ਜਸਵੰਤ ਗਿੱਲ ਡਾ. ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਸਵੰਤ (ਗਿੱਲ) ਡਾ. : ਪੰਜਾਬ ਦੀ ਇਸ ਉੱਘੀ ਸਾਹਿਤਕਾਰ ਦਾ ਜਨਮ 20 ਮਈ, 1921 ਨੂੰ ਬਲੋਚਿਸਤਾਨ ਦੇ ਕੋਇਟਾ ਸ਼ਹਿਰ (ਪਾਕਿਸਤਾਨ) ਵਿਖੇ ਸ. ਕਪੂਰ ਸਿੰਘ ਦੇ ਘਰ ਹੋਇਆ। ਐਮ. ਬੀ. ਬੀ. ਐਸ. ਪਾਸ ਕਰਕੇ ਇਸ ਨੇ ਡਾਕਟਰੀ ਦਾ ਕਿੱਤਾ ਅਪਣਾਇਆ।

ਡਾਕਟਰੀ ਦੇ ਨਾਲ-ਨਾਲ ਮੁੱਢ ਤੋਂ ਹੀ ਇਸ ਦੀ ਰੁਚੀ ਸਾਹਿਤ ਵਿਚ ਵੀ ਰਹੀ ਹੈ। ਇਸ ਨੇ ਨਸ਼ਤਰ ਅਤੇ ਕਲਮ ਦੋਹਾਂ ਨਾਲ ਮਨੁੱਖੀ ਮਨ ਅਤੇ ਸਰੀਰ ਦੀ ਇਕ ਸੁਰ ਸਾਂਝ ਉੱਤੇ ਆਧਾਰਿਤ ਨਰੋਏ ਸਮਾਜ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਮਰਦ ਅਤੇ ਔਰਤ ਦੇ ਸਰੀਰਕ ਸਾਂਝ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਅਤੇ ਆਤਮਿਕ ਸਬੰਧਾਂ ਦਾ ਖ਼ੂਬਸੂਰਤ ਢੰਗ ਨਾਲ ਵਰਣਨ ਕੀਤਾ ਹੈ।ਡਾ. ਜਸਵੰਤ ਗਿੱਲ ਦੀਆਂ ਆਪਣੀਆਂ ਰਚਨਾਵਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਤੇ ਸਾਹਿਤਕ ਸੁਹਜ-ਸੁਆਦ ਦਾ ਸੁਮੇਲ ਬਣਿਆ ਰਹਿੰਦਾ ਹੈ। ਅਰੋਗਤਾ ਮਾਰਗ, ਨਾਰੀ ਅਰੋਗਤਾ, ਰੋਗਾਂ ਦੀ ਕਹਾਣੀ, ਪਾਚਣ ਪ੍ਰਣਾਲੀ, ਬਾਲ ਵਰੇਸ, ਬਹੂ ਬੇਟੀਆਂ ਦੇ ਨਾਂ, ਵਿਆਹੀ ਮੁਟਿਆਰ ਦੀ ਅਗਵਾਈ, ਬਾਲ ਕਹਾਣੀਆਂ ਆਦਿ ਇਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ। ਇਸ ਦੀਆਂ ਕਈ ਰਚਨਾਵਾਂ ਨੂੰ ਪੁਰਸਕਾਰ ਮਿਲ ਚੁੱਕੇ ਹਨ। ਸੰਨ 1969 ਵਿਚ ਪੁਸਤਕ ‘ਬਹੂ ਬੇਟੀਆਂ ਦੇ ਨਾਂ’ ਉੱਤੇ ਇਸ ਨੂੰ ਯੂਨੈਸਕੇ ਵਲੋਂ ਪਹਿਲਾ ਇਨਾਮ ਪ੍ਰਾਪਤ ਹੋਇਆ। ‘ਆਪਣੇ ਬਾਲ ਨੂੰ ਸਮਝੋ’ ਸਮੇਤ ਇਸ ਨੇ ਕੁਝ ਪੁਸਤਕਾਂ ਦਾ ਸਫ਼ਲ ਅਨੁਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ, ਇਸ ਦੇ ਪ੍ਰੀਤ ਲੜੀ, ਆਰਸੀ, ਹੇਮ ਜੋਤੀ, ਕੌਮੀ ਏਕਤਾ ਅਤੇ ਅਨੇਕ ਅਖ਼ਬਾਰਾਂ ਵਿਚ ਸਿਹਤ ਵਿਗਿਆਨ ਸਬੰਧੀ ਲੇਖ ਛਪਦੇ ਰਹਿੰਦੇ ਹਨ।
ਸਾਹਿਤਕ ਖੇਤਰ ਵਿਚ ਇਸ ਦੇ ਉੱਘੇ ਯੋਗਦਾਨ ਸਦਕਾ ਭਾਸ਼ਾ ਵਿਭਾਗ, ਪੰਜਾਬ ਨੇ 1988 ਵਿਚ ਇਸ ਨੂੰ ਸ਼੍ਰੋਮਣੀ ਲੇਖਕ ਵਜੋਂ ਸਨਮਾਨਿਤ ਕੀਤਾ।
ਹ. ਪੁ.––ਸੁ. ਸਾ. ਸਨ. ਸਮਾ––1988
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First