਰਿਤ। ਯਥਾ-‘ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਘਿਉ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘਿਉ : ਕਣਕ ਅਤੇ ਚੌਲਾਂ ਤੋਂ ਇਲਾਵਾ ਭਾਰਤ ਵਿਚ ਇਹ ਸਭ ਤੋਂ ਵੱਡਮੁਲਾ ਭੋਜਨ ਪਦਾਰਥ ਹੈ। ਇਹ ਸਾਰੀਆਂ ਜਾਤਾਂ ਅਤੇ ਸ਼੍ਰੇਣੀਆਂ ਦੁਆਰਾ ਖਾਣਾ ਬਣਾਉਣ ਅਤੇ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਹਿੰਦੂ ਇਸ ਦੀ ਵਰਤੋਂ ਧਾਰਮਿਕ ਰਸਮ-ਰਿਵਾਜਾਂ ਵਿਚ ਕਰਦੇ ਹਨ। ਇਹ ਨਾਂ ਹਿੰਦੀ ਦੇ ਸ਼ਬਦ ਘੀ ਤੋਂ ਪਿਆ, ਜਿਹੜਾ ਸੰਸਕ੍ਰਿਤ ਸ਼ਬਦ ਘਰਿਤ ਤੋਂ ਆਇਆ ਹੈ।

          ਘਿਉ ਬਣਾਉਣ ਲਈ ਸਭ ਤੋਂ ਪਹਿਲਾਂ ਗਊ ਜਾਂ ਮੱਝ ਦੇ ਮੱਖਣ ਨੂੰ ਹਲਕੀ ਅੱਗ ਉੱਤੇ ਪਿਘਲਾ ਲਿਆ ਜਾਂਦਾ ਹੈ ਅਤੇ ਹੌਲੀ ਹੌਲੀ ਉਦੋਂ ਤੱਕ ਗਰਮ ਕੀਤਾ ਜਾਂਦਾ ਹੈ ਜਦੋਂ ਤੱਕ ਵੱਖਰਾ ਹੋਇਆ ਪਾਣੀ ਪੂਰੀ ਤਰ੍ਹਾਂ ਉਬਲ ਜਾਵੇ। ਪਾਣੀ ਬਾਕੀ ਬਚਦੇ ਕਿਣਕੇ ਇਸ ਮਿਸ਼ਰਨ ਨੂੰ ਕਾਫ਼ੀ ਤੇਜ਼ ਅੱਗ ਉੱਤੇ ਗਰਮ ਕਰਨ ਅਤੇ ਫਿਰ ਹੌਲੀ ਹੌਲੀ ਠੰਢਾ ਕਰਨ ਨਾਲ ਦੂਰ ਕੀਤੇ ਜਾਂਦੇ ਹਨ। ਪ੍ਰੋਟੀਨ; ਤਲਛੱਟ ਦੇ ਰੂਪ ਵਿਚ ਥੱਲੇ ਬੈਠ ਜਾਂਦਾ ਹੈ ਅਤੇ ਅਰਧ-ਤਰਲ, ਸ਼ੁੱਧ ਫੈਟ (ਜਿਹੜਾ ਕਿ ਸਭ ਤੋਂ ਵਧੀਆ ਘਿਉ ਹੈ) ਨੂੰ ਧਿਆਨ ਨਾਲ ਕੱਪੜੇ ਰਾਹੀਂ ਪੁਣ ਲਿਆ ਜਾਂਦਾ ਹੈ। ਤਲਛੱਟਿਤ ਪ੍ਰੋਟੀਨ; ਜਿਸ ਵਿਚ ਹਾਲੇ ਵੀ 50% ਜਾਂ ਜ਼ਿਆਦਾ ਫ਼ੈਟ ਹੁੰਦੀ ਹੈ, ਵਿਚ ਮੂੰਗਫਲੀ ਦਾ ਤੇਲ ਜਾਂ ਮੱਝ  ਦੇ ਦੁੱਧ ਦੀ ਫ਼ੈਟ ਮਿਲਾ ਕੇ ਘਟੀਆ ਦਰਜੇ ਦੇ ਘਿਉ ਤਿਆਰ ਕੀਤੇ ਜਾ ਸਕਦੇ ਹਨ। ਭਾਰਤ ਵਿਚ ਵਰਤਿਆ ਜਾਂਦਾ ਜ਼ਿਆਦਾਤਰ ਘਿਉ ਮੱਝ ਦੇ ਮੱਖਣ ਤੋਂ ਤਿਆਰ ਕੀਤਾ ਜਾਂਦਾ ਹੈ ਪ੍ਰੰਤੂ ਗਊ ਦੇ ਮੱਖਣ ਤੋਂ ਤਿਆਰ ਕੀਤੇ ਘਿਉ ਨੂੰ ਹੀ ਧਾਰਮਿਕ ਰਸਮਾਂ ਅਤੇ ਦਵਾਈਆਂ ਲਈ ਮਹੱਤਵਪੂਰਨ ਸਮਝਿਆ ਜਾਂਦਾ ਹੈ।

          ਮੁਢਲੀਆਂ ਸੰਸਕ੍ਰਿਤ ਲਿਖਤਾਂ ਵਿਚ ਘਿਉ ਨੂੰ ਮਨੁੱਖ ਸੂਰਤ, ਆਵਾਜ਼ ਅਤੇ ਦਿਮਾਗ਼ੀ ਸ਼ਕਤੀ ਸੁਧਾਰਨ ਵਾਲਾ ਮੰਨਿਆ ਗਿਆ ਹੈ। ਪੇਟ ਅਤੇ ਹਾਜ਼ਮੇ ਦੇ ਨੁਕਸਾਂ ਲਈ ਵੀ ਇਹ ਗੁਣਕਾਰੀ ਹੈ। ਜ਼ਖ਼ਮਾਂ ਅਤੇ ਚਮੜੀ ਦੇ ਹੋਰ ਰੋਗਾਂ ਲਈ ਅਤੇ ਅੱਖਾਂ ਲਈ ਵੀ ਬਹੁਤ ਲਾਹੇਵੰਦ ਹੈ। ਹਿੰਦੂ ਲੋਕ ਮੰਨਦੇ ਹਨ ਕਿ ਪੁਰਾਣਾ ਘਿਉ ਇਲਾਜ ਲਈ ਜ਼ਿਆਦਾ ਚੰਗਾ ਹੈ। ਇਸ ਨੂੰ ਅਕਸਰ ਦਸ ਜਾਂ ਜ਼ਿਆਦਾ ਸਾਲਾਂ ਲਈ ਰੱਖਿਆ ਜਾਂਦਾ ਹੈ। ਸੌ ਸਾਲ ਪੁਰਾਣੇ ਘਿਉ ਦੀਆਂ ਉਦਾਹਰਣਾਂ ਵੀ ਮਿਲਦੀਆਂ ਹਨ।

          ਘਿਉ ਵਿਚ ਵਿਟਾਮਿਨ ਏ, ਡੀ ਅਤੇ ਈ ਹੁੰਦੇ ਹਨ। ਵਿਟਾਮਿਨਾਂ ਦੀ ਮਾਤਰਾ ਸਾਰੀਆਂ ਰੁੱਤਾਂ ਵਿਚ ਇਕੋ ਜਿਹੀ ਨਹੀਂ ਰਹਿੰਦੀ। ਵਰਖਾ ਰੁੱਤ ਵਿਚ ਅਤੇ ਸਰਦੀਆਂ ਵਿਚ ਜਦੋਂ ਪਸ਼ੂਆਂ ਨੂੰ ਹਰਾ ਘਾਹ ਜ਼ਿਆਦਾ ਮਿਲਦਾ ਹੈ ਤਾਂ ਘਿਉ ਵਿਚ ਵਿਟਾਮਿਨਾਂ ਦੀ ਮਾਤਰਾ ਵਧ ਜਾਂਦੀ ਹੈ। ਘਿਉ ਵਿਚ ਵਿਸ਼ੇਸ਼ ਕਿਸਮ ਦੀ ਖ਼ੁਸ਼ਬੂ ਹੁੰਦੀ ਹੈ ਜਿਹੜੀ ਦੁੱਧ ਵਿਚ ਨਹੀਂ ਹੁੰਦੀ। ਇਹ ਗੰਧ ਆਕਸੀਕਰਨ ਦੁਆਰਾ ਡਾਈਐਸੀਟਾਈਲ ਯੋਗਿਕ ਬਣਨ ਕਾਰਨ ਹੁੰਦੀ ਹੈ। ਗਊ ਤੇ ਘਿਉ ਦੀ ਵਿਸ਼ਿਸ਼ਟ ਘਣਤਾ (15° ਸੈਂ. ਉੱਤੇ) 0.9358 ਤੋਂ 0.9443 ਅਤੇ ਮੱਝ ਦੀ 0.9340 ਤੋਂ 0 .9444 ਹੁੰਦੀ ਹੈ।

          ਹ. ਪੁ.––ਐਨ. ਬ੍ਰਿ. 10 : 387; ਹਿੰ. ਵਿ. ਕੋ. 4 : 119


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.