ਚਰਖਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰਖਾ (ਨਾਂ,ਪੁ) ਮੋਟੇ ਸੁੂਤ ਦੀ ਮਾਲ੍ਹ ਨਾਲ ਬੈੜ ਦੁਆਰਾ ਲੋਹੇ ਦਾ ਤੱਕਲਾ ਘੁਮਾ ਕੇ ਰੂੰਈ ਤੋਂ ਸੁੂਤ ਕੱਤਣ ਲਈ ਵਰਤੀਂਦਾ ਘਰੇਲੂ ਸੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਰਖਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰਖਾ. ਫ਼ਾ ਚਰਖ਼ਹ. ਸੰਗ੍ਯਾ—ਗੋਲਾਕਾਰ ਚਕ੍ਰ ।੨ ਸੂਤ ਕੱਤਣ ਦਾ ਯੰਤ੍ਰ. “ਕੋਲੂ ਚਰਖਾ ਚਕੀ ਚਕੁ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਰਖਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਰਖਾ (ਸੰ.। ਫ਼ਾਰਸੀ ਚਰਖਹ) ਸੂਤ ਕੱਤਣ ਦਾ ਯੰਤ੍ਰ। ਯਥਾ-‘ਕੋਲੂ ਚਰਖਾ ਚਕੀ ਚਕ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਰਖਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਰਖਾ : ਚਰਖੇ ਦੀ ਸ਼ੁਰੂਆਤ ਅਤੇ ਵਿਕਾਸ ਕਦੋਂ ਤੇ ਕਿੱਥੇ ਹੋਇਆ, ਇਸ  ਸਬੰਧੀ ਚਰਖਾ ਸੰਘ ਵਲੋਂ ਕਾਫ਼ੀ ਖੋਜ ਕੀਤੀ ਗਈ ਸੀ। ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇੱਥੇ ਚਰਖੇ ਅਤੇ ਹੱਥ ਖੱਡੀ ਦੀ ਵਰਤੋਂ ਆਮ ਹੁੰਦੀ ਸੀ। ਸੰਨ 1500 ਤੱਕ ਖਾਦੀ ਤੇ ਦਸਤਕਾਰੀ ਉਦਯੋਗ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਾ ਸੀ।

          ਭਾਵੇਂ ਭਾਰਤ ਵਿਚ ਚਰਖੇ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ ਪਰੰਤੂ ਫਿਰ ਵੀ ਮਹਾਤਮਾ ਗਾਂਧੀ ਦੇ ਜੀਵਨ ਕਾਲ ਵਿਚ ਇਸ ਦਾ ਮਹੱਤਵਪੂਰਨ ਵਿਕਾਸ ਹੋਇਆ। ਚਰਖੇ ਦੀ ਸਭ ਤੋਂ ਪੁਰਾਣੀ ਕਿਸਮ ਖੜ੍ਹੇ ਚਰਖੇ ਦੀ ਹੈ, ਜਿਸ ਵਿਚ ਇਕ ਪਟੜੀ, ਦੋ ਖੰਭੇ ਅਤੇ ਅੱਠ ਫੱਟੀਆਂ ਵਾਲਾ ਇਕ ਪਹੀਆ ਹੁੰਦਾ ਹੈ। ਅਜਿਹੇ ਚਰਖੇ ਦਾ ਵਿਆਸ ਲਗਭਗ 30 ਸੈਂ. ਮੀ. ਤੋਂ 60 ਸੈਂ. ਮੀ. ਤੱਕ ਅਤੇ ਤੱਕਲੇ ਦੀ ਲੰਬਾਈ 48 ਸੈਂ. ਮੀ. ਤੱਕ ਵੀ ਹੁੰਦੀ ਹੈ। ਹੁਣ ਤੱਕ ਜਿੰਨੇ ਵੀ ਚਰਖਿਆਂ ਦੇ ਨਮੂਨੇ ਪ੍ਰਾਪਤ ਹੋਏ ਹਨ, ਉਨ੍ਹਾਂ ਵਿਚੋਂ ਚਿਕਾਕੋਲ (ਆਂਧਰਾ) ਦਾ ਖੜ੍ਹਾ ਚਰਖਾ ਸਭ ਤੋਂ ਸੁੰਦਰ ਸੀ। ਇਸ ਨਾਲ ਦਰਮਿਆਨੀ ਕਿਸਮ ਦਾ ਵਧੀਆ ਸੂਤ ਕੱਤਿਆ ਜਾਂਦਾ ਸੀ। ਜਦੋਂ 18 ਅਪ੍ਰੈਲ, 1921 ਨੂੰ ਮਗਨਵਾੜੀ (ਵਰਧਾ) ਵਿਚ ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਹੋਈ ਤਾਂ ਉਸ ਸਮੇਂ ਕਾਂਗਰਸ ਮਹਾਂ ਸਮਿਤੀ ਨੇ 20 ਲੱਖ ਨਵੇਂ ਚਰਖੇ ਬਣਾਉਣ ਦਾ ਅਤੇ ਇਨ੍ਹਾਂ ਨੂੰ ਸਾਰੇ ਦੇਸ਼ ਵਿਚ ਵੰਡਣ ਦਾ ਫ਼ੈਸਲਾ ਕੀਤਾ। ਸੰਨ 1923 ਵਿਚ ਅਖਿਲ ਭਾਰਤ ਖਾਦੀ ਮੰਡਲ ਦੀ ਸਥਾਪਨਾ ਹੋਈ ਪਰੰਤੂ ਉਦੋਂ ਤੱਕ ਚਰਖੇ ਦੇ ਸੁਧਾਰ ਵਿਚ ਬਹੁਤ ਜ਼ਿਆਦਾ ਪ੍ਰਗਤੀ ਨਹੀਂ ਸੀ ਹੋਈ। ਕਾਂਗਰਸ ਦਾ ਧਿਆਨ ਰਾਜਨੀਤੀ ਵੱਲ ਸੀ ਪਰ ਗਾਂਧੀ ਜੀ ਉਸ ਨੂੰ ਰਚਨਾਤਮਕ ਕੰਮ ਵੱਲ ਮੋੜਨਾ ਚਾਹੁੰਦੇ ਸਨ। ਅੰਤ 22 ਸਤੰਬਰ, 1925 ਨੂੰ ਅਖਿਲ ਭਾਰਤ ਚਰਖਾ-ਸੰਘ ਦੀ ਸਥਾਪਨਾ ਹੋਈ।

          ਚਰਖੇ ਵਿਚ ਸੁਧਾਰ ਲਿਆਉਣ ਲਈ ਗਾਂਧੀ ਜੀ ਬਹੁਤ ਫ਼ਿਕਰਮੰਦ ਸਨ। ਸੰਨ 1923 ਵਿਚ ਇਸ ਸਬੰਧੀ 5,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਪ੍ਰੰਤੂ ਕੋਈ ਵੀ ਵਿਕਸਿਤ ਨਮੂਨਾ ਪ੍ਰਾਪਤ ਨਾ ਹੋਇਆ। ਫਿਰ 29 ਜੁਲਾਈ, 1929 ਨੂੰ ਚਰਖਾ-ਸੰਘ ਨੇ ਗਾਂਧੀ ਜੀ ਦੀਆਂ ਸ਼ਰਤਾਂ ਦੇ ਆਧਾਰ ਤੇ ਚਰਖਾ ਬਣਾਉਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਗਾਂਧੀ ਜੀ ਨੇ ਜੋ ਸ਼ਰਤਾਂ ਰੱਖੀਆਂ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਈ ਆਦਮੀਆਂ ਨੇ ਕੀਤੀ ਪਰ ਸਫ਼ਲਤਾ ਕਿਸੇ ਨੂੰ ਨਾਲ ਮਿਲ ਸਕੀ।

          ਖੜ੍ਹੇ ਚਰਖੇ ਵਿਚ ਸੁਧਾਰ ਕਰਕੇ ਕਿਸਾਨ ਚਰਖਾ ਬਣਿਆ। ਯਰਵਦਾ ਜੇਲ੍ਹ ਵਿਚ ਕਿਸਾਨ ਚਰਖੇ ਨੂੰ ਪੇਟੀ ਚਰਖੇ ਦਾ ਰੂਪ ਦੇਣ ਦਾ ਸਿਹਰਾ ਗਾਂਧੀ ਜੀ ਦੇ ਸਿਰ ਹੈ। ਸ੍ਰੀ ਸਤੀਸ਼ਚੰਦਰ ਦਾਸ ਗੁਪਤ ਨੇ ਖੜ੍ਹੇ ਚਰਖੇ ਵਰਗਾ ਹੀ ਬਾਂਸ ਦਾ ਇਕ ਚਰਖਾ ਤਿਆਰ ਕੀਤਾ ਜਿਹੜਾ ਬਹੁਤ ਹੀ ਉਪਯੋਗੀ ਸਿੱਧ ਹੋਇਆ। ਬਾਂਸ ਦਾ ਹੀ ਜਨਤਾ ਚੱਕਰ (ਕਿਸਾਨ ਚਰਖੇ ਵਰਗਾ ਹੀ) ਬਣਾਇਆ ਗਿਆ ਜਿਸ ਉੱਤੇ ਵੀਰੇਂਦਰ ਮਜੂਮਦਾਰ ਲਗਾਤਾਰ ਕਈ ਸਾਲਾਂ ਤੱਕ ਕੱਤਦਾ ਰਿਹਾ। ਇਸ ਤਰ੍ਹਾਂ ਹੁਣ ਤੱਕ ਬਣੇ ਚਰਖਿਆਂ ਦੀ ਗਤੀ ਅਤੇ ਸੂਤ ਦੀ ਮਜ਼ਬੂਤੀ ਦੇ ਲਿਹਾਜ਼ ਨਾਲ ਕਿਸਾਨ ਚਰਖ਼ਾ ਸਭ ਤੋਂ ਉੱਤਮ ਰਿਹਾ ਹੈ। ਪੇਂਡੂ ਹਲਕਿਆਂ ਵਿਚ ਖੜ੍ਹਾ ਚਰਖਾ ਹੀ ਵਧੇਰੇ ਹਰਮਨ ਪਿਆਰਾ ਰਿਹਾ ਹੈ। ਗਾਂਧੀ ਜੀ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਵੀ ਚਰਖੇ ਦੇ ਵਿਕਾਸ ਅਤੇ ਇਸਤੇਮਾਲ ਦਾ ਕੰਮ ਲਗਾਤਾਰ ਚਲਦਾ ਰਿਹਾ।

          ਸੰਨ 1949 ਵਿਚ ਤਾਮਿਲਨਾਡੂ ਦੇ ਇਕ ਨੌਜਵਾਨ ਵਰਕਰ ਏਕੰਬਰ ਨਾਥ ਨੇ ਅਜਿਹਾ ਚਰਖਾ ਬਣਾਇਆ ਜਿਸ ਵਿਚ ਤੱਕਲੇ ਖੜ੍ਹੇ ਦਾਅ ਲੱਗੇ ਹੋਏ ਸਨ। ਕੱਪੜੇ ਦੀਆਂ ਮਿੱਲਾਂ ਵਿਚ ਵੀ ਖੜ੍ਹੇ ਤੱਕਲਿਆਂ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਤੱਕਲਾ ਸੂਤ ਦੀ ਮਾਲ੍ਹ ਨਾਲ ਚਲਦਾ ਹੈ ਅਤੇ ਇਕ ਰਿੰਗ ਜਾਂ ਛੱਲੇ ਵਿਚ ਘੁੰਮਦਾ ਹੈ। ਇਸ ਚਰਖੇ ਦਾ ਖੋਜੀ ਏਕੰਬਰ ਨਾਥ ਹੋਣ ਕਰਕੇ ਇਸ ਦਾ ਨਾਂ ਅੰਬਰ ਚਰਖਾ ਰੱਖਿਆ ਗਿਆ, ਅੰਬਰ ਦੇ ਅਰਥ ਵੀ ‘ਕੱਪੜਾ’ ਹਨ, ਇਸ ਤਰ੍ਹਾਂ ਇਹ ਨਾਂ ਹੋਰ ਵੀ ਢੁੱਕਵਾਂ ਲਗਦਾ ਹੈ।

          ਅੰਬਰ ਚਰਖਾ ਹੁਣ ਤੱਕ ਦੇ ਚਰਖਿਆਂ ਵਿਚੋਂ ਸਭ ਤੋਂ ਵਧੇਰੇ ਕ੍ਰਾਂਤੀਕਾਰੀ ਕਦਮ ਹੈ (ਵਿਸਥਾਰ ਲਈ ਵੇਖੋ ਅੰਬਰ ਚਰਖਾ)। ਅੰਬਰ ਚਰਖੇ ਨੂੰ ਬਿਜਲੀ ਨਾਲ ਚਲਾਉਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਕਈ ਥਾਵਾਂ ਉੱਤੇ ਤਾਂ ਇਹ ਬਿਜਲੀ ਨਾਲ ਚਲਾਇਆ ਵੀ ਜਾਣ ਲੱਗਿਆ ਹੈ। ਸਭ ਤੋਂ ਵੱਡੀ ਗੱਲ ਇਸ ਦੀ ਮੁਰੰਮਤ ਦੀ ਹੈ। ਪੇਂਡੂ ਯੰਤਰ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਖੇਤੀ ਦੇ ਸੰਦਾਂ ਵਰਗਾ ਹੋਵੇ ਅਤੇ ਖ਼ਰਾਬ ਹੋਣ ਤੇ ਉਥੇ ਹੀ ਠੀਕ ਹੋ ਸਕੇ। ਅਜੋਕੇ ਖੇਤੀ ਦੇ ਸੰਦ ਬਿਜਲੀ ਜਾਂ ਡੀਜ਼ਲ ਨਾਲ ਚੱਲਣ ਕਰਕੇ ਇਨ੍ਹਾਂ ਨੂੰ ਠੀਕ ਕਰਨ ਵਾਲੇ ਵੀ ਆਸਾਨੀ ਨਾਲ ਨੇੜੇ ਹੀ ਮਿਲ ਜਾਂਦੇ ਹਨ। ਇਸ ਕਰਕੇ ਅੰਬਰ ਚਰਖੇ ਨੂੰ ਬਿਜਲੀ ਨਾਲ ਚੱਲਣ ਵਾਲਾ ਬਣਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਇਸ ਦੇ ਬਹੁਤੇ ਹਿੱਸੇ ਲੱਕੜ ਦੇ ਹੀ ਬਣਾਉਣੇ ਜ਼ਰੂਰੀ ਸਮਝੇ ਜਾਂਦੇ ਹਨ।

          ਹ. ਪੁ.––ਹਿੰ. ਵਿ. ਕੋ. 4 : 166.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.