ਜਲਾਲਾਬਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲਾਲਾਬਾਦ. ਅਫ਼ਗ਼ਾਨਿਸਤਾਨ ਵਿੱਚ ਕਾਬੁਲ ਦੀ ਸੜਕ ਪੁਰ ਇੱਕ ਨਗਰ, ਜਿਸ ਥਾਂ ਅਫ਼ਗ਼ਾਨ ਗਵਰਨਮੈਂਟ ਦਾ ਗਵਰਨਰ ਰਹਿਂਦਾ ਹੈ. ਇਸ ਤੋਂ ਪੰਜ ਮੀਲ ਦੀ ਵਿੱਥ ਤੇ ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਦਾ ਪਵਿਤ੍ਰ ਅਸਥਾਨ “ਚੋਹਾਸਾਹਿਬ” ਹੈ. ਦੇਖੋ, ਕਾਬੁਲ। ੨ ਸਹਾਰਨਪੁਰ ਤੋਂ ਵੀਹ ਕੋਹ ਦੇ ਕਰੀਬ ਦੱਖਣ , ਜਿਲਾ ਮੁਜੱਫਰਨਗਰ ਦਾ ਇੱਕ ਪਿੰਡ , ਜੋ ਹਸਾਰਖਾਨ ਦੇ ਪੁਤ੍ਰ ਜਲਾਲਖਾਨ ਪਠਾਣ ਨੇ ਰਾਜਪੂਤਾਂ ਦਾ ਨਗਰ ‘ਖੇੜਾਮਨਿਹਾਰ’ ਉਜਾੜਕੇ ਵਸਾਇਆ ਸੀ. ਇਸ ਨੂੰ ਸਰਹਿੰਦ ਮਾਰਨ ਪਿੱਛੋਂ ਖ਼ਾਲਸਾਦਲ ਨੇ ਫਤੇ ਕੀਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਲਾਲਾਬਾਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਲਾਲਾਬਾਦ (ਨਗਰ): ਪੂਰਬੀ ਅਫ਼ਗ਼ਾਨਿਸਤਾਨ ਦਾ ਇਕ ਮਹੱਤਵਪੂਰਣ ਨਗਰ, ਜਿਥੇ ਗੁਰੂ ਨਾਨਕ ਦੇਵ ਜੀ ਕਿਸੇ ਉਦਾਸੀ ਦੌਰਾਨ ਪਧਾਰੇ ਸਨ। ਸਥਾਨਕ ਰਵਾਇਤ ਅਨੁਸਾਰ ਜਿਸ ਸਥਾਨ ਉਤੇ ਗੁਰੂ ਜੀ ਬੈਠੇ ਸਨ, ਉਸ ਕੋਲੋਂ ਜਲ ਦਾ ਇਕ ਝਰਨਾ ਫੁਟ ਪਿਆ ਸੀ। ਬਾਦ ਵਿਚ ਸ਼ਰਧਾਲੂਆਂ ਨੇ ਜੋ ਸਮਾਰਕ ਬਣਾਇਆ, ਉਸ ਦਾ ਨਾਂ ‘ਗੁਰਦੁਆਰਾ ਚੋਹਾ ਸਾਹਿਬ ਪਾਤਿਸ਼ਾਹੀ ਪਹਿਲੀ’ ਪ੍ਰਚਲਿਤ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਲਾਲਾਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਲਾਲਾਬਾਦ : ਉੱਤਰ ਪ੍ਰਦੇਸ਼ ਰਾਜ (ਭਾਰਤ) ਦੇ ਮੁਜੱਫ਼ਰਨਗਰ ਜ਼ਿਲ੍ਹੇ ਦੀ ਕੈਰਾਨਾ ਤਹਿਸੀਲ ਦਾ ਸ਼ਹਿਰ ਹੈ ਜਿਹੜਾ ਮੁਜੱਫ਼ਰਨਗਰ ਸ਼ਹਿਰ ਤੋਂ 33 ਕਿ. ਮੀ. ਪੱਛਮ ਵੱਲ ਵਸਿਆ ਹੋਇਆ ਹੈ। ਸ਼ਹਿਰ ਦੀ ਸਥਾਪਨਾ ਔਰੰਗਜ਼ੇਬ ਬਾਦਸ਼ਾਹ ਵੇਲੇ ਜਲਾਲ ਖ਼ਾਂ ਨਾਮੀ ਪਠਾਣ ਨੇ ਕੀਤੀ ਸੀ। ਇਸ ਸ਼ਹਿਰ ਤੋਂ ਡੇਢ ਕੁ ਕਿ. ਮੀ. ਦੂਰ, ਪੁਰਾਤਨ ਕਿਲੇ ਦੇ ਖੰਡਰ ਹਨ। ਇਹ ਕਿਲਾ ਨਜੀਬ ਖ਼ਾਂ ਨੇ ਬਣਵਾਇਆ ਸੀ। ਕਿਲੇ ਵਿਚ ਜ਼ਾਬਿਤਾ ਖ਼ਾਂ ਨੇ ਇਕ ਮਸਜਿਦ ਵੀ ਬਣਵਾਈ ਸੀ। ਜ਼ਾਬਿਤਾ ਖਾਂ ਦੇ ਰਾਜ ਵੇਲੇ ਮਰਾਠਿਆਂ ਨੇ ਇਸ ਸ਼ਹਿਰ ਉੱਤੇ ਕਈ ਵਾਰ ਕਬਜ਼ਾ ਕੀਤਾ।

          ਆਬਾਦੀ––19,360 (1991)

          29° 37' ਉ. ਵਿਥ.; 77° 27' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 14 : 14


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਲਾਲਾਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਲਾਲਾਬਾਦ : ਸ਼ਹਿਰ–ਪੂਰਬੀ ਅਫ਼ਗਾਨਿਸਤਾਨ ਵਿਚ ਨਾਂਗਰਹਾਰ ਵਿਲਾਇਤ ਦੀ ਰਾਜਧਾਨੀ ਹੈ ਜੋ ਕਾਬਲ ਤੋਂ 112 ਕਿ. ਮੀ. ਪੂਰਬ ਵੱਲ ਅਤੇ ਪਿਸ਼ਾਵਰ (ਪਾਕਿ.) ਤੋਂ 128 ਕਿ. ਮੀ. ਪੱਛਮ ਵੱਲ, ਸਮੁੰਦਰ ਤਲ ਤੋਂ 590 ਮੀ. ਦੀ ਉੱਚਾਈ ਉੱਤੇ ਖ਼ੈਬਰ ਦੱਰੇ ਦੇ ਪੱਛਮ ਵੱਲ ਕਾਬਲ ਅਤੇ ਕੁਨਾਰ ਦਰਿਆਵਾਂ ਦੇ ਸੰਗਮ ਨੇੜੇ ਵਾਕਿਆ ਹੈ। ਇਹ ਸ਼ਹਿਰ ਕਾਬਲ ਤੋਂ ਪਿਸ਼ਾਵਰ ਨੂੰ ਜਾਂਦੀ ਸੜਕ ਉੱਤੇ ਪੈਂਦਾ ਹੈ। ਇਸੇ ਰਸਤਿਓਂ ਦੇਸ਼ ਦਾ ਵਪਾਰ ਭਾਰਤ ਅਤੇ ਪਾਕਿਸਤਾਨ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਇਹ ਮੁੱਖ ਸੜਕਾਂ ਰਾਹੀਂ ਹੀ ਗ਼ਜ਼ਨੀ, ਬਦਖ਼ਸ਼ਾਂ ਅਤੇ ਯਾਰਕੰਦ ਨਾਲ ਜੁੜਿਆ ਹੋਇਆ ਹੈ। ਇਥੇ ਫ਼ੌਜੀ ਛਾਉਣੀ ਅਤੇ ਹਵਾਈ ਅੱਡਾ ਵੀ ਹੈ। ਕਿਸੇ ਵਕਤ ਇਹ ਅਫ਼ਗ਼ਾਨਿਸਤਾਨ ਦੇ ਅਮੀਰਾਂ ਦੀ ਸਰਦੀਆਂ ਦੀ ਮਨ ਭਾਉਂਦੀ ਰਿਹਾਇਸ਼ ਹੁੰਦਾ ਸੀ।

          ਉਂਜ ਤਾਂ ਇਹ ਕਿਸੇ ਨਾ ਕਿਸੇ ਰੂਪ ਵਿਚ ਦੂਜੀ ਸਦੀ ਈ. ਪੂ. ਵਿਚ ਹੀ ਵਸਿਆ ਹੋਇਆ ਸੀ ਪਰ 1560 ਈ. ਵਿਚ ਇਸ ਨੂੰ ਸ਼ਹਿਰ ਦੇ ਤੌਰ ਤੇ ਮੁਗ਼ਲ ਬਾਦਸ਼ਾਹ, ਅਕਬਰ ਨੇ ਹੀ ਸਥਾਪਿਤ ਕੀਤਾ। ਸੰਨ 1834 ਵਿਚ ਅਮੀਰ ਦੋਸਤ ਮੁਹੰਮਦ ਨੇ ਖੋਹ ਕੇ ਇਸਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਪਹਿਲੀ ਅਫ਼ਗ਼ਾਨ ਜੰਗ (1839) ਅਤੇ ਦੂਜੀ ਅਫ਼ਗ਼ਾਨ ਜੰਗ (1879-80) ਦੌਰਾਨ ਇਸ ਉੱਤੇ ਬਰਤਾਨੀਆ ਦਾ ਅਧਿਕਾਰ ਹੋ ਗਿਆ। ਦੂਜੀ ਵੇਰ ਇਸ ਉਪਰ ਕਬਜ਼ਾ ਕਰਨ ਉਪਰੰਤ ਅੰਗਰੇਜ਼ਾਂ ਨੇ ਇਥੇ ਪਹਿਲੀ ਵੇਰ ਇਸ ਉਪਰ ਜਿੱਤ ਪ੍ਰਾਪਤ ਕਰਨ ਵਾਲੇ ਸਰ ਰਾਬਰਟ ਸੇਲ ਦੇ ਨਾਂ ਉਪਰ ਸੇਲ ਕਿਲਾ ਉਸਾਰਿਆ ਅਤੇ ਆਪਣਾ ਸਥਾਈ ਕਬਜ਼ਾ ਕੀਤਾ।

          ਇਹ ਸਿੱਖਾਂ ਲਈ ਵੀ ਧਾਰਮਿਕ ਮਹੱਤਤਾ ਰੱਖਦਾ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ ਆਪਣੇ ਚਰਨ ਪਾਏ ਸਨ। ਗੁਰੂ ਜੀ ਨੇ ਭਾਈ ਭਗਤੂ ਨਾਮੀ ਸਿੱਖ ਦੇ ਕਹਿਣ ਉੱਤੇ ਇਕ ਪੱਥਰ ਚੁੱਕ ਕੇ ਜਲ ਦਾ ਪ੍ਰਵਾਹ ਚਾਲੂ ਕੀਤਾ ਸੀ, ਜਿਥੇ ਹੁਣ ਲਗਾਤਾਰ ਜਲ ਵਹਿੰਦਾ ਹੈ। ਬਾਅਦ ਵਿਚ ਸਿੱਖਾਂ ਨੇ ਇਸ ਪਵਿੱਤਰ ਯਾਦ ਵਿਚ ‘ਚੋਹਾ ਸਾਹਿਬ’ ਨਾਂ ਦਾ ਇਕ ਗੁਰਦੁਆਰਾ ਇਸ ਸਥਾਨ ਤੇ ਉਸਾਰਿਆ ਜਿਹੜਾ ਚਸ਼ਮਾ ਸਾਹਿਬ ਨਾਂ ਨਾਲ ਵਧੇਰੇ ਪ੍ਰਸਿੱਧ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੇ ਨਾਂ ਸਾਲਾਨਾ ਚੰਦਾ ਅਤੇ 27 ਘੁਮਾਂ ਜ਼ਮੀਨ ਵੀ ਲੱਗਾ ਦਿੱਤੀ ਸੀ। ਦੇਸ ਦੀ ਵੰਡ ਤੋਂ ਪਹਿਲਾਂ ਪੰਦਰਾਂ ਕੱਤਕ ਨੂੰ ਹਰ ਸਾਲ ਇਥੇ ਇਕ ਵੱਡਾ ਮੇਲਾ ਲਗਦਾ ਹੁੰਦਾ ਸੀ। ਆਲੇ-ਦੁਆਲੇ ਬਾਗ਼ਾਂ ਦਾ ਇਲਾਕਾ ਹੋਣ ਕਾਰਨ ਇਹ ਸੁੱਕੇ ਫ਼ਲਾਂ ਨੂੰ ਬਾਹਰ ਭੇਜਣ ਦੀ ਇਕ ਚੰਗੀ ਮੰਡੀ ਹੈ। ਇਥੇ ਖੰਡ ਸਾਫ਼ ਕਰਨ ਦਾ ਕਾਰਖ਼ਾਨਾ ਹੈ ਤੇ ਇਸ ਤੋਂ ਇਲਾਵਾ ਇਥੇ ਦਸਤਕਾਰੀ ਇਕਾਈਆਂ, ਜਿਨ੍ਹਾਂ ਵਿਚ ਹੱਥ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਮੌਜੂਦ ਹਨ। ਇਥੋਂ ਦੀ ਕੁੱਲ ਵਸੋਂ ਵਿਚ ਬਹੁਤੀ ਵਸੋਂ ਪਸ਼ਤੂਨਾਂ ਦੀ ਹੈ।

          ਆਬਾਦੀ––53,915 (1979)

          34° 26' ਉ. ਵਿਥ.; 70° 25' ਪੂ. ਲੰਬ.

          ਹ. ਪੁ.––ਐਨ. ਬ੍ਰਿ. ਮਾ. 5 : 504; ਮ. ਕੋ. 513; ਵੈ. ਜਗ. ਡਿ. 563


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਲਾਲਾਬਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਲਾਲਾਬਾਦ : ਕਸਬਾ––ਪੰਜਾਬ ਰਾਜ (ਭਾਰਤ) ਵਿਚ ਫਿਰੋਜ਼ਪੁਰ ਜ਼ਿਲ੍ਹੇ ਵਿਚ ਜ਼ੀਰਾ ਤਹਿਸੀਲ ਦਾ ਇਕ ਕਸਬਾ ਹੈ ਜਿਹੜਾ ਮੋਗਾ ਰੇਲਵੇ ਸਟੇਸ਼ਨ ਨੇੜੇ ਅਤੇ ਮੋਗਾ-ਧਰਮਕੋਟ ਸੜਕ ਤੋਂ ਕੋਈ 11 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਇਤਿਹਾਸਕ ਕਸਬਾ ਹੈ ਜਿਹੜਾ ਕਿਸੇ ਸਮੇਂ ਦਿੱਲੀ ਤੋਂ ਲਾਹੌਰ ਜਾਣ ਵਾਲੀ ਸੜਕ ਉੱਤੇ ਵਸਿਆ ਹੋਇਆ ਸੀ। ਇਸ ਦੇ ਨੇੜੇ ਹੀ ਸਤਲੁਜ ਦਰਿਆ ਵਗਦਾ ਹੁੰਦਾ ਸੀ। ਇਨ੍ਹਾਂ ਸਹੂਲਤਾਂ ਕਾਰਨ ਇਹ ਸੈਨਿਕ ਅਤੇ ਪ੍ਰਬੰਧਕੀ ਕੇਂਦਰ ਵੀ ਰਿਹਾ ਹੈ। ਇਹ ਸਾਰਾ ਕਸਬਾ ਥੇਹਾਂ ਉੱਤੇ ਵਸਿਆ ਹੋਇਆ ਹੈ। ਇਹ ਕਈ ਵਾਰ ਬਣਿਆ ਤੇ ਕਈ ਵਾਰ ਢਹਿਆ। ਇਥੋਂ ਮਿਲੀਆਂ ਠੀਕਰੀਆਂ, ਹੱਡੀਆਂ ਅਤੇ ਕਈ ਹੋਰ ਚੀਜ਼ਾਂ ਇਸ ਕਸਬੇ ਦੇ ਪ੍ਰਾਚੀਨ ਸਮਿਆਂ ਤੋਂ ਵਸੇ ਹੋਣ ਦਾ ਸਬੂਤ ਦਿੰਦੀਆਂ ਹਨ ਪਰ ਇਥੋਂ ਪੱਕੀਆਂ ਇੱਟਾਂ ਤਾਂ ਨਹੀਂ ਮਿਲੀਆਂ। ਇਸੇ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਥੇ ਕੱਚੀਆਂ ਇਮਾਰਤਾਂ ਤੇ ਕੱਚੇ ਘਰ ਬਣੇ ਹੋਏ ਸਨ। ਇਥੋਂ ਦੀ ‘ਸ਼ਾਹੀ ਮਸਜਿਦ’ ਵਰਣਨਯੋਗ ਥਾਵਾਂ ਵਿਚੋਂ ਇਕ ਹੈ। ਇਹ ਬਹੁਤ ਉੱਚੀ ਥਾਂ ਤੇ ਬਣੀ ਹੋਈ ਹੈ। ਮੁੱਢ ਤੋਂ ਮੁਸਲਮਾਨਾਂ ਦਾ ਪਿੰਡ ਹੋਣ ਕਾਰਨ ਇਥੇ ਕਈ ਕਬਰਾਂ ਅਤੇ ਮਸੀਤਾਂ ਵੀ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ‘ਪੀਰ ਸੁਸ਼ਾ’ ਦੀ ਕਬਰ ਹਾਲੇ ਤੀਕ ਬਾਕੀ ਹੈ ਜਿਥੇ ਹਰ ਵੀਰਵਾਰ ਦੇ ਦਿਨ ਲੋਕ ਦੀਵਾ ਜਗਾਉਂਦੇ ਹਨ। ਇਥੇ ਸੰਤ ਤੇਜਾ ਸਿੰਘ ਦਾ ਗੁਰਦੁਆਰਾ ਵੀ ਹੈ। ਇਸ ਗੁਰਦੁਆਰੇ ਦੇ ਆਲੇ-ਦੁਆਲੇ ਦਰਖ਼ਤ ਅਤੇ ਇਕ ਢਾਬ ਹੈ।

          ਕਸਬੇ ਦੇ ਬੱਝਣ ਬਾਰੇ ਖ਼ਿਆਲ ਹੈ ਕਿ ਇਹ ਰਜ਼ੀਆ ਬੇਗ਼ਮ ਵੇਲੇ ਜਾਂ ਅਕਬਰ ਬਾਦਸ਼ਾਹ ਦੇ ਸਮੇਂ ਉਸਰਿਆ ਹੋਵੇਗਾ। ਉਸ ਸਮੇਂ ਦੀ ਬਣੀ ਇਥੇ ਇਕ ਖ਼ੂਹੀ ਵੀ ਮਿਲੀ ਹੈ। ਖ਼ਿਆਲ ਹੈ ਕਿ ਪਿੰਡ ਦੇ ਚਾਰੇ ਪਾਸੇ ਫ਼ਸੀਲ ਬਣੀ ਹੋਈ ਸੀ। ਇਥੇ ਇਕ ਕੋਟ ਉਸਾਰਿਆ ਗਿਆ ਸੀ। ਪਿੰਡ ਦਾ ਜਲਾਲਾਬਾਦ ਨਾਂ ਜਲਾਲ ਖ਼ਾਂ ਮੁਸਲਮਾਨ ਜਿਹੜਾ ਪ੍ਰਿਥਵੀ ਰਾਜ ਦੇ ਖ਼ਾਨਦਾਨ ਵਿਚੋਂ ਸੀ, ਦੇ ਨਾਂ ਤੇ ਪਿਆ। ਇਹ ਇਧਰ ਭੱਜ ਕੇ ਆਇਆ ਸੀ ਤੇ ਇਥੇ ਹੀ ਵਸ ਗਿਆ। ਮਗਰੋਂ ਇਸ ਦੀਆਂ ਕਈ ਪੀੜੀਆਂ ਚਲਦੀਆਂ ਰਹੀਆਂ ਜਿਨ੍ਹਾਂ ਦੇ ਨਾਵਾਂ ਤੇ ਪਿੰਡ ਦੀਆਂ ਪੱਤੀਆਂ ਅਤੇ ਠੁੱਲ੍ਹੇ ਬਣੇ ਹੋਏ ਹਨ। ਇਸ ਖ਼ਾਨਦਾਨ ਦੇ ਸਾਰੇ ਮੁਸਲਮਾਨ ਵੰਡ ਵੇਲੇ ਪਾਕਿਸਤਾਨ ਚਲੇ ਗਏ। ਇਸ ਪਿੱਛੋਂ ਹਿੰਦੂ ਤੇ ਸਿੱਖ ਇਥੇ ਆ ਕੇ ਵੱਸ ਗਏ।

          ਇਥੇ ਡੀ. ਏ. ਵੀ. ਸਕੂਲ, ਗਿਆਨੀ ਗੁਰਬਖ਼ਸ਼ ਸਿੰਘ ਡੀ. ਏ. ਵੀ. ਕਾਲਜ ਅਤੇ ਸ਼ਿਵਾਲਿਕ ਪਬਲਿਕ ਸਕੂਲ ਵਰਗੀਆਂ ਵਿੱਦਿਅਕ ਸੰਸਥਾਵਾਂ ਵੀ ਸਥਾਪਿਤ ਹਨ। ਕਣਕ ਤੇ ਚੌਲ ਇਸ ਖੇਤਰ ਦੀਆਂ ਮੁੱਖ ਉਪਜਾਂ ਹਨ ਜਿਸਦੇ ਫ਼ਲਸਰੂਪ ਇਥੇ ਰਾਈਸ ਸ਼ੈਲਰ ਲੱਗੇ ਹੋਏ ਹਨ। ਹਰ ਸਾਲ ਇਥੇ ਪਸ਼ੂਆਂ ਦੀ ਮੰਡੀ ਵੀ ਲਗਦੀ ਹੈ ਜਿਸ ਕਰਕੇ ਇਹ ਕਸਬਾ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ।

          ਆਬਾਦੀ––23,108 (1991)

          ਹ. ਪੁ.––ਜਲਾਲਾਬਾਦ––ਇਕ ਸਭਿਆਚਾਰਕ ਤੇ ਸਾਹਿਤਕ ਸਰਵੇਖਣ––ਭਾਸ਼ਾ ਵਿਭਾਗ, ਪੰਜਾਬ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.