ਜਾਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਪ [ ਨਾਂਪੁ ] ਕਿਸੇ ਵਾਕ ਨੂੰ ਵਾਰ-ਵਾਰ ਪੜ੍ਹਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਪ. ਸੰ. ਸੰਗ੍ਯਾ— ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ । ੨ ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. “ ਅੰਮ੍ਰਿਤ ਵੇਲੇ ਜਾਪ ਉਚਾਰਾ.” ( ਵਾਰ ੧ ) ੩ ਗ੍ਯਾਨ. ਦੇਖੋ , ਗ੍ਯਪ ਧਾ । ੪ ਦੇਖੋ , ਜਾਪਜੀ. “ ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ । ਸੋ ਵਿਸਟਾ ਕਾ ਕਿਰਮ ਹੁਇ.” xxx ( ਰਹਿਤ ) ੫ ਦੇਖੋ , ਜਾਪਿ । ੬ ਦੇਖੋ , ਜਾਪਨ । ੭ ਦੇਖੋ , ਜਾਪੇ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਪ / ਜਾਪ : ਨਾਮ ਸਿਮਰਨ ਦੀ ਵਿਧੀ ਦਾ ਨਾਮਾਂਤਰ ਹੈ ਜਪ/ਜਾਪ । ‘ ਜਪ ’ ਕਰਨ ਦੀ ਭਾਰਤੀ ਸੰਸਕ੍ਰਿਤੀ ਵਿਚ ਬੜੀ ਦੀਰਘ ਪਰੰਪਰਾ ਹੈ । ਵੈਦਿਕ ਸਾਹਿਤ ਤੋਂ ਲੈ ਕੇ ਪੌਰਾਣਿਕ ਸਾਹਿਤ ਤਕ ਇਸ ਦੇ ਮਹੱਤਵ ਦਾ ਪ੍ਰਤਿਪਾਦਨ ਹੋਇਆ ਹੈ । ਬੌਧ-ਮਤ ਦੀ ਮੰਤ੍ਰਯਾਨ-ਸ਼ਾਖਾ ਵਿਚ ਮੰਤ੍ਰ-ਜਪ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ । ‘ ਨਾਰਦ ਭਕੑਤਿ-ਸੂਤ੍ਰ’ ( 82 ) ਵਿਚ ਇਸ ਨੂੰ ‘ ਸੑਮਰਣ-ਆਸਕੑਤਿ’ ਵਜੋਂ ਮਾਨਤਾ ਦਿੱਤੀ ਗਈ ਹੈ । ‘ ਮਨੁ-ਸਮ੍ਰਿਤੀ’ ( 2/85 ) ਵਿਚ ਤਿੰਨ ਤਰ੍ਹਾਂ ਦੇ ਜਪਾਂ ਦੀ ਕਲਪਨਾ ਕੀਤੀ ਗਈ ਹੈ , ਜਿਵੇਂ ਵਾਚਿਕ , ਉਪਾਂਸ਼ੂ ਅਤੇ ਮਾਨਸ । ਇਨ੍ਹਾਂ ਤਿੰਨਾਂ ਦੀ ਉਤਰੋਤਰ ਸ੍ਰੇਸ਼ਠਤਾ ਦਸੀ ਗਈ ਹੈ ।

                  ‘ ਵਾਚਿਕ-ਜਪ’ ਉਹ ਜਪ ਹੈ , ਜਿਸ ਵਿਚ ਮੰਤ੍ਰਾਂ ਦਾ ਸਪੱਸ਼ਟ ਉੱਚਾਰਣ ਕੀਤਾ ਜਾਵੇ । ‘ ਉਪਾਂਸ਼ੂ’ ਉਹ ਜਪ ਹੈ ਜੋ ਬੜੀ ਧੀਮੀ ਸੁਰ ਵਿਚ ਕੀਤਾ ਜਾਏ ਤਾਂ ਜੋ ਨੇੜੇ ਬੈਠਾ ਮਨੁੱਖ ਵੀ ਨ ਸੁਣ ਸਕੇ , ਬਸ ਬੁਲ੍ਹ ਹਿਲਦੇ ਨਜ਼ਰ ਆਉਣ । ‘ ਮਾਨਸ-ਜਪ’ ਦਾ ਸੰਬੰਧ ਮਨ ਦੇ ਚਿੰਤਨ ਨਾਲ ਹੈ । ਵਰਣਾਂ ਅਤੇ ਪਦਾਂ ਦੇ ਭੇਦ ਨਾਲ ਬੁੱਧੀ ਰਾਹੀਂ ਮੰਤ੍ਰ ਦਾ ਅਰਥ ਸਮਝਿਆ ਜਾਏ । ਮਾਨਸ-ਜਪ ਵਿਚ ਜੀਭ ਅਚਲ ਰਹਿੰਦੀ ਹੈ । ਇਨ੍ਹਾਂ ਤਿੰਨਾਂ ਜਪਾਂ ਵਿਚੋਂ ‘ ਮਾਨਸ-ਜਪ’ ਸ੍ਰੇਸ਼ਠ ਹੈ ਕਿਉਂਕਿ ਵਾਚਿਕ-ਜਪ ਵਿਚ ਸਾਧਕ ਆਪਣੀ ਸ਼ਕਤੀ ਭਾਵਨਾ ਦੀ ਥਾਂ’ ਤੇ ਬਾਹਰਲੇ ਉੱਚਾਰਣ ਦੀ ਕ੍ਰਿਆ ਉਤੇ ਅਧਿਕ ਕੇਂਦ੍ਰਿਤ ਕਰਦਾ ਹੈ ਅਤੇ ਉਪਾਂਸ਼ੂ ਵਿਚ ਬਾਹਰਲੀ ਕ੍ਰਿਆ ਦੇ ਮੁਕਾਬਲੇ’ ਤੇ ਭਾਵਨਾ ਨੂੰ ਅਧਿਕ ਸਥਾਨ ਦਿੰਦਾ ਹੈ । ਪਰ ਮਾਨਸ-ਜਪ ਵਿਚ ਬਾਹਰਲੀ ਕ੍ਰਿਆ ਬਿਲਕੁਲ ਖ਼ਤਮ ਹੋ ਜਾਂਦੀ ਹੈ ਅਤੇ ਭਾਵਨਾ ਪੂਰੀ ਤਰ੍ਹਾਂ ਸਥਿਤ ਹੋ ਜਾਂਦੀ ਹੈ । ਇਸੇ ਨੂੰ ਵਿਦਵਾਨ ਸਮਾਧੀ ਦੀ ਅਵਸਥਾ ਵੀ ਕਹਿੰਦੇ ਹਨ ।

                      ਉਪਰੋਕਤ ਤਿੰਨ ਜਪਾਂ ਤੋਂ ਇਲਾਵਾ ਹੋਰ ਵੀ ਕਈ ਜਪ-ਵਿਧੀਆਂ ਪ੍ਰਚਲਿਤ ਹਨ , ਜਿਵੇਂ ਨਿੱਤ-ਜਪ , ਨੈਮਿਤਿਕ-ਜਪ ( ਜੋ ਵਿਸ਼ੇਸ਼ ਪਰਵਾਂ’ ਤੇ ਕੀਤਾ ਜਾਂਦਾ ਹੋਵੇ ) , ਕਾਮਨਾ-ਜਪ ( ਜੋ ਕਿਸੇ ਇੱਛਾ ਦੀ ਪੂਰਤੀ ਲਈ ਕੀਤਾ ਜਾਏ ) , ਨਿਸ਼ਿੱਧ-ਜਪ ( ਜੋ ਨਿਯਮ ਦੇ ਵਿਪਰੀਤ ਜਾਂ ਅਸ਼ੁੱਧ ਢੰਗ ਨਾਲ ਕੀਤਾ ਜਾਏ ) , ਪ੍ਰਾਸਚਿਤ-ਜਪ ( ਜੇ ਕਿਸੇ ਮਾੜੇ ਕਰਮ ਦੇ ਪਛਤਾਵੇ ਲਈ ਕੀਤਾ ਜਾਏ ) । ਇਨ੍ਹਾਂ ਤੋਂ ਇਲਾਵਾ ਅਕਾਲ-ਜਪ , ਚਲ-ਜਪ , ਭ੍ਰਮਰ-ਜਪ , ਅਖੰਡ-ਜਪ , ਪ੍ਰਦਖਣਾ-ਜਪ ਆਦਿ ਨਾਂ ਦੇ ਜਪਾਂ ਦਾ ਵੀ ਉੱਲੇਖ ਹੋਇਆ ਮਿਲਦਾ ਹੈ ।

                  ‘ ਭਗਵਦ-ਗੀਤਾ’ ( 10/25 ) ਵਿਚ ਜਪ-ਯੱਗ ਨੂੰ ਸ੍ਰੇਸ਼ਠ ਮੰਨਿਆ ਗਿਆ ਹੈ । ਪਤੰਜਲੀ ਨੇ ‘ ਯੋਗਸੂਤ੍ਰ’ ( 1/27-28 ) ਵਿਚ ਜਪ ਨੂੰ ਸਿੱਧਾਂਤਿਕਤਾ ਪ੍ਰਦਾਨ ਕਰਦੇ ਹੋਇਆਂ ਦਸਿਆ ਹੈ ਕਿ ਜਪ ਦਾ ਅਭਿਆਸ ਭਗਵਾਨ ਦੀ ਪ੍ਰਾਪਤੀ ਦਾ ਬਹੁਤ ਉਪਯੋਗੀ ਸਾਧਨ ਹੈ । ਤੰਤ੍ਰ-ਸਾਹਿਤ ਵਿਚ ਚਾਹੇ ਉਹ ਵੈਸ਼ਣਵ ਹੋਵੇ , ਚਾਹੇ ਸ਼ਾਕਤ , ਜਪ ਦੀ ਅਮੋਘਤਾ ਵਿਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ । ਇਸ ਤਰ੍ਹਾਂ ਜਪ ਸੰਬੰਧੀ ਇਕ ਲੰਬੀ ਪਰੰਪਰਾ ਭਾਰਤੀ ਸੰਸਕ੍ਰਿਤੀ ਵਿਚ ਮੌਜੂਦ ਹੈ ਜਿਸ ਦਾ ਆਰੰਭ ਵੈਦਿਕ ਕਾਲ ਤੋਂ ਮੰਤ੍ਰਾਂ ਦੇ ਜਪ ਜਾਂ ਉਨ੍ਹਾਂ ਦੇ ਅਰਥ ਅਤੇ ਭਾਵਨਾ ਸਹਿਤ ਹੁੰਦਾ ਸੀ , ਪਰ ਪਤੰਜਲਿ ਨੇ ਭਾਵਨਾ ਉਤੇ ਅਧਿਕ ਬਲ ਦਿੱਤਾ ਅਤੇ ਤੰਤ੍ਰ-ਯੁਗ ਵਿਚ ਅਰਥ ਤੋਂ ਸਾਰਾ ਮਹੱਤਵ ਹਟ ਕੇ ਕੇਵਲ ਭਾਵਨਾ ਅਤੇ ਸ਼ਰਧਾਪੂਰਵਕ ਜਪ ਉਤੇ ਆ ਗਿਆ । ਪੁਰਾਣਾਂ ਅਤੇ ਉਪ-ਪੁਰਾਣਾਂ ਵਿਚ ਨਾਮ-ਜਪ ਦੇ ਮਹੱਤਵ ਨੂੰ ਸੁਤੰਤਰ ਰੂਪ ਵਿਚ ਜਾਂ ਉਪਮਾਨ-ਵਿਧਾਨ ਅਤੇ ਕਥਾ-ਪ੍ਰਸੰਗਾਂ ਰਾਹੀਂ ਵਿਸਤਾਰ ਸਹਿਤ ਸਪੱਸ਼ਟ ਕੀਤਾ ਗਿਆ ਹੈ ।

                      ਸਪੱਸ਼ਟ ਹੈ ਕਿ ਮੱਧ-ਕਾਲ ਦੇ ਸੰਤ ਅਤੇ ਭਗਤ ਸਾਧਕਾਂ ਨੂੰ ਜਪ ਦੀ ਇਕ ਦੀਰਘ ਪਰੰਪਰਾ ਮਿਲੀ ਸੀ , ਜਿਸ ਦੀਆਂ ਤਿੰਨ ਵਿਧੀਆਂ ਹਨ— ਵਾਚਿਕ ( ਜਿਸ ਵਿਚ ਸ੍ਵਰ ਉਚਰਿਤ ਹੋਵੇ ) , ਕਾਇਕ ( ਜਿਸ ਵਿਚ ਕੇਵਲ ਹੋਂਠ ਹਿਲਣ ) ਅਤੇ ਮਾਨਸਿਕ ( ਜੋ ਕੇਵਲ ਮਨ ਵਿਚ ਹੋਵੇ ) । ਡਾ. ਪੀਤਾਂਬਰ ਦੱਤ ਬੜਥਵਾਲ ( ਹਿੰਦੀ ਕਾਵੑਯ ਮੇਂ ਨਿਰਗੁਣ ਸੰਪ੍ਰਦਾਇ ) ਨੇ ਇਨ੍ਹਾਂ ਤਿੰਨਾਂ ਨੂੰ ਕ੍ਰਮਵਾਰ ਜਾਪ , ਅਜਪਾ- ਜਾਪ ਅਤੇ ਅਨਾਹਤ ਜਾਪ ਨਾਂ ਦਿੱਤੇ ਹਨ ।

                      ਗੁਰਬਾਣੀ ਵਿਚ ਨਾਮ-ਜਪ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰੂ ਅਮਰਦਾਸ ਜੀ ਨੇ ਮੁਕਤੀ ਦੀ ਪ੍ਰਾਪਤੀ ਲਈ ਦਿਲੋਂ ਕੀਤੇ ਨਾਮ-ਜਪ ਨੂੰ ਹੀ ਸਭ ਤੋਂ ਸ੍ਰੇਸ਼ਠ ਸਾਧਨ ਮੰਨਿਆ ਹੈ— ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ ( ਗੁ.ਗ੍ਰੰ.565 ) । ਗੁਰਬਾਣੀ ਵਿਚ ਜਪ ਦੀਆ ਤਿੰਨ ਵਿਧੀਆਂ ਦੀ ਸਥਾਪਨਾ ਹੋਈ ਹੈ— ਜਪ ( ਸਾਧਾਰਣ ) , ਅਜਪਾ-ਜਪ ਅਤੇ ਲਿਵ-ਜਪ

                  ‘ ਸਾਧਾਰਣ ਜਪ’ ਉਹ ਜਪ ਹੈ ਜਿਸ ਦੇ ਕਰਨ ਵੇਲੇ ਜੀਭ ਹਿਲਦੀ ਹੈ ਅਤੇ ਮੂੰਹ ਤੋਂ ਸ੍ਵਰ ਨਿਕਲਦਾ ਹੈ । ਅਜਿਹਾ ਜਪ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਜਿਗਿਆਸੂ ਨੂੰ ਬਹੁਤ ਪ੍ਰੇਰਣਾ ਦਿੱਤੀ ਹੈ— ਰਸਨਾ ਨਾਮੁ ਜਪਹੁ ਤਬ ਮਥੀਏ ਇਨ ਬਿਧਿ ਅੰਮ੍ਰਿਤੁ ਪਾਵਹੁ ( ਗੁ.ਗ੍ਰੰ. 728 ) । ਕਿਉਂਕਿ ਕੋਈ ਵੀ ਧਰਮ-ਸਾਧਨਾ ਹੋਵੇ , ਆਰੰਭ ਵਿਚ ਉਹ ਬਾਹਰਲੇ ਸਾਧਨਾਂ’ ਤੇ ਹੀ ਨਿਰਭਰ ਹੁੰਦੀ ਹੈ । ਹੌਲੀ ਹੌਲੀ ਬਾਹਰਲੇ ਸਾਧਨ ਪੂਰੇ ਹੁੰਦੇ ਜਾਂਦੇ ਹਨ ਅਤੇ ਜਪ-ਬਿਰਤੀ ਦੇ ਸਿਖਰ ਉਤੇ ਪਹੁੰਚਣ’ ਤੇ ਹੋਠ ਹਿਲਣੇ ਬੰਦ ਹੋ ਜਾਂਦੇ ਹਨ । ਅਜਪਾ-ਜਪ ਅਤੇ ਲਿਵ-ਜਪ ਦਾ ਇਹੀ ਮੂਲ ਆਧਾਰ ਹੈ । ਇਸ ਵਿਚ ਲੀਨ ਸਾਧਕ ਉਚਿਤ ਅਵਸਥਾ ਵਿਚ ਪਹੁੰਚਣ ਉਤੇ ਅਗਲੇ ਜਪਾਂ ਵਲ ਕੇਂਦ੍ਰਿਤ ਹੁੰਦਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਜਿਗਿਆਸੂ ਲਈ ਅਜਿਹੇ ਮੁੱਢਲੇ ਜਾਂ ਬੁਨਿਆਦੀ ਜਪ ਦੀ ਬਹੁਤ ਅਧਿਕ ਲੋੜ ਮਹਿਸੂਸ ਕਰਦੇ ਸਨ । ਇਸੇ ਲਈ ਉਨ੍ਹਾਂ ਨੇ ਆਪਣੀ ਇਕ ਪ੍ਰਮੁਖ ਬਾਣੀ ਦਾ ਨਾਂ ਹੀ ‘ ਜਪੁ’ ਰਖਿਆ ਹੈ ।

                  ‘ ਅਜਪਾ-ਜਪ’ ਉਹ ਜਪ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਯਤਨ ਨਹੀਂ ਕਰਨਾ ਪੈਂਦਾ । ਬਾਹਰਲੇ ਸਾਧਨ ( ਜੀਭ , ਮਾਲਾ , ਉਂਗਲੀਆਂ ਆਦਿ ) ਦੀ ਲੋੜ ਖ਼ਤਮ ਹੋ ਜਾਂਦੀ ਹੈ । ਇਸ ਵਿਚ ਮਨ ਦੀ ਇਕਾਗ੍ਰਤਾ ਦਾ ਬਹੁਤ ਮਹੱਤਵ ਹੈ । ਇਸ ਸਥਿਤੀ ਵਿਚ ਆਤਮਾ ਅੰਦਰੋਂ ਅੰਦਰ ਈਸ਼ਵਰੀ ਭਾਵਨਾ ਦੇ ਸਨਮੁਖ ਆਪਣੇ ਆਪ ਨੂੰ ਅਰਪਿਤ ਕਰ ਦਿੰਦੀ ਹੈ , ਫਿਰ ਸ਼ਬਦ ਨੂੰ ਉਚਰਨ ਦੀ ਲੋੜ ਹੀ ਨਹੀਂ ਰਹਿੰਦੀ । ਇਸ ਪ੍ਰਕਾਰ ਦੇ ਜਪ ਦੀ ਬੌਧਾਂ ਅਤੇ ਸਿੱਧਾਂ ਵਿਚ ਬਹੁਤ ਮਾਨਤਾ ਰਹੀ ਹੈ । ਇਸ ਨੂੰ ‘ ਸਹਿਜ-ਜਪ’ ਵੀ ਕਿਹਾ ਜਾਂਦਾ ਹੈ । ਨਾਥ-ਪੰਥ ਅਤੇ ਸੰਤ-ਸਾਧਕਾਂ ਨੇ ਇਸ ਪ੍ਰਕਾਰ ਦੇ ਜਪ ਨੂੰ ਬਹੁਤ ਮਾਨਤਾ ਦਿੱਤੀ ਹੈ ਕਿਉਂਕਿ ਇਸ ਰਾਹੀਂ ਮਨ , ਬੁੱਧੀ , ਚਿੱਤ ਅਤੇ ਹਉਮੈ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦੀਆਂ ਹਨ ਅਤੇ ਜਪ ਦੀ ਅਖੰਡ ਧਾਰਾ ਪ੍ਰਵਾਹਿਤ ਹੋਣ ਲਗਦੀ ਹੈ । ਗੁਰਬਾਣੀ ਵਿਚ ਅਜਪਾ-ਜਪ ਉਤੇ ਬਹੁਤ ਬਲ ਦਿੱਤਾ ਗਿਆ ਹੈ— ਅਜਪਾ ਜਾਪੁ ਜਪੈ ਮੁਖਿ ਨਾਮ ( ਗੁ.ਗ੍ਰੰ.840 ) ; ਅਜਪਾ ਜਾਪੁ ਵੀਸਰੈ ਆਦਿ ਜੁਗਾਦਿ ਸਮਾਇ ( ਗੁ.ਗ੍ਰੰ. 1291 ) ।

                      ‘ ਲਿਵ-ਜਪ’ ਤੋਂ ਭਾਵ ਹੈ ਪੂਰਣ ਲੀਨਤਾ । ‘ ਲਿਵਸੰਸਕ੍ਰਿਤ ਦੇ ‘ ਲਯ’ ਸ਼ਬਦ ਤੋਂ ਬਣਿਆ ਹੈ । ਇਹ ਜਪ ਤਿੰਨ ਪ੍ਰਕਾਰ ਦੇ ਜਪਾਂ ਵਿਚੋਂ ਉਤਮ ਅਤੇ ਅੰਤਿਮ ਹੈ । ਇਸ ਵਿਚ ਸੁਰਤਿ ਰਾਹੀਂ ਜਪ ਹੋਣ ਲਗਦਾ ਹੈ । ਹਰ ਇਕ ਰੋਮ ਤੋਂ ਈਸ਼ਵਰੀ ਗੁਣ-ਗਾਨ ਜਾਂ ਉਸਤਤਿ ਦੀ ਨ ਸੁਣੀ ਜਾ ਸਕਣ ਵਾਲੀ ਧੁਨੀ ਨਿਕਲਦੀ ਹੈ । ਜਦ ਇਹ ਹਾਲਤ ਸਥਿਰ ਹੋ ਜਾਂਦੀ ਹੈ ਤਦ ‘ ਅਨਾਹਤ’ ਸ਼ਬਦ ਸੁਣੀਂਦਾ ਹੈ । ਇਸ ਨੂੰ ਧਿਆਨ ਦੀ ਅਵਸਥਾ ਕਹਿੰਦੇ ਹਨ । ਇਸ ਵਿਚ ਮਾਨਸਿਕ ਇਕਾਗ੍ਰਤਾ ਹੁੰਦੀ ਹੈ ਅਤੇ ਸਾਧਕ ਪਰਮਾਤਮਾ ਵਿਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ । ਇਸ ਅਵਸਥਾ ਦੀ ਪ੍ਰਾਪਤੀ ਗੁਰੂ ਦੀ ਸਿਖਿਆ ਅਤੇ ਕ੍ਰਿਪਾ ਦੁਆਰਾ ਹੁੰਦੀ ਹੈ । ਜਿਵੇਂ— ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ( ਗੁ.ਗ੍ਰੰ.1025 ) ; ਗੁਰਮੁਖਿ ਜਾਗਿ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤਿ ਜਾਤੀ ( ਗੁ.ਗ੍ਰੰ. 1024 ) ।

                      ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਜਪ ਅਥਵਾ ਨਾਮ-ਜਪ ਨੂੰ ਪ੍ਰਮੁਖ ਸਥਾਨ ਪ੍ਰਾਪਤ ਰਿਹਾ ਹੈ । ਨਾਮ- ਜਪ ਦੀ ਵਡਿਆਈ ਉਤਰੋਤਰ ਵਧਦੀ ਹੈ । ਅਧਿਆਤਮਿਕ ਮਾਰਗ ਦੀ ਮੰਜ਼ਿਲ ਭਾਵੇਂ ਦੂਰ ਹੈ ਪਰ ਨਾਮ-ਜਪ ਰਾਹੀਂ ਉਸ ਤਕ ਸਹਿਜ ਪਹੁੰਚਿਆ ਜਾ ਸਕਦਾ ਹੈ । ਸਿੱਖ-ਸਮਾਜ ਵਿਚ ਜਪ ਕਰਨਾ ਜਾਂ ਨਾਮ ਸਿਮਰਨਾ ਧਰਮ-ਸਾਧਨਾ ਦਾ ਮੂਲ ਸਰੋਕਾਰ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.