ਚਾਂਦੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਂਦੀ (ਨਾਂ,ਇ) ਇੱਕ ਚਿੱਟੇ ਰੰਗ ਦੀ ਮਹਿੰਗੀ ਧਾਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਾਂਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਂਦੀ [ਨਾਂਇ] ਚਿੱਟੇ ਰੰਗ ਦੀ ਇੱਕ ਕੀਮਤੀ ਧਾਤ ਜਿਸ ਦੇ ਗਹਿਣੇ ਅਤੇ ਬਰਤਨ ਆਦਿ ਬਣਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਾਂਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਂਦੀ. ਸੰਗ੍ਯਾ—ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨ ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. “ਜਲ ਢੋਵਤ ਸਿਰ ਚਾਂਦੀ ਪਰੀ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਂਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਾਂਦੀ : ਇਹ ਇਕ ਅਜਿਹੀ ਧਾਤ ਹੈ ਜਿਹੜੀ ਪੁਰਾਤਨ ਕਾਲ ਤੋਂ ਹੀ ਕੀਮਤੀ ਚੀਜ਼ਾਂ ਜਿਵੇਂ ਕਿ ਸਿੱਕੇ ਅਤੇ ਗਹਿਣੇ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦਾ ਕਾਰਨ ਹੋਰਨਾਂ ਧਾਤਾਂ ਦੇ ਮੁਕਾਬਲੇ ਇਸ ਦਾ ਘੱਟ ਮਿਲਣਾ, ਚਮਕੀਲਾ ਚਿੱਟਾ ਰੰਗ ਅਤੇ ਵਾਯੂਮੰਡਲੀ-ਆਕਸੀਕਰਨ ਪ੍ਰਤਿ ਪ੍ਰਤਿਰੋਧੀ ਹੋਣਾ ਹਨ।

          ਇਨ੍ਹਾਂ ਤੋਂ ਇਲਾਵਾ ਇਸ ਦੀ ਵਰਤੋਂ ਅਜਿਹੀਆਂ ਥਾਵਾਂ ਤੇ ਵੀ ਕੀਤੀ ਜਾਂਦੀ ਹੈ ਜਿੱਥੇ ਉੱਚ ਤਾਪ ਜਾਂ ਬਿਜਲੱਈ ਚਾਲਕਤਾ ਅਤੇ ਖੋਰ ਪ੍ਰਤਿਰੋਧ ਲੋੜੀਂਦਾ ਹੋਵੇ। ਚਾਂਦੀ ਵਿਚ ਸੋਨਾ ਜਾਂ ਤਾਂਬਾ ਮਿਲਾ ਕੇ ਸਖ਼ਤ ਕਰਨ ਉਪਰੰਤ ਇਸ ਨੂੰ ਬਿਜਲੱਈ ਕੁਨੈੱਕਸ਼ਨਾਂ ਵਿਚ ਵੀ ਵਰਤਿਆ ਜਾਂਦਾ ਹੈ। ਜਦੋਂ ਕਿਸੇ ਚਾਲਕ ਵਿਚੋਂ ਰੇਡੀਓ-ਆਵ੍ਰਿਤੀ ਕਰੰਟ ਲੰਘਾਇਆ ਜਾਂਦਾ ਹੈ ਤਾਂ ‘ਸਕਿੰਨ-ਪ੍ਰਭਾਵ’ ਮਹੱਤਵਪੂਰਨ ਹੁੰਦਾ ਹੈ। ਅਜਿਹੇ ਚਾਲਕਾਂ ਉੱਤੇ ਚਾਂਦੀ ਦੀ ਤਹਿ ਚੜ੍ਹਾ ਕੇ ਇੰਜੀਨੀਅਰਿੰਗ ਕਨੈੱਕਸ਼ਨਾਂ ਵਿਚ ਵਰਤਣਾ ਕਾਫ਼ੀ ਉਪਯੋਗੀ ਹੁੰਦਾ ਹੈ। ਰਸਾਇਣਿਕ ਉਦਯੋਗ ਵਿਚ ਕੁਝ ਸੀਮਾ ਤਕ ਚਾਂਦੀ ਦੇ ਉਪਰਕਰਣ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਕੁਝ ਦਵਾਈਆਂ ਵਿਚ ਵਰਤੇ ਜਾਣ ਵਾਲੇ ਰਸਾਇਣ ਬਣਾਉਣ ਲਈ, ਭੋਜਨ ਪਦਾਰਥਾਂ ਅਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਾਸੈੱਸਿੰਗ ਲਈ ਅਤੇ ਸਿਟ੍ਰਿਕ ਅਤੇ ਲੈਕਟਿਕ ਵਰਗੇ ਤੇਜ਼ਾਬਾਂ ਦੀ ਸੰਭਾਲ ਲਈ। ਨਿਮਨ ਐਲੀਫ਼ੈਟਿਕ ਅਲਕੋਹਲਾਂ ਵਰਗੇ ਕੁਝ ਵਿਸ਼ੇਸ਼ ਕਾਰਬਨੀ ਯੋਗਿਕਾਂ ਦੇ ਵਾਸ਼ਪ ਫ਼ੇਜ਼ ਆਕਸੀਕਰਨ ਵਿਚ ਚਾਂਦੀ ਇਕ ਹਲਕੇ ਆਕਸੀਕਰਨ ਉਤਪ੍ਰੇਰਕ ਦਾ ਕੰਮ ਕਰਦੀ ਹੈ।

          ਸ਼ੀਸ਼ੇ ਦੇ ਦਰਪਣਾਂ ਦਾ ਸਿਲਵਰੀਕਰਨ ਇਕ ਬਹੁਤ ਪੁਰਾਣਾ ਉਦਯੋਗ ਹੈ। ਅਤਿ-ਨਿਮਨ-ਦਾਬ ਉੱਤੇ ਬਿਜਲੀ ਦੁਆਰਾ ਗਰਮ ਕੀਤੇ ਚਾਂਦੀ ਦੇ ਫ਼ਿਲਾਮੈਂਟ ਦੀ ਸਤ੍ਹਾ ਤੋਂ ਉਤਪੰਨ ਵਾਸ਼ਪਾਂ ਦੁਆਰਾ ਵੀ ਦਰਪਣ ਤਿਆਰ ਕੀਤੇ ਜਾ ਸਕਦੇ ਹਨ।

          ਚਾਂਦੀ ਆਮ ਕਰਕੇ ਤਾਂਬੇ ਅਤੇ ਸੋਨੇ ਨਾਲ ਰਲੀ ਹੋਈ ਮਿਲਦੀ ਹੈ। ਇਸ ਦੇ ਮੁੱਖ ਖਣਿਜ ਅਰਜੈੱਨਟਾਈਟ (ਸਿਲਵਰ ਗਲਾਸ), Ag2S ਅਤੇ ਕਲੋਰਆਰਗੀਰਾਈਟ (ਹਾਰਨ ਸਿਲਵਰ), AgC1 ਹਨ। ਕਈ ਕੰਪਲੈਕਸ ਸਲਫ਼ਾਈਡ ਖਣਿਜ ਵੀ ਹਨ ਜਿਵੇਂ ਕਿ ਸਟੈੱਫ਼ਾਨਈਟ (Ag5 Sb S4) ਅਤੇ ਪਰਾਊਸਟਾਈਟ (Ag3 As S3)। ਚਾਂਦੀ ਦੇ ਖਣਿਜ ਜਿਸਤ, ਸਿੱਕਾ, ਤਾਂਬਾ ਅਤੇ ਨਿਕਲ ਵਰਗੀਆਂ ਖਾਰੀਆਂ ਧਾਤਾਂ ਦੀਆਂ ਕੱਚੀਆਂ ਧਾਤਾਂ ਦੇ ਨਾਲ ਮਿਲਦੇ ਹਨ ਅਤੇ ਕਾਫ਼ੀ ਮਾਤਰਾ ਵਿਚ ਸੋਨਾ-ਚਾਂਦੀ ਦੀਆਂ ਕੱਚੀਆਂ ਧਾਤਾਂ ਦੇ ਨਾਲ ਮਿਲਦੇ ਹਨ ਅਤੇ ਕਾਫ਼ੀ ਮਾਤਰਾ ਸੋਨਾ-ਚਾਂਦੀ ਦੀਆਂ ਕੱਚੀਆਂ ਧਾਤਾਂ ਵਿਚੋਂ ਕੱਢੀ ਜਾਂਦੀ ਹੈ। ਚਾਂਦੀ ਸਮੁੰਦਰੀ ਪਾਣੀ ਵਿਚ ਵੀ ਹੁੰਦੀ ਹੈ ਪ੍ਰੰਤੂ ਮਾਤਰਾ ਬਹੁਤ ਘੱਟ ਹੋਣ ਕਾਰਨ ਸਮੁੰਦਰ ਵਿਚੋਂ ਕੱਢਣੀ ਮਹਿੰਗੀ ਪੈਂਦੀ ਹੈ।

          ਭੌਤਿਕ ਗੁਣ––ਇਸ ਦਾ ਰਸਾਇਣਿਕ ਚਿੰਨ੍ਹ Ag, ਪ੍ਰਮਾਣੂ-ਕ੍ਰਮ-ਅੰਕ 47 ਅਤੇ ਔਸਤਨ ਪ੍ਰਮਾਣਵੀ-ਭਾਰ 107.88 ਹੈ। ਇਸ ਦੇ ਕੁਦਰਤੀ ਸਮਸਥਾਨਕ Ag107 ਅਤੇ Ag109 ਹਨ, ਜਿਹੜੇ ਕਿ ਲਗਭਗ ਬਰਾਬਰ ਪ੍ਰੰਤੂ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਇਸ ਦੇ ਮੁੱਖ ਰੇਡੀਓ ਐੱਕਟਿਵ ਸਮਸਥਾਨਕ Ag108 (ਅਰਧ ਆਯੂ-ਕਾਲ, 225 ਦਿਨ), Ag110 (ਅਰਧ ਆਯੂ-ਕਾਲ, 24 ਸੈਕੰਡ) ਅਤੇ Ag111 (ਅਰਧ ਆਯੂ-ਕਾਲ, 7.5 ਦਿਨ) ਹਨ। ਸ਼ੁੱਧ ਧਾਤ ਦਾ ਉਬਾਲ ਦਰਜਾ ਲਗਭਗ 2,000° ਸੈਂ. ਅਤੇ ਪਿਘਲਾਉ ਦਰਜਾ 960.5° ਸੈਂ. ਹੈ। ਪਿਘਲੀ ਹੋਈ ਹਾਲਤ ਵਿਚ ਆਕਸੀਜਨ ਇਸ ਵਿਚ ਘੁਲ ਜਾਂਦੀ ਹੈ। ਠੋਸੀਕਰਨ ਤੇ ਇਹ ਜ਼ਿਆਦਾਤਰ ਪ੍ਰਾਪਤ ਹੁੰਦੀ ਹੈ ਅਤੇ ਇਸ ਵਿਧੀ ਨੂੰ ਚਾਂਦੀ ਦਾ ਨਖੇੜ ਜਾਂ ਵਿਭਾਜਨ ਕਿਹਾ ਜਾਂਦਾ ਹੈ। ਇਸ ਦੀ ਘਣਤਾ (15° ਸੈਂ. ਉੱਤੇ) 10.49 ਹੈ।

          ਸੋਨੇ ਤੋਂ ਛੁੱਟ ਚਾਂਦੀ ਸਭ ਧਾਤਾਂ ਨਾਲੋਂ ਜ਼ਿਆਦਾ ਖਿਚੀਣਯੋਗ ਅਤੇ ਕੁਟੀਣਯੋਗ ਧਾਤ ਹੈ। ਇਕ ਗ੍ਰਾ. ਸ਼ੁੱਧ ਧਾਤ ਨੂੰ 1.5 ਕਿ. ਮੀ. ਤੋਂ ਜ਼ਿਆਦਾ ਲੰਬੀ ਤਾਰ ਵਿਚ ਖਿੱਚਿਆ ਜਾ ਸਕਦਾ ਹੈ ਅਤੇ ਇਸ ਨੂੰ ਕੁੱਟ ਕੇ 0.00025 ਮਿ. ਮੀ. ਤੋਂ ਘੱਟ ਮੋਟਾਈ ਦੇ ਪੱਤਰੇ ਬਣਾਏ ਜਾ ਸਕਦੇ ਹਨ। ਇਹ ਸੋਨੇ ਨਾਲੋਂ ਕਠੋਰ ਪ੍ਰੰਤੂ ਤਾਂਬੇ ਨਾਲੋਂ ਨਰਮ ਹੈ। ਸ਼ੁੱਧ ਧਾਤ ਸਿੱਕੇ ਜਾਂ ਗਹਿਣੇ ਬਣਾਉਣ ਯੋਗ ਨਹੀਂ (ਕਿਉਂਕਿ ਬਹੁਤ ਜ਼ਿਆਦਾ ਨਰਮ ਹੁੰਦੀ ਹੈ) ਇਸ ਲਈ ਇਸ ਵਿਚ ਤਾਂਬੇ ਦੀ ਕੁਝ ਮਾਤਰਾ ਮਿਲਾ ਕੇ ਮਿਸ਼ਰਿਤ-ਧਾਤ ਬਣਾ ਲਿਆ ਜਾਂਦਾ ਹੈ।

          ਚਾਂਦੀ ਦੀ ਤਾਪ ਚਾਲਕਤਾ ਦੂਸਰੀਆਂ ਧਾਤਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜੇਕਰ ਇਸ ਦੀ ਤਾਪ ਚਾਲਕਤਾ 100 ਮੰਨੀ ਜਾਵੇ ਤਾਂ ਤਾਂਬੇ ਦੀ 73.6 ਸੋਨੇ ਦੀ 53.3, ਜਿਸਤ ਦੀ 19.0 ਕਲੱਈ ਦੀ 14.5, ਲੋਹੇ ਦੀ 11.6, ਪਲੈਟਿਨਮ ਦੀ 8.4, ਸਿੱਕੇ ਦੀ 8.1 ਅਤੇ ਬਿਸਮਥ ਦੀ 1.8 ਹੋਵੇਗੀ। ਚਾਂਦੀ ਦੀ ਬਿਜਲੱਈ ਚਾਲਕਤਾ ਵੀ ਤਾਂਬੇ ਨਾਲੋਂ ਜ਼ਿਆਦਾ ਹੈ

          ਰਸਾਇਣਿਕ ਗੁਣ––ਚਾਂਦੀ, ਤਾਂਬੇ ਨਾਲੋਂ ਜ਼ਿਆਦਾ ਪ੍ਰੰਤੂ ਸੋਨੇ ਨਾਲੋਂ ਘੱਟ ਇਲੈੱਕਟ੍ਰੋਪਾਜ਼ਿਟਿਵ ਹੈ। ਇਸ ਦਾ ਸਟੈਂਡਰਡ ਇਲੈੱਕਟ੍ਰੋਡ ਪੁਟੈਂਸ਼ਲ––0.7978 ਵੋਲਟ (25 ਸੈਂ. ਉੱਤੇ) ਹੈ। ਇਹ ਸਿੱਲ੍ਹੀ ਅਤੇ ਖ਼ੁਸ਼ਕ ਆਕਸੀਜਨ ਨਾਲ ਕਿਰਿਆ ਨਹੀਂ ਕਰਦੀ ਪ੍ਰੰਤੂ ਸਿੱਲ੍ਹੀ ਓਜ਼ੋਨ ਦੁਆਰਾ ਇਸ ਦੇ ਉਪਰਲੇ ਭਾਗ ਦਾ ਆਕਸੀਕਰਨ ਹੋ ਜਾਂਦਾ ਹੈ। ਕਮਰੇ ਦੇ ਤਾਪਮਾਨ ਉੱਤੇ ਗੰਧਕ ਇਸ ਉੱਤੇ ਬੜੀ ਤੇਜ਼ੀ ਨਾਲ ਸਿਲਵਰ ਸਲਫ਼ਾਈਡ ਦੀ ਤਹਿ ਬਣਾ ਦਿੰਦੀ ਹੈ।

          ਫ਼ਲੋਰੀਨ, ਕੋਲਰੀਨ, ਬ੍ਰੋਮੀਨ ਅਤੇ ਆਇਓਡੀਨ ਉੱਚ ਤਾਪਮਾਨ ਉੱਤੇ ਚਾਂਦੀ ਨਾਲ ਕਿਰਿਆ ਕਰਦੇ ਹਨ ਪ੍ਰੰਤੂ ਠੋਸ ਧਾਤ ਉੱਤੇ ਹੈਲਾਈਡਾਂ ਦੀ ਤਹਿ ਬਣਨ ਕਾਰਨ ਕਿਰਿਆ ਸੀਮਿਤ ਰਹਿੰਦੀ ਹੈ। ਹਾਈਡ੍ਰੋਫ਼ਲੋਰਿਕ ਐਸਿਡ ਅਤੇ ਫ਼ਲੋਰਾਈਡ ਦੇ ਘੋਲ ਚਾਂਦੀ ਉੱਤੇ ਖ਼ਾਸ ਕਿਰਿਆ ਨਹੀਂ ਕਰਦੇ ਪ੍ਰੰਤੂ ਹਾਈਡ੍ਰੋਕਲੋਰਿਕ, ਹਾਈਡ੍ਰੋਬ੍ਰੋਮਿਕ ਅਤੇ ਹਾਈਡ੍ਰੋਆਇਓਡਿਕ ਐਸਿਡ ਚਾਂਦੀ ਦੀ ਬਾਹਰੀ ਸਤ੍ਹਾ ਉੱਤੇ ਕਿਰਿਆ ਕਰਦੇ ਹਨ। ਚਾਂਦੀ; ਗਾੜ੍ਹੇ ਜਾਂ ਹਲਕੇ ਨਾਈਟ੍ਰਿਕ ਐਸਿਡ ਦੋਹਾਂ ਵਿਚ ਘੁਲ ਕੇ ਸਿਲਵਰ ਨਾਈਟ੍ਰੇਟ ਅਤੇ ਨਾਈਟ੍ਰਿਕ ਆਕਸਾਈਡ ਬਣਾਉਂਦੀ ਹੈ। ਗਰਮ ਅਤੇ ਗਾੜ੍ਹਾ ਗੰਧਕ ਦਾ ਤੇਜ਼ਾਬ ਕਿਰਿਆ ਕਰਕੇ ਸਿਲਵਰ ਸਲਫ਼ੇਟ ਅਤੇ ਸਲਫ਼ਰ-ਡਾਈਆਕਸਾਈਡ ਬਣਾਉਂਦਾ ਹੈ। ਆਕਸੀਜਨ ਦੀ ਹੋਂਦ ਵਿਚ ਸਾਇਆਨਾਈਡ ਦਾ ਜਲੀ ਘੋਲ ਚਾਂਦੀ ਨਾਲ ਕਿਰਿਆ ਕਰਕੇ ਅਰਜੈਟੋਸਾਇਆਨਾਈਡ ਆਇਨ ਬਣਾਉਂਦਾ ਹੈ।

          ਕੋਲਾੱਇਡੀ ਚਾਂਦੀ––ਚਾਂਦੀ ਦੀਆਂ ਵਧੇਰੇ ਕਿਰਿਆਸ਼ੀਲ ਕਿਸਮਾਂ ਤੋਂ ਇਲਾਵਾ ਅਣੁਵੀ ਚਾਂਦੀ ਹੈ। ਇਸ ਧਾਤ ਦੇ ਘੋਲ ਤੋ਼ਂਂ ਇਕ ਲਘੂਕਾਰਕ ਦੁਾਅਰਾ ਤਲਛੱਟ ਬਣਾ ਕੇ ਜਾਂ ਕਿਸੇ ਤੇਜ਼ਾਬੀ ਘੋਲ ਵਿਚ ਲੋਹੇ ਜਾਂ ਜਿਸਤ ਵਰਗੀ ਧਾਤ ਦੁਆਰਾ ਸਿਲਵਰ ਕਲੋਰਾਈਡ ਦੇ ਲਘੂਕਰਨ ਦੁਆਰਾ ਬਾਰੀਕ ਪਾਊਡਰ ਦੇ ਰੂਪ ਵਿਚ ਅਸਲ ਕੋਲਾੱਇਡ ਤਿਆਰ ਕੀਤਾ ਜਾਂਦਾ ਹੈ। ਕੋਲਾੱਇਡੀ ਚਾਂਦੀ ਤਿਆਰ ਕਰਨ ਲਈ ਆਮ ਵਰਤੇ ਜਾਂਦੇ ਲਘੂਕਾਰਕ ਫ਼ਾਰਮਐਲਡਿਹਾਈਡ, ਹਾਈਡ੍ਰੋਜ਼ੀਨ ਲੂਣ ਅਤੇ ਟਾਰਟ੍ਰੇਟ ਜਾਂ ਸਿਟ੍ਰੇਟਾਂ ਵਰਗੇ ਲੂਣ ਹਨ। ਕਈ ਵਾਰ ਪ੍ਰੋਟੈਕੱਟਿਵ ਕੋਲਾੱਇਡ ਵੀ ਮਿਲਾਏ ਜਾਂਦੇ ਹਨ। ਇਸ ਤੋਂ ਇਲਾਵਾ ਪਾਣੀ ਹੇਠ ਚਾਂਦੀ ਦੀਆਂ ਸ਼ੁੱਧ ਇਲੈੱਕਟ੍ਰੋਡਾਂ ਵਿਚਕਾਰ ਇਕ ਆਰਕ ਲੰਘਾ ਕੇ ਚਾਂਦੀ ਦੇ ਚੰਗੇ ਕੋਲਾੱਇਡ ਤਿਆਰ ਕੀਤੇ ਜਾਂਦੇ ਹਨ। ਕੋਲਾੱਇਡਾਂ ਦਾ ਰੰਗ ਨੀਲੇ ਰੰਗ ਤੋਂ ਲਾਲ ਹੋ ਸਕਦਾ ਹੈ। ਲਾਲ ਅਤੇ ਪੀਲੇ ਰੰਗ ਵਿਚ ਬਹੁਤ ਹੀ ਛੋਟੇ ਅਤੇ ਨੀਲੇ ਘੋਲਾਂ ਵਿਚ ਵੱਡੇ ਤੋਂ ਵੱਡੇ ਆਕਾਰ ਦੇ ਕਣ ਹੁੰਦੇ ਹਨ। ਕੋਲਾੱਇਡੀ ਚਾਂਦੀ ਇਕ ਚੰਗਾ ਲਘੂਕਾਰਕ ਹੈ ਅਤੇ ਦੂਸਰੇ ਕੋਲਾੱਇਡਾਂ ਵਾਂਗ ਆਮ ਕਰਕੇ ਹਾਈਡ੍ਰੋਜਨ ਪਰਆਕਸਾਈਡ ਦੇ ਅਪਘਟਨ ਲਈ ਉਤਪ੍ਰੇਰਕ ਦੇ ਯੋਗ ਵੀ ਹੈ।

          ਰਸਾਇਣਿਕ ਤੌਰ ਤੇ ਸ਼ੁੱਧ ਚਾਂਦੀ––ਬਹੁਤ ਜ਼ਿਆਦਾ ਸ਼ੁੱਧ ਚਾਂਦੀ ਰਸਾਇਣ-ਵਿਗਿਆਨੀਆਂ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਪ੍ਰਮਾਣਵੀ ਭਾਰਾਂ ਦਾ ਪਤਾ ਲਾਉਣ ਲਈ ਤਿਆਰ ਕੀਤੀ ਗਈ ਸੀ। ਟੀ. ਡਬਲਯੂ. ਰਿਚਰਡਜ਼ ਅਤੇ ਐੱਚ. ਵੈਲਜ਼ ਦੇ (1905 ਵਿਚ) ਦੱਸੇ ਢੰਗ ਅਨੁਸਾਰ ਹਾਈਡ੍ਰੋਕਲੋਰਿਕ ਐਸਿਡ ਦੁਆਰਾ ਚਾਂਦੀ ਦੇ ਨਾਈਟ੍ਰੇਟ ਦਾ ਪੁਨਰ-ਕ੍ਰਿਸਟਲੀਕਰਨ ਕਰਕੇ ਤਲਛੱਟ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਬਣੇ ਕਲੋਰਾਈਡ ਨੂੰ ਪੂਰੀ ਤਰ੍ਹਾਂ ਧੋ ਕੇ ਸ਼ੁੱਧ ਇਨਵਰਟ ਸ਼ੱਕਰ ਅਤੇ ਕੱਪੜੇ ਧੋਣ ਦੇ ਸੋਡੇ ਨਾਲ ਇਸ ਦਾ ਲਘੂਕਰਨ ਧਾਤ ਵਿਚ ਕੀਤਾ ਜਾਂਦਾ ਹੈ। ਲਘੂਕ੍ਰਿਤ ਚਾਂਦੀ ਨੂੰ ਇਕ ਬੋਲ-ਪਾਈਪ ਦੀ ਲਘੂਕਾਰਕ ਲਾਟ ਵਿਚ ਚੂਨੇ ਦੇ ਬਲਾੱਕ ਵਿਚ ਫ਼ਿਊਜ਼ ਕੀਤਾ ਜਾਂਦਾ ਹੈ। ਉਪਜ ਨੂੰ ਹੋਰ ਅੱਗੇ ਬਿਜਲੱਈ ਅਪਘਟਨ ਦੁਆਰਾ ਸਾਫ਼ ਕੀਤਾ ਜਾਂਦਾ ਹੈ ਅਤੇ ਮੁੜ ਹਾਈਡ੍ਰੋਜਨ ਦੀ ਹੋਂਦ ਵਿਚ ਇਕ ਕਿਸ਼ਤੀ-ਨੁਮਾ ਚੂਨੇ ਦੇ ਭਾਂਡੇ ਵਿਚ ਪਿਘਲਾਇਆ ਜਾਂਦਾ ਹੈ। ਇਸ ਤਰ੍ਹਾਂ ਘੱਟੋ ਘੱਟ 99.999% ਸ਼ੁੱਧ ਚਾਂਦੀ ਤਿਆਰ ਹੋ ਜਾਂਦੀ ਹੈ।

          ਚਾਂਦੀ ਦੇ ਯੋਗਿਕ––ਚਾਂਦੀ ਦੇ ਬਹੁਤੇ ਯੋਗਿਕਾਂ ਵਿਚ ਇਸਦੀ ਦੀ ਸੰਯੋਜਕਤਾ ਇਕ ਹੈ। ਇਨ੍ਹਾਂ ਆਰਜੈਂਟੀ ਯੋਗਿਕਾਂ ਵਿਚ ਸਿਲਵਰ ਕਲੋਰਾਈਡ, ਬ੍ਰੋਮਾਈਡ, ਆਇਓਡਾਈਡ ਅਤੇ ਨਾਈਟ੍ਰੇਟ ਸ਼ਾਮਲ ਹਨ। ਕੁਝ-ਕੁ ਆਰਜੈਂਟੀ ਯੋਗਿਕਾਂ ਵਿਚ ਚਾਂਦੀ ਸੰਯੋਜਕਤਾ ਦੋ ਵੀ ਹੈ।

          ਚਾਂਦੀ ਦਾ ਆਕਸਾਈਡ ਬਣਾਉਣ ਲਈ ਸਿਲਵਰ ਨਾਈਟ੍ਰੇਟ ਦੇ ਘੋਲ ਵਿਚ ਸੋਡੀਅਮ ਹਾਈਡ੍ਰਾੱਕਸਾਈਡ ਦੀ ਕਾਫ਼ੀ ਮਾਤਰਾ ਮਿਲਾ ਕੇ ਤਲਛੱਟ ਤਿਆਰ ਕੀਤਾ ਜਾਂਦਾ ਹੈ। ਇਹ ਪਾਣੀ ਵਿਚ ਕਾਫ਼ੀ ਘੁਲਣਸ਼ੀਲ ਹੈ ਅਤੇ ਇਹ ਘੋਲ ਖਾਰ ਵਾਂਗ ਕਿਰਿਆ ਕਰਦਾ ਹੈ। ਇਹ ਜਲ ਅਮੋਨੀਆ ਵਿਚ ਘੁਲ ਕੇ [Ag.2NH3]OH ਬਣਾਉਂਦਾ ਹੈ। ਜੇ ਇਸ ਘੋਲ ਨੂੰ ਹਵਾ ਵਿਚ ਰੱਖਿਆ ਜਾਵੇ ਤਾਂ ਚਾਂਦੀ ਦਾ ਕਾਲਾ ਵਿਸਫ਼ੋਟ ਬਣ ਜਾਂਦਾ ਹੈ ਜੋ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।

          ਹੈਲੋੱਜਨ ਯੋਗਿਕ––ਇਕ ਸੰਯੋਜੀ ਚਾਂਦੀ ਦੇ ਹੈਲਾਈਡ ਸਥਾਈ ਹੁੰਦੇ ਹਨ। ਸਿਲਵਰ ਫ਼ਲੋਰਾਈਡ; ਕਲੋਰਾਈਡ, ਬ੍ਰੋਮਾਈਡ ਅਤੇ ਆਇਓਡਾਈਡ ਨਾਲੋਂ ਭਿੰਨ ਹੁੰਦਾ ਹੈ, ਕਿਉਂਕਿ ਇਹ ਪਾਣੀ ਵਿਚ ਬੜੀ ਜਲਦੀ ਘੁਲ ਜਾਂਦਾ ਹੈ। ਜਦੋਂ ਹਾਈਡ੍ਰੋਫ਼ਲੋਰਿਕ ਐਸਿਡ ਵਿਚ ਸਿਲਵਰ ਕਾਰਬੋਨੇਟ ਨੂੰ ਘੋਲ ਕੇ ਨਿਰਵਾਯੂ ਵਾਸ਼ਪੀਕਰਨ ਕੀਤਾ ਜਾਂਦਾ ਹੈ ਤਾਂ ਸਿਲਵਰ ਫ਼ਲੋਰਾਈਡ ਬਣਦਾ ਹੈ। ਫ਼ਲੋਰਾਈਡ ਦੀ ਬਣਤਰ ਚਟਾਨੀ ਲੂਣ ਵਰਗੀ ਹੈ, ਜਿਹੜੀ ਸਿਲਵਰ ਕਲੋਰਾਈਡ ਅਤੇ ਬ੍ਰੋਮਾਈਡ ਨਾਲ ਮਿਲਦੀ ਹੈ ਪ੍ਰੰਤੂ ਆਇਓਡਾਈਡ ਨਾਲੋਂ ਭਿੰਨ ਹੈ। ਇਸ ਦਾ ਪਿਘਲਾਉ-ਦਰਜਾ 435° ਸੈਂ. ਹੈ। ਸਿਲਵਰ ਫ਼ਲੋਰਾਈਡ ਅਤੇ ਧਾਤਵੀ ਸਿਲਵਰ ਦੀ 50°–90° ਸੈਂ. ਉੱਤੇ ਪਰਸਪਰ ਕਿਰਿਆ ਦੁਆਰਾ ਚਾਂਦੀ ਦਾ ਇਕ ਸਬ-ਫ਼ਲੋਰਾਈਡ (Ag2F) ਵੀ ਬਣਦਾ ਹੈ।

          ਚਾਂਦੀ ਦੇ ਕਿਸੇ ਲੂਣ ਨੂੰ ਜਦੋਂ ਹਾਈਡ੍ਰੋਕਲੋਰਿਕ ਐਸਿਡ ਜਾਂ ਕਿਸੇ ਘੁਲਣਸ਼ੀਲ ਕਲੋਰਾਈਡ ਨਾਲ ਮਿਲਾਇਆ ਜਾਂਦਾ ਹੈ ਤਾਂ ਸਿਲਵਰ ਕਲੋਰਾਈਡ ਬਣਦਾ ਹੈ। ਇਸ ਦਾ ਦਹੀਂ ਵਰਗਾ ਚਿੱਟਾ ਤਲਛੱਟ ਬਣਦਾ ਹੈ ਜਿਹੜਾ ਗਰਮ ਕਰਨ ਜਾਂ ਹਿਲਾਉਣ ਨਾਲ ਜੰਮ ਜਾਂਦਾ ਹੈ। ਜੇਕਰ ਪਿਘਲੀ ਹੋਈ ਚਾਂਦੀ ਵਿਚੋਂ ਕਲੋਰੀਨ ਲੰਘਾਈ ਜਾਵੇ ਤਾਂ ਵੀ ਇਹ ਲੂਣ ਬਣ ਜਾਂਦਾ ਹੈ। ਇਸਦਾ ਪਿਘਲਾਉ-ਦਰਜਾ 455° ਸੈਂ. ਹੈ। ਕੁਦਰਤ ਵਿਚ ਇਹ ਹਾਰਨ ਸਿਲਵਰ ਖਣਿਜ ਦੇ ਰੂਪ ਵਿਚ ਮਿਲਦਾ ਹੈ। ਪਾਣੀ ਵਿਚ ਇਸ ਦੀ ਘੁਲਣਸ਼ੀਲਤਾ 1.91 ਮਿ. ਗ੍ਰਾ. ਪ੍ਰਤੀ ਲਿਟਰ (25° ਸੈਂ. ਉੱਤੇ) ਹੈ। ਇਹ ਗਾੜ੍ਹੇ ਹਾਈਡ੍ਰੋਕਲੋਰਿਕ ਐਸਿਡ ਵਿਚ ਬਹੁਤ ਘੁਲਣਸ਼ੀਲ ਹੈ ਅਤੇ ਘੋਲ ਵਿਚ (H.AgC12) ਤੇਜ਼ਾਬ ਬਣਿਆ ਮੰਨਿਆ ਜਾਂਦਾ ਹੈ। ਗਾੜ੍ਹੇ ਗੰਧਕ ਦੇ ਤੇਜ਼ਾਬ ਨਾਲ ਉਬਾਲਣ ਨਾਲ ਇਹ ਸਿਲਵਰ ਸਲਫ਼ੇਟ ਵਿਚ ਬਦਲ ਜਾਂਦਾ ਹੈ। ਕੰਪਲੈਕਸ ਕੈਟਾਇਨ ਵਾਲੇ ਘੋਲ ਦਾ ਜਦੋਂ ਨਾਈਟ੍ਰਿਕ ਐਸਿਡ ਨਾਲ ਤੇਜ਼ਾਬੀਕਰਨ ਕੀਤਾ ਜਾਂਦਾ ਹੈ ਤਾਂ ਮੁੜ ਸਿਲਵਰ ਕਲੋਰਾਈਡ ਬਣ ਜਾਂਦਾ ਹੈ। ਸੋਡੀਅਮ ਥਾਇਓਸਲਫ਼ੇਟ ਨਾਲ ਸਿਲਵਰ ਕਲੋਰਾਈਡ ਦੀ ਕਿਰਿਆ ਦੁਆਰਾ ਜੋ ਘੋਲ ਬਣਦਾ ਹੈ ਉਸ ਵਿਚ ਕੰਪਲੈਕਸ ਐਨਾਇਨ [Ag (S2O3]3- ਹੁੰਦੀ ਹੈ। ਸਿਲਵਰ ਬ੍ਰੋਮਾਈਡ ਅਤੇ ਆਇਓਡਾਈਡ ਇਸੇ ਤਰ੍ਹਾਂ ਘੁਲਦੇ ਹਨ ਅਤੇ ਇਸ ਕੰਪਲੈਕਸ ਦਾ ਬਣਨਾ ਉਹ ਕਿਰਿਆ ਹੈ ਜਿਹੜੀ ਇਕ ਫ਼ੋਟੋਗ੍ਰਾਫ਼ਿਕ ਪਲੇਟ ਜਾਂ ਫ਼ਿਲਮ ਨੂੰ ਪਹਿਲਾਂ ਡਿਵੈੱਲਪ ਅਤੇ ਧੋਣ ਮਗਰੋਂ ਇਮਲਸ਼ਨ ਦੇ ਫਿਕਸ ਕਰਨ ਸਮੇਂ ਹੁੰਦੀ ਹੈ। ਜਦੋਂ ਸਿਲਵਰ ਕਲੋਰਾਈਡ ਦੀ ਕਿਰਿਆ 20° ਸੈਂ. ਤੋਂ ਥੱਲੇ ਅਮੋਨੀਆ ਗੈਸ ਨਾਲ ਕਰਵਾਈ ਜਾਂਦੀ ਹੈ ਤਾਂ AgC1.3NH3 ਯੋਗਿਕ ਬਣਦਾ ਹੈ। ਸਾਰੀ ਦੀ ਸਾਰੀ ਅਮੋਨੀਆ 65° ਸੈਂ. ਉੱਤੇ ਬਾਹਰ ਨਿਕਲ ਜਾਂਦੀ ਹੈ।

          ਕੁਦਰਤ ਵਿਚ ਸਿਲਵਰ ਬ੍ਰੋਮਾਈਡ; ਬ੍ਰੋਮਆਰਗੀਰਾਈਟ ਖਣਿਜ ਦੇ ਰੂਪ ਵਿਚ ਮਿਲਦਾ ਹੈ। ਇਹ ਚਾਂਦੀ ਉੱਤੇ ਬ੍ਰੋਮੀਨ ਦੀ ਕਿਰਿਆ ਦੁਆਰਾ ਬਣਦਾ ਹੈ ਜਾਂ ਜਦੋਂ ਚਾਂਦੀ ਦੇ ਲੂਣ ਦੇ ਘੋਲ ਵਿਚ ਹਾਈਡ੍ਰੋਬੋਮਿਕ ਐਸਿਡ ਜਾਂ ਘੁਲਣਸ਼ੀਲ ਬ੍ਰੋਮਾਈਡ ਮਿਲਾਇਆ ਜਾਂਦਾ ਹੈ ਤਾਂ ਫੁੱਟੀਦਾਰ ਪੀਲੇ ਤਲਛੱਟ ਦੇ ਰੂਪ ਵਿਚ ਬਣਦਾ ਹੈ। ਇਸ ਦਾ ਪਿਘਲਾਉ-ਦਰਜਾ 434° ਸੈਂ. ਹੈ। ਪਾਣੀ ਵਿਚ 0.11 ਮਿ. ਗ੍ਰਾ. ਪ੍ਰਤੀ ਲਿਟਰ (21° ਸੈਂ. ਉੱਤੇ) ਘੁਲਦਾ ਹੈ। ਇਹ ਹਲਕੇ ਅਮੋਨੀਆ ਦੇ ਘੋਲ ਵਿਚ ਘੱਟ ਘੁਲਣਸ਼ੀਲ ਹੁੰਦਾ ਹੈ। ਅਮੋਨੀਆ ਗੈਸ ਨਾਲ ਐਮੋਨੀਏਟ ਬਣਦੇ ਹਨ।

          ਸਿਲਵਰ ਆਇਓਡਾਈਡ ਸਥਾਨਕ ਤੌਰ ਤੇ ਆਇਓਐਰ-ਗਾਈਰਾਈਟ ਖਣਿਜ ਵਿਚ ਮਿਲਦਾ ਹੈ। ਇਹ ਬਿਲਕੁਲ ਸਿਲਵਰ ਕਲੋਰਾਈਡ ਅਤੇ ਬ੍ਰੋਮਾਈਡ ਤਿਆਰ ਕਰਨ ਵਾਲੇ ਢੰਗਾਂ ਨਾਲ ਤਿਆਰ ਕੀਤਾ ਜਾਂਦਾ ਹੈ।

          ਇਹ ਪੀਲਾ ਠੋਸ ਪਦਾਰਥ ਹੈ ਅਤੇ 552° ਸੈਂ. ਉੱਤੇ ਪਿਘਲਦਾ ਹੈ। ਇਸ ਦੇ ਤਿੰਨ ਰੂਪ ਹਨ ਜਿਨ੍ਹਾਂ ਦੀ ਕ੍ਰਮਵਾਰ ਵੁਰਟਜਾਈਟ, ਜ਼ਿੰਕ ਬਲੈਂਡ ਅਤੇ ਘਣਾਕਾਰ ਲੈਟਿਸ ਹੁੰਦੀ ਹੈ। ਇਨ੍ਹਾਂ ਵਿਚੋਂ ਆਖ਼ਰੀ 147° ਸੈਂ. ਤੋਂ ਉਪਰ ਸਥਾਈ ਹੈ। ਘੁਲਣਸ਼ੀਲਤਾ 25° ਸੈਂ. ਉੱਤੇ ਕੇਵਲ 0.0025 ਮਿ. ਗ੍ਰਾ. ਪ੍ਰਤੀ ਲਿਟਰ ਹੈ। ਪੋਟਾਸ਼ੀਅਮ ਆਇਓਡਾਈਡ ਦੇ ਸੰਘਣੇ ਘੋਲ ਵਿਚ ਇਹ ਲੂਣ ਘੁਲਣਸ਼ੀਲ ਹੈ। ਬਾਕੀ ਕਿਰਿਆਵਾਂ ਸਿਲਵਰ ਕਲੋਰਾਈਡ ਅਤੇ ਬ੍ਰੋਮਾਈਡ ਨਾਲ ਮਿਲਦੀਆਂ-ਜੁਲਦੀਆਂ ਹਨ।

          ਜਦੋਂ ਸਿਲਵਰ ਕਲੋਰਾਈਡ, ਬ੍ਰੋਮਾਈਡ ਅਤੇ ਆਇਓਡਾਈਡ ਨੂੰ ਪ੍ਰਕਾਸ਼ ਵਿਚ ਲਿਆਇਆ ਜਾਂਦਾ ਹੈ ਤਾਂ ਇਨ੍ਹਾਂ ਦਾ ਰੰਗ ਚਿੱਟੇ ਜਾਂ ਪੀਲੇ ਤੋਂ ਗੁਲਾਬੀ, ਵੈਂਗਣੀ ਅਤੇ ਅੰਤ ਵਿਚ ਕਾਲਾ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਹੈਲੋਜੈੱਨ ਨਿਕਲ ਜਾਂਦੀ ਹੈ ਅਤੇ ਕਾਫੀ ਦੇਰ ਪ੍ਰਕਾਸ਼ ਪਾਉਣ ਨਾਲ 10% ਭਾਰ ਘਟ ਜਾਂਦਾ ਹੈ। ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਕੀ ਬਣ ਜਾਂਦਾ ਹੈ ਪ੍ਰੰਤੂ ਅੰਦਾਜ਼ਾ ਲਾਇਆ ਗਿਆ ਹੈ ਕਿ ਚਾਂਦੀ ਜਾਂ ਚਾਂਦੀ ਦਾ ਸਬਹੈਲਾਈਡ ਜਾਂ ਦੋਵੇਂ ਬਣ ਜਾਂਦੇ ਹਨ। ਜਦੋਂ ਚਾਂਦੀ ਦੇ ਹੈਲਾਈਡ ਫ਼ੋਟੋਗ੍ਰਾਫ਼ੀ ਵਿਚ ਵਰਤੇ ਜਾਂਦੇ ਹਨ ਤਾਂ ਇਨ੍ਹਾਂ ਉੱਤੇ ਪ੍ਰਕਾਸ਼ ਨਹੀਂ ਪੈਣ ਦਿੱਤਾ ਜਾਂਦਾ। ਇਸੇ ਕਰਕੇ ਹੈਲਾਈਡ ਗ੍ਰੇਨਾਂ ਉੱਤੇ ਕੋਈ ਦਿਖਣਯੋਗ ਤਬਦੀਲੀ ਨਹੀਂ ਆਉਂਦੀ। ਮਗਰੋਂ ਜਦੋਂ ਇਮਲਸ਼ਨ ਨੂੰ ਡਿਵੈੱਲਪ ਕੀਤਾ ਜਾਂਦਾ ਹੈ ਤਾਂ ਉਹ ਗ੍ਰੇਨ ਜਿਨ੍ਹਾਂ ਉੱਤੇ ਪ੍ਰਕਾਸ਼ ਪੈ ਜਾਂਦਾ ਹੈ, ਕਾਲੇ ਹੋ ਜਾਂਦੇ ਹਨ ਕਿਉਂਕਿ ਚਾਂਦੀ ਧਾਤ ਉਤਪੰਨ ਹੋ ਜਾਂਦੀ ਹੈ।

          ਇਕ-ਸੰਯੋਜਕ ਚਾਂਦੀ ਦੇ ਹੋਰ ਯੋਗਿਕ––ਸਿਲਵਰ ਨਾਈਟ੍ਰੇਟ ਚਾਂਦੀ ਦਾ ਮੁੱਖ ਯੋਗਿਕ ਹੈ। ਜਦੋਂ 1.25–1.30 ਘਣਤਾ ਵਾਲੇ ਨਾਈਟ੍ਰਿਕ ਐਸਿਡ ਵਿਚ ਚਾਂਦੀ ਘੋਲੀ ਜਾਂਦੀ ਹੈ ਤਾਂ ਇਹ ਕਾਫ਼ੀ ਮਾਤਰਾ ਵਿਚ ਪ੍ਰਾਪਤ ਹੁੰਦਾ ਹੈ। ਇਸ ਦੇ ਰਵੇ ਪਾਰਦਰਸ਼ੀ ਪਲੇਟਾਂ ਦੇ ਰੂਪ ਵਿਚ ਬਣਦੇ ਹਨ ਜਿਹੜੇ ਕਿ 212° ਸੈਂ. ਉੱਤੇ ਪਿਘਲਦੇ ਹਨ। ਘੁਲਣਸ਼ੀਲਤਾ 20° ਸੈਂ. ਉੱਤੇ 222 ਗ੍ਰਾ. ਪ੍ਰਤੀ 100 ਗ੍ਰਾ. ਪਾਣੀ ਹੈ। ਇਹ ਮੀਥਾਈਲ ਅਤੇ ਈਥਾਈਲ ਅਲਕੋਹਲ ਵਿਚ ਕਾਫ਼ੀ ਅਤੇ ਦੂਸਰੇ ਕਾਰਬਨੀ ਘੋਲਕਾਂ ਵਿਚ ਘੱਟ ਘੁਲਣਸ਼ੀਲ ਹੈ। ਜਦੋਂ ਲਗਭਗ 320 ਸੈਂ. ਤਕ ਗਰਮ ਕੀਤਾ ਜਾਂਦਾ ਹੈ ਤਾਂ ਆਕਸੀਜਨ ਨਿਕਲ ਜਾਂਦੀ ਹੈ ਅਤੇ ਸਿਲਵਰ ਨਾਈਟ੍ਰਾਈਟ ਬਣ ਜਾਂਦਾ ਹੈ। ਸੁਰਖ਼ ਲਾਲ ਗਰਮ ਕਰਨ ਤੇ ਚਾਂਦੀ ਬਣ ਜਾਂਦੀ ਹੈ। ਸਿਲਵਰ ਨਾਈਟ੍ਰੇਟ ਦੀ ਮੁੱਖ ਵਰਤੋਂ ਫ਼ੋਟੋਗ੍ਰਾਫ਼ਿਕ ਇਮਲਸ਼ਨਾਂ ਵਿਚ ਕੀਤੀ ਜਾਂਦੀ ਹੈ। ਵਿਸ਼ਲੇਸ਼ਣਾਤਮਕ ਰਸਾਇਣ-ਵਿਗਿਆਨ ਵਿਚ ਇਸ ਦੀ ਵਰਤੋਂ ਹੈਲਾਈਡਾਂ, ਸਾਇਆਨਾਈਡਾਂ ਅਤੇ ਥਾਇਓਸਾਇਆਨਾਈਟਾਂ ਅਤੇ ਨਾਲ ਹੀ ਲਘੂਕਾਰਕਾਂ ਅਤੇ ਅਘੁਲਣਸ਼ੀਲ ਸਿਲਵਰ ਲੂਣ ਬਣਾਉਣ ਵਾਲੇ ਭਿੰਨ ਭਿੰਨ ਤੇਜ਼ਾਬਾਂ ਦੇ ਕੈਟਾਇਨਾਂ ਦਾ ਪਤਾ ਲਾਉਣ ਲਈ ਕੀਤੀ ਜਾਂਦੀ ਹੈ।

          ਸਿਲਵਰ ਸਲਫ਼ਾਈਡ ਸਥਾਨਕ ਤੌਰ ਤੇ ਸਿਲਵਰ ਗਲਾਸ ਜਾਂ ਆਰਜੈੱਨਟਾਈਟ ਖਣਿਜ ਵਿਚ ਮਿਲਦਾ ਹੈ। ਇਹ ਦੂਸਰੀਆਂ ਧਾਤਾਂ ਦੇ ਸਲਫ਼ਾਈਡਾਂ ਨਾਲ ਰਲਿਆ ਹੋਇਆ ਵੀ ਮਿਲਦਾ ਹੈ। ਇਹ ਚਾਂਦੀ ਨਾਲ ਗੰਧਕ ਜਾਂ ਸਲਫ਼ਾਈਡ ਨੂੰ ਸਿੱਧਾ ਮਿਲਾਉਣ ਨਾਲ ਚਾਂਦੀ ਦੇ ਲੂਣ ਦੇ ਘੋਲ ਦੀ ਹਾਈਡ੍ਰੋਜਨ ਸਲਫ਼ਾਈਡ ਨਾਲ ਕਿਰਿਆ ਦੁਆਰਾ ਬਣਾਇਆ ਜਾ ਸਕਦਾ ਹੈ। ਇਹ ਕਾਲਾ-ਭੂਰਾ ਠੋਸ ਪਦਾਰਥ ਹੈ ਜਿਹੜਾ ਕਿ ਠੰਢੇ-ਖਣਿਜੀ ਤੇਜ਼ਾਬਾਂ ਵਿਚ ਅਘੁਲਣਸ਼ੀਲ ਹੈ ਪ੍ਰੰਤੂ ਹਲਕੇ ਗਰਮ ਨਾਈਟ੍ਰਿਕ ਐਸਿਡ ਅਤੇ ਖਾਰੇ ਸਾਇਆਨਾਈਡ ਘੋਲਾਂ ਵਿਚ ਘੁਲ ਜਾਂਦਾ ਹੈ।

          ਸਿਲਫਰ ਸਲਫ਼ੇਟ; ਚਾਂਦੀ ਨੂੰ ਗੰਧਕ ਦੇ ਗਰਮ ਤੇਜ਼ਾਬ ਵਿਚ ਘੁਲਣ ਤੇ ਬਣਦਾ ਹੈ। ਸਿਲਵਰ ਨਾਈਟ੍ਰੇਟ ਦੇ ਗਾੜ੍ਹੇ ਘੋਲ ਵਿਚ ਗੰਧਕ ਦਾ ਤੇਜ਼ਾਬ ਮਿਲਾਉਣ ਨਾਲ ਵੀ ਸਿਲਵਰ ਸਲਫ਼ੇਟ ਬਣਦਾ ਹੈ।

          ਸਿਲਵਰ ਸੈਲੀਨਾਈਡ ਬਣਾਉਣ ਲਈ ਚਾਂਦੀ ਦੇ ਪਾਊਡਰ ਨੂੰ ਸਿਲੀਲੀਅਮ ਨਾਲ ਗਰਮ ਕਰਨਾ ਪੈਂਦਾ ਹੈ। ਇਹ ਕਾਲਾ ਰਵੇਦਾਰ ਪਦਾਰਥ ਹੈ ਅਤੇ ਅਰਧ-ਚਾਲਕ ਹੈ। ਸਿਲਵਰ ਟੈਲਿਊਰਾਈਡ ਵੀ ਇਸ ਨਾਲ ਮਿਲਦਾ-ਜੁਲਦਾ ਲੂਣ ਹੈ ਅਤੇ ਇਸੇ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਇਹ ਦੋਵੇਂ ਲੂਣ ਚਾਂਦੀ ਦੇ ਖਣਿਜਾਂ ਵਿਚ ਮਿਲ ਸਕਦੇ ਹਨ।

          ਜਦੋਂ ਕਿਸੇ ਘੁਲਣਸ਼ੀਲ ਸਾਈਆਨਾਈਡ ਨੂੰ ਚਾਂਦੀ ਦੇ ਕਿਸੇ ਲੂਣ ਦੇ ਘੋਲ ਨਾਲ ਮਿਲਾਇਆ ਜਾਂਦਾ ਹੈ ਤਾਂ ਸਿਲਵਰ ਸਾਇਨਾਈਡ ਦਾ ਚਿੱਟਾ ਫੁੱਟੀਦਾਰ ਤਲਛੱਟ ਬਣਦਾ ਹੈ। ਇਹ ਬਿਜਲੱਈ-ਲੇਪਣ ਵਿਚ ਬਹੁਤ ਲਾਹੇਵੰਦ ਹੈ। ਸਿਲਵਰ ਥਾਇਓਸਾਇਆਨੇਟ ਬਹੁਤ ਅਘੁਲਣਸ਼ੀਲ ਲੂਣ ਹੈ ਜਿਹੜਾ ਨਾਈਟ੍ਰਿਕ ਐਸਿਡ ਵਿਚ ਵੀ ਨਹੀਂ ਘੁਲਦਾ। ਇਸ ਦਾ ਤਲਛੱਟ ਅਮੋਨੀਅਮ ਥਾਇਓਸਾਇਆਨੇਟ ਘੋਲ ਨੂੰ ਸਿਲਵਰ ਨਾਈਟ੍ਰੇਟ ਦੇ ਘੋਲ ਵਿਚ ਮਿਲਾਉਣ ਨਾਲ ਬਣਦਾ ਹੈ। ਸਿਲਵਰ ਐਜ਼ਾਈਡ ਦਾ ਚਿੱਟਾ ਤਲਛੱਟ ਸੋਡੀਅਮ ਐਜ਼ਾਈਡ ਅਤੇ ਸਿਲਵਰ ਨਾਈਟ੍ਰੇਟ ਦੇ ਘੋਲ ਨੂੰ ਮਿਲਾਉਣ ਨਾਲ ਬਣਦਾ ਹੈ। ਖ਼ੁਸ਼ਕ ਰੂਪ ਵਿਚ ਇਹ ਬਹੁਤ ਵਿਸਫ਼ੋਟਕ ਪਦਾਰਥ ਹੈ ਅਤੇ ਇਸ ਦੀ ਵਰਤੋਂ ਵਿਸਫ਼ੋਟ-ਪ੍ਰੇਰਕ ਦੇ ਤੌਰ ਤੇ ਕੀਤੀ ਜਾਂਦੀ ਹੈ।

          ਚਾਂਦੀ ਦੇ ਇਨ੍ਹਾਂ ਲੂਣਾਂ ਤੋਂ ਇਲਾਵਾ ਹੋਰ ਲੂਣ ਫ਼ਾੱਸਫ਼ੇਟ, ਆਰਸਨੇਟ ਅਤੇ ਕ੍ਰੋਮੇਟ ਹਨ ਜਿਹੜੇ ਕਿ ਅਘੁਲਣਸ਼ੀਲ ਹਨ ਅਤੇ ਇਨ੍ਹਾਂ ਦੀ ਵਰਤੋਂ ਘੋਲ ਵਿਚ ਇਨ੍ਹਾਂ ਐਸਿਡ ਰੈਡੀਕਲਾਂ ਦੀ ਹੋਂਦ ਦੀ ਜਾਂਚ ਗੁਣਾਤਮਕ ਤੌਰ ਤੇ ਕਰਨ ਲਈ ਕੀਤੀ ਜਾਂਦੀ ਹੈ। ਕਈ ਕਾਰਬਨੀ ਤੇਜ਼ਾਬਾਂ ਦੇ ਸਿਲਵਰ ਲੂਣ ਵੀ ਤਿਆਰ ਕੀਤੇ ਗਏ ਹਨ ਜਿਹੜੇ ਤੇਜ਼ਾਬ ਦਾ ਤੁਲ-ਅੰਕੀ ਭਾਰ ਪਤਾ ਲਾਉਣ ਲਈ ਲਾਹੇਵੰਦ ਹਨ।

          ਦੁਸੰਯੋਜਕ ਚਾਂਦੀ––ਦੁਸੰਯੋਜਕ ਚਾਂਦੀ ਦੇ ਕੁਝ ਕੁ ਸਰਲ ਯੋਗਿਕਾਂ ਵਿਚੋਂ ਇਕ ਆਰਜੈਂਟਿਕ ਫ਼ਲੋਰਾਈਡ ਹੈ ਜਿਹੜਾ ਗੂੜ੍ਹਾ ਭੂਰਾ ਠੋਸ ਪਦਾਰਥ ਹੈ ਅਤੇ ਆਰਜੈਂਟਸ ਫ਼ਲੋਰਾਈਡ ਦੀ ਫ਼ਲੋਰੀਨ ਨਾਲ ਕਿਰਿਆ ਦੁਆਰਾ ਬਣਦਾ ਹੈ। ਇਸ ਦਾ ਪਿਘਲਾਉ-ਦਰਜਾ 690° ਸੈਂ. ਹੈ ਅਤੇ ਇਹ ਇਕ ਸ਼ਕਤੀਸ਼ਾਲੀ ਆਕਸੀਕਾਰਕ ਅਤੇ ਫ਼ਲੋਰੀਨੇਟਿੰਗ ਏਜੰਟ ਹੈ। ਪਰਸਲਫ਼ੇਟ ਨਾਲ ਚਾਂਦੀ ਦੇ ਐਨੋਡੀ ਆਕਸੀਕਰਨ ਜਾਂ ਸਿਲਵਰ ਨਾਈਟ੍ਰੇਟ ਦੇ ਜਲੀ ਘੋਲ ਨਾਲ ਆਕਸੀਕਰਨ ਦੁਆਰਾ ਇਕ ਕਾਲਾ ਯੋਗਿਕ ਬਣਦਾ ਹੈ ਜਿਸ ਦਾ ਐਮਪਿਰੀਕਲ ਫ਼ਾਰਮੂਲਾ AgO ਹੈ।

          ਮਿਸ਼ਰਿਤ ਧਾਤਾਂ––ਤਾਂਬੇ ਨਾਲ ਮਿਲਕੇ ਚਾਂਦੀ ਦੀ ਮਿਸ਼ਰਿਤ-ਧਾਤ ਸਖ਼ਤ ਅਤੇ ਚਾਂਦੀ ਨਾਲੋਂ ਵਧੇਰੇ ਪਿਘਲਣਯੋਗ ਹੋ ਜਾਂਦੀ ਹੈ। ਇਸੇ ਕਰਕੇ ਇਹ ਮਿਸ਼ਰਿਤ ਧਾਤ ਸਿੱਕੇ ਅਤੇ ਗਹਿਣੇ ਬਣਾਉਣ ਦੇ ਕੰਮ ਆਉਂਦੀ ਹੈ। ਸਟਰਲਿੰਗ ਚਾਂਦੀ ਵਿਚ 92.5% ਚਾਂਦੀ ਅਤੇ 7.5% ਕੋਈ ਹੋਰ ਧਾਤ (ਆਮ ਕਰਕੇ ਤਾਂਬਾ) ਹੁੰਦੀ ਹੈ। ਇਸ ਦੀ ਸ਼ੁੱਧਤਾ 92.5% ਹੈ। ਸੋਨਾ, ਚਾਂਦੀ ਅਤੇ ਤਾਂਬੇ ਦੀਆਂ ਕਈ ਮਿਸ਼ਰਿਤ ਧਾਤਾਂ ਗਹਿਣਿਆਂ ਦੇ ਵਪਾਰ ਅਤੇ ਦੰਦ-ਸਾਜ਼ੀ ਵਿਚ ਵਰਤੀਆਂ ਜਾਂਦੀਆਂ ਹਨ। ਸਿੱਕਾ ਅਤੇ ਚਾਂਦੀ ਮਿਲਕੇ 304° ਸੈਂ. ਉੱਤੇ ਇਕ ਸਰਲ ਯੂਟੈਕਟਿਕ (Eutectic) (ਤਰਲ ਜੋ ਬਹੁਤ ਜਲਦੀ ਪਿਘਲ ਸਕਦਾ ਹੋਵੇ) ਬਣ ਜਾਂਦਾ ਹੈ। ਚਾਂਦੀ ਵਾਲੀਆਂ ਮਿਸ਼ਰਿਤ ਧਾਤਾਂ ਦਾ ਇਕ ਹੋਰ ਗਰੁੱਪ ਵੀ ਹੈ ਜਿਸ ਦੀ ਵਰਤੋਂ ਟਾਂਕੇ ਲਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਚਾਂਦੀ-ਤਾਂਬਾ-ਜਿਸਤ ਅਤੇ ਚਾਂਦੀ-ਤਾਂਬਾ-ਫ਼ਾੱਸਫ਼ੋਰਸ ਸਿਸਟਮਾਂ ਉੱਤੇ ਅਧਾਰਿਤ ਮਿਸ਼ਰਿਤ ਧਾਤਾਂ ਹਨ।

          ਚਾਂਦੀ ਦੇ ਲਾਭ––ਦੁਨੀਆ ਵਿਚ ਚਾਂਦੀ ਦੇ ਕੁੱਲ ਉਤਪਾਦਨ ਦਾ 35% ਚਾਂਦੀ ਦੇ ਬਰਤਨ, ਗਹਿਣੇ ਅਤੇ ਹੋਰ ਸਜਾਵਟੀ ਵਸਤਾਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਗਹਿਣਿਆਂ ਵਾਲੀ ਚਾਂਦੀ ਇਕ ਮਿਸ਼ਰਿਤ ਧਾਤ ਹੈ ਜਿਸ ਵਿਚ 80% ਚਾਂਦੀ ਅਤੇ 20% ਤਾਂਬਾ ਹੁੰਦਾ ਹੈ। ਦੰਦ-ਸਾਜ਼ੀ ਲਈ ਸੋਨੇ ਦੀ ਮਿਸ਼ਰਿਤ ਧਾਤ ਵਿਚ ਲਗਭਗ 75% ਸੋਨਾ, 10% ਚਾਂਦੀ, 10% ਤਾਂਬਾ ਅਤੇ ਬਾਕੀ ਪੈਲੈਡੀਅਮ, ਪਲੈਟੀਨਮ ਅਤੇ ਜਿਸਤ ਹੁੰਦੇ ਹਨ। ਗਹਿਣਿਆਂ ਵਾਲੇ ਪੀਲੇ ਸੋਨੇ ਵਿਚ 53% ਸੋਨਾ, 25% ਚਾਂਦੀ ਅਤੇ 22% ਤਾਂਬਾ ਹੁੰਦਾ ਹੈ। ਦੁਨੀਆ ਦੇ ਕੁੱਲ ਉਤਪਾਦਨ ਦਾ 15% ਫ਼ੋਟੋਗ੍ਰਾਫ਼ੀ ਉਦਯੋਗ ਵਿਚ (ਹਰ ਸਾਲ) ਫ਼ਿਲਮ ਅਤੇ ਫ਼ੋਟੋਗ੍ਰਾਫ਼ਿਕ ਪਲੇਟਾਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਦੁਨੀਆ ਦੇ ਦੂਜੇ ਮਹਾਨ ਯੁੱਧ ਤੋਂ ਪਹਿਲਾਂ ਹਵਾਈ ਜਹਾਜ਼ ਅਤੇ ਡੀਜ਼ਲ ਵਾਲੇ ਇੰਜਨ ਬਣਾਉਣ ਵਾਲਿਆਂ ਨੇ ਸ਼ੁੱਧ ਚਾਂਦੀ ਦੀ ਵਰਤੋਂ ਬੈਰਿੰਗ ਬਣਾਉਣ ਲਈ ਸ਼ੁਰੂ ਕਰ ਦਿੱਤੀ।

          ਚਾਂਦੀ ਦੀਆਂ ਤਾਂਬੇ ਨਾਲ ਮਿਸ਼ਰਿਤ ਧਾਤਾਂ ਦੀ ਵਰਤੋਂ ਬਿਜਲੱਈ ਉਦਯੋਗ ਵਿਚ ਸਵਿੱਚਾਂ ਆਦਿ ਦੇ ਸੰਪਰਕ ਬਿੰਦੂ ਬਣਾਉਣ ਲਈ ਕੀਤੀ ਜਾਂਦੀ ਹੈ। ਚਾਂਦੀ ਅਤੇ ਇਸ ਦੇ ਲੂਣਾਂ ਦੇ ਉਤਪ੍ਰੇਰਕੀ ਗੁਣ ਖਾਦਾਂ ਬਣਾਉਣ ਲਈ, ਅਮੋਨੀਆ ਦੀਆਂ ਰਸਾਇਣਿਕ ਕਿਰਿਆਵਾਂ ਅਤੇ ਦੂਸਰੀਆਂ ਆਕਸੀਕਰਨ ਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਲਈ ਲਾਹੇਵੰਦ ਹਨ। ਚਾਂਦੀ ਦੇ ਪੱਤਰਿਆਂ ਅਤੇ ਪਲੇਟਾਂ ਦੀ ਵਰਤੋਂ ਸਰੀਰ ਵਿਚ ਕਈ ਹੱਡੀਆਂ ਦੇ ਟੁਕੜਿਆਂ ਵਗੈਰਾਂ ਦੀ ਥਾਂ ਭਰਨ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਇਸ ਵਿਚ ਕੀਟਾਣੂ-ਨਾਸ਼ਕ ਗੁਣ ਹਨ। ਸਿਲਵਰ ਨਾਈਟ੍ਰੇਟ ਦਾ ਹਲਕਾ ਘੋਲ ਕੁਝ ਵਿਸ਼ੇਸ਼ ਪੌਦਿਆਂ ਵਿਚ ਰੋਗਾਣੂ-ਨਸ਼ਟ ਕਰਨ ਲਈ ਵਰਤਿਆ ਜਾਂਦਾ ਹੈ।

          ਚਾਂਦੀ ਦੇ ਯੋਗਿਕਾਂ ਦੇ ਮੁੱਖ ਲਾਭ ਰੋਗਾਣੂਨਾਸ਼ਕ ਦਵਾ, ਬੰਧਕ ਦਵਾਈ ਅਤੇ ਕਾਸਟਿਕਾਂ ਦੇ ਤੌਰ ਤੇ ਹਨ। ਪਾਣੀ ਵਿਚ ਸਿਲਵਰ ਆਇਨਾਂ ਦੀ ਭਾਵੇਂ ਕਿੰਨੀ ਵੀ ਸੰਘਣਤਾ ਹੋਵੇ, ਜਰਮਨਾਸ਼ਕ ਦਾ ਕੰਮ ਦਿੰਦੀ ਹੈ, ਇਸੇ ਲਈ ਇਸ ਦੀ ਵਰਤੋਂ ਪਾਣੀ ਨੂੰ ਜਰਮ-ਰਹਿਤ ਕਰਨ ਲਈ ਕੀਤੀ ਜਾਂਦੀ ਹੈ। ਅੱਖਾਂ ਦੀ ਸੋਜ ਤੇ ਫਿਣਸੀਆਂ ਵਗੈਰਾ ਠੀਕ ਕਰਨ ਲਈ ਵੀ ਸਿਲਵਰ ਨਾਈਟ੍ਰੇਟ ਦੇ ਘੋਲ ਵਰਤੇ ਜਾਂਦੇ ਹਨ। ਨਾਈਟ੍ਰੇਟ ਲਹੂ ਦੇ ਪ੍ਰਵਾਹ ਕਰਨ ਵਾਲਾ, ਉਤੇਜਨਾਸ਼ੀਲ ਅਤੇ ਜੀਵਾਣੂਨਾਸ਼ਕ ਪਦਾਰਥ ਹੈ। ਇਸ ਦੀ ਵਰਤੋਂ ਗਲੇ ਅਤੇ ਕੰਨ ਦੀਆਂ ਪੁਰਾਣੀਆਂ ਬੀਮਾਰੀਆਂ ਠੀਕ ਕਰਨ ਲਈ ਵੀ ਕੀਤੀ ਜਾਂਦੀ ਹੈ।

          ਚਾਂਦੀ ਦੀ ਲਗਾਤਾਰ ਜ਼ਿਆਦਾ ਵਰਤੋਂ ਨਾਲ ਤੰਤੂਆਂ ਵਿਚ ਚਾਂਦੀ ਜੰਮ ਜਾਂਦੀ ਹੈ ਅਤੇ ਚਾਂਦੀ ਦੀ ਜ਼ਹਿਰ ਬਣ ਜਾਂਦੀ ਹੈ ਜਿਸ ਨੂੰ ਆਰਗਿਰੀਆ ਕਿਹਾ ਜਾਂਦਾ ਹੈ। ਇਸ ਦੇ ਚਿੰਨ੍ਹ ਬੁੱਲ੍ਹਾਂ, ਗੱਲ੍ਹਾਂ, ਮਸੂੜਿਆਂ ਅਤੇ ਮਗਰੋਂ ਚਮੜੀ ਦਾ ਗੂੜ੍ਹਾ ਸੁਰਮਈ ਨੀਲਾ ਰੰਗ ਹੋਣਾ ਹੈ। ਸਿਲਵਰ ਨਾਈਟ੍ਰੇਟ ਦੀ ਬਹੁਤੀ ਖ਼ੁਰਾਕ ਨਾਲ ਢਿੱਡ ਵਿਚ ਸਖ਼ਤ ਦਰਦ, ਉਲਟੀਆਂ ਤੇ ਦਸਤ ਅਤੇ ਨਾਲ ਹੀ ਮਿਹਦੇ ਅਤੇ ਅੰਤੜੀਆਂ ਵਿਚ ਸੋਜ ਸ਼ੁਰੂ ਹੋ ਜਾਂਦੀ ਹੈ। ਇਹ ਜ਼ਹਿਰ ਅਤੇ ਬੀਮਾਰੀ ਦਾ ਇਲਾਜ ਸਾਧਾਰਨ ਲੂਣ ਦੇ ਘੋਲ ਦੀ ਵਰਤੋਂ ਅਤੇ ਮਗਰੋਂ ਅੰਡੇ ਦੀ ਸਫ਼ੈਦੀ ਅਤੇ ਪਾਣੀ ਜਾਂ ਦੁੱਧ ਦੀ ਕਾਫ਼ੀ ਮਾਤਰਾ ਜਾਂ ਪਾਣੀ ਵਿਚ ਸਾਬਣ ਮਿਲਾ ਕੇ ਲੈਣਾ ਹੈ। ਇਸ ਤਰ੍ਹਾਂ ਜ਼ਹਿਰ ਹਲਕੀ ਹੋ ਜਾਂਦੀ ਹੈ ਅਤੇ ਢਿੱਡ ਦੀਆਂ ਬਲਗ਼ਮ ਝਿੱਲੀਆਂ ਨੂੰ ਨੁਕਸਾਨ ਨਹੀਂ ਪਹੁੰਚਦਾ।

          ਉਤਪਾਦਨ––ਸੰਨ 1900 ਤੋਂ ਲੈ ਕੇ ਦੁਨੀਆ ਵਿਚ ਚਾਂਦੀ ਦਾ ਉਤਪਾਦਨ ਸਭ ਤੋਂ ਜ਼ਿਆਦਾ ਮੈਕਸੀਕੋ ਵਿਚ ਹੁੰਦਾ ਰਿਹਾ ਹੈ। 1990 ਦੇ ਅੰਕੜਿਆਂ ਅਨੁਸਾਰ ਭਾਰਤ ਵਿਚ 33,678 ਕਿ. ਗ੍ਰਾ. ਚਾਂਦੀ ਦਾ ਉਤਪਾਦਨ ਹੋਇਆ, ਜਿਸ ਦੀ ਕੀਮਤ 20.08 ਕਰੋੜ ਰੁਪਏ ਸੀ।

          ਹ. ਪੁ.––ਐਨ. ਬ੍ਰਿ. 20 : 679; ਮੈਕ. ਐਨ. ਸ. ਟ. 12 : 375


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.