ਛੋਲੇ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੋਲੇ ( ਨਾਂ , ਪੁ , ਬ ) ਝਾੜੀਦਾਰ ਬੂਟੇ ਵਾਲੀ ਹਾੜ੍ਹੀ ਦੀ ਫ਼ਸਲ ਵਿੱਚੋਂ ਪ੍ਰਾਪਤ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛੋਲੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਲੇ [ ਨਾਂਪੁ ] ਇੱਕ ਪ੍ਰਕਾਰ ਦਾ ਅਨਾਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੋਲੇ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਛੋਲੇ : ਇਹ ਇਕ ਪ੍ਰਸਿੱਧ ਫਲੀਦਾਰ ਫ਼ਸਲ ਹੈ । ਇਸ ਨੂੰ ਕਈ ਹੋਰ ਦੇਸ਼ਾਂ ਵਿਚ ਗਾਰਬੈਜ਼ੋ , ਸਪੈਨਿਸ਼ ਪੀ , ਇਜਪਸ਼ੀਅਨ ਪੀ ਜਾਂ ਬੰਗਾਲ ਗਰੈਮ ਵੀ ਕਿਹਾ ਜਾਂਦਾ ਹੈ । ਇਹ ਦਾਲਾਂ ਵਾਲੀ ਫ਼ਸਲ ਵਜੋਂ ਮੁੱਖ ਤੌਰ ਤੇ ਦੱਖਣੀ ਯੂਰਪ , ਮਿਸਰ ਅਤੇ ਪੱਛਮੀ ਏਸ਼ੀਆ ਤੋਂ ਲੈ ਕੇ ਭਾਰਤ ਤੱਕ ਉਗਾਈ ਜਾਂਦੀ ਹੈ । ਇਹ ਇਕ ਸਾਲੀ ਬੂਟੇ ਹਨ ਜਿਨ੍ਹਾਂ ਦੀਆਂ ਸ਼ਾਖਾਵਾਂ ਵਿੰਗ-ਤੜਿੰਗੀਆਂ ਹੁੰਦੀਆਂ ਹਨ । ਭਰੀ ਹੋਈ ਫਲੀ ਜੋ 2 ਸੈਂ. ਮੀ. ਤੋਂ 4 ਸੈਂ. ਮੀ. ਤੱਕ ਲੰਬੀ ਹੁੰਦੀ ਹੈ , ਉਸ ਵਿਚ ਦੋ ਬੀਜ ਹੁੰਦੇ ਹਨ । ਐਲਫਾਸ ਡੇ , ਕੈਡੋਲ ਆਪਣੀ ਪੁਸਤਕ ‘ ਆਰਿਜਿਨ ਆਫ਼ ਕਲਟੀਵੇਟਡ ਪਲਾਂਟਸ’ ਵਿਚ ਇਹ ਸੁਝਾਅ ਦਿੰਦਾ ਹੈ ਕਿ ਇਹ ਪੌਦੇ ਕੋਕੇਸਸ ਦੇ ਦੱਖਣੀ ਹਿੱਸਿਆਂ ਤੋਂ ਪਰਸ਼ੀਆ ਦੇ ਉੱਤਰ ਵਿਚ ਜੰਗਲੀ ਰੂਪ ਵਿਚ ਉਗਦੇ ਸਨ ।

                  ਭਾਰਤ ਵਿਚ ਇਹ ਦਾਲਾਂ ਵਾਲੀਆਂ ਫ਼ਸਲਾਂ ਵਿਚੋਂ ਸਭ ਤੋਂ ਪੁਰਾਣੀ ਤੇ ਪ੍ਰਸਿੱਧ ਫ਼ਸਲ ਹੈ । ਇਸ ਫ਼ਸਲ ਤੋਂ ਵੇਸਣ , ਆਟਾ , ਦਲੀ ਹੋਈ ਜਾਂ ਸਾਬਤ ਛੋਲਿਆਂ ਦੀ ਦਾਲ , ਭੁੱਜੇ ਹੋਏ ਜਾਂ ਪਕਾਏ ਹੋਏ ਛੋਲੇ , ਲੂਣ ਵਾਲੀਆਂ ਜਾਂ ਮਿੱਠੀਆਂ ਭਾਜੀਆਂ ਅਤੇ ਹਰੇ ਪੱਤੇ ਜਾਂ ਸਬਜ਼ੀ ਵਜੋਂ ਕਈ ਪ੍ਰਕਾਰ ਦੇ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।

                  ਇਸ ਫ਼ਸਲ ਦੀ ਕਾਸ਼ਤ ਲਈ ਭਾਰਤ ਦੇ ਉੱਤਰੀ ਹਿੱਸੇ ਵਿਚ ਹਲਕੀ ਕਛਾਰੀ ਭੋਂ ਹੀ ਚੁਣੀ ਜਾਂਦੀ ਹੈ ਜੋ ਕਣਕ ਉਗਾਉਣ ਲਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ । ਕਾਬਲੀ ਛੋਲਿਆਂ ( ਛੋਲਿਆਂ ਦੀ ਹੀ ਇਕ ਕਿਸਮ K-4 , ਜੋ ਜ਼ਿਆਦਾ ਉੱਤਰ ਪ੍ਰਦੇਸ਼ ਵਿਖੇ ਉਗਾਈ ਜਾਂਦੀ ਹੈ ) ਲਈ ਵਧੇਰੇ ਚੰਗੇਰੀ ਜ਼ਮੀਨ ਦੀ ਲੋੜ ਪੈਂਦੀ ਹੈ । ਦੱਖਣ ਅਤੇ ਬੰਬਈ-ਦੱਖਣ ਖੇਤਰ ਵਿਚ ਇਹ ਕਪਾਹ ਵਾਲੀਆਂ ਜ਼ਮੀਨਾਂ ਤੇ ਕਾਸ਼ਤ ਕੀਤੀ ਜਾਂਦੀ ਹੈ ।

                  ਇਸ ਫ਼ਸਲ ਦੀ ਕਾਸ਼ਤ ਜ਼ਿਆਦਾਤਰ ਖ਼ੁਸ਼ਕੀ ਵਾਲੀਆਂ ਜ਼ਮੀਨਾਂ ਤੇ ਹਾੜੀ ਵਿਚ ਕੀਤੀ ਜਾਂਦੀ ਹੈ । ਇਸੇ ਵਕਤ ਕਈ ਵਾਰ ਇਹ ਬਾਕਾਇਦਾ ਸਿੰਜਾਈ ਜਾਂ ਘੱਟ ਸਿੰਜਾਈ ਵਾਲੀ ਫ਼ਸਲ ਵਜੋਂ ਵੀ ਉਗਾਈ ਜਾਂਦੀ ਹੈ । ਇਸ ਦੀ ਬਿਜਾਈ ਵੇਲੇ , ਫੁੱਲ ਪੈਣ ਅਤੇ ਦਾਣੇ ਪੈਣ ਵਾਲੀਆਂ ਹਾਲਤਾਂ ਸਮੇਂ ਜ਼ਿਆਦਾ ਬਾਰਸ਼ ਹੋਣ ਨਾਲ ਬਹੁਤ ਨੁਕਸਾਨ ਪਹੁੰਚ ਸਕਦਾ ਹੈ । ਬਹੁਤ ਜ਼ਿਆਦਾ ਠੰਢ ਅਤੇ ਕੋਹਰਾ ( ਕੱਕਰ ) ਵੀ ਇਸ ਲਈ ਹਾਨੀਕਾਰਕ ਹੁੰਦਾ ਹੈ । ਇਹ ਫ਼ਸਲ ਇਕੱਲੀ ਜਾਂ ਕਈ ਹੋਰ ਫ਼ਸਲਾਂ ਨਾਲ ਵੀ ਬੀਜੀ ਜਾਂਦੀ ਹੈ ਜਿਵੇਂ ਕਣਕ , ਜੌਂ , ਅਲਸੀ ਆਦਿ । ਇਸ ਫ਼ਸਲ ਦੀ ਬਿਜਾਈ ਵੇਲੇ ਜ਼ਮੀਨ ਦੀ ਤਿਆਰੀ ਲਈ ਬਹੁਤ ਮਿਹਨਤ ਨਹੀਂ ਕੀਤੀ ਜਾਂਦੀ ਅਤੇ ਇਸ ਫ਼ਸਲ ਨੂੰ ਰੂੜੀ ਵੀ ਘੱਟ ਹੀ ਪਾਈ ਜਾਂਦੀ ਹੈ ਪਰ ਇਹ ਫ਼ਸਲ ਫ਼ਾੱਸਫ਼ੈਟਿਕ ਖਾਦ ਨੂੰ ਬਹੁਤ ਮੰਨਦੀ ਹੈ । ਲਗਭਗ 500 ਗ੍ਰਾ. ਫ਼ਾੱਸਫ਼ੋਰਸ ( P205 ਦੇ ਰੂਪ ਵਿਚ ) ਦੇ ਪਾਉਣ ਨਾਲ ਦਾਣਿਆਂ ਦਾ ਝਾੜ ਲਗਭਗ 3 ਕਿ. ਗ੍ਰਾ. ਵਧ ਜਾਂਦਾ ਹੈ । ਇਸ ਫ਼ਸਲ ਨੂੰ 11.5 ਕਿ. ਗ੍ਰਾ. ਫ਼ਾੱਸਫ਼ੋਰਸ ( P205 ) ਤੇ 2.5 ਕਿ. ਗ੍ਰਾ. ਨਾਈਟ੍ਰੋਜਨ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ।

                  ਬਿਜਾਈ ਅਕਤੂਬਰ ਦੇ ਅੱਧ ਜਾਂ ਨਵੰਬਰ ਵਿਚ ਛੱਟੇ ਨਾਲ ਜਾਂ ਕਤਾਰਾਂ ਵਿਚ ਕੀਤੀ ਜਾਂਦੀ ਹੈ । ਪੰਜਾਬ ਰਾਜ ਵਿਚ ਬੀਜ ਦਰ ਲਗਭਗ 10 ਕਿ. ਗ੍ਰਾ. ਤੋਂ 15. ਕ੍ਰਿ. ਗ੍ਰਾ. ਮਹਾਰਾਸ਼ਟਰ ਵਿਚ 18-24 ਕਿ. ਗ੍ਰਾ. ਅਤੇ ਮੱਧ ਭਾਰਤ ਵਿਚ 30-40 ਕਿ. ਗ੍ਰਾ. ਪ੍ਰਤਿ ਏਕੜ ਦੇ ਹਿਸਾਬ ਰੱਖੀ ਜਾਂਦੀ ਹੈ । ਇਸ ਫ਼ਸਲ ਵਿਚ ਜੜ੍ਹੀ-ਬੂਟੀਆਂ ਦਾ ਨਾਸ਼ ਕਰਨ ਲਈ ਘੱਟ ਹੀ ਉਦਮ ਕੀਤੇ ਜਾਂਦੇ ਹਨ ਕਿਉਂਕਿ ਆਮ ਤੌਰ ਤੇ ਇਹ ਫ਼ਸਲ ਜੰਗਲੀ ਜੜ੍ਹੀ ਬੂਟੀਆਂ ਦਾ ਵਾਧਾ ਰੋਕਦੀ ਹੀ ਹੈ । ਬਹੁਤ ਜ਼ਿਆਦਾ ਔੜ ਦੇ ਦਿਨਾਂ ਵਿਚ ਜੇਕਰ ਪਾਣੀ ਮੁਹੱਈਆ ਹੋ ਸਕੇ ਤਾਂ ਇਕ ਜਾਂ ਦੋ ਵਾਰ ਸਿੰਜਾਈ ਕਰ ਦਿੱਤੀ ਜਾਂਦੀ ਹੈ । ਬੂਟਿਆਂ ਦਾ ਜੇਕਰ ਬਹੁਤ ਜ਼ਿਆਦਾ ਵਾਧਾ ਹੋ ਜਾਵੇ ਤਾਂ ਇਨ੍ਹਾਂ ਦੀਆਂ ਸਿਖਰਾਂ ਮਸਲ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਹੋਰ ਨਵੀਆਂ ਸ਼ਾਖਾਵਾਂ ਨਾ ਨਿਕਲ ਸਕਣ ।

                  ਇਹ ਫ਼ਸਲ ਤਕਰੀਬਨ 120-150 ਦਿਨਾਂ ਵਿਚ ਪੱਕ ਜਾਂਦੀ ਹੈ । ਜਦ ਪੱਤੇ ਲਾਲ ਭੂਰੇ ਹੋ ਜਾਣ ਤਾਂ ਪੌਦੇ ਪੁੱਟ ਲਏ ਜਾਂਦੇ ਹਨ ।   ਕੁਝ ਚਿਰ ਫ਼ਸਲ ਨੂੰ ਸੁਕਾਉਣ ਤੋਂ ਬਾਅਦ ਇਸ ਨੂੰ ਝਾੜ ਲਿਆ ਜਾਂਦਾ ਹੈ । ਇਕ ਏਕੜ ਵਿਚ ਦਾਣਿਆਂ ਦਾ ਝਾੜ ਲਗਭਗ 230 ਤੋਂ 270 ਕਿ. ਗ੍ਰਾ. ਅਤੇ ਚਾਰਾ ਲਗਭਗ 360 ਤੋਂ 450 ਕਿ. ਗ੍ਰਾ. ਤਕ ਮਿਲ ਜਾਂਦਾ ਹੈ । ਸਿੰਜਾਈ ਵਾਲੀਆਂ ਹਾਲਤਾਂ ਵਿਚ ਝਾੜ ਆਮ ਤੌਰ ਤੇ ਲਗਭਗ 680 ਤੋਂ 900 ਕਿ. ਗ੍ਰਾ. ਤਕ ਵੀ ਮਿਲ ਜਾਂਦਾ ਹੈ ।

                  ਭਾਰਤ ਵਿਚ ਇਸ ਫ਼ਸਲ ਦੀ ਕਾਸ਼ਤ ਲਗਭਗ 23.7 ਮਿਲੀਅਨ ਏਕੜ ਖੇਤਰ ਵਿਚ ਕੀਤੀ ਜਾਂਦੀ ਹੈ ਅਤੇ ਝਾੜ ਪ੍ਰਤੀ ਸਾਲ ਲਗਭਗ 5.7 ਮਿਲੀਅਨ ਮੀ. ਟਨ ਮਿਲਦਾ ਹੈ । ਇਸ ਫ਼ਸਲ ਦਾ 90% ਖੇਤਰ ਉੱਤਰੀ ਭਾਰਤ ਵਿਚ ਹੀ ਹੈ ਅਤੇ ਝਾੜ ਦਾ 95% ਇਸੇ ਸਾਲ ਤੋਂ ਹੀ ਮਿਲਦਾ ਹੈ ।

                  ਅਨਾਜ ਵਿਚ ਵਰਤੋਂ ਤੋਂ ਇਲਾਵਾ ਇਸ ਫ਼ਸਲ ਦੀ ਵਰਤੋਂ ਔਸ਼ਧੀਜਨਕ ਗੁਣਾਂ ਕਰਕੇ ਵੀ ਕੀਤੀ ਜਾਂਦੀ ਹੈ । ਪੁੰਗਰ ਰਹੇ ਬੀਜਾਂ ਦੀ ਵਰਤੋਂ ਸਕਰਵੀ ਨਾਂ ਦੀ ਦੰਦਾਂ ਦੀ ਇਕ ਬੀਮਾਰੀ ਵਿਚ ਕੀਤੀ ਜਾਂਦੀ ਹੈ । ਹਰੇ ਪੱਤਿਆਂ ਤੋਂ ਸੈਲਿਕ ਅਤੇ ਆੱਕਸੈਲਿਕ ਐਸਿਡ ਪ੍ਰਾਪਤ ਕੀਤੇ ਜਾਂਦੇ ਹਨ , ਜੋ ਪੇਟ ਆਂਦਰਾਂ ਦੇ ਨੁਕਸਾਂ ਨੂੰ ਠੀਕ ਕਰਨ ਲਈ ਵਰਤੇ ਜਾਂਦੇ ਹਨ । ਭਿਉਂਏ ਹੋਏ ਬੀਜ ਅਤੇ ਛਿਲਕੇ ਘੋੜਿਆਂ ਨੂੰ ਚਾਰੇ ਜਾਂਦੇ ਹਨ । ਇਨ੍ਹਾਂ ਦੀ ਵਰਤੋਂ ਪਸ਼ੂਆਂ ਦੇ ਦਾਣੇ ਵਜੋਂ ਵੀ ਕੀਤੀ ਜਾਂਦੀ ਹੈ । ਇਸ ਦੇ ਪੌਦਿਆਂ ਤੋਂ ਤਿਆਰ ਕੀਤਾ ਤੇਜ਼ਾਬੀ ਰਿਸਾਉ ਬਾਧਕ ਦੇ ਤੌਰ ਤੇ , ਬਦਹਜ਼ਮੀ ਠੀਕ ਕਰਨ , ਕਬਜ਼ ਹਟਾਉਣ ਅਤੇ ਸੱਪ ਦੇ ਕੱਟਣ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਹੈ ।

                  ਹ. ਪੁ.– – ਹੈ. ਐ. 189 : ਐਨ. ਬ੍ਰਿ. 10 : 664; ਗ. ਇੰ. ਮੈ. ਪ : 63


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.