ਚਉਪਦੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਉਪਦੇ: ਗੁਰੂ ਗ੍ਰੰਥ ਸਾਹਿਬ ਵਿਚ ਹਰ ਰਾਗ ਦੇ ਆਰੰਭ ਵਿਚ ਬਾਣੀ ਪ੍ਰਕਰਣ ਦੇ ਸਿਰਲੇਖ ਵਜੋਂ ਇਸ ਸ਼ਬਦ ਨੂੰ ਵਰਤਿਆ ਗਿਆ ਹੈ। ‘ਚਉਪਦਾ’ ਕਿਸੇ ਪ੍ਰਕਾਰ ਦਾ ਕੋਈ ਵਿਸ਼ੇਸ਼ ਛੰਦ ਨਹੀਂ , ਸਗੋਂ ਇਹ ਅਜਿਹਾ ਛੰਦ ਵਿਧਾਨ ਹੈ ਜਿਸ ਵਿਚ ਲਗਭਗ ਚਾਰ ਪਦੇ ਸ਼ਾਮਲ ਹੋਣ। ਇਸ ਤਰ੍ਹਾਂ ਇਹ ਇਕ ਪਦ-ਸਮੁੱਚ ਹੈ। ‘ਪਦ’ ਜਾਂ ‘ਪਦਾ’ ਤੋਂ ਭਾਵ ਹੈ ਤੁਕ ਜਾਂ ਤੁਕਾਂ ਦਾ ਸਮੂਹ। ਗੁਰੂ ਗ੍ਰੰਥ ਸਾਹਿਬ ਵਿਚ ਆਏ ਚਉਪਦਿਆਂ ਦੀਆਂ ਤੁਕਾਂ ਦੀ ਗਿਣਤੀ ਇਕ ਤੋਂ ਚਾਰ ਤਕ ਹੈ। ਇਸ ਆਧਾਰ’ਤੇ ਇਨ੍ਹਾਂ ਨੂੰ ਇਕਤੁਕਾ , ਦੁਤੁਕਾ, ਤ੍ਰਿਤੁਕਾ ਅਤੇ ਚਉਤੁਕਾ ਨਾਂ ਦਿੱਤੇ ਗਏ ਹਨ।

            ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਨਾਥਾਂ-ਸਿੱਧਾਂ ਦੁਆਰਾ ਅਪਭ੍ਰੰਸ਼ ਭਾਸ਼ਾ ਵਿਚ ਮਿਲਦੇ ਪਦਿਆਂ ਵਿਚ ਆਮ ਤੌਰ ’ਤੇ ਦੋ ਸਮ-ਤੁਕਾਂਤ ਵਾਲੀਆਂ ਤੁਕਾਂ ਹੁੰਦੀਆਂ ਸਨ। ਪਰ ਗੁਰਬਾਣੀ ਵਿਚਲੇ ਪਦਿਆਂ ਦੀਆਂ ਤੁਕਾਂ ਦੀ ਗਿਣਤੀ ਬਾਣੀਕਾਰਾਂ ਦੀ ਰੁਚੀ ਉਤੇ ਨਿਰਭਰ ਕਰਦੀ ਹੈ। ਇਹ ਚਉਪਦੇ ਕਿਸੇ ਪ੍ਰਕਾਰ ਦੀ ਮਾਤ੍ਰਾ-ਗਿਣਤੀ ਜਾਂ ਕਿਸੇ ਹੋਰ ਛੰਦ-ਬੰਧਨ ਤੋਂ ਮੁਕਤ ਹਨ।

            ਇਕ ਚਉਪਦੇ ਵਿਚ ਆਮ ਤੌਰ’ਤੇ ਚਾਰ ਪਦੇ ਹੋਣ ਕਾਰਣ ਇਸ ਦਾ ਨਾਂ ‘ਚਉਪਦਾ’ ਪਿਆ ਹੈ। ਚਾਰ ਤੋਂ ਘਟ-ਵਧ ਪਦਿਆਂ ਵਾਲੇ ਪਦ-ਸਮੁੱਚ ਨੂੰ ਦੁਪਦਾ, ਤ੍ਰਿਪਦਾ, ਚਉਪਦਾ, ਪੰਚਪਦਾ, ਛਿਪਦਾ ਆਦਿ ਵੀ ਲਿਖਿਆ ਮਿਲਦਾ ਹੈ। ਪਰ ਚੂੰਕਿ ਪ੍ਰਧਾਨਤਾ ਚਾਰ ਪਦਿਆਂ ਵਾਲੇ ਸਮੁੱਚਾਂ ਦੀ ਹੈ, ਇਸ ਲਈ ਸਭ ਨੂੰ ‘ਚਉਪਦਾ’ ਸਿਰਲੇਖ ਅਧੀਨ ਰਖਿਆ ਗਿਆ ਹੈ। ਇਨ੍ਹਾਂ ਨੂੰ ‘ਸ਼ਬਦ’ ਵੀ ਕਿਹਾ ਜਾਂਦਾ ਹੈ। ਕੁਝ ਪ੍ਰਸੰਗਾਂ ਵਿਚ ਪਦ-ਸਮੁੱਚ ਦੇ ਸਰੂਪ ਵਿਚ ਫ਼ਰਕ ਵੀ ਹੈ, ਜਿਵੇਂ ਵਡਹੰਸ ਰਾਗ ਦਾ ਤੀਜਾ ਪਦ-ਸਮੁੱਚ ਅਤੇ ਸੂਹੀ ਰਾਗ ਦਾ ਛੇਵਾਂ ਪਦ-ਸਮੁੱਚ, ਅਸਲ ਵਿਚ, ਇਕ ਇਕਾਈ ਵਜੋਂ ਕ੍ਰਮਵਾਰ 20 ਅਤੇ 11 ਤੁਕਾਂ ਦੇ ਹਨ। ਇਸ ਤਰ੍ਹਾਂ ਆਕਾਰ ਦੀ ਦ੍ਰਿਸ਼ਟੀ ਤੋਂ ਕਈ ਚਉਪਦਿਆਂ ਵਿਚ ਖੁਲ੍ਹ ਲਈ ਗਈ ਹੈ।

            ਆਮ ਤੌਰ’ਤੇ ਹਰ ਇਕ ਪਦ-ਸਮੁੱਚ ਵਿਚ ਪਹਿਲੇ ਪਦੇ ਤੋਂ ਪਹਿਲਾਂ ਜਾਂ ਬਾਦ ਵਿਚ ਇਕ ਜਾਂ ਦੋ ਤੁਕਾਂ ਦਾ ‘ਰਹਾਉ ’ (ਵੇਖੋ) ਹੁੰਦਾ ਹੈ। ਹਰ ਇਕ ਸਮੁੱਚ ਆਪਣੇ ਆਪ ਵਿਚ ਪੂਰਣ ਹੈ ਅਤੇ ਉਸ ਦਾ ਕਿਸੇ ਨਾਲ ਪੂਰਵ-ਪਰ ਸੰਬੰਧ ਨਹੀਂ ਹੈ। ਇਨ੍ਹਾਂ ਪਦਿਆਂ ਵਿਚ ਕਿਸੇ ਦਾਰਸ਼ਨਿਕ, ਸਦਾ- ਚਾਰਿਕ ਜਾਂ ਧਾਰਮਿਕ ਤੱਥ ਜਾਂ ਕੀਮਤ ਨੂੰ ਪ੍ਰਗਟਾਇਆ ਹੁੰਦਾ ਹੈ। ਗੁਰੂ ਸਾਹਿਬਾਨ ਦੀ ਰਹੱਸਾਤਮਕ ਅਨੁਭੂਤੀ ਵੀ ਇਨ੍ਹਾਂ ਪਦ-ਸਮੁੱਚਾਂ ਵਿਚ ਸਹੀ ਢੰਗ ਨਾਲ ਨਿਖਰੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਉਪਦੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਪਦੇ (ਸੰ.। ਪੰਜਾਬੀ) ਚਾਰ ਚਾਰ ਪੌੜੀਆਂ ਵਾਲੇ ਸ਼ਬਦ। ਦੇਖੋ , ਅਗਲਾ ਪਦ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.