ਜੂਰੈਸਿਕ ਸਿਸਟਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੂਰੈਸਿਕ ਸਿਸਟਮ : ਇਹ ਉਨ੍ਹਾਂ ਚਟਾਨਾਂ ਦਾ ਸਿਸਟਮ ਹੈ ਜਿਹੜੀਆਂ ਮੀਜ਼ੋਜ਼ੋਇਕ ਐਰਾ ਦੇ ਮੱਧ ਸਮੇਂ ਬਣੀਆਂ ਸਨ। ਭੂ-ਵਿਗਿਆਨਕ ਸਮਾਂ ਸਾਰਨੀ ਵਿਚ ਜੂਰੈਸਿਕ ਸਿਸਟਮ, ਟ੍ਰਾਈਐਸਿਕ ਅਤੇ ਕ੍ਰੀਟੇਸ਼ਸ ਸਿਸਟਮ ਦੇ ਵਿਚਕਾਰ ਆਉਂਦਾ ਹੈ। ਇਸ ਸਿਸਟਮ ਦਾ ਨਾਂ ਸਵਿਟਜ਼ਰਲੈਂਡ ਦੇ ਜੁਰਾ ਪਹਾੜਾਂ ਤੋਂ ਪਿਆ ਹੈ ਜਿਸ ਵਿਚ ਮੁੱਖ ਤੌਰ ਤੇ ਤਲਛੱਟੀ ਚਟਾਨਾਂ ਆਉਂਦੀਆਂ ਹਨ। ਜਵਾਲਾਮੁਖੀ ਚਟਾਨਾਂ ਕੁਝ ਹਿੱਸਿਆਂ ਤੱਕ ਹੀ ਖ਼ਾਸ ਤੌਰ ਤੇ ਉੱਤਰੀ ਅਮਰੀਕਾ ਦੀ ਪਰਬਤ ਮਾਲਾ ਤੱਕ ਸੀਮਿਤ ਹਨ। ਮੈਕ. ਐਨ. ਸ. ਟ. ਅਨੁਸਾਰ ਜੂਰੈਸਿਕ ਪੀਰੀਅਡ ਲਗਭਗ 135,000,000 ਸਾਲ ਪਹਿਲਾਂ ਖਤਮ ਹੋ ਗਿਆ ਸੀ ਅਤੇ ਇਸ ਦਾ ਆਯੂ-ਕਾਲ ਲਗਭਗ 55,60,000,000 ਸਾਲ ਦਾ ਹੈ। ਐਨ. ਬ੍ਰਿ. ਮਾ. ਅਨੁਸਾਰ ਇਹ ਪੀਰੀਅਡ 136,000,000 ਸਾਲ ਪਹਿਲਾਂ ਖਤਮ ਹੋਇਆ ਅਤੇ ਇਸ ਦਾ ਆਯੂ-ਕਾਲ 54,000,000 ਸਾਲ ਦਾ ਸੀ।

          ਕਾਲ ਵੰਡ––ਜੂਰੈਸਿਕ ਸਿਸਟਮ ਨੂੰ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਗਿਆ ਹੈ, ਹੇਠਲਾ, ਮੱਧ ਅਤੇ ਉਪਰਲਾ ਜੂਰੈਸਿਕ ਪੀਰੀਅਡ। ਕਈ ਦੇਸ਼ਾਂ ਵਿਚ (ਖ਼ਾਸ ਕਰਕੇ ਜਰਮਨੀ ਵਿਚ) ਇਨ੍ਹਾਂ ਉਪ-ਭਾਗਾਂ ਨੂੰ ਕਈ ਹੋਰ ਨਾਂ ਵੀ ਦਿੱਤੇ ਗਏ ਹਨ ਜਿਵੇਂ ਕ੍ਰਮਵਾਰ ਲਾਈਅਸ, ਡਾੱਗਰ ਅਤੇ ਮਾਮ ਜਾਂ ਕਾਲਾ, ਭੂਰਾ ਅਤੇ ਚਿੱਟਾ ਜੂਰੈਸਿਕ ਪੀਰੀਅਡ। ਇਹ ਉਪ-ਭਾਗ ਅੱਗੋਂ ਹੋਰ ਛੋਟੇ ਭਾਗਾਂ, ਸਟੇਜਾਂ ਅਤੇ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਹ ਵੰਡ ਐਮੋਨਾਇਟਾਂ ਸੈਫੈਲੋਪੋਡਾ ਦੇ ਐਮੋਨਾਇਡੀਆ ਵਰਗ ਦੀਆਂ ਉਨ੍ਹਾਂ ਕੁਝ ਜਾਤੀਆਂ ਦੇ ਆਧਾਰ ਤੇ ਕੀਤੀ ਗਈ ਹੈ ਜਿਹੜੀਆਂ ਕੁਝ ਪਰਤਾਂ ਦੀ ਖ਼ਾਸੀਅਤ ਹਨ। ਉੱਤਰ-ਪੱਛਮੀ ਯੂਰਪੀ ਸਟੈਂਡਰਡ ਸੈਕਸ਼ਨ ਨੂੰ 58 ਐਮੋਨਾਇਟ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਕ ਹੋਰ ਕਾਲ-ਵੰਡ ਉਨ੍ਹਾਂ ਕੁਝ ਬਣਤਰਾਂ ਦੇ ਆਧਾਰ ਤੇ ਕੀਤੀ ਗਈ ਹੈ ਜਿਨ੍ਹਾਂ ਦੀ ਪਰਿਭਾਸ਼ਾ ਲਿਥਾਲੋਜੀ (ਪੱਥਰ-ਵਿਗਿਆਨ) ਰਾਹੀਂ ਦਿੱਤੀ ਗਈ ਹੈ ਅਤੇ ਜਿਹੜੀਆਂ ਭੂ-ਵਿਗਿਆਨਕ ਸਾਰਨੀ ਦਾ ਆਧਾਰ ਬਣਦੀਆਂ ਹਨ।

          ਪੁਰਾ ਭੂਗੋਲ––ਜੂਰੈਸਿਕ ਪੀਰੀਅਡ ਵਿਚ ਉੱਤਰੀ ਅੰਧ-ਮਹਾਂਸਾਗਰ, ਸਕੈਂਡੀ (ਸਕੈਂਡੇਨੇਵੀ) ਅਤੇ ਉੱਤਰੀ ਹਿਮ-ਮਹਾਸਾਗਰ ਹੋਂਦ ਵਿਚ ਆਏ ਹੋਏ ਸਨ। ਉੱਤਰੀ ਅੰਧ-ਮਹਾਂਸਾਗਰ ਅਤੇ ਸਕੈਂਡੀ ਸ਼ਾਇਦ ਇਕ ਦੂਜੇ ਤੋਂ ਧਰਤੀ ਦੇ ਟੁਕੜੇ ਨਾਲ ਵੱਖ ਹੋਏ ਸਨ ਜਿਹੜਾ ਸਕਾਟਲੈਂਡ ਤੋਂ ਆਈਸਲੈਂਡ ਅਤੇ ਗ੍ਰੀਨਲੈਂਡ ਤੱਕ ਜਾਂਦਾ ਸੀ ਕਿਉਂਕਿ ਦੱਖਣੀ ਅੰਧ ਮਹਾਂਸਾਗਰ ਦੇ ਕਿਸੇ ਵੀ ਕਿਨਾਰੇ ਉੱਤੇ ਉਸ ਸਮੇਂ ਦਾ ਕੋਈ ਵੀ ਸਮੁੰਦਰੀ ਡਿਪਾਜ਼ਿਟ ਨਹੀਂ ਮਿਲਦਾ, ਇਸ ਲਈ ਹੋ ਸਕਦਾ ਹੈ ਕਿ ਗੋਂਡਵਾਨਾਲੈਂਡ ਦੇ ਪੱਛਮੀ ਇਲਾਕੇ ਵਿਚ ਅਫ਼ਰੀਕਨ-ਬ੍ਰਾਜ਼ੀਲੀਅਨ ਉਪ-ਦੀਪ ਵਾਕਿਆ ਹੋਵੇ। ਗੋਂਡਵਾਨਾ ਲੈਂਡ ਦਾ ਪੂਰਬੀ ਅੱਧਾ ਹਿੱਸਾ ਹਿੰਦ ਮਹਾਂਸਾਗਰ ਵਿਚ ਸੀ, ਇਹ ਜੂਰੈਸਿਕ ਸਮੇਂ ਵਿਚ ਸ਼ਾਇਦ ਸੁੱਕੀ ਧਰਤੀ ਸੀ ਅਤੇ ਆਸਟ੍ਰੇਲੋ-ਇੰਡੋ-ਮੈਡਾਗੈਸਕਨ ਮਹਾਦੀਪ ਜਾਂ ਲਿਮਿਊਰੀਆ ਬਣਦਾ ਸੀ। ਗੋਂਡਵਾਨਾਲੈਂਡ ਦੇ ਪੱਛਮੀ ਅਤੇ ਪੂਰਬੀ ਹਿੱਸੇ ਜੂਰੈਸਿਕ ਸਮੁੰਦਰ (ਅਫ਼ਰੀਕਾ ਦੇ ਪੂਰਬ ਵੱਲ) ਰਾਹੀਂ ਵੱਲ ਹੋਏ ਸਨ। ਜੂਰੈਸਿਕ ਮਹਾਂਸਾਗਰਾਂ ਦੇ ਸਮੁੰਦਰੀ ਨਿਖੇਪ ਅੱਜ ਵੀ ਮਹਾਂਸਾਗਰਾਂ ਦੇ ਤਲ ਦੇ ਹੇਠਾਂ ਲੁਕੇ ਹੋਏ ਹਨ। ਇਹ ਨਿਖੇਪ ਮਹਾਂਦੀਪਾਂ ਦੇ ਕੁਝ ਘੱਟ ਡੂੰਘੇ ਹਿੱਸਿਆਂ ਵਿਚੋਂ ਮਿਲਦੇ ਹਨ। ਸ਼ਾਇਦ ਹੀ ਕੋਈ ਅਜਿਹਾ ਮਹਾਦੀਪੀ ਹਿੱਸਾ ਹੋਵੇਗਾ ਜਿਹੜਾ ਸਾਰੇ ਜੂਰੈਸਿਕ ਸਮੇਂ ਵਿਚ ਇਕੋ ਥਾਂ ਤੇ ਰਿਹਾ ਹੋਵੇ। ਜੂਰੈਸਿਕ ਸਮੁੰਦਰੀ ਅਤਿਕ੍ਰਮਨਾਂ ਦਾ ਆਯੂ ਕਾਲ ਉਸ ਮਹਾਂਦੀਪ ਦੀ ਰਚਨਾ ਉੱਤੇ ਨਿਰਭਰ ਕਰਦਾ ਹੈ ਜਿਹੜਾ ਰੁੜ੍ਹ ਗਿਆ ਸੀ। ਸਥਿਰ ਸ਼ੈਲਫਾਂ (ਜਿਵੇਂ ਰੂਸ ਦੇ ਯੂਰਪੀ ਹਿੱਸੇ ਵਿਚ ਮਿਲਦੇ ਹਨ) ਉੱਤੇ ਜੂਰੈਸਿਕ ਤਲਛੱਟਾਂ ਦੀ ਪਤਲੀ ਤੇ ਅਧੂਰੀ ਤਹਿ ਸੀ ਅਤੇ ਘੱਟ ਸਥਿਰ ਸ਼ੈਲਫਾਂ (ਜਿਵੇਂ ਉੱਤਰ-ਪੱਛਮੀ ਯੂਰਪ ਵਿਚ) ਉੱਤੇ ਮੋਟੇ ਨਿਖੇਪ ਜਮ੍ਹਾਂ ਹੋਏ ਹਨ। ਜ਼ਿਆਦਾ ਮੋਟੀਆਂ ਤਲਛੱਟਾਂ ਭੂ-ਅਭਿਨਤੀ ਹਿੱਸਿਆਂ ਜਿਵੇਂ ਅਮਰੀਕੀ ਪਰਬਤ ਲੜੀ, ਉੱਤੇ ਜਮ੍ਹਾਂ ਹੋਏ ਸਨ ਜਿਨ੍ਹਾਂ ਤੋਂ ਸਰਕਮ ਪੈਸਿਫਿਕ ਮੋਬਾਈਲ ਬੈਲਟ ਦਾ ਹਿੱਸਾ ਬਣਿਆ ਸੀ। ਦੂਜੀ ਮੋਬਾਈਲ ਬੈਲਟ ਰੂਮ-ਸਾਗਰ ਤੋਂ ਫ਼ਾਰਸ, ਹਿਮਾਲੀਆ ਅਤੇ ਇੰਡੋਨੇਸ਼ੀਆ ਤੱਕ ਹੈ। ਇਹ ਹਿੱਸੇ ਬੜੀ ਤੇਜ਼ੀ ਨਾਲ ਡੁੱਬਣ ਵਾਲੇ ਗਰਤ (ਡੂੰਘ) ਸਨ। ਇਨ੍ਹਾਂ ਦੇ ਆਲੇ-ਦੁਆਲੇ ਦੀ ਤੇਜ਼ੀ ਨਾਲ ਉਪਰ ਉੱਠਦੀ ਧਰਤੀ ਦੇ ਖੁਰਨ ਨਾਲ ਕਾਫ਼ੀ ਤਲਛੱਟਾਂ ਇਨ੍ਹਾਂ ਡੁੱਬਦੇ ਹਿੱਸਿਆਂ ਵਿਚ ਗਿਰਦੀਆਂ ਗਈਆਂ। ਬਹੁਤ ਤੇਜ਼ੀ ਨਾਲ ਡੁੱਬਦੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਭੂ-ਅਭਿਨਤੀ ਸਮੁੰਦਰਾਂ ਦੀ ਗਹਿਰਾਈ, ਜ਼ਿਆਦਾ ਸਥਿਰ ਹਿੱਸਿਆਂ ਤੋਂ ਬਹੁਤ ਜ਼ਿਆਦਾ ਨਹੀਂ ਸੀ ਕਿਉਂਕਿ ਇਹ ਉੰਨੀ ਤੇਜ਼ੀ ਨਾਲ ਹੀ ਭਰਦੇ ਵੀ ਗਏ ਸਨ।

          ਪ੍ਰੀਕੈਂਬਰੀਅਨ ਸ਼ੀਲਡਾਂ ਜਿਹੜੇ ਭੂ-ਪਟਨ ਦੇ ਸਭ ਤੋਂ ਸਥਿਰ ਹਿੱਸੇ ਸਨ, ਜੂਰੈਸਿਕ ਸਮੇਂ ਵਿਚ ਖੁਰਦੇ ਗਏ। ਇਸ ਤਰ੍ਹਾਂ ਉੱਤਰੀ ਅਮਰੀਕਾ ਵਿਚ ਕੈਨੇਡੀਅਨ ਸ਼ੀਲਡ ਧਰਤੀ ਦਾ ਟੁਕੜਾ ਸੀ ਜਿਸ ਦੇ ਉੱਤਰ ਤੇ ਪੱਛਮ ਵਿਚ ਸਮੁੰਦਰ ਸਨ, ਸਕੈਂਡੇਨੇਵੀਅਨ ਸ਼ੀਲਡ ਵੀ ਪਿਛਲੇਰੇ ਜੂਰੈਸਿਕ ਸਮੇਂ ਵਿਚ ਸਮੁੰਦਰਾਂ ਰਾਹੀਂ ਘਿਰੀ ਹੋਈ ਸੀ।

          ਜੂਰੈਸਿਕ ਪੀਰੀਅਡ ਦੇ ਇਤਿਹਾਸ ਵਿਚ ਸਭ ਤੋਂ ਵੱਧ ਮਹੱਤਤਾ ਵਾਲੀਆਂ ਭੂ-ਰੂਪ ਜਨਕ ਹਰਕਤਾਂ ਹਨ। ਇਹ ਸਮੁੰਦਰਾਂ ਦੇ ਅਤਿਕ੍ਰਮਨ ਅਤੇ ਪ੍ਰਤਿਕ੍ਰਮਨ ਸਮੁੰਦਰੀ ਰਸਤਿਆਂ ਦੇ ਬਣਨ ਤੇ ਬੰਦ ਹੋਣ ਅਤੇ ਜੀਵ-ਜੰਤੂਆਂ ਦੇ ਪ੍ਰਵਾਸ ਦਾ ਮੁੱਖ ਕਾਰਨ ਸਨ। ਇਨ੍ਹਾਂ ਦਾ ਤਲਛੱਟਾਂ ਦੀ ਦਰ ਅਤੇ ਕਿਸਮ ਤੇ ਵੀ ਅਸਰ ਪਿਆ ਹੈ।

          ਬਨਸਪਤੀ ਅਤੇ ਜੀਵ-ਜੰਤੂ––ਜੂਰੈਸਿਕ ਯੁੱਗ ਦੀ ਬਨਸਪਤੀ ਵਿਚ ਮੁੱਖ ਤੌਰ ਤੇ ਫਰਨ (ਜਿਹੜੇ ਕੁਝ ਭਾਗਾਂ ਤੱਕ ਸੀਮਿਤ ਸਨ) ਅਤੇ ਜਿਮਨੋਸਪਰਮ ਸਨ। ਇਸ ਵਿਚੋਂ ਪ੍ਰਮੁੱਖ ਅਜੋਕੇ ਸਾਈਕੈਡ ਪੌਦਿਆਂ ਨਾਲ ਸਬੰਧਿਤ ਲੁਪਤ ਹੋ ਚੁੱਕੇ ਖ਼ਜੂਰ ਵਰਗੇ ਸਾਈਕੈਡਿਆੱਇਡ ਜਿਵੇਂ Taeniopteris, Nilssonia ਅਤੇ Pterophyllum ਸਨ। ਜਿੰਕੋ ਪੌਦੇ ਵੀ ਬਹੁਤ ਵਿਸਤ੍ਰਿਤ ਮਿਲਦੇ ਸਨ ਅਤੇ ਚੀਲ, ਦਿਆਰ ਤੇ ਕਈ ਹੋਰ ਕੋਨ ਬਿਰਛ ਵੀ ਆਮ ਦਿੱਸਦੇ ਸਨ ਅਤੇ ਚੀਲ, ਦਿਆਰ ਤੇ ਕਈ ਹੋਰ ਕੋਨ ਬਿਰਛ ਵੀ ਆਮ ਦਿੱਸਦੇ ਸਨ। ਪਰਾਗ ਕਣਾਂ ਤੋਂ ਐਜਿਓਸਪਰਮਾਂ ਦੀ ਹੋਂਦ ਦਾ ਵੀ ਪਤਾ ਲੱਗਦਾ ਹੈ। ਕੁਝ ਸਮੁੰਦਰੀ ਹਿੱਸਿਆਂ ਵਿਚ ਕੈਲਕੇਰੀਅਸ ਤੋਂ ਚੱਟਾਨ ਭਿੱਤੀਆਂ ਬਣ ਗਈਆਂ ਸਨ।

          ਜੀਵ-ਜੰਤੂਆਂ ਵਿਚੋਂ ਮੁੱਖ ਤੌਰ ਤੇ ਰੀਂਗਣੇ ਪ੍ਰਾਣੀਆਂ ਦਾ ਰਾਜ ਸੀ। ਇਨ੍ਹਾਂ ਦੀਆਂ ਕਈ ਕਿਸਮਾਂ ਮਿਲਦੀਆਂ ਸਨ। ਸਥੱਲੀ ਕਿਸਮਾਂ ਵਿਚੋਂ ਮੁੱਖ ਸੌਰਿਸਕੀਆ ਅਤੇ ਆੱਰਨਿਥਿਸਕੀਆ ਵਰਗ ਦੇ ਡਾਈਨੋਸੋਰ ਸਨ। ਸੌਰਿਸਕੀਆ ਦੀਆਂ ਛੋਟੀਆਂ ਅਤੇ ਬਹੁਤ ਵੱਡੇ ਆਕਾਰ ਦੀਆਂ ਕਿਸਮਾਂ ਵੀ ਮਿਲਦੀਆਂ ਸਨ। ਸਮੁੰਦਰਾਂ ਵਿਚ ਪਲੀਸੀਓਸੌਰਸ, ਮੱਛੀ ਵਰਗੇ ਇਕਥੀਓਸੌਰਸ ਤੇ ਮਗਰਮੱਛ ਅਤੇ ਉੱਡਣ ਵਾਲੇ ਜੀਵਾਂ ਵਿਚ ਟੈਰੋਡੈਕਟਾਈਲਸ ਅਤੇ ਕਈ ਹੋਰ ਜੀਵ ਮਿਲਦੇ ਸਨ।

          ਸਭ ਤੋਂ ਪਹਿਲੇ ਪੰਛੀ ਆਰਕੀਆੱਪਟੈਰਿਕਸ (ਜਿਹੜਾ ਰੀਂਗਣੇ ਪ੍ਰਾਣੀਆਂ ਅਤੇ ਪੰਛੀਆਂ ਦੇ ਵਿਚਕਾਰ ਕੜੀ ਸਮਝਿਆ ਜਾਂਦਾ ਹੈ) ਦੇ ਪਿੰਜਰ ਵੀ ਪਿਛਲੇਰੇ ਜੂਰੈਸਿਕ ਯੁੱਗ ਵਿਚ ਹੀ ਮਿਲੇ ਹਨ। ਅਜੋਕੀਆਂ ਮੱਛੀਆਂ ਦੇ ਲਗਭਗ ਸਾਰੇ ਗਰੁੱਪ ਵੀ ਉਸ ਯੁੱਗ ਵਿਚੋਂ ਮਿਲੇ ਹਨ। ਜਲ-ਥਲੀ ਜੀਵਾਂ ਵਿਚੋਂ ਡੱਡੂ ਅਤੇ ਡਡੂਏ ਵੀ ਮਿਲਦੇ ਸਨ। ਮਾਰਸੂਪੀਏਲੀਆ ਗਰੁੱਪ ਦੇ ਕਈ ਛੋਟੇ ਥਣਧਾਰੀਆਂ ਦੇ ਜਬਾੜੇ ਅਤੇ ਦੰਦ ਵੀ ਇੰਗਲੈਂਡ ਅਤੇ ਉੱਤਰੀ ਅਮਰੀਕਾ ਵਿਚੋਂ ਮਿਲੇ ਹਨ।

          ਸਮੁੰਦਰੀ ਰੀੜ੍ਹਰਹਿਤ ਪ੍ਰਾਣੀਆਂ ਵਿਚੋਂ ਪ੍ਰਸਿੱਧ ਐਮੋਨਾਇਟ ਹਨ ਜਿਨ੍ਹਾਂ ਤੋਂ ਕਈ ਨਵੀਆਂ ਕੁੱਲਾਂ ਅਤੇ ਪ੍ਰਜਾਤੀਆਂ ਨਿਕਲੀਆਂ। ਇਨ੍ਹਾਂ ਤੋਂ ਇਲਾਵਾ ਨੌਟੀਲਾੱਇਡ ਅਤੇ ਬੈਲੈਮਨਾੱਇਡ ਵੀ ਬਹੁਤ ਮਿਲਦੇ ਸਨ, ਗੈਸਟ੍ਰੋਪੋਡ, ਸੈਫੈਲੋਪੋਡ, ਐਕੀਨਾੱਇਡ, ਕ੍ਰਾਈਨਾੱਇਡ ਬ੍ਰੈਕੀਓਪੋਡ, ਸਿਲੀਕਾਮਈ, ਸਪੰਜ, ਹਾਈਡ੍ਰੋਜ਼ੂਆਨ ਕਾੱਲੋਨੀਆਂ, ਕੋਰਲ ਆਦਿ ਵੀ ਮਿਲਦੇ ਹਨ। ਸਥੱਲੀ ਰੀੜ੍ਹਰਹਿਤ ਪ੍ਰਾਣੀਆਂ ਵਿਚੋਂ ਮੱਖੀਆਂ, ਤਿਤਲੀਆਂ ਅਤੇ ਪਤੰਗੇ (ਕੀਟ) ਤੇ ਕ੍ਰਸਟੇਸ਼ੀਅਨਾਂ ਵਿਚੋਂ ਆੱਸਟ੍ਰੈਕੋਡ ਮਿਲੇ ਹਨ।

          ਆਰਥਿਕ ਉਪਜਾਂ––ਜੂਰੈਸਿਕ ਸਮੇਂ ਵਿਚ ਪੈਦਾ ਹੋਈਆਂ ਲੋਹੇ ਦੀਆਂ ਕੱਚੀਆਂ ਧਾਤਾਂ ਪੱਛਮੀ ਯੂਰਪ ਵਿਚ ਮਿਲਦੀਆਂ ਹਨ। ਲੈਰੇਨ ਵਾਲੀਆਂ ਮੱਧ ਜੂਰੈਸਿਕ ਸਮੇਂ ਦੀਆਂ ਅਤੇ ਬਰਤਾਨੀਆ ਵਾਲੀਆਂ ਹੇਠਲੇ ਅਤੇ ਉਪਰਲੇ ਜੂਰੈਸਿਕ ਸਮੇਂ ਦੀਆਂ ਹਨ। ਕੋਲਾ ਮੁੱਖ ਤੌਰ ਤੇ ਹੇਠਲੇ  ਜੂਰੈਸਿਕ ਯੁੱਗ ਦਾ ਹੈ। ਉਪਰਲੇ ਜੂਰੈਸਿਕ ਸਮੇਂ ਵਿਚ ਇਹ ਸਕਾਟਲੈਂਡ, ਲੋਫ਼ੋਟਨ ਟਾਪੂਆਂ ਅਤੇ ਉੱਤਰ-ਪੂਰਬੀ ਗ੍ਰੀਨਲੈਂਡ ਵਿਚ ਮਿਲਿਆ ਹੈ। ਬਿਟਿਊਮਿਨੀ ਚਟਾਨਾਂ ਅਤੇ ਤੇਲ ਦੇ ਸ਼ੈੱਲ ਪੱਛਮੀ ਯੂਰਪ ਵਿਚ ਮਿਲੇ ਹਨ। ਇੰਗਲੈਂਡ ਅਤੇ ਜਰਮਨੀ ਵਿਚ ਚੂਨੇਦਾਰ ਪਰਤਾਂ ਤੋਂ ਚੂਨਾ ਤੇ ਸੀਮਿੰਟ ਅਤੇ ਚੀਕਣੀ ਮਿੱਟੀ ਤੋਂ ਇੱਟਾਂ ਬਣਾਈਆਂ ਗਈਆਂ ਹਨ। ਅਮਰੀਕਾ, ਕੈਨੇਡਾ, ਮੈਕਸੀਕੋ, ਬ੍ਰਾਜ਼ੀਲ, ਫ਼ਰਾਂਸ, ਜਰਮਨੀ, ਮਰਾਕੋ ਅਤੇ ਸਊਦੀ ਅਰਬ ਦੇ ਕਈ ਜੂਰੈਸਿਕ ਖਿਤਿਜਾਂ ਵਿਚੋਂ ਪੈਟ੍ਰੋਲੀਅਮ ਮਿਲਿਆ ਹੈ।

          ਹ. ਪੁ.––ਮੈਕ. ਐਨ. ਸ. ਟ. 7 : 325; ਐਨ. ਬ੍ਰਿ. ਮਾ. 5 : 641


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.