ਛਨਿਛਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਨਿਛਰ. ਸੰ. ਸ਼ਨੈਸ਼੍ਚਰ. ਦੇਖੋ, ਸਨਿ ੬. ਇੱਕ ਰਾਸ਼ੀ ਵਿੱਚ ਢਾਈ ਵਰ੍ਹੇ ਰਹਿਣ ਤੋਂ ਇਸ ਦੀ ਸ਼ਨੈਸ਼੍ਚਰ ਸੰਗ੍ਯਾ ਹੈ, ਅਰਥਾਤ—ਸ਼ਨੇ ਸ਼ਨੇ (ਹੌਲੀ ਹੌਲੀ) ਚਰ (ਚਲਨ) ਵਾਲਾ. Saturn। ੨ ਇਸ ਗ੍ਰਹ ਦੇ ਨਾਮ ਪੁਰ ਸਪਤਾਹ ਦਾ ਇੱਕ ਦਿਨ. Saturday.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਨਿਛਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛਨਿਛਰ (ਸੰ.। ਸੰਸਕ੍ਰਿਤ ਸ਼ਨੈਸ਼ਚਰ। ਪੰਜਾਬੀ ਛਨਿਛਰ) ਸੂਰਜ ਦਾ ਪੁਤ੍ਰ ਛਨਿਛਰ। ਪ੍ਰਿਥਵੀ ਵਾਂਙੂ ਸੂਰਜ ਦੀ ਪਰਕ੍ਰਮਾ ਕਰਨ ਵਾਲੇ ਗ੍ਰੈਹਾਂ ਵਿਚੋਂ ਇਕ ਗ੍ਰੈਹ , ਸੱਤ ਵਾਰਾਂ ਵਿਚੋਂ ਇਕ ਵਾਰ ਦਾ ਨਾਉਂ। ਯਥਾ-‘ਛਨਿਛਰ ਵਾਰਿ ਸਉਣ ਸਾਸਤ ਬੀਚਾਰੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛਨਿਛਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛਨਿਚਰ/ਛਨਿਛਰ: ਨੌਂ ਗ੍ਰਹਿਆਂ ਅਥਵਾ ਨਛੱਤ੍ਰਾਂ ਵਿਚੋਂ ਸੱਤਵਾਂ ਬਹੁਚਰਚਿਤ ਗ੍ਰਹ ਜਿਸ ਨੂੰ ‘ਸ਼ਨੀ ’, ‘ਛਨਿਚਰ’, ‘ਛਨਿਛਰ’ (ਸ਼ਨੈਸ਼ੑਚਰ—ਭਾਵ ਹੌਲੀ ਹੌਲੀ ਚਲਣ ਵਾਲਾ) ਕਿਹਾ ਜਾਂਦਾ ਹੈ। ਇਸ ਬਾਰੇ ਧਾਰਣਾ ਹੈ ਕਿ ਇਸ ਦਾ ਰੰਗ ਕਾਲਾ ਹੈ ਅਤੇ ਇਸ ਦੇ ਬਸਤ੍ਰ ਵੀ ਕਾਲੇ ਰੰਗ ਦੇ ਹਨ। ਇਹ ਬਹੁਤ ਚਮਕੀਲਾ ਹੈ। ਇਕ ਰਵਾਇਤ ਅਨੁਸਾਰ ਇਹ ਸੂਰਜ ਦਾ ਪੁੱਤਰ ਹੈ ਜੋ ਛਾਯਾ ਦੀ ਕੁੱਖੋਂ ਪੈਦਾ ਹੋਇਆ ਸੀ। ਇਸ ਲਈ ਇਸ ਦਾ ਇਕ ਨਾਮਾਂਤਰ ‘ਸ਼ੌਰ’ ਪ੍ਰਚਲਿਤ ਹੋਇਆ। ਦੂਜੀ ਰਵਾਇਤ ਅਨੁਸਾਰ ਇਸ ਨੂੰ ਬਲਰਾਮ ਅਤੇ ਰੇਵਤੀ ਦਾ ਪੁੱਤਰ ਮੰਨਿਆ ਜਾਂਦਾ ਹੈ। ਇਸ ਨੂੰ ਦੇਵਤਿਆਂ ਵਿਚ ਵੀ ਗਿਣਿਆ ਜਾਂਦਾ ਹੈ।

            ਇਸ ਨੂੰ ਅਸ਼ੁਭ ਗ੍ਰਹ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਪ੍ਰਭਾਵ ਬਹੁਤ ਭੈੜਾ ਹੈ। ਇਹੀ ਕਾਰਣ ਹੈ ਕਿ ਇਸ ਨੂੰ ਕੑਰੂਰਲੋਚਨ ਜਾਂ ਕੑਰੂਰਦ੍ਰਿਸ਼ (ਭੈੜੀ ਦ੍ਰਿਸ਼ਟੀ ਵਾਲਾ) ਵੀ ਕਿਹਾ ਜਾਂਦਾ ਹੈ। ‘ਸ਼ਿਵ-ਪੁਰਾਣ’ (ਪੂਰਵਾਰਧ/4) ਵਿਚ ਲਿਖਿਆ ਹੈ ਗਿਰਜਾ (ਪਾਰਬਤੀ) ਦੇ ਬਾਲਕ (ਗਣੇਸ਼) ਨੂੰ ਵੇਖਣ ਲਈ ਸਾਰੇ ਦੇਵਤੇ ਪਹੁੰਚੇ। ਉਨ੍ਹਾਂ ਵਿਚ ਸ਼ਾਮਲ ਛਨਿਚਰ (ਸ਼ਨੀ) ਬਾਲਕ ਨੂੰ ਪੂਰੀਆਂ ਅੱਖਾਂ ਖੋਲ੍ਹ ਕੇ ਨਹੀਂ ਵੇਖ ਰਿਹਾ ਸੀ। ਜਦੋਂ ਗਿਰਜਾ ਨੇ ਇਸ ਦਾ ਕਾਰਣ ਪੁਛਿਆ ਤਾਂ ਇਸ ਨੇ ਦਸਿਆ — ‘‘ਪੂਰਵਕਾਲ ਵਿਚ ਮੈਂ ਸ਼ਿਵ ਦੀ ਆਰਾਧਨਾ ਵਿਚ ਮਗਨ ਸਾਂ। ਕਾਮ-ਪੀੜਿਤ ਮੇਰੀ ਪਤਨੀ ਨੇ ਮੈਨੂੰ ਵਾਰ ਵਾਰ ਬੁਲਾਇਆ, ਪਰ ਮੈਂ ਆਰਾਧਨਾ ਵਿਚ ਜੁੜਿਆ ਰਿਹਾ। ਖਿਝ ਕੇ ਮੇਰੀ ਪਤਨੀ ਨੇ ਮੈਨੂੰ ਸਰਾਪ ਦਿੱਤਾ ਕਿ ‘ਮੈਂ ਜਿਸ ਨੂੰ ਵੀ ਅੱਖ ਖੋਲ੍ਹ ਕੇ ਵੇਖਾਂਗਾ ਉਹ ਨਸ਼ਟ ਹੋ ਜਾਏਗਾ।’’ ਗਿਰਜਾ ਨੇ ਕਿਹਾ— ‘‘ਕੁਝ ਨਹੀਂ ਹੁੰਦਾ , ਤੂੰ ਬਾਲਕ ਵਲ ਵੇਖ।’’ ਸ਼ਨੀ ਨੇ ਅੱਖਾਂ ਖੋਲ੍ਹ ਕੇ ਬਾਲਕ ਵਲ ਤਕਿਆ ਤਾਂ ਉਸ ਦਾ ਸਿਰ ਗਾਇਬ ਹੋ ਗਿਆ। ਗਿਰਜਾ ਬੇਹੋਸ਼ ਹੋ ਗਈ। ਦੇਵਤਿਆਂ ਦੀ ਪ੍ਰੇਰਣਾ’ਤੇ ਵਿਸ਼ਣੂ ਨੇ ਇਕ ਹਾਥੀ ਦਾ ਸਿਰ ਕਟ ਕੇ ਬਾਲਕ ਦੀ ਗਰਦਨ ਉਤੇ ਲਗਾ ਦਿੱਤਾ ਅਤੇ ਸ਼ਿਵ ਨੇ ਉਸ ਵਿਚ ਪ੍ਰਾਣ ਫੂਕ ਦਿੱਤੇ

            ਇਸ ਗ੍ਰਹ ਤੋਂ ਪ੍ਰਭਾਵਿਤ ਹੋ ਕੇ ਹੀ ਸ਼ਨੀਵਾਰ, ਛਨਿਛਰਵਾਰਿ ਦੀ ਕਲਪਨਾ ਹੋਈ ਹੈ। ਇਸ ਵਾਰ ਅਥਵਾ ਦਿਨ ਨੂੰ ਭਾਰਾ ਜਾਂ ਅਸ਼ੁਭ ਸਮਝੇ ਜਾਣ ਕਾਰਣ ਅਕਸਰ ਪੰਡਿਤਾਂ ਤੋਂ ਸ਼ਗਨ-ਸ਼ਾਸਤ੍ਰ ਸੰਬੰਧੀ ਪੁਛਿਆ ਜਾਂਦਾ ਹੈ। ਪਰ ਗੁਰੂ ਅਮਰਦਾਸ ਜੀ ਨੇ ‘ਵਾਰ 7’ ਵਿਚ ਅਜਿਹੀਆਂ ਪੁਛਾਂ ਕਰਵਾਉਣਾ ਕੇਵਲ ਭਰਮਾਂ ਵਿਚ ਉਲਝਣਾ ਦਸਿਆ ਹੈ। ਗੁਰੂ ਦੀ ਕ੍ਰਿਪਾ ਹੋਣ ਨਾਲ ਸਥਾਈ ਸੁਖ ਦੀ ਅਵਸਥਾ ਬਣੀ ਰਹਿੰਦੀ ਹੈ। ਇਸ ਲਈ ਸਚੀ ਕਰਣੀ ਅਤੇ ਸਤਿਸਰੂਪ ਪਰਮਾਤਮਾ ਦੇ ਨਾਮ ਵਿਚ ਪੂਰੀ ਤਰ੍ਹਾਂ ਲਿਵ ਲਗਾਉਣੀ ਹੀ ਲੋੜੀਂਦੀ ਹੈ— ਛਨਿਛਰਵਾਰਿ ਸਉਣ ਸਾਸਤ ਬੀਚਾਰੁ ਹਉਮੈ ਮੇਰਾ ਭਰਮੈ ਸੰਸਾਰੁ... ਗੁਰ ਪਰਸਾਦੀ ਸਦਾ ਸੁਖੁ ਪਾਏ ਸਚੁ ਕਰਣੀ ਸਾਚਿ ਲਿਖ ਲਾਏ (ਗੁ.ਗ੍ਰੰ.841)। ਸਪੱਸ਼ਟ ਹੈ ਕਿ ਸਿੱਖ ਮਤ ਵਿਚ ਛਨਿਚਰ (ਸ਼ਨੀ ਗ੍ਰਹ) ਦੇ ਕੁਪ੍ਰਭਾਵ ਦਾ ਭਰਮ ਪਾਲਣ ਦੀ ਕੋਈ ਮਾਨਤਾ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.