ਚਾਤ੍ਰਿਕ ਧਨੀ ਰਾਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਾਤ੍ਰਿਕ, ਧਨੀ ਰਾਮ : ਪੰਜਾਬੀ ਦੇ ਇਸ ਪ੍ਰਸਿੱਧੀ ਕਵੀ ਦਾ ਜਨਮ ਅਕਤੂਬਰ, 1876 ਨੂੰ ਲਾਲਾ ਪੋਹੂ ਮਲ ਦੇ ਘਰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਪ੍ਰਸਿੱਧ ਕਿੱਸਾਕਾਰ ਅਮਾਮ ਬਖ਼ਸ਼ ਕਰਤਾ ‘ਸ਼ਾਹ ਬਹਿਰਾਮ’ ਵੀ ਇਸ ਪਿੰਡ ਦਾ ਸੀ। ਕੁਝ ਸਮੇਂ ਮਗਰੋਂ ਚਾਤ੍ਰਿਕ ਦੇ ਮਾਪੇ ਪਿੰਡ ਲੋਪੋਕੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆ ਵਸੇ। ਮੁਢਲੀ ਵਿੱਦਿਆ ਪ੍ਰਾਪਤ ਕਰਕੇ ਇਹ ਭਾਈ ਵੀਰ ਸਿੰਘ ਪਾਸ ਵਜ਼ੀਰ ਹਿੰਦ ਪ੍ਰੈੱਸ ਵਿਚ ਆ ਕੇ ਭਰਤੀ ਹੋ ਗਿਆ ਤੇ ਉਨ੍ਹਾਂ ਦੇ ਪ੍ਰਭਾਵ ਅਧੀਨ ਅਤੇ ਪ੍ਰੇਰਣਾ ਕਾਰਨ ਇਹ ਸਾਹਿਤ ਸੇਵੀ ਬਣ ਗਿਆ। ਪਹਿਲਾਂ ਇਸ ਨੇ ਸਮਕਾਲੀ ਪ੍ਰਵਿਰਤੀ ਅਨੁਸਾਰ ਕਿੱਸਾ ਕਾਵਿ ਦੀ ਲੀਹ ਤੇ ਚੱਲ ਕੇ ਕਿੱਸੇ ਲਿਖੇ। ਭਾਰਤੀ ਇਤਿਹਾਸ-ਮਿਥਿਹਾਸ ਨਾਲ ਸਬੰਧਤ ਕਥਾਵਾਂ ‘ਭਰਥਰੀ ਹਰੀ’ ਤੇ ‘ਨਲ ਦਮਯੰਤੀ’ ਨੂੰ ਇਸ ਨੇ ਸਦਾਚਾਰਕ ਉਪਦੇਸ਼ ਦੇਣ ਦੇ ਪੱਖੋਂ ਲਿਖਿਆ। ਇਸ ਮਗਰੋਂ ਇਸ ਨੇ ਇਕ ਕਾਵਿ-ਸੰਗ੍ਰਹਿ ‘ਫੁੱਲਾਂ ਦੀ ਟੋਕਰੀ’ ਛਾਪਿਆ। ਪਰ ਇਸ ਦੀ ਸਾਹਿਤ ਪੱਖੋਂ ਮਹੱਤਵਪੂਰਨ ਰਚਨਾ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ‘ਚੰਦਨਵਾੜੀ’ ਹੈ ਜੋ 1931 ਵਿਚ ਪ੍ਰਕਾਸ਼ਿਤ ਹੋਇਆ। ਇਸ ਮਗਰੋਂ ‘ਕੇਸਰ ਕਿਆਰੀ’ (1940), ‘ਨਵਾਂ ਜਹਾਨ’ (1945) ਤੇ ‘ਸੂਫ਼ੀਖ਼ਾਨਾ’ (1950) ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ।

          ਸਾਹਿਤਕ ਸੇਵਾ ਤੋਂ ਇਲਾਵਾ ਚਾਤ੍ਰਿਕ ਨੇ ਗੁਰਮੁਖੀ ਲਿਪੀ ਵਿਚ ਸੁੰਦਰ ਛਪਾਈ ਲਈ ‘ਸਟੈਂਡਰਡ ਟਾਈਪ ਫਾਊਂਡਰੀ’ ਅਤੇ ‘ਸੁਦਰਸ਼ਨ ਪ੍ਰੈੱਸ’ ਰਾਹੀਂ ਇਸ ਖੇਤਰ ਵਿਚ ਨਵੀਆਂ ਲੀਹਾਂ ਪਾਈਆਂ। ਸੰਨ 1926 ਤੋਂ ਇਸ ਨੇ ਪੰਜਾਬੀ ਦੀਆਂ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਸੰਨ 1950 ਵਿਚ ਇਸ ਦੀ 75ਵੀਂ ਵਰ੍ਹੇ ਗੰਢ ਤੇ ਇਸ ਨੂੰ ਅਭਿਨੰਦਨ ਗ੍ਰੰਥ ਭੇਟਾ ਕੀਤਾ ਗਿਆ। 18 ਦਸੰਬਰ, 1954 ਨੂੰ ਇਸ ਦਾ ਦੇਹਾਂਤ ਅੰਮ੍ਰਿਤਸਰ ਵਿਖੇ ਹੋਇਆ।

          ਧਨੀ ਰਾਮ ਚਾਤ੍ਰਿਕ ਨਾ ਤਾਂ ਭਾਈ ਵੀਰ ਸਿੰਘ ਵਾਂਗ ਅਧਿਆਤਮਕ ਮੰਡਲਾਂ ਵਿਚ ਉਡਾਰੀਆਂ ਮਾਰਦਾ ਹੈ ਤੇ ਨਾ ਹੀ ਲਾਲਾ ਕਿਰਪਾ ਸਾਗਰ ਵਾਂਗ ਰੁਮਾਂਟਿਕ ਬ੍ਰਹਿਮੰਡ ਵਿਚ। ਇਸ ਨੂੰ ਧਰਤੀ ਨਾਲ ਮੋਹ ਹੈ ਤੇ ਇਸ ਦੀ ਸਾਰੀ ਰਚਨਾ ਧਰਤੀ ਦੇ ਨੇੜੇ ਦੀ ਹੈ। ਇਹ ਲੋਕ-ਕਵੀ ਸੀ ਜਿਸ ਕਾਰਨ ਲੋਕ-ਜੀਵਨ ਨੂੰ ਚੰਗੇ ਆਦਰਸ਼ ਦੇਣ ਖਾਤਰ ਇਸਨੇ ਬੜੀ ਵਧੀਆ ਸਦਾਚਾਰਕ ਰੰਗ ਦੀ ਕਵਿਤਾ ਲਿਖੀ ਹੈ। ਇਸ ਨੇ ਪੰਜਾਬੀਅਤ ਦੇ ਸੋਹਲੇ ਗਾਏ। ਪੰਜਾਬੀਅਤ ਦੀ ਸਾਂਝ ਦੀ ਭਾਵਨਾ ਲਈ ਪੰਜਾਬ ਦੀ ਰੂਪ-ਰੇਖਾ, ਇਸ ਦੇ ਇਤਿਹਾਸ, ਇਸ ਦੀ ਬੋਲੀ ਤੇ ਇਸ ਦੇ ਜੀਵਨ ਇਨ੍ਹਾਂ ਚਾਰ ਪੱਖਾਂ ਨੂੰ ਆਦਰਸ਼ਕ ਬਣਾ ਕੇ ਪੇਸ਼ ਕਰਦਾ ਹੈ।

          ਇਸ ਦੀ ਕਵਿਤਾ ਦਾ ਕੇਂਦਰੀ ਗੁਣ ਯਥਾਰਥਵਾਦੀ ਪ੍ਰਵਿਰਤੀ ਹੈ ਭਾਵੇਂ ਇਸ ਨੂੰ ਇਸ ਬਾਰੇ ਵਿਗਿਆਨਕ ਸੂਝ ਨਹੀਂ ਹੈ ਪਰ ਇਸ ਨੇ ਆਪਣੇ ਅਨੁਭਵ ਦੇ ਆਧਾਰ ਤੇ ਭਾਈਚਾਰਕ ਸੁਧਾਰ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਤੇ ਆਪਣੀ ਕਵਿਤਾ ਵਿਚ ਸਮਾਜਿਕ ਕੁਰੀਤੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਤੇ ਉਨ੍ਹਾਂ ਦੇ ਅਸਲੀ ਕਾਰਨਾ ਬਾਰੇ ਵੀ ਦੱਸ ਪਾਈ। ਇਹੀ ਕਾਰਨ ਹੈ ਕਿ ਇਸ ਦੀ ਕਵਿਤਾ ਇਨਕਲਾਬੀ ਹੋ ਨਿਬੜਦੀ ਹੈ।

          ਚਾਤ੍ਰਿਕ ਨੇ ਕਵੀ-ਦਰਬਾਰਾਂ ਵਿਚ ਕਾਫ਼ੀ ਹਿੱਸਾ ਲਿਆ ਜਿਸ ਕਾਰਨ ਇਸ ਦੀ ਕਵਿਤਾ ਵਿਚ ਕਵੀ ਦਰਬਾਰੀ ਪਰੰਪਰਾ ਦੀ ਰੰਗਣ ਹੈ। ਸਮਾਜ ਸੁਧਾਰਕ ਜਾਂ ਸਦਾਚਾਰਕ ਰੰਗ ਦੀਆਂ ਕਵਿਤਾਵਾਂ ਵਿਚ ਇਹ ਪ੍ਰਚੱਲਤ ਸਮਸਿਆਵਾਂ ਬਾਰੇ ਪ੍ਰਚੱਲਤ ਰਾਵਾਂ ਪੇਸ਼ ਕਰਨ ਤੇ ਲੋਕਾਂ ਦੀ ਸਾਂਝੀ ਸਿਆਣਪ ਉਘਾੜ ਕੇ ਵੀ ਦਲੀਲ ਦੀ ਪਕਿਆਈ ਲਈ ਆਧਾਰ ਪੇਸ਼ ਕਰਦਾ ਹੈ।

          ਇਸ ਦੇ ਬਹੁਤ ਸੁੰਦਰ ਹਲਕੇ ਫੁਲਕੇ ਗੀਤ ਲਿਖੇ ਹਨ। ਇਨ੍ਹਾਂ ਗੀਤਾਂ ਵਿਚ ਲਾਜ ਬੱਧੇ ਨਿਸ਼ਕਪਟ ਪਰ ਨਿਰੋਲ ਵਿਅਕਤੀਗਤ ਭਾਵਾਂ ਦੀ ਪੇਸ਼ਕਾਰੀ ਪੰਜਾਬੀ ਵਿਚ ਪਹਿਲੀ ਵਾਰ ਹੋਈ ਹੈ। ਪ੍ਰੇਮ ਦੇ ਭਾਵਾਂ ਨੂੰ ਕਲਾਸਕੀ ਢੰਗ ਨਾਲ ਪਰ ਨਿੱਜੀ ਛੁਹ ਦੇ ਕੇ ਬੜੇ ਹੀ ਕੋਮਲ-ਅੰਗੇ ਗੀਤ ਚਾਤ੍ਰਿਕ ਨੇ ਰਚੇ ਹਨ। ਇਨ੍ਹਾਂ ਗੀਤਾਂ ਵਿਚ ਰਾਗ ਹੈ ਜੋ ਲੋਕ-ਗੀਤਾਂ ਦੀਆਂ ਧਾਰਨਾਵਾਂ ਤੋਂ ਆਇਆ ਹੈ।

          ਚਾਤ੍ਰਿਕ ਆਧੁਨਿਕ ਯੁਗ ਦੀ ਪੰਜਾਬੀ ਦੀ ਬਿਆਨੀਆ ਕਵਿਤਾ ਦਾ ਉਸਤਾਦ ਹੈ। ਇਸ ਨੇ ਪੰਜਾਬੀ ਜੀਵਨ, ਰਹਿਣੀ-ਬਹਿਣੀ, ਰਹੁ-ਰੀਤਾਂ, ਸਭਿਆਚਾਰਕ ਮੇਲਿਆਂ, ਤਿਉਹਾਰਾਂ, ਤਿਥਾਂ, ਕੁਦਰਤੀ ਨਜ਼ਾਰਿਆਂ, ਨਦੀਆਂ, ਨਾਲਿਆਂ, ਖੇਤਾਂ, ਕਾਮਿਆਂ ਆਦਿ ਨੂੰ ਬੜੀ ਸੁਹਿਰਦਤਾ, ਭਾਵੁਕਤਾ ਤੇ ਰੰਗੀਨੀ ਨਾਲ ਬਿਆਨ ਕੀਤਾ ਹੈ। ਬਿਆਨ ਕਰਨ ਲਈ ਇਸ ਪਾਸ ਅਜਿਹੀ ਢੁਕਵੀਂ, ਫਬਵੀਂ, ਭਾਵ-ਪਰੂਤ ਤੇ ਅਲੰਕਾਰਕ ਬੋਲੀ ਹੈ ਕਿ ਪੜ੍ਹਦਿਆਂ ਪੜ੍ਹਦਿਆਂ ਅੱਖਾਂ ਸਾਹਮਣੇ ਇਕ ਚਿੱਤਰ ਬਣ ਜਾਂਦਾ ਹੈ। ਵਾਰਸ ਤੋਂ ਬਾਅਦ ਇਸ ਨੇ ਹੀ ਪਹਿਲੀ ਵਾਰ ਪੰਜਾਬੀ ਬੋਲੀ ਤੇ ਠੇਠ ਮੁਹਾਵਰੇ ਨੂੰ ਵਰਤਿਆ ਤੇ ਪੰਜਾਬ ਤੇ ਪੇਂਡੂ ਜੀਵਨ ਨੂੰ ਬੜੀ ਸਫਲਤਾ ਨਾਲ ਚਿਤਰਿਆ ਹੈ। ਇਸ ਨੇ ਆਪਣੀ ਕਵਿਤਾ ਵਿਚ ਰਵਾਇਤੀ ਰੰਗ ਨੂੰ ਕਿਤੇ ਵੀ ਨਹੀਂ ਤਿਆਗਿਆ ਭਾਵੇਂ ਵਿਸ਼ੇ ਪੱਖੋਂ ਇਹ ਕਿੰਨਾ ਨਵੀਨ ਹੋ ਗਿਆ ਹੈ। ਬਿਆਨ-ਢੰਗ, ਛੰਦ-ਚਾਲ, ਲੈ-ਤਾਲ ਅਤੇ ਸ਼ਬਦਾਵਲੀ ਵੱਲੋਂ ਇਹ ਰਵਾਇਤੀ ਘੇਰੇ ਵਿਚ ਬੱਝਾ ਰਿਹਾ। ਇਹੀ ਕਾਰਨ ਹੈ ਕਿ ਇਹ ਨਵੇਂ ਤੇ ਪੁਰਾਣੇ ਵਿਚਕਾਰ ਕੜੀ ਬਣਿਆ ਖੜ੍ਹਾ ਹੈ। ਚਾਤ੍ਰਿਕ ਦੀ ਸ਼ਬਦ ਚੋਣ ਤੇ ਕਾਵਿ ਪ੍ਰਬੰਧ ਦੇ ਖੇਤਰ ਵਿਚ ਦੇਣ ਇਹ ਹੈ ਕਿ ਇਸ ਨੇ ਠੇਠ ਮੁਹਾਵਰੇਦਾਰ ਕੇਂਦਰੀ ਪੰਜਾਬੀ ਦੇ ਪਿੰਡੇ ਉਪਰ ਉਸਾਰੀ ਸ਼ਹਿਰੀ ਸਾਊ ਬੋਲੀ ਨੂੰ ਧੁਰਾ ਬਣਾ ਕੇ ਆਮ ਪ੍ਰਚੱਲਿਤ ਕਾਵਿ-ਛੰਦਾਂ ਜਿਵੇਂ ਬੈਂਤ, ਦੋਹਿਰਾ, ਕੋਰੜਾ ਤੇ ਲੋਕ-ਗੀਤਾਂ ਤੇ ਸੂਫ਼ੀ ਕਵਿਤਾ ਦੀਆਂ ਬਹਿਰਾਂ ਨੂੰ ਵਰਤਿਆ ਹੈ।

          ਹ. ਪੁ.––ਪੰ. ਸਾ. ਇ. (ਭਾਗ-2) ਪੰਜਾਬ : 253


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚਾਤ੍ਰਿਕ ਧਨੀ ਰਾਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਾਤ੍ਰਿਕ, ਧਨੀ ਰਾਮ : ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਕਵੀਆਂ ਵਿਚੋਂ ਜਾਣੇ ਜਾਣ ਵਾਲੇ ਇਸ ਸਾਹਿਤਕਾਰ ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਪੱਸੀਆਂਵਾਲਾ (ਪਾਕਿਸਤਾਨ) ਵਿਚ 1876 ਈ. ਵਿਚ ਹੋਇਆ। ਬਚਪਨ ਵਿਚ ਹੀ ਮਾਤਾ ਪਿਤਾ ਜੱਦੀ ਪਿੰਡ ਛੱਡ ਕੇ ਲੋਪੋਕੇ (ਅੰਮ੍ਰਿਤਸਰ) ਆ ਗਏ। ਇਹ ਘਰ ਦੀ ਗ਼ਰੀਬੀ ਕਰ ਕੇ ਬਹੁਤੀ ਪੜ੍ਹਾਈ ਨਾ ਕਰ ਸਕਿਆ। ਸੰਨ 1893 ਵਿਚ ਇਸ ਨੇ ਵਜ਼ੀਰ ਹਿੰਦ ਪ੍ਰੈਸ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਥੇ ਭਾਈ ਵੀਰ ਸਿੰਘ ਜੀ ਨਾਲ ਸੰਪਰਕ ਹੋਇਆ। ਸੰਨ 1899 ਵਿਚ ਜਦੋਂ ਖ਼ਾਲਸਾ ਸਮਾਚਾਰ ਸਪਤਾਹਿਕ ਅਖ਼ਬਾਰ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਦੀਆਂ ਕੁਝ ਰਚਨਾਵਾਂ ਇਸ ਵਿਚ ਤੇ ‘ਖ਼ਾਲਸਾ ਯੰਗ ਮੈਨ’ ਵਿਚ ਛਪਣੀਆਂ ਸ਼ੁਰੂ ਹੋਈਆਂ। ਇਸ ਨੇ ਸ਼ੁਰੂ ਸ਼ੁਰੂ ਵਿਚ ਮੌਲਾਨਾ ਹਾਲੀ ਤੇ ਸੂਰਜ ਨਾਰਾਇਣ ਮਿਹਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਸ ਵੇਲੇ ਇਹ ‘ਹਰਧਨੀ’ ਉਪ-ਨਾਮ ਹੇਠ ਲਿਖਦਾ ਸੀ ਪਰ ਬਾਅਦ ਵਿਚ ਚਾਤ੍ਰਿਕ ਤਖੱਲਸ ਰੱਖਿਆ।

ਸਭ ਤੋਂ ਪਹਿਲਾਂ ਕਿੱਸਾ-ਕਾਵਿ ਪਰੰਪਰਾ ਦੇ ਪ੍ਰਭਾਵ ਹੇਠ

1905 ਈ. ਵਿਚ ‘ਕਿੱਸਾ-ਭਰਥਰੀ’ ਤੇ 1906 ਈ. ਵਿਚ ‘ਨਲ ਦਮਯੰਤੀ’ ਲਿਖਿਆ। ਸੰਨ 1908 ਵਿਚ ‘ਧਰਮਵੀਰ’ (ਸ਼ਹੀਦਾਂ ਦੇ ਸਾਕੇ) ਤੇ ‘ਫੁੱਲਾਂ ਦੀ ਟੋਕਰੀ’ ਲਿਖੇ। ਸੰਨ 1911 ਵਿਚ ਅੰਮ੍ਰਿਤਸਰ ਛੱਡ ਕੇ ਬੰਬਈ ਜਾ ਕੇ ਪ੍ਰੈਸ ਲਾ ਲਈ।

ਸੰਨ 1931 ਵਿਚ ਇਸ ਦਾ ਪਹਿਲਾ ਕਾਵਿ ਸੰਗ੍ਰਹਿ ‘ਚੰਦਨਵਾੜੀ’ ਛਪਿਆ ਜਿਸ ਦਾ ਮੁਖਬੰਦ ਭਾਈ ਵੀਰ ਸਿੰਘ ਨੇ ਲਿਖਿਆ। ਇਸ ਕਾਵਿ ਸੰਗ੍ਰਹਿ ਨੇ ਇਸ ਨੂੰ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਵੀਆਂ ਦੀ ਕਤਾਰ ਵਿਚ ਲਿਆ ਖੜਾ ਕੀਤਾ। ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਧਾਰਮਕ, ਸਦਾਚਾਰਕ, ਦੇਸ਼, ਪਿਆਰ, ਸਮਾਜਿਕ, ਪ੍ਰਕ੍ਰਿਤੀ-ਚਿਤ੍ਰਣ ਅਤੇ ਪ੍ਰੇਮ ਰਹੱਸ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਹੈ । ਇਸ ਕਾਵਿ ਸੰਗ੍ਰਹਿ ਵਿਚ ਚਾਤ੍ਰਿਕ ਨੇ ਨੇੜੇ ਹੋ ਕੇ ਵੇਖੇ ਪੰਜਾਬ ਦੇ ਪੇਂਡੂ ਜੀਵਨ ਨੂੰ ਉਸ ਦੀ ਸਮੁੱਚਤਾ ਅਤੇ ਸੁੱਚਤਾ ਵਿਚ ਚਿਤਰਿਆ। ਇਸ ਦੀ ਬੋਲੀ ਟਕਸਾਲੀ, ਮਾਂਜੀ ਹੋਈ ਤੇ ਹੁਨਰ ਭਰੀ ਹੈ।

‘ਚੰਦਨਵਾੜੀ’ ਤੋਂ ਉਪਰੰਤ ‘ਕੇਸਰ ਕਿਆਰੀ’, ‘ਨਵਾਂ ਜਹਾਨ’, ‘ਬਾਦਸ਼ਾਹ ਬੇਗਮ’ ਤੇ ‘ਸੂਫ਼ੀਖ਼ਾਨਾ’ ਇਸ ਦੇ ਹੋਰ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹਨ।

ਸੰਨ 1926 ਵਿਚ ਇਸ ਨੇ ਗਿਆਨੀ ਹੀਰਾ ਸਿੰਘ ਦਰਦ ਅਤੇ ਮੌਲਾ ਬਖ਼ਸ਼ ਕੁਸ਼ਤਾ ਨਾਲ ਮਿਲ ਕੇ ‘ਪੰਜਾਬੀ ਸਭਾ’ ਦੀ ਨੀਂਹ ਰੱਖੀ ਜਿਸ ਦਾ ਪ੍ਰਧਾਨ ਚਾਤ੍ਰਿਕ ਨੂੰ ਹੀ ਬਣਾਇਆ ਗਿਆ। ਇਸ ਸਭਾ ਵੱਲੋਂ ਸਮਾਗਮ ਤੇ ਕਵੀ ਦਰਬਾਰ ਕਰਵਾਏ ਗਏ। ਸੰਨ 1951 ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਇਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵੱਜੋਂ ਸਨਮਾਨਿਆ ਗਿਆ।

18 ਦਸੰਬਰ, 1954 ਨੂੰ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-04-34-22, ਹਵਾਲੇ/ਟਿੱਪਣੀਆਂ: ਹ. ਪੁ. –ਲਾਲਾ ਧਨੀ ਰਾਮ ਚਾਤ੍ਰਿਕ ਜੀਵਤਲ ਤੇ ਰਚਨਾ–ਗੁਰਚਰਨ ਸਿੰਘ ਮਹਿਤਾ, ਕਵੀ ਚਾਤ੍ਰਿਕ–ਸੁਰਜੀਤ ਸਿੰਘ ਸੇਠੀ; ਚਾਤ੍ਰਿਕ–ਅਭਿਨੰਦਨ ਗ੍ਰੰਥ; ਭੂਮਿਕਾ ਚਾਤ੍ਰਿਕ ਰਚਨਾਵਲੀ–ਸ. ਸ. ਅਮੋਲ; ਪੰ. ਸਾ. ਇ. Ⅱ-ਭਾ. ਵਿ. ਪੰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.